Thursday, November 09, 2017

ਅਜੇ ਵੀ ਮੌਜੂਦ ਹਨ ਦੁਨੀਆ ਭਰ ਵਿੱਚ 17 ਹਜ਼ਾਰ ਪਰਮਾਣੂ ਬੰਬ-Dr. Mitra

ਅਮਨ ਦੇ ਮਿਸ਼ਨ ਨੂੰ ਤੇਜ਼ ਕਰਨ ਦੀ ਚੇਤਨਾ ਮਸ਼ਾਲ ਹੁਣ ਕਾਲਜਾਂ ਵਿੱਚ 
ਲੁਧਿਆਣਾ: 9 ਨਵੰਬਰ 2017: (ਪੰਜਾਬ ਸਕਰੀਨ ਟੀਮ):: 
ਅਜੇ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪਰਮਾਣੂ ਬੰਬਾਂ ਨਾਲ ਤਬਾਹੀ ਹੋ ਕੇ ਹੀ ਹਟੀ ਸੀ। ਉਸ ਵੇਲੇ ਦੇ ਹਾਲਾਤਾਂ ਮੁਤਾਬਿਕ ਅਮਰੀਕਾ ਅਤੇ ਰੂਸ ਨੇੜਲੇ ਸਾਥੀ ਸਨ। ਇਸਦੇ ਬਾਵਜੂਦ ਅਮਰੀਕਾ ਵਿੱਚ ਇੱਕ ਸਾਜ਼ਿਸ਼ ਤਿਆਰ ਹੋ ਚੁੱਕੀ ਸੀ ਜਿਸ ਅਧੀਨ ਸੋਵੀਅਤ ਯੂਨੀਅਨ ਨੂੰ ਦੁਨੀਆ ਦੇ ਨਕਸ਼ੇ ਤੋਂ ਹੀ ਮਿਟਾ ਦਿੱਤਾ ਜਾਣਾ ਸੀ
ਇਸ ਮਕਸਦ ਲਈ ਸੋਵੀਅਤ ਯੂਨੀਅਨ ਦੇ ਸਾਰੇ ਵੱਡੇ ਛੋਟੇ ਸ਼ਹਿਰਾਂ ਨੂੰ 204 ਬੰਬਾਂ ਨਾਲ ਮਿੱਟੀ ਵਿੱਚ ਮਿਲਾਇਆ ਜਾਣਾ ਸੀ। ਇਸ ਮਕਸਦ ਲਈ 66 ਨਿਸ਼ਾਨੇ ਚੁਣ ਲਏ ਗਏ ਸਨ। ਮਾਸਕੋ, ਤਾਸ਼ਕੰਦ ਅਤੇ ਲੈਨਿਨ ਗਰਾਡ ਵਰਗੇ ਵੱਡੇ ਸ਼ਹਿਰਾਂ ਲਈ 6-6 ਬੰਬ ਅਤੇ ਬਾਕੀਆਂ ਲਈ ਰਕਬੇ ਮੁਤਾਬਿਕ 5-4 ਜਾਂ 3 ਅਤੇ 2-2 ਬੰਬ ਰੱਖੇ ਗਏ ਸਨ। ਇਹ ਗੱਲ ਵੱਖਰੀ ਹੈ ਕਿ ਕ੍ਰੈਮਲਿਨ ਨੂੰ ਇਸ ਸਭ ਕੁਝ ਬਾਰੇ ਆਪਣੀਆਂ ਖੁਫੀਆ ਏਜੰਸੀਆਂ ਰਾਹੀਂ ਪਲ ਪਲ ਦੀ ਜਾਣਕਾਰੀ ਮਿਲ ਰਹੀ ਸੀ। ਇਸ ਲਈ ਇਸ ਸਾਜ਼ਿਸ਼ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਿਆ। ਸੁਆਲ ਉੱਠਦਾ ਹੈ ਕਿ ਜੇ ਉਸ ਵੇਲੇ ਨੇੜਲੇ ਸਾਥੀ ਹੋਣ ਦੇ ਬਾਵਜੂਦ  ਅਮਰੀਕਾ ਨੇ ਸੋਵੀਅਤ ਯੂਨੀਅਨ ਲਈ ਇਹ ਕੁਝ ਵੀ ਸੋਚ ਲਿਆ ਸੀ ਅਤੇ ਸਿਰਫ ਸੋਚਿਆ ਹੀ ਨਹੀਂ ਯੋਜਨਾ ਵੀ ਬਣਾ ਲਈ ਸੀ ਜਰਾ ਅੰਦਾਜ਼ਾ ਲਾਓ ਸਰਦਾਰਵਾਦ ਅਤ ਚੌਧਰ ਦੀ ਭੁੱਖ ਲਈ ਪੈਦਾ ਹੋਇਆ ਜੰਗੀ ਜਨੂੰਨ ਕਿੰਨਾ ਖਤਰਨਾਕ ਹੁੰਦਾ ਹੈ। ਹੁਣ ਦੇ ਹਾਲਾਤਾਂ ਮੁਤਾਬਿਕ ਅਜਿਹੀ ਕੋਈ ਵੀ ਚਾਲ ਕਿੰਨੀ ਨੁਕਸਾਨਦੇਹ ਹੋ ਸਕਦੀ ਹੈ ਸ਼ਾਇਦ ਇਸਦਾ ਸਹੀ ਸਹੀ ਅੰਦਾਜ਼ਾ ਵੀ ਨਾ ਲਾਇਆ ਜਾ ਸਕੇ। 
ਉਸ ਵੇਲੇ ਦੇ ਮੁਕਾਬਲੇ ਹੁਣ ਹਾਲਾਤ ਕਿੰਨਾ ਬਦਲ ਚੁੱਕੇ ਹਨ। ਹੁਣ ਤਾਂ ਰੂਸ ਅਤੇ ਅਮਰੀਕਾ ਜੰਗ ਦੇ ਮਾਹੌਲ ਵਿੱਚ ਖੜੇ ਹਨ। ਬਹਾਨਾ ਭਾਵੇਂ ਉੱਤਰ ਕੋਰੀਆ ਬਣੇ ਜਾਂ ਭਾਰਤ-ਪਾਕਿਸਤਾਨ ਦੀ ਕੋਈ ਸੰਭਾਵਤ ਜੰਗ ਪਰਮਾਣੂ ਜੰਗ ਦਾ ਖਤਰਾ ਦੁਨੀਆ ਦੇ ਸਿਰ 'ਤੇ ਮੰਡਰਾ ਰਿਹਾ ਹੈ। ਅਜਿਹੀ ਨਾਜ਼ੁਕ ਹਾਲਤ ਵਿੱਚ ਡਾਕਟਰ ਅਰੁਣ ਮਿੱਤਰਾ ਵੱਲੋਂ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿੱਚ ਹੋਏ ਇੱਕ ਸੈਮੀਨਾਰ ਦੌਰਾਨ ਕੀਤਾ ਗਿਆ ਸੰਬੋਧਨ ਬਹੁਤ ਹੀ ਅਰਥਪੂਰਨ ਸੀ।
ਉਹਨਾਂ ਦੱਸਿਆ ਕਿ 1990 ਵਿੱਚ ਦੁਨੀਆ ਵਿੱਚ ਪਰਮਾਣੂ ਹਥਿਆਰਾਂ ਦੀ ਗਿਣਤੀ 80 ਹਜ਼ਾਰ ਸੀ ਜਿਹੜੀ ਸ਼ਾਂਤੀ ਕਾਇਮ ਰੱਖਣ ਵਾਲਿਆਂ ਜੱਥੇਬੰਦਕ ਕੋਸ਼ਿਸ਼ਾਂ ਕਾਰਨ ਹੁਣ 17 ਹਜ਼ਾਰ ਰਹਿ ਗਈ ਹੈ।  ਭਾਰਤ ਤੇ ਪਾਕਿਸਤਾਨ ਵਿਚਾਲੇ ਸੀਮਿਤ ਪਰਮਾਣੂ  ਜੰਗ ਵਿਸ਼ਵ ਭਰ ਵਿੱਚ
ਦੋ ਅਰਬ ਲੋਕਾਂ ਦੇ ਜੀਵਨ  ਨੂੰ ਖ਼ਤਰੇ ਵਿੱਚ ਪਾ ਦੇਵੇਗੀ।   ਦੁਨੀਆਂ ਵਿੱਚ ਮੌਜੂਦ 1700 ਦੇ ਲਗਭਗ ਪਰਮਾਣੂ ਹਥਿਆਰ ਸਮੁਚੀ ਜੀਵਨ ਪਰਣਾਲੀ ਨੂੰ ਖਤਮ ਕਰ ਸਕਣ ਦੇ ਲਈ ਕਾਫ਼ੀ ਹਨ। ਇਸਤੋੰ ਇਲਾਵਾ ਪਰਮਾਣੂ ਹਥਿਆਰਾਂ ਤੇ ਆਉਣ ਵਾਲਾ ਖਰਚ ਇੱਨਾਂ ਜ਼ਿਆਦਾ ਹੈ ਕਿ ਜੇਕਰ ਇਸਨੂੰ ਖਤਮ ਕੀਤਾ ਜਾਏ ਅਤੇ ਉਸਾਰੂ ਕੰਮਾਂ ਵੱਲ ਲਾਇਆ ਜਾਏ ਤਾਂ ਦੁਨੀਆਂ ਦੀ ਸਮੁੱਚੀ ਅਬਾਦੀ ਨੂੰ ਆਧੁਨਿਕ ਤੇ  ਗੁਣਵੱਤਕ ਸਿਹਤ ਸੇਵਾਵਾਂ ਪਰਦਾਨ ਕੀਤੀਆਂ ਜਾ ਸਕਦੀਆਂ ਹਨ। ਦੁਨੀਆਂ ਵਿੱਚ ਇਸਤੇ  7 ਲੱਖ ਕਰੋੜ ਰੁਪਏ ਹਰ ਸਾਲ ਖਰਚ ਕੀਤੇ ਜਾਂਦੇ ਹਨ ਜਦੋਂ ਕਿ ਵਿਸ਼ਵ ਬੈਂਕ ਦੇ ਮੁਤਾਬਕ ਇਸਤੋਂ ਕੇਵਲ ਅੱਧਾ ਪੈਸਾ ਦੁਨੀਆਂ ਵਿੱਚੋਂ ਗਰੀਬੀ ਦੂਰ ਕਰਨ ਤੇ ਲੱਗੇਗਾ। ਸਾਡਾ ਦੇਸ਼ ਭਾਰਤ  ਦੁਨੀਆਂ ਵਿੱਚੋਂ ਸਭ ਤੋਂ ਵੱਧ ਹਥਿਆਰ ਖਰੀਦਦਾ ਹੈ। ਲਗਭਗ ਇਹੋ ਸਥਿਤੀ ਪਾਕਿਸਤਾਨ ਦੀ ਹੈ। ਇਹੋ ਕਾਰਨ ਹੈ ਕਿ ਦੋਨੋ ਦੇਸ਼ਾਂ ਦੇ ਸਿਹਤ ਸੇਵਾਵਾਂ ਦੇ ਸੂਚਕ ਅੰਕ ਬਹੁਤ ਘਟ ਹਨ। ਜਨਤਕ ਖੇਤਰ ਵਿੱਚ ਸਿਹਤ ਸੇਵਾਵਾਂ ਤੇ ਕੇਂਦਰੀ ਖਰਚ ਕੁਲ ਕੌਮੀ ਉਤਪਾਦ ਦਾ  ਕੇਵਲ 0.26 ਪ੍ਰਤੀਸ਼ਤ ਹੈ ਜਦੋਂ ਕਿ ਹਥਿਆਰਾਂ ਤੇ ਇਹ 1.62 ਪ੍ਰਤੀਸ਼ਤ ਹੈ ਜੋ ਕਿ ਤਕਰੀਬਨ 6 ਗੁਣਾ ਜ਼ਿਆਦਾ ਹੈ। ਪਰਮਾਣੂ ਹਥਿਆਰ ਸੰਪਨ ਦੇਸ਼ਾਂ ਵਿੱਚ ਇਹਨਾਂ ਦੇ ਸੰਪੂਰਨ ਖ਼ਾਤਮੇ ਦੇ ਲਈ ਜਨਤਕ ਲਹਿਰ ਉਸਾਰਨ ਦੀ ਲੋੜ ਹੈ। ਇਹ ਗੱਲ ਅੱਜ ਇੱਥੇ ’ਪਰਮਾਣੂ ਪਾਬੰਦੀ ਸੰਧੀ ਦੁਨੀਆਂ ਦੀ ਤਬਾਹੀ ਨੂੰ ਰੋਕ ਸਕਦੀ ਹੈੋ ’ ਵਿਸ਼ੇ ਤੇ ਲੜਕਿਆਂ ਦੇ ਸਰਕਾਰੀ ਕਾਲਜ ਦੇ ਈਵਨਿੰਗ ਸੈਕਸ਼ਨ ਵਿੱਚ ਆਯੋਜਿਤ ਸੈਮੀਨਾਰ ਵਿੱਚ ਬੋਲਦਿਆਂ ਇੰਟਰਨੇਸ਼ਨਲ ਫ਼ਿਜ਼ੀਸ਼ਿਅਨਜ਼ ਫ਼ਾਰ ਦੀ ਪ੍ਰੀਵੈਨਸ਼ਨ ਆਫ਼ ਨਿਊਕਲੀਅਰ ਵਾਰ  (ਆਈ ਪੀ ਪੀ ਐਨ ਡਬਲਯੂ) ਦੇ ਕੌਮਾਂਤਰੀ ਸਹਿ ਪਰਧਾਨ ਡਾ: ਅਰੁਣ ਮਿੱਤਰਾ ਨੇ ਕਹੀ।
ਉਹਨਾਂ ਨੇ ਦੱਸਿਆ ਕਿ  ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਵਿੱਚ 122 ਦੇ ਮੁਕਾਬਲੇ ਤੇ ਕੇਵਲ ਇੱਕ ਵੋਟ ਨਾਲ ਪਰਮਾਣੂ ਪਾਬੰਦੀ ਦਾ ਪਾਸ ਹੋਣਾ ਇੱਕ ਇਤਹਾਸਕ ਘਟਨਾ ਹੈ। ਇਹ ਇਤਹਾਸਕ ਘਟਨਾ  ਦੁਨੀਆਂ ਵਿੱਚ ਬਦਲਦੀ ਸੋਚ ਦਾ ਸੰਕੇਤ ਹੈ, ਕਿਉਕਿ ਪਰਮਾਣੂ ਹਥਿਆਰ ਸੰਪਨ ਦੇਸ਼ਾਂ, ਖਾਸ ਤੌਰ ਤੇ ਅਮਰੀਕਾ ਦੇ ਭਾਰੀ ਦਬਾਅ ਦੇ ਬਾਵਜੂਦ 122 ਦੇਸ਼ਾਂ ਨੇ ਇਸ ਸੰਧੀ ਨੂੰ ਪਾਸ ਕੀਤਾ। ਇਸ ਸੰਧੀ ਦੇ ਮੁਤਾਬਕ ਪਰਮਾਣੂ ਹਥਿਆਰਾਂ ਨੂੰ ਰੱਖਣਾ, ਬਣਾਉਣਾ, ਟੈਸਟ ਕਰਨੇ, ਵੇਚਣਾ ਆਦਿ ਹਰ ਚੀਜ਼ ਤੇ ਪਾਬੰਦੀ ਲੱਗ ਗਈ ਹੈ। ਡਾ: ਮਿੱਤਰਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਰਮਾਣੂ ਸੰਪਨ ਦੇਸ਼ ਦੁਨੀਆਂ ਦੀ ਅਵਾਜ਼ ਨੂੰ ਪਛਾਣਨ ਤੇ ਇਸਦਾ ਮਾਣ ਕਰਦੇ ਹੋਏ ਇਸ ਸੰਧੀ ਤੇ ਦਸਖ਼ਤ ਕਰਨ। ਵਿਸ਼ਵ ਸ਼ਾਤੀ ਲਹਿਰ ਉਸਾਰਨ ਵਿੱਚ ਭਾਰਤ ਦੀ ਅਹਿਮ ਭੂਮਿਕਾ ਰਹੀ ਹੈ, ਇਸ ਲਈ  ਭਾਰਤ ਨੰੂ ਇਸ ਗੱਲ ਬਾਰੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ਸਾਰੇ ਪਰਮਾਣੂ ਹਥਿਆਰ ਸੰਪਨ ਦੇਸ਼ਾਂ ਨੂੰ ਇਸ ਸੰਧੀ ਨੂੰ ਅੱਗੇ ਵਧਾਉਦੇ ਹੋਏ ਇਹਨਾਂ ਹਥਿਆਰਾਂ ਦੇ ਖਾਤਮੇ ਦੀ ਰੂਪਰੋੇਖਾ ਤਿਆਰ ਕਰਨ ਦੇ ਲਈ ਸੰਯੁਕਤ ਰਾਸ਼ਟਰ ਦੇ ਵਲੋਂ 2018 ਵਿੱਚ ਸੱਦੀ ਗਈ ਕੌਮਾਂਤਰੀ ਕਾਨਫਰੰਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਇਸ ਸੈਮੀਨਾਰ ਦੀ ਪਰਧਾਨਗੀ ਈਵਨਿੰਗ ਸੈਕਸ਼ਨ ਦੀ ਇੰਚਾਰਜ ਪ੍ਰੌਫ਼ੈਸਰ ਚਰਨਪਜੀਤ ਨੇ ਕੀਤੀ। ਪ੍ਰੋ: ਵਿਵੇਕ ਸ਼ਰਮਾ ਨੇ ਮੁੱਖ ਬੁਲਾਰੇ ਦਾ ਸੁਆਗਤ ਕਰਦੇ ਹੋਏ ਵਿਸ਼ੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਡਾਕਟਰ ਮਿੱਤਰਾ ਨੇ ਆਪਣੇ ਸਲਾਈਡ ਸ਼ੋ ਰਾਹੀਂ ਜਿੱਥੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਹੋਈ ਤਬਾਹੀ ਦਿਖਾਈ ਉੱਥੇ ਇਸ ਸਮੱਸਿਆ ਨਾਲ ਸਬੰਧਤ ਹੋਰ ਤੱਥ ਅਤੇ ਅੰਕੜੇ ਵੀ ਦੱਸੇ। ਉਹਨਾਂ ਆਪਣੀ ਗੱਲ ਅੱਜਕਲ੍ਹ ਤਬਾਹੀ ਲਿਆ ਰਹੇ ਧੁੰਦ ਵਾਲੇ ਧੂਏਂ ਤੋਂ ਸ਼ੁਰੂ ਕੀਤੀ। ਡਾਕਟਰ ਮਿੱਤਰਾ ਨੇ ਆਪਣੀ ਜਵਾਨੀ ਦੇ ਵੇਲਿਆਂ ਦੀ ਗੱਲ ਕਰਦਿਆਂ ਨੌਜਵਾਨ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਾਰੇ ਵੀ ਹੁਣ ਜਵਾਨੀ ਦੀ ਤਾਕਤ ਨੂੰ ਦੁਨੀਆ ਦੀ ਬੇਹਤਰੀ ਅਤੇ ਸੁਰੱਖਿਆ ਵਾਲੇ ਪਾਸੇ ਲਾਉਣ। ਉਹਨਾਂ ਦੱਸਿਆ ਕਿ ਗਰੀਬੀ ਅਤੇ ਬੇਰੋਜ਼ਗਾਰੀ ਕਾਰਨ ਲਗਾਤਾਰ ਆਮ ਸਾਧਾਰਨ ਲੋਕਾਂ ਦੀ ਸਿਹਤ ਖਤਰਨਾਕ ਹੱਦ ਤੱਕ ਵਿਗੜ ਰਹੀ ਹੈ। ਅਜਿਹੀ ਹਾਲਤ ਵਿੱਚ ਜੇ ਹਥਿਆਰਾਂ ਦੀ ਦੌੜ ਇਸੇ ਤਰ੍ਹਾਂ ਜਾਰੀ ਰਹੀ ਤਾਂ ਹਾਲਤ ਹੋਰ ਵਿਗੜ ਸਕਦੀ ਹੈ।
ਜੇ ਧੂਆਂ ਅਤੇ ਧੁੰਦ ਅਚਾਨਕ ਹੋਰ ਵੱਧ ਗਏ ਤਾਂ?
ਡਾਕਟਰ ਮਿੱਤਰਾ ਕਿ ਕਿਵੇਂ ਇਸ ਥੋਹੜੇ ਜਿਹੇ ਧੂਏਂ ਨੇ ਹੀ ਸਾਡੀ ਬੱਸ ਕਰਾ ਰੱਖੀ ਹੈ। ਰੱਬ ਨਾ ਕਰੇ ਜੇ ਕਿਤੇ ਬੰਬਾਂ ਵਾਲਾ ਧੂੰਆਂ ਅਤੇ ਉਹ ਵੀ ਪ੍ਰਮਾਣੂ  ਬੰਬ ਵਾਲਾ ਧੂੰਆਂ ਹਰ ਪਾਸੇ ਹੋ ਗਿਆ ਤਾਂ ਸਾਡਾ ਕੀ ਹਾਲ ਹੋਏਗਾ! ਇਸ ਧੁੰਦ ਵਾਲੇ ਧੂਏਂ ਦੀ ਕਿਸਾਲ ਦੇਂਦਿਆਂ  ਹੀ ਉਹਨਾਂ ਦੱਸਿਆ ਕਿ ਜੇ ਇਹ ਬੰਬ ਡਿੱਗਿਆ ਤਾਂ ਕਿੰਨਾ ਤਾਪਮਾਨ ਵੱਧ ਸਕਦਾ ਹੈ ਅਤੇ ਫਿਰ ਉਸਤੋਂ ਬਾਅਦ ਕਿੰਨੀ ਖਤਰਨਾਕ ਹੱਦ ਤਕ ਘਟ ਸਕਦਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਇਸ ਨੂੰ ਨਾ ਵੀ ਚਲਾਇਆ ਜਾਏ ਤਾਂ ਵੀ ਕਿਤੇ ਭੁਚਾਲ ਆਉਣ ਨਾਲ ਇਹ ਫਟ ਸਕਦੇ ਹਨ। ਉਹਨਾਂ ਫੁਕੁਸ਼ੀਮਾ ਵਿਖੇ ਸੁਨਾਮੀ ਕਾਰਨ ਹੋਈ ਲੀਕੇਜ ਦਾ ਵੀ ਚੇਤਾ ਕਰਾਇਆ। ਇਸਦੇ ਨਾਲ ਹੀ ਹਥਿਆਰਾਂ ਦੇ ਕਾਰੋਬਾਰ ਅਤੇ ਫਿਰਕੂ ਫਸਾਦਾਂ ਦੀ ਵੀ ਚਰਚਾ ਹੋਈ ਜਿਸਨੂੰ ਵਿਦਿਆਰਥੀਆਂ ਦੇ ਨਾਲ ਨਾਲ ਸਟਾਫ ਨੇ ਵੀ ਬੜੇ ਹੀ ਧਿਆਨ ਨਾਲ ਸੁਣਿਆ। ਬਹੁਤ ਸਾਰੇ ਵਿਦਿਆਰਥੀਆਂ ਨੇ ਇੱਕ ਇਕੱਕ ਨੁਕਤੇ ਨੂੰ ਬੜੇ ਹੀ ਧਿਆਨ ਨਾਲ ਨੋਟ ਕੀਤਾ।ਅਖੀਰ ਵਿੱਚ ਕਾਲਜ ਵੱਲੋਂ ਡਾਕਟਰ ਮਿੱਤਰਾ ਨੂੰ ਇੱਕ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਾਰੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਸੈਮੀਨਾਰ ਦੇ ਆਯੋਜਕਾਂ ਵਿੱਚੋਂ ਇੱਕ ਪ੍ਰੋਫੈਸਰ ਪਰਮਜੀਤ ਨੇ ਵਿਦਿਆਰਥੀ ਵਰਗ ਨੂੰ ਇਸ਼ਾਰੇ ਇਸ਼ਾਰੇ ਵਿੱਚ ਚੇਤੰਨ ਕੀਤਾ ਕਿ ਉਹ ਵਹਿਮਾਂ ਭਰਮਾਂ ਵਿੱਚ ਫਸਣ ਦੀ ਬਜਾਏ ਆਪਣੀ ਬੁੱਧੀ  ਨੂੰ ਵਰਤਣ ਅਤੇ ਇਸਨੂੰ ਤੇਜ਼ ਕਰਦਿਆਂ ਸੱਚ ਦੀ ਭਾਲ ਕਰਨ। ਪ੍ਰੋਫੈਸਰ ਪਰਵਿੰਦਰ ਕੁਮਾਰ ਨੇ ਇਸਦੇ ਆਯੋਜਨ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਵਿਦਿਆਰਥੀਆਂ ਵਲੋਂ ਸਵਾਲ ਜੁਆਬ ਵੀ ਕੀਤੇ ਗਏ।
ਡਾਕਟਰ ਮਿੱਤਰਾ ਨੇ ਵਿਦਿਆਰਥੀਆਂ ਵਿੱਚ ਜਗਾਈ ਚਿਣਗ 
ਆਪਣੇ ਭਾਸ਼ਣ ਦੌਰਾਨ ਡਾਕਟਰ ਅਰੁਣ ਮਿੱਤਰਾ ਨੇ ਦੱਸਿਆ ਕਿ ਹਥਿਆਰਾਂ ਦੀ ਖਰੀਦ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਸਭ ਤੋਂ ਅੱਗੇ ਹੈ ਕਿਓਂਕਿ ਪਾਕਿਸਤਾਨ ਨਾਲ ਲਗਾਤਾਰ ਬਣਿਆ ਹੋਇਆ ਖਿਚਾਅ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ। ਉਹਨਾਂ ਬੜੇ ਹੀ ਸਿੱਧੇ ਸਾਧੇ ਸ਼ਬਦਾਂ ਵਿੱਚ ਵਿਦਿਆਰਥੀਆਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਹਥਿਆਰਾਂ ਦੀ ਦੌੜ ਪਿਛੇ ਲੁਕੀਆਂ ਖਤਰਨਾਕ ਸਾਜ਼ਿਸ਼ਾਂ ਅਤੇ ਹਥਿਆਰਾਂ ਦੇ ਸੰਸਾਰ ਕਾਰੋਬਾਰੀਆਂ ਬਾਰੇ ਸੋਚਣ ਵਾਲੀ ਚਿਣਗ ਜਗਾਈ। ਜ਼ਿਕਰਯੋਗ ਹੈ ਕਿ ਬਹੁਤ ਸਾਰਾ ਖਰਚਾ ਹਥਿਆਰਾਂ ਉੱਤੇ ਹੋ ਜਾਣ ਕਾਰਨ ਆਮ ਵਿਅਕਤੀ ਦੀਆਂ ਰੋਜ਼ ਵਰਤੋਂ ਵਾਲੀਆਂ  ਮੁਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ। 

No comments: