Wednesday, October 25, 2017

ਹੁਣ 900 ਮਿਡਲ ਸਕੂਲਾਂ ਨੂੰ ਵੀ ਬੰਦ ਕਰਨ ਦੀ ਤਿਆਰੀ?

AISF ਵੱਲੋਂ 800 ਸਕੂਲ ਬੰਦ ਕਰਨ ਵਿਰੁੱਧ ਰੋਸ ਮਾਰਚ ਅਤੇ ਧਰਨਾ 
ਲੁਧਿਆਣਾ 24 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
800 ਸਕੂਲਾਂ ਨੂੰ ਬੰਦ ਕੀਤੇ ਜਾਣ ਦਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ  ਨੇ ਗੰਭੀਰ ਨੋਟਿਸ ਲਿਆ ਹੈ।  ਇਸ ਸਬੰਧੀ ਏ ਆਈ ਐਸ ਐਫ  ਦੀ ਲੁਧਿਆਣਾ ਇਕਾਈ ਵੱਲੋਂ ਇੱਕ ਵਿਸ਼ੇਸ਼ ਰੋਸ ਵਿਖਾਵਾ  ਕੀਤਾ ਗਿਆ ਜਿਸ ਵਿੱਚ ਸਰਕਾਰ ਦੇ ਇਸ ਲੋਕ ਵਿਰੋਧੀ ਐਕਸ਼ਨ ਦੀ ਸਖਤ ਨਿਖੇਧੀ ਕੀਤੀ ਗਈ। ਖੱਬੇਪੱਖੀ ਵਿਦਿਆਰਥੀ ਜੱਥੇਬੰਦੀ ਨੇ ਸਰਕਾਰ ਦੀਆਂ ਅੰਦਰਲੀਆਂ ਯੋਜਨਾਵਾਂ ਬਾਰੇ ਮਿਲ ਰਹੀਆਂ ਸੂਹਾਂ ਦੇ ਅਧਾਰ ਤੇ ਇਹ ਇੰਕਸ਼ਾਫ ਵੀ ਕੀਤਾ ਇਹਨਾਂ 800 ਸਕੂਲਾਂ ਨੂੰ ਬੰਦ ਕਰਨ ਮਗਰੋਂ  ਹੋਰ 900 ਮਿਡਲ ਸਕੂਲਾਂ ਨੂੰ ਵੀ ਬੰਦ ਕੀਤਾ ਜਾਣਾ ਹੈ।
ਜ਼ਿਕਰਯੋਗ ਹੈ ਕਿ ਸ਼ਰਾਬ ਦੇ ਠੇਕੇ ਵੱਧ ਤੋਂ ਵੱਧ ਖੋਹਲਣ ਅਤੇ  ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਆਮ ਲੋਕਾਂ ਨੂੰ ਸਿੱਖਿਆ ਤੋਂ ਵਾਂਝਿਆਂ ਕਰਨ ਵਾਲੀ ਇਸ ਸ਼ਰਮਨਾਕ ਨੀਤੀ ਦੇ ਖਿਲਾਫ ਏ ਆਈ ਐਸ ਐਫ ਵੱਲੋਂ ਅੱਜ ਮੰਗਲਵਾਰ 24 ਅਕਤੂਬਰ  2017 ਨੂੰ ਜ਼ੋਰਦਾਰ  ਰੋਸ ਵਿਖਾਵਾ ਕੀਤਾ ਗਿਆ।  ਸਰਕਾਰ ਦਾ ਇਹ ਕਦਮ ਆਮ ਸਾਧਾਰਨ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਨੂੰ ਬੁਰੀ ਤਰ੍ਹਾਂ ਪ੍ਰਭਵਿਤ ਕਰੇਗਾ। ਫੈਡਰੇਸ਼ਨ ਦੇ ਬੁਲਾਰਿਆਂ ਨੇ ਦੱਸਿਆ ਕਿ ਸਿਧਾਂਤ ਅਤੇ ਅਸੂਲ ਦੇ ਅਨੁਸਾਰ ਇਹ ਸਕੂਲ ਬੱਚਿਆਂ ਦੇ ਘਰ ਤੋਂ ਇੱਕ ਕਿਲੋਮੀਟਰ ਦੇ ਅੰਦਰ ਅੰਦਰ ਹੋਣੇ ਚਾਹੀਦੇ ਹਨ।  ਸਰਕਾਰ ਦੀਆਂ ਨੀਤੀਆਂ ਅਤੇ ਕਦਮਾਂ ਮੁਤਾਬਿਕ ਇਹ ਸਕੂਲ ਬਹੁਤ ਦੂਰ ਹੋ ਜਾਣਗੇ ਜਿਹਨਾਂ ਵਿੱਚ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਦੂਰ ਦੁਰਾਡੇ ਭੇਜਣ ਦੀ ਆਵਾਜਾਈ ਦਾ ਖਰਚਾ ਨਹੀਂ ਉਠਾ ਸਕੇਗਾ। ਇਸ ਕਦਮ ਨਾਲ ਸਭ ਤੋਂ ਵੱਧ ਭੈੜਾ ਅਸਰ ਲੜਕੀਆਂ ਦੀ ਸਿੱਖਿਆ ਉੱਤੇ ਪਏਗਾ। ਅੱਜ ਕੱਲ੍ਹ ਦੇ ਨਾਜ਼ੁਕ ਹਾਲਾਤਾਂ ਵਿੱਚ ਕੋਈ ਵੀ ਪਰਿਵਾਰ ਆਪਣੀਆਂ ਲੜਕੀਆਂ ਨੂੰ ਦੂਰ ਦੁਰਾਡੇ ਪੜ੍ਹਨ ਲਈ ਨਹੀਂ ਭੇਜੇਗਾ। ਇਸਦੇ ਨਾਲ ਹੀ ਬਹੁਤ ਸਾਰੇ ਅਧਿਆਪਕ ਵੀ ਬੇਰੋਜ਼ਗਾਰ ਹੋ ਜਾਣਗੇ।
ਜੇ ਸਰਕਾਰੀ ਸਕੂਲਾਂ ਵਿੱਚ ਬੱਚੇ ਘੱਟ ਹਨ ਤਾਂ ਸਰਕਾਰ ਨੂੰ ਇਸਦਾ ਕਾਰਨ ਲੱਭਣਾ ਚਾਹੀਦਾ ਹੈ। ਸਕੂਲਾਂ ਵਿੱਚ ਬੱਚਿਆਂ ਦੀ ਕਮੀ ਦਾ ਅਸਲੀ ਕਾਰਨ ਨਿਜੀ ਸਕੂਲਾਂ ਦੇ ਮੁਕਾਬਲੇ ਲੁੜੀਂਦੇ ਢਾਂਚੇ ਦਾ ਨਾ ਹੋਣਾ ਹੈ। ਦੇਖਿਆ ਗਿਆ ਹੈ ਕਿ ਜਿਹਨਾਂ ਸਰਕਾਰੀ ਸਕੂਲਾਂ ਵਿੱਚ ਇਹ ਢਾਂਚਾ ਚੰਗਾ ਹੈ ਉਹਨਾਂ ਵਿੱਚ ਬੱਚਿਆਂ ਦੀ ਗਿਣਤੀ ਵੀ ਬਹੁਤ ਵੱਡੀ ਹੈ। ਇਸ ਰੋਸ ਮੁਜ਼ਾਹਰਾ ਸਮੇਂ ਆਮ ਲੋਕਾਂ ਨੇ ਵੀ ਇਸ ਵਿੱਚ ਦਿਲਚਸਪੀ ਲਈ ਅਤੇ ਆਪਣੀ ਸ਼ਮੂਲੀਅਤ ਦਰਜ ਕਰਾਈ।   
ਸੰਬੋਧਨ ਕਰਨ ਵਾਲਿਆਂ ਵਿੱਚ ਦੀਪਕ ਕੁਮਾਰ, ਸੁਲਤਾਨਾ, ਰਾਜੀਵ, ਸੂਰਜ, ਚਰਨ ਦਾਸ, ਮਨਪ੍ਰੀਤ ਕੌਰ, ਕਾਰਤਿਕਾ, ਮਲਕੀਤ ਸਿੰਘ, ਨੇਹਾ ਯਾਦਵ, ਰੀਟਾ, ਕਾਜਲ, ਮਲਿਕਾ, ਸਪਨਾ, ਮਨਦੀਪ, ਵਿਸ਼ਾਲ, ਪੁਨੀਤਾ, ਰਿਆ, ਸੌਰਵ, ਕੈਲਾਸ਼ ਯਾਦਵ, ਆਇਸ਼ਾ ਅਤੇ ਕਈ ਹੋਰਾਂ ਦੇ ਨਾਮ ਸ਼ਾਮਲ ਹਨ। 

1 comment:

Amandeep kaur said...

ki jo teachers ne ehna school ch ohna nu v merge hoye school ch job milegi ja nai????