Saturday, September 30, 2017

ਠਾਕੁਰ ਦਲੀਪ ਸਿੰਘ ਵੱਲੋਂ ਪਾਉਂਟਾ ਸਾਹਿਬ ਵਿਖੇ ਕਵੀ ਦਰਬਾਰ

Fri, Sep 29, 2017 at 3:04 PM
ਦਿੱਲੀ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਸੰਗਤ ਵੀ ਪੁੱਜੇਗੀ 
ਲੁਧਿਆਣਾ: 29 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਵੀ ਰੂਪ ਬਿਲਕੁਲ  ਹੀ ਵਿਲੱਖਣ ਹੈ। ਉਹਨਾਂ ਜਿੱਥੇ ਖੁਦ ਉੱਚ ਕੋਟਿ ਦਾ ਕਾਵਿ ਰਚਿਆ ਉੱਥੇ ਉਹਨਾਂ ਕਵਿਤਾ ਰਚਣ ਵਾਲੇ ਸ਼ਾਇਰਾਂ ਦੀ ਕਦਰ ਕਰਨੀ ਵੀ ਸਿਖਾਈ। ਇਤਿਹਾਸਿਕ ਅਸਥਾਨ ਪਾਉਂਟਾ ਸਾਹਿਬ ਦਾ ਰਮਣੀਕ ਵਾਤਾਵਰਣ ਅੱਜ ਵੀ ਇਸਦਾ ਅਹਿਸਾਸ ਕਰਾਉਂਦਾ ਹੈ। ਉੱਥੇ ਚਲਦੀ ਹਵਾ ਦੀ ਸਰਸਰਾਹਟ ਵਿੱਚ ਮਹਿਸੂਸ ਹੁੰਦਾ ਹੈ ਕਿ ਕਿੰਨੀ ਸੰਤੁਲਿਤ ਸ਼ਖ਼ਸੀਅਤ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹਨਾਂ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦੇਂਦਿਆਂ ਅਤੇ ਹੱਕ ਇਨਸਾਫ ਦੀਆਂ ਜੰਗਾਂ ਲੜਦਿਆਂ ਕਵਿਤਾ ਵਰਗੀ ਸੂਖਮ ਕਲਾ ਉੱਤੇ ਵੀ ਕਮਾਂਡ ਕਰਨੀ ਸਿਖਾਈ। ਪਾਉਂਟਾ ਸਾਹਿਬ ਦੇ ਉੱਚੇ ਉੱਚੇ ਪਹਾੜਾਂ ਵਿੱਚ ਵਿਚਰਦਿਆਂ ਅਤੇ ਯਮੁਨਾ ਜੀ ਦੀ ਤੇਜ਼ ਰਫ਼ਤਾਰੀ ਵਾਲੇ ਪਾਣੀ ਦੇ ਨੇੜੇ ਜਦੋਂ ਕਵਿਤਾ ਦਾ ਜਾਦੂ ਜਗਾਇਆ ਜਾਂਦਾ ਹੈ ਤਾਂ ਸਾਰਾ ਮਾਹੌਲ ਹੀ ਅਲੌਕਿਕ ਹੋ ਜਾਂਦਾ ਹੈ। ਇਸ ਪਾਵਨ ਅਸਥਾਨ ਦੇ ਦਰਸ਼ਨਾਂ ਦਾ ਉਪਰਾਲਾ ਆਮ ਸੰਗਤ ਨੂੰ ਕਰਵਾ ਰਹੇ ਹਨ ਇਸ ਵੇਲੇ ਬਹੁਤ ਸਾਰੇ ਲੋਕਾਂ ਦਾ ਨਿਸ਼ਾਨਾ ਬਣੇ ਠਾਕੁਰ ਦਲੀਪ ਸਿੰਘ ਜੋ ਕਿ ਖੁਦਕਵੀ ਹਿਰਦਾ ਹਨ ਦੇ ਨਾਲ ਨਾਲ ਬਹੁਤ ਹੀ ਨਿਪੁੰਨ ਫੋਟੋਗ੍ਰਾਫਰ ਵੀ ਹਨ। ਉਹਨਾਂ ਦੀ ਕਿਰਪਾ ਸਦਕਾ ਬਹੁਤ ਸਾਰੇ ਫੋਟੋਗ੍ਰਾਫਰਾਂ ਨੇ ਇਸ ਕੰਮ ਵਿੱਚ ਮੁਹਾਰਤ ਹਾਸਿਲ ਕੀਤੀ ਹੈ। 
ਹੁਣ ਜਦੋਂ ਕਿ ਉਹਨਾਂ ਉੱਪਰ ਸਿੱਖ ਅਤੇ ਸਿੱਖੀ ਵਿਰੋਧੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ ਉਦੋਂ ਉਹਨਾਂ ਵੱਲੋਂ ਸਿੱਖੀ ਦੇ ਇਸ ਮਹਾਨ ਕੇਂਦਰ ਦੇ ਦਰਸ਼ਨ ਕਰਵਾਏ ਜਾਣ ਦੇ ਹੁਕਮ ਨੇ ਇਹਨਾਂ ਸਾਰੇ ਦੋਸ਼ਾਂ ਦਾ ਜੁਆਬ ਖੁਦ-ਬ-ਖੁਦ ਹੀ ਦੇ ਦਿੱਤਾ ਹੈ। ਜੇ ਅੱਜ ਕਲਿਯੁਗੀ ਅੱਗ ਨਾਲ ਝੁਲਸ ਰਹੇ ਸਮਾਜ ਦਾ ਬਹੁਤ ਸਾਰਾ ਤਬਕਾ ਸਾਹਿਬ ਸਿਰੀ ਗੁਰੂ ਗੋਬਿੰਦ ਸਿੰਘ ਜੀ ਜੀ ਦੀ ਕਵਿਤਾ ਦੀ ਜੁਗਤ ਨੂੰ ਸਮਝਣ ਅਤੇ ਮਹਿਸੂਸ ਕਰਨ ਵਾਲੇ ਪਾਸੇ ਤੁਰ ਸਕੇ ਤਾਂ ਹਰ ਹਿਰਦੇ ਵਿੱਚ ਸ਼ਾਂਤੀ ਅਤੇ ਪ੍ਰੇਮ ਦਾ ਅਹਿਸਾਸ ਜਾਗ ਸਕਦਾ ਹੈ। ਇਨਸਾਨੀਅਤ ਤੋਂ ਦੂਰ ਹੋ ਰਹੇ ਇਨਸਾਨ ਨੂੰ ਅੱਜ ਇਸਦੀ ਲੋੜ ਸਭ ਤੋਂ ਜ਼ਿਆਦਾ ਹੈ। ਚੁੱਪਚਾਪ ਸਮਾਜ ਦੇ ਸੰਤਾਪ ਅਤੇ ਹੋਰ ਦੁੱਖਾਂ ਨੂੰ ਦੂਰ ਕਰਨ ਵਿੱਚ ਰੁੱਝੇ ਹੋਏ ਠਾਕੁਰ ਦਲੀਪ ਸਿੰਘ ਦਾ ਇਹ ਕਦਮ ਬਹੁਤ ਵੱਡਾ ਮਨੋਵਿਗਿਆਨਕ ਪ੍ਰਭਾਵ ਪੂਰੇ ਸਮਾਜ ਤੇ ਪਵੇਗਾ। ਜੇ ਅੱਜ ਦੇ ਇਨਸਾਨ ਅੰਦਰ ਕਵਿਤਾ ਜਾਗ ਸਕੇ ਤਾਂ ਸ਼ਾਇਦ ਉਸਦੇ ਹੱਥੋਂ ਦੂਜਿਆਂ ਦੇ ਗਲੇ ਵੱਢਣ ਲਈ ਚੁੱਕੀਆਂ ਕਿਰਪਾਨਾਂ ਖੁਦ-ਬ-ਖੁਦ ਛੁੱਟ ਜਾਣ ਅਤੇ ਗਊ ਗਰੀਬ ਦੀ ਰੱਖਿਆ ਕਰਨ ਵਾਲੀ ਉਹ ਅਸਲੀ ਸ੍ਰੀ ਸਾਹਿਬ  ਇਸਦੀ ਥਾਂ ਲੈ ਸਕੇ ਜਿਸਦੀ ਬਖਸ਼ਿਸ਼ ਸਾਹਿਬ ਸਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ ਸੀ। ਸ਼ਾਇਦ ਇਸ ਨਾਲ ਫਿਰ ਸੰਤ ਸਿਪਾਹੀ ਦੀ ਭਾਵਨਾ ਬਲਵਾਨ ਹੋ ਸਕੇ।  ਇਸ ਪਰ ਟੂਰ ਦੀ ਸਾਰੀ ਜਾਣਕਾਰੀ ਠਾਕੁਰ ਜੀ ਦੇ ਬਹੁਤ ਹੀ ਨੇੜਲੇ ਸ਼ਰਧਾਲੂ ਨਾਮਧਾਰੀ ਨਵਤੇਜ ਸਿੰਘ ਹੁਰਾਂ ਨੇ ਮੀਡੀਆ ਨੂੰ ਦਿੱਤੀ। ਨਵਤੇਜ ਸਿੰਘ ਹੁਰਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ  ਚੜ੍ਹ ਕੇ ਇਸ ਕਵੀ ਦਰਬਾਰ ਵਿੱਚ ਪਹੁੰਚਣ ਅਤੇ ਸਾਹਿਬ ਸਿਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿਛ ਸ਼ਾਮਲ ਹੋਣ। 
ਜ਼ਿਕਰਯੋਗ ਹੈ ਕਿ ਨਾਮਧਾਰੀ ਨਵਤੇਜ ਸਿੰਘ ਜੀ ਸੰਤ ਦਲੀਪ ਸਿੰਘ ਹੁਰਾਂ ਦੇ ਸਪੁੱਤਰ ਹਨ ਅਤੇ ਅੱਜ ਦੇ ਰੁੱਝੇ ਹੋਏ ਇਨਸਾਨ ਨੂੰ ਕਾਰੋਬਾਰ ਛੱਡੇ ਬਿਨਾ ਧਰਮ ਕਰਮ ਵਾਲੇ ਪਾਸੇ ਲਾਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਉਹਨਾਂ ਦੀ ਸੁਹਿਰਦਤਾ ਦਾ ਫਾਇਦਾ ਕਈ ਵਾਰ ਮਾੜੇ ਲੋਕ ਵੀ ਉਠਾ ਜਾਂਦੇ ਹਨ। ਇੱਕ ਵਾਰ ਉਹਨਾਂ ਇੱਕ ਗੈਰ ਰਸਮੀ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਉਹਨਾਂ ਨੂੰ ਘਟੋਘੱਟ 50 ਲੱਖ ਰੁਪਏ ਦਾ ਘਾਟਾ ਗਲਤ ਲੋਕਾਂ ਉੱਤੇ ਵਿਸ਼ਵਾਸ ਕਰਨ ਕਰਕੇ ਪਿਆ। ਏਨੇ ਵੱਡੇ ਘਾਟੇ ਦੇ ਬਾਵਜੂਦ ਨਾ ਨਵਤੇਜ ਹੁਰਾਂ ਨੇ ਆਪਣਾ ਰਸਤਾ ਬਦਲਿਆ ਅਤੇ ਨਾ ਹੀ ਲੋਕਾਂ ਦੇ ਕੰਮ ਆਉਣ ਵਾਲੀ ਭਾਵਨਾ। ਉਹ ਇਸਦਾ ਸਾਰਾ ਸਿਹਰਾ ਠਾਕੁਰ ਦਲੀਪ ਸਿੰਘ ਹੁਰਾਂ ਨੂੰ ਦੇਂਦਿਆਂ ਆਖਦੇ ਹਨ ਕਿ ਇਹ ਸਭ ਉਹਨਾਂ ਦੀ ਕਿਰਪਾ ਹੈ। ਮੈਂ ਕੌਣ ਹਾਂ?
ਇਸ ਵਾਰ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਹੁਕਮਾਂ ਅਨੁਸਾਰ ਸਮੁੱਚੀ ਨਾਮਧਾਰੀ ਸੰਗਤ ਨੂੰ ਉਚੇਚੇ ਤੌਰ ਤੇ ਇਸ ਅਲੌਕਿਕ ਅਤੇ ਦੈਵੀ ਅਹਿਸਾਸ ਦਾ ਅਨੁਭਵ ਕਰਾਇਆ ਜਾਏਗਾ। ਇਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਦੋ ਅਕਤੂਬਰ 2017 ਨੂੰ ਪਾਉਂਟਾ ਸਾਹਿਬ ਵਿਖੇ ਕਰਾ ਇਆ ਜਾ ਰਿਹਾ ਹੈ। ਇਸ ਮਕਸਦ ਲਈ ਸੰਗਤਾਂ ਦੂਰੋਂ  ਦੂਰੋਂ ਆਉਣਗੀਆਂ। ਦਿੱਲੀ ਦੀ ਸੰਗਤ ਪੰਜਾਬੀ ਬਾਗ ਜਨਮ ਅਸ਼ਟਮੀ ਗਰਾਊਂਡ ਤੋਂ ਪਹਿਲੀ ਅਕਤੂਬਰ ਦਿਨ ਐਤਵਾਰ ਨੂੰ ਸਵੇਰੇ ਸਵੇਰੇ 5 ਵਜੇ ਮੋਟਰ ਸਾਈਕਲਾਂ ਉੱਤੇ ਚੱਲੇਗੀ ਅਤੇ ਇਹ ਵਿਸ਼ਾਲ ਜੱਥਾ ਆਪਣੇ ਰੂਟ ਮੁਤਾਬਿਕ ਸਮਾਲਖਾ,  ਕਰਨਾਲ  ਅਤੇ ਯਮੁਨਾ ਮਗਰ ਤੋਂ ਹੁੰਦਾ ਹੋਇਆ 247  ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਪਾਉਂਟਾ ਸਾਹਿਬ ਵਿਖੇ ਪਹੁੰਚੇਗਾ।  ਦਿੱਲੀ ਦੀ ਸੰਗਤ ਨੇ ਪੰਜਾਂ ਘੰਟਿਆਂ ਦੇ ਲੰਮੇ ਸੜਕੀ ਸਫ਼ਰ ਮਗਰੋਂ ਪਾਉਂਟਾ ਸਾਹਿਬ ਵਿਖੇ ਪਹੁੰਚਣਾ ਹੈ। 
ਇਸੇ ਤਰ੍ਹਾਂ ਸ੍ਰੀ ਜੀਵਨ ਨਗਰ ਤੋਂ ਆਉਣ ਵਾਲੀ ਸੰਗਤ ਸਿਰਸਾ, ਫਤਿਹਾਬਾਦ, ਕੈਥਲ, ਕੁਰੂਕਸ਼ੇਤਰ ਵਾਲੇ ਰਸਤਿਓਂ ਯਮੁਨਾਨਗਰ ਪੁੱਜਗੇ ਅਤੇ ਅੱਗੋਂ ਪਾਉਂਟਾ ਸਾਹਿਬ ਲਈ ਰਵਾਨਾ ਹੋਵੇਗੀ।  ਇਸ ਸੰਗਤ ਨੇ ਸਭ ਤੋਂ ਲੰਬਾ ਰਸਤਾ ਅਰਥਾਤ 345 ਕਿਲੋਮੀਟਰ ਲੰਮਾ ਸਫ਼ਰ ਤਹਿ ਕਰਕੇ ਪਾਉਂਟਾ ਸਾਹਿਬ ਪਹੁੰਚਣਾ ਹੈ। ਇਸ ਸੰਗਤ ਨੇ ਸਾਢੇ ਸੱਤਾਂ ਘੰਟਿਆਂ ਦੇ ਸਫ਼ਰ ਮਗਰੋਂ ਪਾਉਂਟਾ ਸਾਹਿਬ ਪਹੁੰਚਣਾ ਹੈ। 
ਹਿਮਾਚਲ ਦੀ ਸੰਗਤ ਨੇ ਮੰਡੀ ਤੋਂ ਹੁੰਦਿਆਂ ਹੋਇਆਂ ਸਵਾ ਸੱਤ ਘੰਟਿਆਂ ਦੇ ਲੰਮੇ ਸਫ਼ਰ ਮਗਰੋਂ ਪਾਉਂਟਾ ਸਾਹਿਬ ਪੁੱਜਣਾ ਹੈ। 
ਇਸੇ ਤਰ੍ਹਾਂ ਲੁਧਿਆਣਾ ਦੀ ਸੰਗਤ ਨੇ ਸਰਹਿੰਦ ਅੰਬਾਲਾ ਅਤੇ ਯਮੁਨਾਨਗਰ ਤੋਂ ਹੁੰਦਿਆਂ ਹੋਇਆਂ ਪਾਉਂਟਾ ਸਾਹਿਬ ਵਿਖੇ ਪਹੁੰਚਣਾ ਹੈ। 
ਯਮੁਨਾਨਗਰ ਵਿਖੇ ਸਾਰੇ ਇਲਾਕਿਆਂ ਤੋਂ ਆਉਣ ਵਾਲੀ ਸੰਗਤ ਇਕੱਤਰ ਹੋ ਕੇ ਇੱਕ ਵਿਸ਼ਾਲ ਕਾਫ਼ਿਲਾ ਬਣਾਏਗੀ ਅਤੇ ਫਿਰ ਪਾਉਂਟਾ ਸਾਹਿਬ ਵਿਖੇ ਪਹੁੰਚਣਾ ਹੈ। 
ਪਾਉਂਟਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਵਿਸ਼ਾਲ ਸਮਾਗਮ ਹੋਣਗੇ ਜਿਹੜੇ ਸਵੇਰੇ 10 ਵਜੇ ਸ਼ੁਰੂ ਹੋ ਕੇ ਬਾਅਦ ਦੁਪਹਿਰ ਢਾਈ ਵਜੇ ਤਕ ਚੱਲਣਗੇ। 

No comments: