Wednesday, October 04, 2017

Protest 5 ਅਕਤੂਬਰ ਨੂੰ: ਗੌਰੀ ਲੰਕੇਸ਼ ਦੇ ਲਹੂ ਦੀ ਲੋਅ ਸਾਡਾ ਰਾਹ ਰੁਸ਼ਨਾਏਗੀ

ਪੀਪਲਜ਼ ਮੀਡੀਆ ਲਿੰਕ ਵੀ ਸ਼ਾਮਲ ਹੋਵੇਗਾ CPI ਦੇ  ਰੋਸ ਮਾਰਚ ਵਿੱਚ 
ਲੁਧਿਆਣਾ: 4 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਇੱਕ ਮਹੀਨਾ ਹੋ ਗਿਆ ਹੈ ਲੋਕਾਂ ਦੀ ਹਰਮਨ ਪਿਆਰੀ ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਨੂੰ।  ਉਸ ਤੋਂ ਬਾਅਦ ਮੋਹਾਲੀ ਵਿੱਚ ਪੱਤਰਕਾਰ ਕੇ ਜੇ ਸਿੰਘ ਅਤੇ ਤ੍ਰਿਪੁਰਾ ਵਿੱਚ ਪੱਤਰਕਾਰ ਸ਼ਾਂਤਨੂੰ ਭੌਮਿਕ ਨੂੰ ਵੀ ਕਤਲ ਕਰ ਦਿੱਤਾ ਗਿਆ। ਇਸ ਸਭ ਦੇ ਬਾਵਜੂਦ ਇਸ ਨਾਜ਼ੁਕ ਹਾਲਾਤ ਨੇ ਸਾਡੇ ਦਿਲ ਨੂੰ ਕੋਈ ਹਲੂਣਾ ਨਹੀਂ ਦਿੱਤਾ।  ਸਾਡੀ ਅੰਤਰ ਆਤਮਾ ਨਹੀਂ ਜਾਗੀ। ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਅਚਾਨਕ ਕਿਸੇ ਦਿਨ ਸਾਡੀ ਵਾਰੀ ਵੀ ਆ ਸਕਦੀ ਹੈ ਜਾਂ ਸਾਡੇ ਵਿੱਚੋਂ ਹੀ ਕਿਸੇ ਹੋਰ ਦੀ ਵੀ। ਅਸੀਂ ਕਦੇ ਨਹੀਂ ਸੋਚਿਆ ਕਿ ਆਖਿਰ ਅਜੇ ਤੱਕ ਕਿਓਂ ਨਹੀਂ ਫੜੇ ਗਏ ਗੌਰੀ ਲੰਕੇਸ਼ ਦੇ ਕਾਤਲ। ਅਸੀਂ ਚੱਜ ਨਾਲ ਆਪਣੇ ਇਹਨਾਂ ਜਾਂਬਾਜ਼ ਪੱਤਰਕਾਰਾਂ ਦੇ ਕਤਲ ਦਾ ਸੋਗ ਵੀ ਨਹੀਂ ਮਨਾਇਆ। ਸ਼ਾਇਦ ਅਸੀਂ, ਖਾਸ ਕਰਕੇ ਲੁਧਿਆਣਾ ਦੇ ਜਮਹੂਰੀ ਲੋਕ ਅਤੇ ਕਲਮਕਾਰ, ਬੁਰੀ ਤਰ੍ਹਾਂ ਡਰ ਗਏ ਹਾਂ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ। ਜ਼ੁਬਾਨਬੰਦੀ ਦੇ ਦੌਰ ਵਿੱਚ ਅਜਿਹਾ ਅਕਸਰ ਹੁੰਦਾ ਹੈ। ਸ਼ਾਇਦ ਅਸੀਂ ਵੀ ਇਸ ਦੌਰ ਦੀ ਦਹਿਸ਼ਤ ਦਾ ਸ਼ਿਕਾਰ ਹਾਂ। ਸ਼ਾਇਦ ਅਸੀਂ ਵੀ ਆਪਣੇ ਕਤਲ ਹੋਣ ਦੀ ਉਡੀਕ ਕਰ ਰਹੇ ਹਾਂ।   ਦੇਖ ਲੈਣਾ--ਸਾਡੇ ਕਤਲ ਤੇ ਵੀ ਜਾਂ ਤਾਂ ਬੋਲਣ ਵਾਲਾ ਕੋਈ ਬਚਿਆ ਨਹੀਂ ਹੋਵੇਗਾ ਜਾਂ ਫੇਰ ਕੋਈ ਬੋਲੇਗਾ ਹੀ ਨਹੀਂ। ਕਿਤੇ ਅਜਿਹਾ ਤਾਂ ਨਹੀਂ ਕਿ ਸਾਡੇ ਆਲੇ ਦੁਆਲੇ, ਸਾਡੀ ਸੋਚ, ਸਾਡੀ ਕਲਮ, ਸਾਡੀ ਆਜ਼ਾਦੀ 'ਤੇ ਗੌਰੀ ਦੇ ਕਾਤਲਾਂ ਨੇ ਕਬਜ਼ਾ ਤਾਂ ਨਹੀਂ ਕਰ ਲਿਆ? ਗੌਰੀ ਲੰਕੇਸ਼ ਦੇ ਕਤਲ 'ਤੇ ਖੁਸ਼ੀਆਂ ਮਨਾਉਣ ਵਾਲੇ  ਕਿਤੇ ਸਾਨੂੰ ਅੱਖਾਂ ਤਾਂ ਨਹੀਂ ਦਿਖਾਉਣ ਲੱਗ ਪਏ? 
ਜਿਹਨਾਂ ਨੇ ਅਜੇ ਤੱਕ ਗੌਰੀ ਲੰਕੇਸ਼ ਦੇ ਕਤਲ ਬਾਰੇ ਆਪਣੀ ਖਾਮੋਸ਼ੀ ਨਹੀਂ ਤੋੜੀ ਸ਼ਾਇਦ ਸਮਾਂ ਉਹਨਾਂ ਨੂੰ ਕਦੇ ਵੀ ਮਾਫ ਨਾ ਕਰੇ। ਸ਼ਾਇਦ ਉਹ ਵਿਚਾਰੇ ਨਹੀਂ ਜਾਣਦੇ ਕਿ ਗੌਰੀ ਦੀ ਕੁਰਬਾਨੀ ਕਿੰਨੀ ਅਰਥਪੂਰਨ ਹੈ, ਕਿੰਨੀ ਮਹੱਤਵਪੂਰਨ ਹੈ। ਸ਼ਾਇਦ ਸਾਡੇ ਵਿੱਚੋਂ ਬਹੁਤ ਸਾਰੇ ਨਹੀਂ ਜਾਣਦੇ ਕਿ ਅੱਜ ਦੇ ਕਾਰਪੋਰੇਟ ਮੀਡੀਆ ਵਾਲੇ ਕਾਰੋਬਾਰੀ ਦੌਰ ਵਿੱਚ ਗੌਰੀ ਸਾਨੂੰ ਕਿੰਨੇ ਹੀ ਰਸਤੇ ਦਿਖਾ ਗਈ ਹੈ, ਕਿੰਨੇ ਹੀ ਅਨਮੋਲ ਸਬਕ ਦੇ ਗਈ ਹੈ, ਜਿਹਨਾਂ 'ਤੇ ਚੱਲ ਕੇ ਹੀ ਅਸੀਂ ਆਪਣੀ ਕਲਮੀ ਆਜ਼ਾਦੀ ਨੂੰ ਵੀ ਬਚਾ ਸਕਦੇ ਹਾਂ ਅਤੇ ਕਿਰਤ ਕਮਾਈ ਵਾਲੀ ਜ਼ਿੰਦਗੀ ਵੀ ਸਿਰ ਚੁੱਕ ਕੇ ਗੁਜ਼ਾਰ ਸਕਦੇ ਹਾਂ। 
ਗੌਰੀ ਕੋਲ ਨੌਕਰੀਆਂ ਦੀ ਕੋਈ ਕਮੀ ਨਹੀਂ ਸੀ ਪਰ ਉਸਨੇ ਆਪਣਾ ਪਰਚਾ ਕੱਢਣ ਦਾ ਰਾਹ ਚੁਣਿਆ। ਉਸਨੂੰ ਪਤਾ ਸੀ ਇਸ਼ਤਿਹਾਰਾਂ ਬਿਨਾ ਇਹ ਪਰਚੇ ਨਹੀਂ ਚੱਲਦੇ ਪਰ ਉਸਨੇ ਬਿਨਾ ਇਸ਼ਤਿਹਾਰਾਂ ਦੇ ਇਹ ਪਰਚਾ ਘਰ ਘਰ ਪਹੁੰਚਾ ਕੇ ਦਿਖਾਇਆ। ਉਸਨੂੰ ਇਹ ਵੀ ਪਤਾ ਸੀ ਕਿ ਆਜ਼ਾਦੀ ਦੇ ਰਸਤੇ 'ਤੇ ਚੱਲਦਿਆਂ ਬਹੁਤ ਸਾਰੀਆਂ ਚੁਣੌਤੀਆਂ ਆਉਣਗੀਆਂ। ਗੌਰੀ ਨੇ ਹਮਖਿਆਲ ਲੋਕਾਂ ਦੀ ਇੱਕ ਟੀਮ ਬਣਾਈ। ਇਸ ਟੀਮ ਦੇ ਮੈਂਬਰਾਂ ਦੀ ਗਿਣਤੀ ਸਿਰਫ 50 ਸੀ। ਪਰ ਇਸ ਟੀਮ ਨੇ ਆਪਣੇ ਰਸਤੇ ਵਿੱਚ ਆਈ ਕਿਸੇ ਵੀ ਰੁਕਾਵਟ ਨੂੰ ਟਿਕਣ ਨਾ ਦਿੱਤਾ। ਆਖਿਰ ਗੌਰੀ ਨੇ ਜਿਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਤੋਂ ਦੁਸ਼ਮਣ ਹੋਰ ਬੁਖਲਾ ਗਏ।  ਗੌਰੀ ਦਾ ਪਰਚਾ ਬੰਦ ਕਰਾਉਣ ਲਈ ਨਾ ਤਾਂ ਇਸ਼ਤਿਹਾਰ ਬੰਦ ਕਰਨ ਦਾ ਰੋਅਬ ਦਿਤਾ  ਜਾ ਸਕਦਾ ਸੀ ਅਤੇ ਨਾ ਹੀ ਕੋਈ ਹੋਰ ਧਮਕੀ। ਗੌਰੀ ਦੀ ਆਵਾਜ਼ ਲਗਾਤਾਰ ਹਰਮਨ ਪਿਆਰ ਹੋ ਰਹੀ ਸੀ। ਇਸ ਆਵਾਜ਼ 'ਤੇ ਸੈਂਸਰ ਲਾਉਣ ਲਈ ਆਖੀਰ ਗੋਲੀ ਦਾ ਸਹਾਰਾ ਲਿਆ ਗਿਆ। ਦੇਵੀ ਦੇ 9 ਰੂਪਾਂ ਦੀ ਪੂਜਾ ਕਰਨ ਵਾਲੇ ਦੇਸ਼ ਵਿੱਚ ਇੱਕ ਨਿਹੱਥੀ ਪੱਤਰਕਾਰ ਨੂੰ ਉਸਦੇ ਘਰ ਜਾ ਕੇ ਗੋਲੀਆਂ ਨਾਲ  ਭੁੰਨ ਦਿੱਤਾ ਗਿਆ। ਫਿਰ ਇਸ ਦੀਆਂ ਖੁਸ਼ੀਆਂ ਮਨਾਈਆਂ ਗਈਆਂ।  ਸੋਸ਼ਲ ਮੀਡੀਆ ਉੱਤੇ ਇਸ ਕਤਲ ਦੀ ਖੁਸ਼ੀ ਵਾਲੀ ਇੱਕ ਮੁਹਿੰਮ ਚਲਾਈ ਗਈ ਪਰ ਸਰਕਾਰ ਨੂੰ ਐਸ ਆਈ ਟੀ ਬਣਾ ਕੇ ਵੀ ਅਜੇ ਤੱਕ ਕਾਤਲ ਨਹੀਂ ਲੱਭੇ। 
ਅਸੀਂ ਸਾਰੇ ਇਸ ਸਭ ਕੁਝ ਨੂੰ ਦੇਖ ਰਹੇ ਹਾਂ। ਨੋਟ ਵੀ ਕਰ ਰਹੇ ਹਾਂ।  ਅਸੀਂ ਸਾਰੇ ਪੂਰੀ ਗੰਭੀਰਤਾ ਨਾਲ ਕਹਿਣਾ ਚਾਹੁੰਦੇ ਹਾਂ ਕਿ ਇਸ ਮਚਲੇਪਨ ਦੇ ਨਤੀਜੇ ਚੰਗੇ ਨਹੀਂ ਨਿਕਲਣਗੇ। ਹੁਣ ਘਰ ਘਰ ਗੌਰੀ ਲੰਕੇਸ਼ ਦਾ ਜਨਮ ਹੋਣ ਵਾਲਾ ਹੈ। ਜ਼ੁਬਾਨਬੰਦੀ ਦਾ ਇਹ ਖਤਰਨਾਕ ਦੌਰ ਸਾਨੂੰ ਹੋਰ ਤਕੜਿਆਂ ਕਰ ਰਿਹਾ ਹੈ। ਅਸੀਂ ਸਭਨਾਂ ਨੂੰ ਸੱਦਾ ਦੇਂਦੇ ਹਾਂ---
ਬੋਲ, ਕਿ ਲਬ ਆਜ਼ਾਦ ਹੈਂ ਤੇਰੇ
ਬੋਲ, ਜ਼ਬਾਂ ਅਬ ਤਕ ਤੇਰੀ ਹੈ
ਤੇਰਾ ਸੁਤਵਾਂ ਜਿਸਮ ਹੈ ਤੇਰਾ
ਬੋਲ, ਕਿ ਜਾਂ ਅਬ ਤਕ ਤੇਰੀ ਹੈ
ਗੌਰੀ ਲੰਕੇਸ਼ ਦੇ ਲਹੂ ਨੂੰ ਸਲਾਮੀ ਦੇਣ ਲਈ ਅਸੀਂ ਸਾਰੇ 5 ਅਕਤੂਬਰ 2017 ਨੂੰ ਰੇਲਵੇ ਸਟੇਸ਼ਨ 'ਤੇ ਸੀਪੀਆਈ ਵੱਲੋਂ ਕੀਤੇ ਜਾ ਰਹੇ ਰੋਸ ਵਿਖਾਵੇ ਅਤੇ ਰੋਸ ਮਾਰਚ ਵਿੱਚ ਸ਼ਾਮਲ ਹੋਵਾਂਗੇ। ਅਸੀਂ ਸਭਨਾਂ ਨੂੰ ਸੱਦਾ ਦੇਂਦੇ ਹਾਂ ਕਿ ਉਹ ਇਸ ਇਕੱਤਰਤਾ ਅਤੇ ਮਾਰਚ ਵਿੱਚ ਸ਼ਾਮਲ ਹੋਣ। ਗੌਰੀ  ਦੇ ਲਹੂ ਦੀ ਲੋਅ ਸਾਡਾ ਰਾਹ ਰੁਸ਼ਨਾਏਗੀ। ਜ਼ੁਬਾਨਬੰਦੀ ਦੇ ਇਸ ਦੌਰ ਵਿੱਚ ਗੌਰੀ ਦੀ ਕੁਰਬਾਨੀ ਸਾਨੂੰ ਨਵੀਂ ਹਿੰਮਤ ਦੇਵੇਗੀ। 

ਦ ਪੀਪਲਜ਼ ਮੀਡੀਆ ਲਿੰਕ, ਲੋਕ ਮੀਡੀਆ ਮੰਚ, ਜਨ ਮੀਡੀਆ ਮੰਚ, ਪੰਜਾਬ ਸਕਰੀਨ, 
ਸਤੀਸ਼ ਸਚਦੇਵਾ, ਪ੍ਰਦੀਪ ਸ਼ਰਮਾ, ਗੁਰਮੇਲ ਮੈਡਲੇ, ਰੈਕਟਰ ਕਥੂਰੀਆ, ਪਰਮਜੀਤ ਔਜਲਾ, ਪਰਮਿੰਦਰ ਕੌਰ, ਦਿਲਜੋਤ ਕੌਰ 

No comments: