Monday, October 23, 2017

ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ : ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ

Mon, Oct 23, 2017 at 5:30 PM
ਪੰਜਾਬੀ ਲਈ ਸੰਘਰਸ਼ ਕਰਨ ਵਾਲੀਆਂ ਖਿਲਾਫ ਦਰਜ ਮੁਕੱਦਮਾ ਰੱਦ ਹੋਵੇ 
ਲੁਧਿਆਣਾ: 23 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਅੱਜ ਇੱਥੇ ਜਾਮਾ ਮਸਜਿਦ ਲੁਧਿਆਣਾ ਤੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਆਪਣੀ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਜ਼ੋਰਦਾਰ ਆਵਾਜ ਬੁਲੰਦ ਕੀਤੀ। ਉਹਨਾਂ ਕਿਹਾ ਕਿ ਪੰਜਾਬ ਭਰ 'ਚ ਦਿਸ਼ਾਸੂਚਕ ਬੋਰਡਾਂ 'ਤੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋ ਮਾਂ ਬੋਲੀ ਪੰਜਾਬੀ ਦੇ ਨਾਲ ਕੀਤੇ ਗਏ ਵਿਤਕਰੇ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ। ਪੰਜਾਬ 'ਚ ਬੀਤੇ ਕੁੱਝ ਦਿਨਾਂ 'ਚ ਪੰਜਾਬੀ ਮਾਂ ਬੋਲੀ ਦੇ ਸਨਮਾਨ ਲਈ ਰਾਜ ਦੇ ਵੱਖ-ਵੱਖ ਜ਼ਿਲਿਆਂ 'ਚ ਮਾਂ ਬੋਲੀ ਲਈ ਸੰਘਰਸ਼ ਕਰ ਰਹੇ ਨੌਜਵਾਨਾਂ 'ਤੇ ਪੁਲਿਸ ਵੱਲੋਂ ਦਰਜ ਕੀਤਾ ਮੁਕੱਦਮਾ ਨਿੰਦਣਯੋਗ ਹੈ। ਮੌਲਾਨਾ ਉਸਮਾਨ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ। ਉਹਨਾਂ  ਕਿਹਾ ਕਿ ਦੇਸ਼ ਦੇ ਸਾਰੇ ਸੂਬੇਆਂ 'ਚ ਉੱਥੇ ਦੀਆਂ ਮਾਂ ਬੋਲੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਜਿੱਥੇ ਦੇਸ਼ ਦੇ ਸਾਰੇ ਸੂਬੇਆਂ  ਦੇ ਲੋਕ ਤਕਰੀਬਨ ਵਪਾਰ ਲਈ ਆਉਂਦੇ ਹਨ 'ਚ ਪੰਜਾਬੀ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ  ਕਿਹਾ ਕਿ ਇਹ ਵੀ ਅਫਸੋਸ ਦੀ ਗੱਲ ਹੈ ਕਿ ਕੁੱਝ ਲੋਕ ਦਿਸ਼ਾਸੂਚਕ ਬੋਰਡਾਂ 'ਤੇ ਪੰਜਾਬੀ ਮਾਂ ਬੋਲੀ ਨੂੰ ਪਹਿਲਾਂ ਸਥਾਨ ਦਵਾਉਣ ਲਈ ਚੁੱਕੇ ਗਏ ਕਦਮਾਂ ਨੂੰ ਹਿੰਦੀ ਦੀ ਬੇਇੱਜ਼ਤੀ ਦੱਸ ਕੇ ਪੰਜਾਬੀ ਮਾਂ ਬੋਲੀ ਦੇ ਸੰਘਰਸ਼ ਨੂੰ ਰੋਕਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਹਿੰਦੀ ਸਾਡੀ ਕੌਮੀ ਭਾਸ਼ਾ ਹੈ ਲੇਕਿਨ ਸਭ ਤੋਂ ਪਹਿਲਾਂ ਮਾਂ ਬੋਲੀ ਪੰਜਾਬੀ ਨੂੰ ਹੀ ਲਿਖਿਆ ਜਾਵੇਗਾ ਅਤੇ ਸਾਨੂੰ ਇਹ ਅਧਿਕਾਰ ਸੰਵਿਧਾਨ ਨੇ ਦਿੱਤਾ ਹੈ। ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਜੋ ਵੀ ਲੋਕ ਸੰਘਰਸ਼ ਕਰਨਗੇ  ਅਸੀਂ ਉਹਨਾਂ ਦੇ ਨਾਲ ਹਾਂ। ਉਹਨਾਂ ਕਿਹਾ ਕਿ ਮਾਂ ਬੋਲੀ ਹੀ ਕੌਮਾਂ ਦੇ ਵਜੂਦ ਨੂੰ ਜ਼ਿੰਦਾ ਰੱਖਦੀ ਹੈ। ਪੰਜਾਬੀ ਮਾਂ ਬੋਲੀ ਦੀ ਰੱਖਿਆ ਕਰਨਾ ਹਰ ਇੱਕ ਪੰਜਾਬੀ 'ਤੇ ਫਰਜ ਹੈ। ਇਸ ਸੰਘਰਸ਼ ਨੂੰ ਕਿਸੇ ਵੀ ਧਰਮ ਜਾਂ ਜਾਤੀ ਦੇ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ। ਉਹਨਾਂ ਕਿਹਾ ਕਿ ਜਿਹਨਾਂ ਨੂੰ ਪੰਜਾਬੀ ਨਹੀਂ ਚੰਗੀ ਲੱਗਦੀ ਜਾਂ ਉਹ ਚਾਹੁੰਦੇ ਹਨ ਕਿ ਪੰਜਾਬ 'ਚ ਪੰਜਾਬੀ ਨੂੰ ਪਹਿਲਾ ਸਥਾਨ ਨਾ ਦਿੱਤਾ ਜਾਵੇ ਤਾਂ ਅਜਿਹੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਛੱਡ ਕੇ ਕਿਸੇ ਅਜਿਹੇ ਸਥਾਨ 'ਤੇ ਜਾਣ ਜਿੱਥੇ ਦੀ ਬੋਲੀ ਉਹਨਾਂ ਆਪਣੀ ਮਾਂ ਬੋਲੀ ਲੱਗਦੀ ਹੈ।

1 comment:

Ramandeep kaur said...

Punjabi nu ohda har ik banda haq milna chahida.....