Monday, November 13, 2017

ਪੂਰਵਾਂਚਲੀਆਂ ਵੱਲੋਂ ਮਨਾਏ ਗੁਰਪੁਰਬ ਵਿੱਚ ਪੁੱਜੇ ਸ੍ਰੀ ਠਾਕੁਰ ਦਲੀਪ ਸਿੰਘ ਜੀ

ਸ੍ਰੀ ਠਾਕੁਰ ਦਲੀਪ ਸਿੰਘ ਵੱਲੋਂ ਏਕਤਾ ਮੁਹਿੰਮ ਵਿੱਚ ਤੇਜ਼ੀ 
ਲੁਧਿਆਣਾ: 12 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਜਕਲ੍ਹ ਦੇ ਹਾਲਾਤ ਵਿੱਚ ਜਦੋਂ ਹਰ ਧੜਾ ਆਪਣੇ ਵਿਸ਼ਵਾਸ ਨੂੰ ਹੀ ਮੰਨਣ 'ਤੇ ਜ਼ੋਰ ਦੇ ਰਿਹਾ ਹੈ ਉਦੋਂ ਸਾਰਿਆਂ ਦੇ ਅਕੀਦਿਆਂ ਦਾ ਸਨਮਾਨ ਬੜਾ ਔਖਾ ਜਿਹਾ ਹੁੰਦਾ ਜਾ ਰਿਹਾ ਹੈ। ਭੀੜ ਵੱਲੋਂ ਸੜਕਾਂ 'ਤੇ ਕਤਲ ਕੀਤੇ ਜਾ ਰਹੇ ਹਨ। ਵਿਚਾਰਧਾਰਕ ਵਿਰੋਧੀਆਂ ਉੱਤੇ ਅਚਾਨਕ ਹਮਲਾ ਕਰਕੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਦਲੀਲ ਦੀ ਥਾਂ ਬੰਦੂਕ ਦਾ ਸਹਾਰਾ ਲਿਆ ਜਾ ਰਿਹਾ ਹੈ। ਵਿਰੋਧੀਆਂ ਨੂੰ ਧਮਕੀਆਂ ਦਾ ਸਿਲਸਿਲਾ ਤੇਜ਼ੀ ਨਾਲ ਜਾਰੀ ਹੈ। ਹਾਲਾਤ ਇੱਕ ਵਾਰ ਫੇਰ ਖਤਰਨਾਕ ਬਣ ਚੁੱਕੇ ਹਨ।  ਅਜਿਹੇ ਨਾਜ਼ੁਕ ਹਾਲਾਤ ਵਿੱਚ ਧੰਨ ਸ੍ਰੀ ਗੁਤੁ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਹਰ ਘਰ ਦੇ ਨਾਲ ਨਾਲ ਹਰ ਇੱਕ ਦਿਲ ਤੱਕ ਪਹੁੰਚਾਉਣਾ ਇੱਕ ਅਤਿ ਮੁਸ਼ਕਿਲ ਕੰਮ ਬਣ ਗਿਆ ਹੈ। ਇਸਦੇ ਬਾਵਜੂਦ ਠਾਕੁਰ ਦਲੀਪ ਸਿੰਘ ਅਤੇ ਉਹਨਾਂ ਦੇ ਪੈਰੋਕਾਰ ਇਸ ਸੁਨੇਹੇ ਨੂੰ ਪਿਛਲੇ ਕੁਝ ਕੁ ਸਾਲਾਂ ਤੋਂ ਤੇਜ਼ੀ ਨਾਲ  ਹਰ ਇੱਕ ਤੱਕ ਲਿਜਾ ਰਹੇ ਹਨ। ਇਸੇ ਮੁਹਿੰਮ ਅਧੀਨ ਹੀ ਮਨਾਇਆ ਗਿਆ ਸ਼ੇਰਪੁਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ। 
ਇਸ ਮੌਕੇ ਪੂਰਵਾਂਚਲ ਜਨ ਕਲਿਆਣ ਸੰਗਠਨ ਵੱਲੋਂ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 548ਵਾਂ ਪ੍ਰਕਾਸ਼ ਉਤਸਵ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਾਮਧਾਰੀ ਸਮਾਜ ਨਾਲ ਮਿਲ ਕੇ ਮਨਾਇਆ ਗਿਆ। ਜਿੰਨੇ ਵੀ ਸੰਤ ਮਹਾਂਪੁਰਸ਼ ਇਸ ਸਮਾਗਮ ਵਿੱਚ ਆਏ ਉਹਨਾਂ ਨੇੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੀ ਸੋਭਾ ਕੀਤੀ ਅਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਰਾਜਨੀਤਿਕ ਆਗੂ ਇਸ ਸਮਾਗਮ ਵਿੱਚ ਗੁਰੂਨਾਨਕ ਦੇਵ ਜੀ ਦੀ ਵਿਚਾਰਧਾਰਾ ਅੱਗੇ ਨਤਮਸਤਕ ਹੋਏ।
ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਨਾਮਧਾਰੀ ਪੰਥ ਦੇ ਮੁੱਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦਰਸ਼ਨ ਦਿੱਤੇ ਅਤੇ ਸੰਗਤ ਨੂੰ ਉਪਦੇਸ਼ ਕਰਦਿਆ ਕਿਹਾ ਕਿ ਗੁਰਬਾਣੀ ਨੂੰ ਸਮਝਣ ਲਈ ਵੇਦਾਂ ਅਤੇ ਪੁਰਾਣਾਂ ਦਾ ਗਿਆਨ ਹੋਣਾ ਵੀ ਬਹੁਤ ਹੀ ਜ਼ਰੂਰੀ ਹੈ। ਹਰ ਸਿੱਖ ਨੂੰ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਵਿੱਚ ਰਚਿਤ ਸਤਿਗੁਰੂ ਸਾਹਿਬਾਨਾਂ ਦੀ ਗੁਰਬਾਣੀ ਅਨੁਸਾਰ ਜਿਉਣਾ ਚਾਹੀਦਾ ਹੈ ਤਾਂ ਹੀ ਮਨੁੱਖ ਆਪਣੇ ਜੀਵਨ ਦੇ ਤੱਤ ਸਾਰ ਨੂੰ ਜਾਣ ਸਕਦਾ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੇ ਸਭ ਤੋ ਪਹਿਲੇ ਸਿੱਖ ਰਾਏ ਬੁਲਾਰ ਹੋਏ ਹਨ। ਜੋ ਕਿ ਇੱਕ ਮੁਸਲਮਾਨ ਕੌਮ ਨਾਲ ਸੰਬੰਧ ਰਖਦੇ ਸਨ। ਉਸ ਸਮੇਂ ਕੇਵਲ ਹਿੰਦੂ ਤੇ ਮੁਸਲਮਾਨ ਹੀ ਦੋ ਕੌਮਾਂ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਸਨ। ਇਸ ਲਈ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਭੇ ਸਾਂਝੀਵਾਲਤਾ ਦਾ ਉਪਦੇਸ਼ ਸਾਰੇ ਜਗਤ ਨੂੰ ਦਿੱਤਾ।ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਵਿੱਚ ਹਿੰਦੂ, ਮੁਸਲਮਾਨ ਵੀ ਸਨ। ਇਸੇ ਲੜੀ ਨੂੰ ਅਗੇ ਵਧਾਉਦੇ ਹੋਏ ਮੋਜੂਦਾ ਸਮੇਂ ਵਿੱਚ ਨਾਮਧਾਰੀ ਪੰਥ ਵੱਲੋਂ ਸਾਰੇ ਭਾਰਤ ਵਿੱਚ ਹਿੰਦੂ ਸਿੱਖ ਏਕਤਾ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਾਡਾ ਦੇਸ਼ ਅਤੇ ਕੌਮ ਪ੍ਰਫੂਲਿਤ ਹੋ ਸਕੇ ਕਿਉਕਿ ਕੋਈ ਵੀ ਦੇਸ਼,ਸਮਾਜ ਅਤੇ ਧਰਮ ਆਪਸ ਵਿੱਚ ਲੜ ਕੇ ਕਦੇ ਵੀ ਪ੍ਰਫੂਲਿਤ ਨਹੀ ਹੋਏ। ਉਹਨਾਂ ਦਾ ਵਿਨਾਸ਼ ਹੀ ਹੋਇਆ ਹੈ। 

ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਧਵੈਤ ਸਵਰੂਪ ਹੀਰਾ ਪ੍ਰਨਾਮ ਆਸ਼ਰਮ ਦੇ ਸ੍ਰੀ ਅਧਿਆਤਮਾਨੰਦ ਜੀ ਸ਼ਿਵਪੁਰੀ ਨੇ ਕਿਹਾ ਕਿ ਨਾਨਕ ਪਾਤਸ਼ਾਹ ਨੇ ਸਾਨੂੰ ਧਾਰਮਿਕ ਸੰਕੀਰਣਤਾ ਤੋਂ ਉਪਰ ਉਠ ਕੇ ਹਰ ਧਰਮ ਦਾ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ। ਇਸ ਉਪਦੇਸ਼ 'ਤੇ ਚੱਲ ਕੇ ਹੀ ਸਮੁੱਚੀ ਮਨੁੱਖਤਾ ਦੇ ਭਲੇ ਦੀ ਗੱਲ ਹੋ ਸਕਦੀ ਹੈ। ਸ੍ਰੀ ਰਾਮੇਸ਼ਵਰ ਦਾਸ ਜੀ ਸਰਾਭਾ, ਭਾਗਵਤ ਅਚਾਰੀਆ ਸ੍ਰੀ ਅਵਧੇਸ਼ ਪਾਂਡੇ ਆਯੋਧਿਆ ਹਰਿ ਮਿਲਾਪ ਮਿਸ਼ਨ ਦੇ ਸ੍ਰੀ ੳਮ ਪ੍ਰਕਾਸ਼ ਸ਼ਾਸਤਰੀ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਹਾਜਰ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੂਰਵਾਂਚਲ ਜਨ ਕਲਿਆਣ ਸੰਗਠਨ ਦੇ ਸਰਪ੍ਰਸਤ ਟੀ.ਆਰ.ਮਿਸ਼ਰਾ, ਅਵਧ ਨਵਯੁਵਕ ਸਭਾ ਦੇ ਸ਼ਤਰੂਘਨ ਤਿਵਾੜੀ, ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਪਨੇਸਰ ਆਦਿ ਨੇ ਵੀ ਸੰਬੋਧਨ ਕੀਤਾ। ਸੰਗਠਨ ਦੇ ਪ੍ਰਧਾਨ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਜੋ ਪੂਰਵਾਂਚਲੀਆਂ ਨੂੰ ਪੰਜਾਬੀਆਂ ਨੇ ਪਿਆਰ ਦਿੱਤਾ ਹੈ ਉਸ ਤੋਂ ਪ੍ਰਭਾਵਿਤ ਹੋਕੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਜੋ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਨੇ ਪਿਆਰ ਸਾਡੇ ਵਡੇਰਿਆਂ ਨੂੰ ਦਿੱਤਾ ਉਹੀ ਪਿਆਰ ਸਾਨੂੰ ਇਸ ਸਮੇਂ ਉਹਨਾ ਦੇ ਸਿੱਖਾਂ ਵੱਲੋ ਮਿਲ ਰਿਹਾ ਹੈ। ਇਸ ਮੌਕੇ ਸੰਤੋਸ਼ ਸ਼ੁਕਲਾ ਭਜਨ ਮੰਡਲੀ ਵੱਲੋਂ ਮਧੁਰ ਕੀਰਤਨ ਵੀ ਕੀਤਾ ਗਿਆ। ਸੰਗਠਨ ਵੱਲੋਂ ਸਮਾਗਮ ਵਿੱਚ ਉਚੇਚ ਤੌਰ ਤੇ ਸ਼ਾਮਿਲ ਹੋਈਆਂ ਧਾਰਮਿਕ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਕੌਂਸਲਰ ਰਾਧੇ ਕ੍ਰਿਸ਼ਨ ਨੇ ਇਸ ਸਮਾਗਮ ਨੂੰ ਕਾਮਯਾਬ ਬਨਾਉਣ ਵਿੱਚ ਸਹਿਯੋਗ ਦੇਣ ਅਤੇ ਆਪਣੀ ਸ਼ਮੂਲੀਅਤ ਨਾਲ ਧਾਰਮਿਕ ਸਦਭਾਵਨਾ ਨੂੰ ਬੜ੍ਹਾਵਾ ਦੇਣ ਲਈ ਪੂਰਵਾਂਚਲੀ ਭਾਈਚਾਰੇ ਅਤੇ ਨਾਮਧਾਰੀ ਸੰਗਤ ਦਾ ਧੰਨਵਾਦ ਕੀਤਾ। ਉਮੀਦ ਹੈ ਜਲਦੀ ਹੀ ਸਮਾਜ ਦੇ ਬਾਕੀ ਹਿੱਸੇ ਵੀ ਇਸ ਮੁਹਿੰਮ ਨੂੰ ਵੱਧ ਚੜ੍ਹ ਕੇ ਹੁੰਗਾਰਾ ਦੇਣਗੇ। 

No comments: