Monday, October 23, 2017

ਮਾਤਾ ਚੰਦ ਕੌਰ ਜੀ ਦੇ ਕਾਤਲ ਫੜਨ ਦੇ ਵਾਸਤੇ ਰੋਸ ਮਾਰਚ “ਇੱਕ ਡਰਾਮਾ”- ਭੁਰਜੀ

ਇਹ "ਜਲੂਸ" ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ
ਲੁਧਿਆਣਾ: 22 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਠਾਕੁਰ ਉਦੈ ਸਿੰਘ 
ਠਾਕੁਰ ਦਲੀਪ ਸਿੰਘ 
ਨਾਮਧਾਰੀ ਇਤਿਹਾਸ ਵਿੱਚ ਬਹੁਤ ਸਾਰੀਆਂ ਅਮੀਰ ਵਿਰਾਸਤਾਂ ਦਾ ਜ਼ਿਕਰ ਹੈ। ਇੱਕ ਉਹ ਵੀ ਵੇਲਾ ਸੀ ਜਦੋਂ ਨਾਮਧਾਰੀ ਸੱਚ ਅਤੇ ਸਿਧਾਂਤ ਨਹੀਂ ਸਨ ਛੱਡਦੇ ਜਾਨ ਭਾਵੇਂ ਛੱਡਣੀ ਪੈ ਜਾਵੇ। ਗਾਂਵਾਂ ਕਤਲ ਕਰਨ ਵਾਲੇ ਬੁੱਚੜਾਂ ਨੂੰ ਸੋਧਣ  ਵਾਲੇ ਨਾਮਧਾਰੀ ਸਿੰਘ ਸੂਰਮੇ ਜਦੋਂ ਬਚ ਨਿਕਲੇ ਤਾਂ ਪੁਲਿਸ ਨੇ ਬੇਗੁਨਾਹਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਐਕਸ਼ਨ ਏਨੀ ਫੁਰਤੀ ਵਾਲਾ ਸੀ ਕਿ ਅਸਲੀ ਕਾਤਲਾਂ ਦਾ ਕੁਝ ਵੀ ਪਤਾ ਹੀ ਨਹੀਂ ਸੀ ਲੱਗ ਰਿਹਾ। ਜਦੋਂ ਇਹ ਬੇਇਨਸਾਫ਼ੀ ਸ੍ਰੀ ਭੈਣੀ ਸਾਹਿਬ ਨੇ ਦੇਖੀ ਤਾਂ ਸਤਿਗੁਰਾਂ ਨੇ ਹੁਕਮ ਦਿੱਤਾ ਕਿ ਜਾਓ ਤੇ ਜਾ ਕੇ ਪੇਸ਼ ਹੋਵੋ। ਜੇ ਗਊਆਂ ਨੂੰ ਬਚਾਇਆ ਹੈ ਤਾਂ ਇਹਨਾਂ ਬੇਗੁਨਾਹਾਂ ਨੂੰ ਵੀ ਬਚਾਓ। ਗਊ ਦੇ ਕਾਤਲਾਂ ਨੂੰ ਸੋਧਣ ਦਾ ਪੁੰਨ ਕਮਾਇਆ ਹੈ ਤਾਂ ਹੁਣ ਬੇਗੁਨਾਹਾਂ ਨੂੰ ਸਜ਼ਾਵਾਂ ਦੁਆਉਣ ਦਾ ਪਾਪ ਨਾ ਕਮਾਓ। ਹੁਕਮ ਮੰਨਦਿਆਂ ਬੁੱਚੜਾਂ ਦੇ ਕਾਤਲ ਨਾਮਧਾਰੀ ਸਿੰਘ ਸੂਰਮੇ ਸਰਕਾਰੇ ਦਰਬਾਰੇ ਪੇਸ਼ ਹੋ ਗਏ। ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਿਊਣ ਵਾਲੇ ਨਾਮਧਾਰੀਆਂ ਨੇ ਖੁਦ ਇਹਨਾਂ ਕਤਲਾਂ ਨੂੰ ਕਬੂਲ ਕੀਤਾ। ਬੇਗੁਨਾਹਾਂ ਨੂੰ ਮੁਕਤ ਕਰਵਾਇਆ। ਲੁਕਾਏ ਗਏ ਹਥਿਆਰ ਖੁਦ ਬਰਾਮਦ ਕਰਾਏ ਅਤੇ ਸਜ਼ਾਵਾਂ ਕਬੂਲ ਕੀਤੀਆਂ। 
....ਤੇ ਹੁਣ ਇੱਕ ਇਹ ਵੀ ਵੇਲਾ ਹੈ। ਨਾਮਧਾਰੀ ਹੈਡ ਕੁਆਟਰ ਭੈਣੀ ਸਾਹਿਬ ਵਿਖੇ ਦਿਨ ਦਿਹਾੜੇ ਗੁਰੂ ਮਾਂ ਦਾ ਕਤਲ ਹੋ ਜਾਂਦਾ ਹੈ ਅਤੇ ਭਾਰੀ ਸਕਿਓਰਿਟੀ ਪ੍ਰਬੰਧਾਂ ਦੇ ਬਾਵਜੂਦ ਨਾ ਤਾਂ ਕਾਤਲਾਂ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਕਿਸੇ ਚਸ਼ਮਦੀਦ ਦੀ ਜ਼ਮੀਰ ਜਾਗਦੀ ਹੈ। ਗੁਰ ਗੱਦੀ ਦੇ ਵਿਵਾਦ ਨੂੰ ਲੈ ਕੇ ਅਲੱਗ ਹੋਏ ਦੋ ਸੱਕੇ ਠਾਕੁਰ ਭਰਾ ਪੰਥ ਅਤੇ ਦੁਨੀਆ ਵਾਲੀ ਏਕਤਾ ਦੀ ਗੱਲ ਤਾਂ ਕਰਦੇ ਹਨ ਪਰ ਖੁਦ ਇੱਕ ਨਹੀਂ ਹੁੰਦੇ। ਆਪਣੀ ਕਹਿਣੀ ਨੂੰ ਕਰਨੀ ਵਾਲੀ ਮਿਸਾਲ ਵਿੱਚ ਨਹੀਂ ਬਦਲਦੇ। ਜਦੋਂ ਮਾਂ ਦੇ ਕਤਲ ਮਗਰੋਂ ਵੀ ਪੁੱਤਰਾਂ ਦੀ ਜ਼ਮੀਰ ਨਾ ਜਾਗੇ ਤਾਂ ਇਸਦਾ ਫਾਇਦਾ ਹਮੇਸ਼ਾਂ ਬਾਹਰਲੇ ਹੀ ਉਠਾਉਂਦੇ ਹਨ। ਹੁਣ ਵੀ ਉਠਾ ਰਹੇ ਹਨ। ਨਾਮਧਾਰੀਆਂ ਦਾ ਵੋਟ ਬੈਂਕ ਹੁਣ ਨਾਮਧਾਰੀਆਂ ਦੇ ਖਿਲਾਫ ਹੀ ਹਥਿਆਰ ਬਣ ਚੁੱਕਿਆ ਹੈ। ਇਸ ਮਕਸਦ ਲਈ  ਰੋਸ ਮਾਰਚ ਬਸ ਸ਼ਕਤੀ ਪ੍ਰਦਰਸ਼ਨ ਬਣ ਕੇ ਹੀ ਰਹਿ ਗਏ ਹਨ। ਇਹਨਾਂ ਦੋਹਾਂ ਦੇ ਸਮਰਥਕ ਵੀ ਇਹਨਾਂ ਨੂੰ ਨਾਂ ਤਾਂ ਏਕਤਾ ਲਈ ਮਜਬੂਰ ਕਰਦੇ ਹਨ ਅਤੇ ਨਾ ਹੀ ਮਾਤਾ ਚੰਦ ਕੌਰ ਦੇ ਕਾਤਲਾਂ ਦੀ ਭਾਲ ਲਈ ਮਜਬੂਰ ਕਰਦੇ ਹਨ। ਕਿਲੇਬੰਦੀ ਵਰਗੇ ਹੈਡ ਕੁਆਟਰ ਵਿੱਚ ਗੁਰੂ ਮਾਂ ਦਾ ਕਤਲ ਹੋ ਜਾਵੇ ਤੇ ਚਸ਼ਮਦੀਦਾਂ ਸਮੇਤ ਦੋਹਾਂ ਧੜਿਆਂ ਦੇ ਮੈਂਬਰ ਕਹਿਣ ਜੀ ਸਾਨੂੰ ਨਹੀਂ ਪਤਾ ਸਾਡੀ ਮਾਂ ਨੂੰ ਕੌਣ ਕਤਲ ਕਰ ਗਿਆ ਅਤੇ ਫਿਰ ਕਿੱਧਰ ਅਲੋਪ ਹੋ ਗਿਆ? ਪੁਲਿਸ ਜੀ ਤੁਸੀਂ ਲਭੋ! ਸਰਕਾਰ ਜੀ ਤੁਸੀਂ ਲਭੋ! ਸਾਨੂੰ ਕੁਝ ਨਹੀਂ ਪਤਾ; ਸਾਡੀ ਮਾਂ  ਦਾ ਕਾਤਲ ਕੌਣ? ਯਕੀਨ ਨਹੀਂ ਆਉਂਦਾ ਕਿ ਅਜਿਹੀ ਬੇਬਸੀ ਦੀ ਹਾਲਤ ਵਿੱਚ ਪਹੁੰਚੇ ਨਾਮਧਾਰੀਆਂ ਨੇ ਕਦੇ ਸਰਕਾਰ ਦੇ ਸਮਾਂਤਰ ਡਾਕ ਸਿਸਟਮ ਚਲਾਇਆ ਹੋਏਗਾ ਜਾਂ ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿੱਚ ਸੁਨਹਿਰੀ ਪੰਨੇ ਲਿਖੇ ਹੋਣਗੇ। 
ਫਾਈਲ  ਫੋਟੋ:ਨਾਮਧਾਰੀ ਔਰਤਾਂ ਵੱਲੋਂ ਰੋਸ ਮਾਰਚ 8 ਮਾਰਚ 2017
ਇਸ ਸਾਰੀ ਸਥਿਤੀ ਬਾਰੇ ਇੱਕ ਵਾਰ ਫੇਰ ਸਾਹਮਣੇ ਆਈ ਹੈ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ ਇੱਕ ਬਿਆਨ ਨਾ।
ਇਸ ਕਮੇਟੀ ਨੇ ਭੈਣੀ ਸਾਹਿਬ ਵਾਲੀ ਧਿਰ ਵੱਲੋਂ ਕੱਢੇ ਗਏ ਰੋਸ ਮਾਰਚ ਨੂੰ "ਜਲੂਸ" ਦੱਸਦਿਆਂ ਇੱਕ ਡਰਾਮਾ ਆਖਿਆ ਹੈ। ਨਾਮਧਾਰੀ ਪੰਥਕ ਏਕਤਾ ਦੇ ਆਗੂ ਸ੍ਰ: ਬਚਿੱਤਰ ਸਿੰਘ ਭੁਰਜੀ ਨੇ ਪਿਛਲੇ ਦਿਨੀ ਅੱਸੂ ਦੇ ਮੇਲੇ ਸਮੇਂ ਮਾਤਾ ਚੰਦ ਕੌਰ ਜੀ ਦੇ ਕਾਤਲ ਫੜਨ ਲਈ ਜੋ ਜਲੂਸ ਭੈਣੀ ਸਾਹਿਬ ਦੀ ਕਬਜਾਧਾਰੀ ਕਮੇਟੀ ਵੱਲੋਂ ਕੱਢਿਆ ਗਿਆ ਸੀ। ਉਸ ਉਪਰ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਜਲੂਸ ਸਿਰਫ ਤੇ ਸਿਰਫ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ ਉਹਨਾਂ ਵੱਲੋਂ ਰਚਿਆ ਗਿਆ ਇੱਕ ਬਹੁਤ ਵੱਡਾ ਡਰਾਮਾ ਹੈ ਕਿਓਂਕਿ ਸਭ ਨੂੰ ਪਤਾ ਹੈ ਜਿਨ੍ਹਾਂ ਨੇ ਇਹ ਜਲੂਸ ਕੱਢਿਆ ਹੈ, ਉਹ ਆਪ ਹੀ ਮਾਤਾ ਜੀ ਦੇ ਬਹੁਤ ਵੱਡੇ ਵਿਰੋਧੀ ਸਨ ਅਤੇ ਉਹਨਾਂ ਨੂੰ ਹਰੇਕ ਤਰਾਂ ਨਾਲ ਤੰਗ ਕਰਦੇ ਸਨ। ਹੁਣ ਜਦ ਮਾਤਾ ਜੀ ਦੇ ਕਤਲ ਦੀ ਸੂਈ ਪੂਰੀ ਤਰਾਂ ਇਹਨਾਂ ਉਪਰ ਆ ਕੇ ਰੁਕ ਗਈ ਹੈ, ਕਬਜਾਧਾਰੀ ਇਸ ਨੂੰ ਕਿਸੇ ਹੋਰ ਪਾਸੇ ਕਰਨ ਲਈ ਇਹੋ ਜਿਹੇ ਜਲੂਸਾਂ ਦਾ ਸਹਾਰਾ ਲੈ ਰਹੇ ਹਨ।
ਸ੍ਰੀ ਭੁਰਜੀ ਨੇ ਕਿਹਾ ਕਿ ਇਸ ਤੋ ਪਹਿਲਾਂ ਵੀ ਕਾਬਿਜ਼ ਧਿਰ ਸਰਕਾਰੀ ਜਾਂਚ ਏਜੰਸੀਆਂ ਅਤੇ ਸੰਗਤ ਨੂੰ ਗੁੰਮਰਾਹ ਕਰਨ ਲਈ ਇਹੋ ਜਿਹੇ ਡਰਾਮੇ ਰੱਚਦੀ ਆ ਰਹੀ ਹੈ ਜਿਵੇ ਕਿ ਸਰਕਾਰ ਨੇ ਮਾਤਾ ਚੰਦ ਕੌਰ ਜੀ ਦੇ ਕਾਤਲ ਦਾ ਪਤਾ ਦੱਸਣ ਵਾਲੇ ਲਈ 10 ਲੱਖ ਦਾ ਇਨਾਮ ਰੱਖਿਆ ਸੀ। ਉਦੋਂ ਵੀ ਡਰ ਦੇ ਮਾਰੇ, ਸੱਚੇ ਹੋਣ ਲਈ ਇਹਨਾਂ ਨੇ ਆਪਣੇ ਵੱਲੋ 20 ਲੱਖ ਦਾ ਇੱਕ ਹੋਰ ਇਨਾਮ ਨਾਲ ਰੱਖ ਦਿੱਤਾ। ਮਾਤਾ ਜੀ ਦਾ ਕਤਲ ਉਹਨਾਂ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਲਈ ਇੱਕ ਬਹੁਤ ਵੱਡੀ ਸ਼ਾਜਿਸ਼ ਅਧੀਨ ਕਰਵਾਇਆ ਗਿਆ ਸੀ। ਪਰ ਇਸ ਵਾਰ ਰੋਸ ਮਾਰਚ ਦੀ ਸੱਚਾਈ ਕੁੱਝ ਹੋਰ ਸੀ। ਇਹ ਰੋਸ ਮਾਰਚ ਕਰਕੇ ਕਾਗਰਸ ਦੇ ਸਾਬਕਾ ਪ੍ਰਧਾਨ ਐਚ ਐਸ ਹੰਸਪਾਲ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਕੁਝ ਦਿਨ ਪਹਿਲਾਂ ਗੁਰਦਾਸਪੁਰ ਵਿਖੇ ਹੋਈ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਪਰਟੀ ਦੀ ਜਿੱਤ ਹੋਈ ਹੈ। ਇਹ ਰੋਸ ਮਾਰਚ ਕਰਕੇ ਜਿਥੇ ਹੰਸਪਾਲ ਨੇ ਆਪਣੇ ਸਾਥੀਆ ਸਮੇਤ ਇਸ ਜਿੱਤ ਦੀ ਖੁਸ਼ੀ ਮਨਾਈ ਹੈ, ਦੂਜਾ ਉਥੇ ਹੀ ਸਰਕਾਰ ਅਤੇ ਪ੍ਰਸ਼ਾਸ਼ਨ ਉਪਰ ਆਪਣਾ ਭਰਪੂਰ ਦਬਦਬਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਮਾਤਾ ਜੀ ਦੇ ਕਤਲ ਕੇਸ ਦੀ ਸੱਚਾਈ ਠੰਡੇ ਬਸਤੇ ਵਿੱਚ ਪਈ ਰਹੇ।
ਸਾਰਿਆਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਗਿਆ ਸੀ ਕਿ ਇੰਨੀ ਹਾਈ ਪ੍ਰੋਫਾਇਲ ਸਕਿਊਰਟੀ ਦੌਰਾਨ ਕੋਈ ਵੀ ਵੱਡੇ ਤੋਂ ਵੱਡਾ ਅਪਰਾਧੀ ਬਾਹਰੋਂ ਆ ਕੇ ਮਾਤਾ ਜੀ ਦਾ ਕਤਲ ਨਹੀ ਕਰ ਸਕਦਾ। ਉਹ ਮਾਤਾ ਜੀ ਜਿਨਾਂ ਨੇ ਆਪਣੀ ਸਾਰੀ ਉਮਰ ਬਿਨਾ ਕਿਸੇ ਭੇਦ-ਭਾਵ ਤੋ ਸੇਵਾ ਕਰਦਿਆ ਕੱਢ ਦਿੱਤੀ ਹੋਵੇ। ਅੱਜ ਅਸੀ ਕਾਬਿਜ਼ ਧਿਰ ਨੂੰ ਤਾੜਨਾ ਕਰਦੇ ਹਾਂ ਕਿ ਉਹ ਇਹੋ ਜਿਹੇ ਡਰਾਮੇ ਕਰਨੇ ਬੰਦ ਕਰਨ ਅਤੇ ਅਗਰ ਉਹ ਸੱਚ ਵਿੱਚ ਹੀ ਮਾਤਾ ਜੀ ਨੂੰ ਪਿਆਰ ਕਰਦੇ ਹਨ ਤਾਂ ਅਸਲ ਦੋਸ਼ੀਆਂ ਨੂੰ ਆਪ ਪੁਲਿਸ ਦੇ ਹਵਾਲੇ ਕਰਨ। ਇਹ ਹੀ ਉਹਨਾਂ ਵੱਲੋ ਮਾਤਾ ਜੀ ਨੁੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਉਪਰ ਨਵਤੇਜ ਸਿੰਘ, ਗੁਰਦੀਪ ਸਿੰਘ ਨਾਮਧਾਰੀ, ਹਰਵਿੰਦਰ ਸਿੰਘ ਨਾਮਧਾਰੀ, ਹਰਦੀਪ ਸਿੰਘ ਨਾਮਧਾਰੀ, ਰਜਵੰਤ ਸਿੰਘ, ਮਨਿੰਦਰ ਸਿੰਘ ਅਤੇ ਡਾ: ਰਾਜਿੰਦਰ ਸਿੰਘ ਹਾਜ਼ਰ ਸਨ।
ਜੇ ਨਾਮਧਾਰੀ ਸੰਪਰਦਾ ਆਪਣੇ ਸਤਿਗੁਰੂ ਰਾਮ ਸਿੰਘ ਜੀ ਦੇ ਵੇਲੇ ਦੀ ਵਿਰਾਸਤ ਅਤੇ ਪ੍ਰੰਪਰਾਵਾਂ ਨੂੰ ਨਾ ਸੰਭਾਲ ਸਕੀ ਤਾਂ ਫਿਰ ਭਵਿੱਖ ਖਤਰਿਆਂ ਵਿੱਚ ਹੈ। ਸਿਆਸਤਾਂ ਨੂੰ ਸਰਬਉੱਚ ਰੱਖਣ ਵਾਲਿਆਂ ਕੋਲੋਂ ਧਰਮ ਨਾ ਤਾਂ ਚੱਲਦੇ ਹਨ  ਅਤੇ ਨਾ ਹੀ ਬਚਦੇ ਹਨ।  ਓਹ ਵੀ ਸਿਆਸਤਾਂ ਦਾ ਹੀ ਸ਼ਿਕਾਰ ਹੋ ਜਾਂਦੇ ਹਨ।  
ਜਾਇਦਾਦਾਂ, ਅਮੀਰੀਆਂ, ਹਥਿਆਰਾਂ ਅਤੇ ਮਾਇਆ ਦੇ ਭਰੇ ਖਜ਼ਾਨਿਆਂ ਨੂੰ ਹੀ ਸਰਬ ਉੱਚ ਸ਼ਕਤੀ ਸਮਝ ਕੇ ਇਹਨਾਂ ਉੱਤੇ ਟੇਕ ਰੱਖਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ :
ਜੋ ਡੂਬੇਗੀ ਕਸ਼ਤੀ ਤੋਂ ਡੂਬੋਗੇ ਸਾਰੇ 
ਨ ਤੁਮ ਹੀ ਬਚੋਗੇ ਨਾ ਸਾਥੀ ਤੁਮ੍ਹਾਰੇ। 



No comments: