Thursday, October 05, 2017

ਗੌਰੀ ਲੰਕੇਸ਼ ਦੇ ਕਾਤਲਾਂ ਦੀ ਛੇਤੀ ਗ੍ਰਿਫਤਾਰੀ ਲਈ ਲੋਕਾਂ ਵਿੱਚ ਰੋਹ

ਰੇਲਵੇ ਸਟੇਸ਼ਨ ਤੇ ਕੀਤਾ ਸੀਪੀਆਈ  ਨੇ ਰੋਸ ਵਖਾਵਾ
ਲੁਧਿਆਣਾ: 5 ਅਕਤੂਬਰ 2017: (ਸ਼ੀਬਾ ਸਿੰਘ//ਪੰਜਾਬ ਸਕਰੀਨ)::
ਜਿਸ ਗੌਰੀ ਲੰਕੇਸ਼ ਦੇ  ਕਤਲ ਦਾ ਵਿਰੋਧ ਕਰਨ ਲਈ ਦੇਸ਼ ਅਤੇ ਦੁਨੀਆ ਭਰ ਦੇ ਪੱਤਰਕਾਰ ਖੁੱਲ੍ਹ ਕੇ ਅੱਗੇ ਆਏ ਉਸ ਮਾਮਲੇ ਵਿੱਚ ਲੁਧਿਆਣਾ ਦੇ ਮੀਡੀਆ ਨੇ ਅੱਜ ਵੀ ਕੋਈ ਭਰਵਾਂ ਹੁੰਗਾਰਾ ਨਹੀਂ ਭਰਿਆ। ਗੌਰੀ ਲੰਕੇਸ਼ ਦੇ ਕਤਲ ਨੂੰ ਇੱਕ ਮਹੀਨਾ  ਲੰਘ ਗਿਆ ਹੈ ਅਤੇ ਅਜੇ ਤੱਕ ਉਸਦੇ ਕਾਤਲਾਂ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਸੀਪੀਆਈ ਨੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇੱਕ ਭਰਵਾਂ ਰੋਸ ਵਿਖਾਵਾ ਕੀਤਾ। ਇਹ ਵਿਰੋਧ ਵੀ ਭਾਵੇਂ ਕੋਈ ਵੱਡਾ ਨਹੀਂ ਸੀ ਪਰ ਇਸ ਚੁੱਪ ਨੂੰ ਤੋੜਨ ਦਾ ਇੱਕ ਸ਼ਾਨਦਾਰ ਐਕਸ਼ਨ ਜ਼ਰੂਰ ਸੀ। ਅਫਸੋਸ ਕਿ ਕਾਂਗਰਸ, ਸੀਪੀਐਮ ਅਤੇ ਹੋਰ ਖੱਬੀਆਂ ਸੈਕੂਲਰ ਪਾਰਟੀਆਂ ਵੀ ਇਸ ਮੌਕੇ ਹਾਜ਼ਰ ਨਹੀਂ ਸਨ। ਸੀਪੀਆਈ ਨੇ ਕਾਤਲਾਂ ਨੂੰ ਫੜੇ ਜਾਣ  ਵਿੱਚ ਹੋ ਰਹੀ ਦੇਰੀ ਦਾ ਤਿੱਖਾ ਵਿਰੋਧ ਕੀਤਾ ਅਤੇ ਗੌਰੀ ਲੰਕੇਸ਼  ਦੀ ਕੁਰਬਾਨੀ ਨੂੰ ਸਲਾਮ ਕਹੀ। ਇਸੇ ਦੌਰਾਨ ਪ੍ਰਮੁੱਖ ਲੇਖਕ ਅਤੇ ਸਾਬਕਾ ਜ਼ਿਲਾ ਅਟਾਰਨੀ ਮਿੱਤਰ ਸੈਨ ਮੀਤ ਨੇ ਵੀ ਕਾਤਲਾਂ ਦੀ ਗ੍ਰਿਫਤਾਰੀ ਵਿੱਚ ਹੋ ਰਹੀ ਦੇਰੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ। "ਦ ਪੀਪਲਜ਼ ਮੀਡੀਆ ਲਿੰਕ" ਨੇ ਵੀ ਇਸ ਦੇਰੀ ਨੂੰ ਬੇਹੱਦ ਅਫਸੋਸਨਾਕ ਦੱਸਿਆ। 
ਸਾਬਕਾ ਜ਼ਿਲਾ ਅਟਾਰਨੀ ਅਤੇ ਪ੍ਰਸਿੱਧ ਲੇਖਕ ਮਿੱਤਰਸੈਨ ਮੀਤ
ਵੱਲੋਂ ਵੀ ਗੌਰੀ ਦੇ ਕਾਤਲਾਂ ਦੀ ਗ੍ਰਿਫਤਾਰੀ 'ਚ ਹੋ ਰਹੀ ਦੇਰੀ ਦੀ ਨਿਖੇਧੀ 
ਹਰਮਨ ਪਿਆਰੀ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਅਜੇ ਤੀਕ ਵੀ ਨਾ ਫੜੇ ਜਾ ਸਕਣ ਦੇ ਰੋਸ ਵੱਜੋਂ ਸੀਪੀਆਈ ਨੇ ਅੱਜ ਲੁਧਿਆਣਾ ਵਿਖੇ  ਜ਼ੋਰਦਾਰ ਵਖਾਵਾ ਕੀਤਾ।  ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਗੋਲੀਆਂ ਨਾਲ ਲੋਕਾਂ ਨੂੰ ਰੁਸ਼ਨਾਉਣ ਵਾਲੀਆਂ  ਬੁਲੰਦ ਅਵਾਜ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ। ਜ਼ਿਕਰਯੋਗ ਹੈ ਕਿ ਗੌਰੀ ਲੰਕੇਸ਼ ਨੂੰ 5 ਸਤੰਬਰ ਵਾਲੇ ਦਿਨ ਫਿਰਕੂ ਫਾਸ਼ੀ ਅਨਸਰਾਂ ਨੇ ਕਤਲ ਕਰ ਦਿੱਤਾ ਸੀ। ਬੁਲਾਰਿਆਂ ਨੇ ਕਿਹਾ ਕਿ ਗੌਰੀ ਲੰਕੇਸ਼  ਦਾ ਕਤਲ ਇਸ ਦੇਸ਼ ਦੇ ਮੁੱਖ ਅਧਾਰ ਧਰਮ ਨਿਰਪੱਖਤਾ ਅਤੇ ਜਮਹੂਰੀਅਤ ਲਈ ਸਿੱਧਿ ਚੁਣੌਤੀ ਹੈ। ਜਦੋਂ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਆਰ ਐਸ ਐਸ ਦੀ ਸਰਪ੍ਰਸਤੀ ਵਾਲੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਫਿਰਕਾਪ੍ਰਸਤੀ ਦੀ ਨਫਰਤ ਵਾਲੇ ਅਨਸਰ ਖੁਲ ਖੇਡ ਰਹੇ ਹਨ। ਸਰਕਾਰ ਉਹਨਾਂ ਨੂੰ ਠੱਲ ਪਾਉਣ ਦੀ ਬਜਾਏ ਉਲਟਾ ਸਰਪ੍ਰਸਤੀ ਦੇ ਰਹੀ ਹੈ। ਇਹ ਸਭ ਕੁਝ ਸਰਕਾਰ ਵੱਲੋਂ ਚਲਾਈ ਜਾ ਰਹੀ ਹਿੰਦੂਤਵਾ  ਦੇ ਏਜੰਡੇ ਨੂੰ ਲਾਗੂ ਕਰਨ ਦੀ ਸਾਜ਼ਿਸ਼ ਦਾ ਇੱਕ ਹਿੱਸਾ ਹੈ। ਜਿਹੜਾ ਜਿਹੜਾ ਵੀ ਧਰਮਨਿਰਪੱਖਤਾ, ਜਮਹੂਰੀਅਤ ਅਤੇ ਬਰਾਬਰੀ ਦੀ ਗੱਲ ਕਰਦਾ ਹੈ ਉਸਨੂੰ ਦੇਸ਼ ਧ੍ਰੋਹੀ ਕਹਿ ਕੇ ਬਦਨਾਮ ਕੀਤਾ ਜਾਂਦਾ ਹੈ ਅਤੇ ਫਿਰ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਸ ਲੋਕ ਵਿਰੋਧੀ ਸਾਜ਼ਿਸ਼ੀ ਮੁਹਿੰਮ ਦੀ ਸ਼ੁਰੂਆਤ ਦਬੋਲਕਰ, ਪਨਸਾਰੇ ਅਤੇ ਕਲਬੁਰਗੀ ਦੇ ਕਤਲ ਨਾਲ ਸ਼ੁਰੂ ਹੋ ਗਈ ਸੀ। 
ਇਹ ਸਾਰੀ ਸਾਜ਼ਿਸ਼ ਗੁੰਡਾਗਰਦੀ ਨਾਲ ਸੱਚ ਦੀਆਂ ਅਵਾਜ਼ਾਂ ਨੂੰ ਬੰਦ ਕਰਾਉਣ ਦੀ ਚਾਲ ਹੈ। ਸੰਨ 2014 ਵਿੱਚ ਲੋਕਾਂ ਨਾਲ ਕੀਤੇ ਲੁਭਾਵਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਸਰਕਾਰ ਹੁਣ ਹੋਛੇ ਹੱਥਕੰਡਿਆਂ ਉੱਤੇ ਉਤਾਰੂ ਹੈ। ਲੋਕਾਂ ਦਾ ਧਿਆਨ ਅਸਲੀ ਮਸਲਿਆਂ ਤੋਂ ਹਟਾਉਣ ਲਈ ਮੋਦੀ ਸਰਕਾਰ ਕਦੇ ਗਊ ਰਕਸ਼ਾ ਦੀ ਗੱਲ ਕਰਦੀ ਹੈ,ਕਦੇ ਗਊ ਮੂਤਰ ਨੂੰ ਪੀਣ ਦੇ ਪ੍ਰਚਾਰ ਕਰਾਉਂਦੀ ਹੈ ਅਤੇ ਕਦੇ ਰਾਮ ਮੰਦਿਰ ਦੇ ਮੁੱਦੇ ਉਠਾਉਂਦੀ ਹੈ। 
ਪਰ ਦੇਸ਼ ਦੇ ਲੋਕ ਹੁਣ ਇਹਨਾਂ ਸਾਜ਼ਿਸ਼ਾਂ ਨੂੰ ਸਮਝ ਚੁੱਕੇ ਹਨ। ਉਹਨਾਂ ਨੂੰ ਹੁਣ ਪਤਾ ਹੈ ਕਿ ਇਹ ਉਹੀ ਆਰ ਐਸ ਐਸ ਹੈ ਜਿਸਨੇ ਦੇਸ਼ ਦੀ ਆਜ਼ਾਦੀ ਲਈ ਕੁਝ ਵੀ ਨਹੀਂ ਕੀਤਾ ਉਲਟਾ ਦੇਸ਼ਭਗਤਾਂ ਨੂੰ ਬ੍ਰਿਟਿਸ਼ ਸਰਕਾਰ ਕੋਲ ਗ੍ਰਿਫਤਾਰ  ਕਰਨ ਦੀਆਂ ਸਾਜ਼ਿਸ਼ਾਂ ‘ਤੇ ਹੀ ਕੰਮ ਕੀਤਾ। ਇਸ ਰੋਹ ਭਰੀ ਰੈਲੀ ਨੇ ਮੰਗ ਕੀਤੀ ਕਿ ਗੌਰੀ ਲਂਕੇਸ਼ ਦੇ ਕਾਤਲਾਂ ਨੂੰ ਬਿਨਾ ਕਿਸੇ ਹੋਰ ਦੇਰੀ ਦੇ ਗਿ੍ਰਫਤਾਰ ਕੀਤਾ ਜਾਏ।  
ਜਿਹਨਾਂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ ਉਹਨਾਂ ਵਿੱਚ ਡਾ ਅਰੁਣ ਮਿੱਤਰਾ, ਡੀ ਪੀ ਮੌੜ, ਰਮੇਸ਼ ਰਤਨ, ਗੁਰਨਾਮ ਸਿੱਧੂ,    ਚਮਕੌਰ ਸਿੰਘ, ਮੋ: ਸ਼ਫ਼ੀਕ, ਕੇਵਲ ਸਿੰਘ ਬਣਵੈਤ, ਕੁਲਦੀਪ ਸਿੰਘ ਬਿੰਦਰ, ਵਿਜੇ ਕੁਮਾਰ, ਅਨੋਦ ਕੁਮਾਰ, ਸੰਜੀਤ ਕੁਮਾਰ, ਚਰਨ ਦਾਸ, ਸੂਰਜ ਅਤੇ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ।  

No comments: