Thursday, October 19, 2017

ਸੰਨ 1934 ਵਿਚ ਵੀ ਕੀਤਾ ਗਿਆ ਸੀ ਸਾਰੇ ਸਿੱਖਾਂ ਨੂੰ ਇਕੱਠੇ ਕਰਨ ਦਾ ਜਤਨ

Wed, Oct 18, 2017 at 10:18 PM
ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਵਲੋਂ ਸਿੱਖ ਪੰਥ ਨੂੰ ਪ੍ਰਫੁਲਿਤ ਕਰਨ ਦੇ ਮਹਾਨ ਜਤਨ 
ਵਰਤਮਾਨ ਸਮੇਂ ਵਿੱਚ ਨਾਮਧਾਰੀ ਸੰਪਰਦਾ ਦੀ ਮੁੱਖ ਰੂਪ ਵਿੱਚ ਅਗਵਾਈ ਕਰਨ ਵਾਲੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਅਲੌਕਿਕ ਸ਼ਖਸ਼ੀਅਤ ਦੇ ਮਾਲਕ ਹਨ। ਆਪ ਜੀ ਦੀ ਸੁੰਦਰ ਸਲੋਨੀ ਛਵੀ, ਲੰਬੀ-ਉੱਚੀ, ਚੁਸਤ-ਦਰੁਸਤ ਕਾਇਆ ,ਨਿਰਾਲੀ ਚਾਲ ਸਹਿਜੇ ਹੀ ਸਭ ਦਾ ਮਨ ਮੋਹ ਲੈਂਦੀ ਹੈ। ਆਪ ਜੀ ਗੁਰਬਾਣੀ ਆਸ਼ੇ ਅਨੁਸਾਰ ਚੱਲਣ ਵਾਲੇ , ਸੱਤਵਾਦੀ , ਤੱਪ-ਤਿਆਗ , ਸੇਵਾ ਦੀ ਮੂਰਤ , ਸਾਂਝੀਵਾਲਤਾ ਅਤੇ ਏਕਤਾ ਦੇ ਬਾਨੀ , ਵਰਤਮਾਨ ਸਮੇਂ ਵਿੱਚ ਮਹਾਨ ਸਮਾਜ ਸੁਧਾਰਕ ਦੇ ਰੂਪ ਵਿੱਚ ਵਿਚਰ ਰਹੇ ਹਨ।  
ਆਪ ਜੀ ਦਾ ਜਨਮ 6 ਅਗਸਤ 1953 ਈ. ਨੂੰ ਮਹਾਰਾਜ ਬੀਰ ਸਿੰਘ ਜੀ ਅਤੇ ਬੇਬੇ ਦਲੀਪ ਕੌਰ ਜੀ ਦੇ ਗ੍ਰਿਹ ਵਿਖੇ ਹੋਇਆ। ਆਪ ਜੀ ਮਹਾਰਾਜ ਬੀਰ ਸਿੰਘ ਜੀ ਦੇ ਵੱਡੇ ਸਪੁੱਤਰ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੱਡੇ ਭਤੀਜੇ ਹਨ । ਮਹਾਰਾਜ ਬੀਰ ਸਿੰਘ ਜੀ ਨੇ ਛੋਟੀ ਉਮਰ ਵਿਚ ਹੀ ਆਪ ਜੀ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਸੌਂਪ ਦਿੱਤਾ ਸੀ। ਆਪਣੇ ਦਾਦਾ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਗੁਰੂ ਪਿਤਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਵਿਚ ਸਹਿਜੇ ਹੀ ਆਪ ਜੀ ਨੇ ਸੰਪੂਰਨ ਗੁਰਬਾਣੀ ਦੇ ਨਾਲ- ਨਾਲ , ਭਾਰਤੀਆ ਦਰਸ਼ਨ ਸ਼ਾਸ਼ਤਰ , ਸ਼ਾਸ਼ਤਰੀ ਸੰਗੀਤ ,ਫੋਟੋਗ੍ਰਾਫੀ ਦੀਆਂ ਬਾਰੀਕੀਆਂ ਅਤੇ ਹੋਰ ਵਿੱਦਿਆ ਵੀ ਸਿੱਖ ਲਈਆਂ। ਸਮਕਾਲੀਨ ਵਿਦਵਾਨਾਂ ਅਤੇ ਆਪ ਜੀ ਦੇ ਸਹਿਪਾਠੀਆਂ ਤੋਂ ਪਤਾ ਲਗਦਾ ਹੈ ਕਿ ਆਪ ਜੀ ਬਚਪਨ ਤੋਂ ਹੀ ਵਿਲੱਖਣ ਪ੍ਰਤੀਭਾ ਅਤੇ ਗੁਣਾਂ ਦੇ ਧਨੀ ਰਹੇ ਹਨ ।ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਸ਼ੀਰਵਾਦ ਅਤੇ ਆਗਿਆ ਅਨੁਸਾਰ ਵਰਤਮਾਨ ਸਮੇਂ ਆਪ ਜੀ ਨਾਮਧਾਰੀ ਪੰਥ ਦੀ ਜਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਰਹੇ ਹਨ।ਆਪ ਜੀ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਸਾਰੇ ਸੰਸਾਰ ਵਿਚ ਪਹੁੰਚਾਉਣ ਦੀ ਮਹਾਨ ਸੋਚ ਰੱਖਦੇ ਹਨ।ਆਪ ਗੁਰਬਾਣੀ ਅਨੁਸਾਰ ਚਲਦੇ ਹੋਏ ,ਸਾਰੀ ਸੰਗਤ ਨੂੰ ਵੀ ਗੁਰਬਾਣੀ ਅਨੁਸਾਰ ਜੀਵਨ ਜਿਉਣ ਲਈ ਸੰਦੇਸ਼ ਦੇ ਰਹੇ ਹਨ। 
                                                     ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸਮੇਂ ਅਤੇ ਪਰਿਸਥਿਤੀਆਂ ਨੂੰ ਮੁੱਖ ਰਖਦੇ ਹੋਏ ,ਸਮੁਚੇ ਸਿੱਖ ਪੰਥ ਨੂੰ ਆਪਣੀ ਸੰਕੀਰਣ ਸੋਚ ਬਦਲ ਕੇ ਗੁਰਬਾਣੀ ਅਨੁਸਾਰ ਆਪਣੀ ਸੋਚ ਵਿਚ ਵਿਸ਼ਾਲਤਾ ਲਿਆ ਕੇ ,ਇਕਜੁੱਟ ਹੋ ਕੇ ਆਪਣੇ ਪੰਥ ਨੂੰ ਪ੍ਰਫੁਲਿਤ ਕਰਨ ਲਈ ਪ੍ਰੇਰਣਾ ਦੇ ਰਹੇ ਹਨ।ਆਪਸੀ ਇਕਜੁੱਟਤਾ ਅਤੇ ਸਾਂਝੀਵਾਲਤਾ ਨੂੰ ਕਾਇਮ ਕਰਨ ਲਈ ਆਪ ਜੀ ਸਿੱਖਾਂ ਨੂੰ ਗੁਰਬਾਣੀ ਦੇ ਮਹਾਵਾਕਾਂ ਜਿਵੇਂ ,"ਹੋਇ ਇਕਤ੍ਰ ਮਿਲਹੁ ਮੇਰੇ ਭਾਈ ", "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ", ਆਦਿ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਲਈ ਬੇਨਤੀ ਵੀ ਕਰ ਰਹੇ ਹਨ। ਇਸ ਸ਼ੁਭ ਕੰਮ ਨੂੰ ਨੇਪਰੇ ਚਾੜਣ ਲਈ ,ਜਿੱਥੇ ਆਪ ਜੀ ਹੱਥ ਜੋੜ ਕੇ ਨਿਰਮਾਣਤਾ ਨਾਲ ਸਾਰਿਆਂ ਅੱਗੇ ਬੇਨਤੀਆਂ ਕਰ ਰਹੇ ਹਨ ,ਓਥੇ ਹੀ ਇਸ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ।
                                               ਆਪ ਜੀ ਨੇ 21 ਅਪ੍ਰੈਲ 2014 ਈ.ਨੂੰ ਦਿੱਲੀ ਵਿਖੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਕਾਰਵਾਈ,ਜਿਸ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਇਕੱਠਿਆਂ ਕਰ ਪੰਥਕ ਏਕਤਾ ਦੀਆਂ ਮਹਾਨ ਵਿਚਾਰਾਂ ਹੋਈਆਂ। ਆਪ ਜੀ ਦੀ ਪ੍ਰੇਰਣਾ ਨਾਲ ਨਾਮਧਾਰੀ ਸੰਗਤ ਨੇ ਪੰਥਕ ਏਕਤਾ ਸਮਾਗਮ ਕਰਵਾਏ,ਆਪਸੀ ਭਾਈਚਾਰੇ ਨਾਲ ਏਕਤਾ ਕਰਨ ਲਈ ਸ਼ਾਂਤਮਈ ਭੁੱਖ ਹੜਤਾਲਾਂ ਕੀਤੀਆਂ ,ਆਪ ਜੀ ਨੇ ਸਮੁੰਦਰੀ ਇਲਾਕਿਆਂ ਵਿਚ ਜਾ ਕੇ ਇਕਾਂਤਵਾਸ ਕਰ ਤੱਪ ਸਾਧਨਾ ਵੀ ਕੀਤੀ।ਆਪਸੀ ਵਿਰੋਧਤਾ ਛੱਡ ਕੇ ਸਭ  ਨੂੰ ਇਕੱਠਿਆਂ ਕਰਨ ਲਈ ਆਪ ਜੀ ਨੇ ਆਪਣੇ ਮਹਾਨ ਲੇਖਾਂ ਅਤੇ ਬਚਨਾਂ ਰਾਹੀਂ ਵੀ ਸਭ ਤੱਕ ਆਪਣਾ ਸੰਦੇਸ਼ ਪਹੁੰਚਾਇਆ ਹੈ।  ਇਸ ਤੋਂ ਇਲਾਵਾ ਆਪ ਜੀ ਆਪਣੀ ਦੁਨਿਆਵੀ ਸੰਪਤੀ ,ਮਾਇਆ ਮੋਹ ਸਭ ਕੁਝ ਤਿਆਗ ਕੇਵਲ ਮਾਨਵ ਕਲਿਆਣ ਲਈ ਹੀ ਨਿਰੰਤਰ ਜਤਨਸ਼ੀਲ ਹਨ।
                                               ਆਪਣੀ ਇਸ ਵਿਆਪਕ ਸੋਚ ਨੂੰ ਅੱਗੇ ਵਧਾਉਂਦੇ ਹੋਏ , ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਨਾਮਧਾਰੀਆਂ ਵਿਚੋਂ ਲੁਪਤ ਹੋਈਆਂ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕਰ ਰਹੇ ਹਨ। ਜਿਸ ਅਨੁਸਾਰ ਨਾਮਧਾਰੀਆਂ ਨੂੰ ਵੀ ਛੋਟੀ ਕਿਰਪਾਨ ਦੀ ਜਗਾਂ ਵੱਡੀ ਕਿਰਪਾਨ ਵੀ ਧਾਰਨ ਕਰਨ ਦੀ ਆਗਿਆ ,ਆਪਸ ਵਿੱਚ ਇਕ ਦੂਜੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਸੀ ਗਈ  ਭਾਈਚਾਰਕ ਫਤਿਹ "ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ " ਬੁਲਾਉਣ ਦੀ ਆਗਿਆ ਦਿੱਤੀ ਅਤੇ ਆਦਿ ਸ੍ਰੀ ਗ੍ਰੰਥ ਸਾਹਿਬ ਨੂੰ ਹੋਰ ਸਨਮਾਨ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿਣ ਦੀ ਪਰੰਪਰਾ ਨਾਮਧਾਰੀਆਂ ਵਿੱਚ ਵੀ ਸ਼ੁਰੂ ਕੀਤੀ। ਇਸ ਦੇ ਨਾਲ ਹੀ ਨਾਮਧਾਰੀ ਪ੍ਰਮੁੱਖ ਸਥਾਨ ਸ੍ਰੀ ਜੀਵਨ ਨਗਰ ਵਿਖੇ 18 ਅਕਤੂਬਰ 2015 ਨੂੰ 111 ਫੁੱਟ ਦਾ ਕੇਸਰੀ ਨਿਸ਼ਾਨ ਸਾਹਿਬ ਵੀ ਪਹਿਲੀ ਵਾਰ ਝੁਲਾਇਆ ਗਿਆ ।ਇਸ ਮੌਕੇ ਆਪ ਜੀ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ " ਨਾਮਧਾਰੀ ਸੰਗਤ ਵਿਚ ਕੇਸਰੀ ਨਿਸ਼ਾਨ ਸਾਹਿਬ ਦੀ  ਮਨਾਹੀ ਨਹੀਂ ਕੀਤੀ ਗਈ। ਅਸੀਂ ਨਾਮਧਾਰੀ ਸੰਗਤ ਆਪਣੇ ਵਿਸ਼ਵਾਸ ਨੂੰ ਅਟੱਲ ਰੱਖਦਿਆਂ ਹੋਇਆਂ ,ਸਾਰੇ ਸਿੱਖ ਪੰਥ ਨੂੰ ਇਕੱਠਿਆਂ ਕਰਨ ਲਈ ਨਾਮਧਾਰੀ ਪੰਥ ਵਿਚ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਹੈ। ਆਪ ਜੀ ਆਪਣੇ ਵਚਨਾਂ ਨੂੰ ਹੋਰ ਸਪੱਸਟ ਕਰਦੇ ਹੋਏ ਦੱਸਦੇ ਹਨ ਕਿ ਅਸੀਂ ਨਾਮਧਾਰੀ ਪੂਰਨ ਤੌਰ ਤੇ ਖਾਲਸਾਈ ਰਾਜ ਦੇ ਮੋਢੀ ਅਤੇ ਹਮੈਤੀ ਹਾਂ । ਨਾਮਧਾਰੀ ਸੰਗਤ ਬਿਨਾਂ ਕਿਸੇ ਨੂੰ ਕਸਟ ਦਿੱਤੇ ,ਲੋਕਾਂ ਦਾ ਮਨ ਜਿੱਤਕੇ ,ਉਹਨਾਂ ਦੇ ਮਨਾਂ ਉੱਤੇ ਖਾਲਸਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ।" 
                                           ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਇਸ ਗੱਲ ਨੂੰ ਵੀ ਬਹੁਤ ਸਪੱਸਟ ਕਰਨਾ ਚਾਹੁੰਦੇ ਹਨ ਕਿ "ਅਸੀਂ ਭਾਰਤੀ ਹਾਂ ਅਤੇ ਭਾਰਤ ਸਾਡਾ ਹੈ। ਜਿਸ ਭਾਰਤ ਦੇਸ਼ ਲਈ ਸਾਡੇ ਵੱਡਿਆਂ ਨੇ ਸਭ ਤੋਂ ਵੱਧ ਬਲੀਦਾਨ ਦਿੱਤੇ। ਉਸ ਸਮੁੱਚੇ ਭਾਰਤ ਦੇਸ਼ ਵਿੱਚ ਖਾਲਸਾ ਰਾਜ ਸਥਾਪਿਤ ਹੋਣਾ ਚਾਹੀਦਾ ਹੈ । ਇਸ ਕਰਕੇ ਅਸੀਂ ਸਾਰੇ ਭਾਰਤਵਾਸੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣਾਉਣਾ ਹੈ।" 
ਆਪ ਜੀ ਦਵਾਰਾ ਨਿਸ਼ਾਨ ਸਾਹਿਬ ਝੁਲਾਉਣ ਸਮੇਂ, ਕੋਲ ਸਤਿਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਤਸਵੀਰ ਲਾਈ ਗਈ ਸੀ, ਜਿਸ ਵਿੱਚ ਵੱਖ-ਵੱਖ ਸਿੱਖ ਸੰਪਰਦਾਵਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਵਖਾਇਆ ਗਿਆ। ਆਪ ਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੂੰ ਮਨਣ ਵਾਲਾ (ਸ਼ਰਧਾ ਰੱਖਣ ਵਾਲਾ)ਹਰ ਪ੍ਰਾਣੀ ਸਿੱਖ ਹੈ ਅਤੇ ਇਹ ਪੰਥ ਇਕੱਠਾ ਕਰਨ ਵਾਲੀ ਸੋਚ  ਨਾਮਧਾਰੀਆਂ ਕੋਲ ਹੀ ਹੈ। ਜਿਕਰਯੋਗ ਹੈ ਕਿ ਸੰਨ 1934 ਵਿਚ ਆਪ ਜੀ ਦੇ ਦਾਦਾ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੀ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਕਰਕੇ ਸਾਰੇ ਸਿੱਖਾਂ ਨੂੰ ਇਕੱਠੇ ਕਰਨ ਦਾ ਜਤਨ ਕੀਤਾ ਸੀ। 
ਆਪ ਜੀ ਆਪਣੇ ਵੱਡੇ ਗੁਰੂ ਸਾਹਿਬਾਨਾਂ ਦੇ ਦਿਸ਼ਾ ਨਿਰਦੇਸ਼ ਤੇ ਚਲਦੇ ਹੋਏ , ਗੁਰਬਾਣੀ ਤੇ ਆਪਣੇ ਵਿਸ਼ਵਾਸ ਨੂੰ ਅਟੱਲ ਰੱਖਦੇ ਹੋਏ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਹੋਰ ਉਪਰਾਲਿਆਂ ਦੇ ਨਾਲ-ਨਾਲ, ਨਾਮਧਾਰੀ ਪੰਥ ਵਿਚ ਖਾਲਸਾਈ ਪਰੰਪਰਾਵਾਂ ਨੂੰ ਮੁੜ ਪ੍ਰਚਲਿਤ ਕਰਕੇ ਸਿੱਖ ਪੰਥ ਨੂੰ ਇਕੱਠਾ ਕਰਨ ਲਈ ਵਚਨਬੱਧ ਹਨ।ਇਸ ਲਈ ਆਪ ਜੀ ਨੇ ਇਕ ਨਵਾਂ ਨਾਰ੍ਹਾ ਦਿੱਤਾ ਹੈ:"ਸਿੱਖ ਵੀਰੋ ! ਜੁੜੋਗੇ ਤਾਂ ਵਧੋਗੇ ,ਲੜੋਗੇ ਤਾਂ ਘਟੋਗੇ।"
                      ਆਪ ਜੀ ਦੀ ਇਸ ਮਹਾਨ ਸੋਚ ਨੂੰ ਕੋਟੀ-ਕੋਟੀ ਪ੍ਰਣਾਮ! ਆਓ ਸਾਰੇ ਰੱਲ ਕੇ ਉਹਨਾਂ ਦੇ ਇਸ ਮਹਾਨ ਸੰਕਲਪ ਨੂੰ ਪੂਰਾ ਕਰਨ ਲਈ ਇਕਜੁੱਟ ਹੋਈਏ ਅਤੇ ਆਪਣੇ ਪੰਥ ਅਤੇ ਦੇਸ਼ ਦਾ ਮਾਣ ਵਧਾਈਏ। 
ਪ੍ਰਿੰਸੀਪਲ ਰਾਜਪਾਲ ਕੌਰ - 9023150008

No comments: