Thursday, September 21, 2017

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਇਸ ਵਾਰ ਵੱਖਰੇ ਢੰਗ ਨਾਲ

Thu, Sep 21, 2017 at 2:21 PM
ਲੋਕ ਦੋਖੀ ਨਿਜ਼ਾਮ ਦਾ ਪੁਤਲਾ ਫੂਕਕੇ ਮਨਾਇਆ ਜਾਵੇਗਾ
ਲੁਧਿਆਣਾ: 21 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਲਈ ਲੁਧਿਆਣਾ ਦੇ ਅਗਾਂਹ ਵਧੂ, ਬੁੱਧੀ-ਜੀਵੀਆਂ, ਲੇਖਕਾਂ ਅਤੇ ਸਮਾਜਿਕ ਕਾਰਕੁਨਾਂ ਦੀ ਮੀਟਿੰਗ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਡਾ. ਸਰਜੀਤ ਸਿੰਘ ਗਿੱਲ ਪੀਏਯੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸ਼ਹੀਦ ਬਾਬਾ ਭਾਨ ਸਿੰਘ ਟਰਸਟ ਦੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਸ ਵਾਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਵੱਖਰੇ ਢੰਗ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਵੱਖਰੇ ਢੰਗ ਬਾਰੇ ਬਿਆਨ ਕਰਦਿਆਂ ਉਹਨਾਂ  ਦੱਸਿਆ ਕਿ ਦੇਸ਼ ਨੂੰ ਘੁਣ ਵਾਂਗੂੰ ਚਿੰਬੜੀ ਗੰਦੀ ਰਾਜਨੀਤੀ, ਧਰਮਾਂ ਦੇ ਪਰਦੇ ਹੇਠ ਹੋ ਰਹੇ ਕੁਕਰਮ,ਅੰਧਵਿਸ਼ਵਾਸੀ, ਫਿਰਕਾਪ੍ਰਸਤੀ, ਅੰਧਰਾਸ਼ਟਰਵਾਦ, ਅਸਹਿਣਸ਼ੀਲਤਾ, ਫਾਸੀਵਾਦੀ ਰੁਝਾਨ, ਬੇਰੁਜ਼ਗਾਰੀ, ਵੋਟਾਂ ਲਈ ਝੂਠੇ ਵਾਅਦੇ, ਅਮੀਰੀ-ਗਰੀਬੀ ਦਾ ਵਧ ਰਿਹਾ ਪਾੜਾ, ਬੇ ਇਨਸਾਫੀ ਆਦਿ ਜੋ ਕਿ ਇਸ ਸੰਗਦੇ ਨਿਜ਼ਾਮ ਦੀ ਦੇਣ ਹਨ। ਇਸ ਨਿਜ਼ਾਮ ਦਾ ਪ੍ਰਤੀਕ ਇਕ 15 ਫੁੱਟ ਦੇ ਕਰੀਬ ਉੱਚਾ ਤੇ ਹੱਟਾ-ਕੱਟਾ ਪੁਤਲਾ ਖੜਾ ਕੀਤਾ ਜਾਵੇਗਾ। ਪ੍ਰੋਗਰਾਮ ਦੇ ਅੰਤ ਵਿੱਚ ਇਸ ਨੂੰ ਇਕੱਠੇ ਹੋਏ ਲੋਕਾਂ ਵੱਲੋਂ ਅੱਗ ਲਾਕੇ ਸਾੜਿਆ ਜਾਵੇਗਾ।
         ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਦੀ ਵੱਡੀ ਫੋਟੋ ਲਗਾਕੇ , ਉਸ ਦੇ ਹੇਠ ਆਜਾਦੀ ਦੇ ਪ੍ਰਵਾਨਿਆਂ ਦੇ ਦੇਸ਼ ਪ੍ਰਤੀ ਲਏ ਗਏ ਬਰਾਬਰਤਾ ਤੇ ਅਧਾਰਤ ਪ੍ਰੋਗਰਾਮ , ਮਨੁੱਖ ਹੱਥੋਂ ਮਨੁੱਖ ਦੀ ਲੁੱਟ ਬੰਦ ਕਰਨ, ਹਰ ਇਕ ਲਈ ਇਨਸਾਫ ਅਤੇ ਰੋਜ਼ਗਾਰ, ਦੇਸੀ- ਵਿਦੇਸ਼ੀ ਲੁੱਟ ਖਤਮ ਕਰਨ, ਹਰ ਕਿਰਤੀ ਦੀ ਮਿਹਨਤ ਦਾ ਪੂਰਾ ਮੁੱਲ, ਅੰਗਰੇਜ਼ਾਂ ਅਤੇ ਉਹਨਾਂ ਦੇ ਭਾਈਵਾਲਾਂ, ਪਿੱਠੂਆਂ ਦੀ ਪ੍ਰਾਪਰਟੀ ਜ਼ਬਤ ਕਰਕੇ ਦੇਸ਼ ਦੀ ਮਾਲਕੀ ਬਣਾਉਣਾ ਵਰਗੇ ਅਨੇਕਾਂ ਪ੍ਰੋਗਰਾਮ ਲਾਗੂ ਕਰਕੇ ਦੇਸ਼ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣ ਦੀਆਂ ਯੋਜਨਾਵਾਂ ਬਾਰੇ ਦਰਸਾਇਆ ਜਾਵੇਗਾ। ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਪ੍ਰਬੰਧ ਸਿਰਜਣ ਦਾ ਪ੍ਰਣ ਲਿਆ ਜਾਵੇਗਾ।
     ਇਸ ਸਮਾਗਮ ਵਿੱਚ ਸ਼ਹਿਰ ਵਾਸੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਯਤਨ ਜੁਟਾਏ ਜਾ ਰਹੇ ਹਨ ਤਾਂ ਕਿ ਉਹ ਅੱਜ ਦੇ ਮੌਕਾਪ੍ਰਸਤ ਸਿਆਸਤਦਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਵੱਲੋਂ ਚਿਤਵੀ ਅਸਲ ਆਜ਼ਾਦੀ ਨਾਲ ਕੀਤੇ ਗਏ ਖਿਲਵਾੜ ਬਾਰੇ ਸਮਝ ਸਕਣ। ਇਹ ਸਮਾਗਮ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਚੱਲੇਗਾ।
      ਮਹਾਂ ਸਭਾ ਲੁਧਿਆਣਾ ਅਤੇ ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟ੍ਰੱਸਟ ਵੱਲੋਂ ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਵਿਸ਼ੇਸ਼ ਜ਼ੁਮੇਵਾਰੀ ਨਿਭਾਈ ਜਾਵੇਗੀ। ਦਰਸ਼ਕਾਂ ਲਈ ਖਾਣ ਪੀਣ ਦਾ ਪ੍ਰਬੰਧ ਇਕ ਮੇਲੇ ਦੀ ਤਰ੍ਹਾਂ ਹੋਵੇਗਾ। ਮੀਟਿੰਗ ਵਿੱਚ ਕਰਨਲ ਜੇ ਐਸ ਬਰਾੜ, ਪ੍ਰੋ. ਏ ਕੇ ਮਲੇਰੀ, ਗੁਰਮੇਲ ਸਿੰਘ ਕਨੇਡਾ, ਕਸਤੂਰੀ ਲਾਲ, ਅੰਮ੍ਰਿਤਪਾਲ ਪੀਏਯੂ, ਸਤੀਸ ਸੱਚਦੇਵਾ , ਸੁਖਵਿੰਦਰ ਲੀਲ, ਮਾ. ਜਰਨੈਲ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਰਾਕੇਸ਼ ਆਜਾਦ, ਅਰੁਣ ਕੁਮਾਰ , ਸੁਰਜੀਤ ਸਿੰਘ ਸੁਨੇਤ, ਬਲ ਰਾਮ, ਕੁਲਵਿੰਦਰ ਸਿੰਘ ਸੁਨੇਤ, ਬਲਵਿੰਦਰ ਸਿੰਘ ਸੁਨੇਤ,ਰਜਿੰਦਰ ਸਿੰਘ,ਸੁਬੇਗ ਸਿੰਘ, ਗੁਰਟੇਕ ਸਿੰਘ ਵਿਰਕ, ਕੈਪਟਨ ਗੁਰਦੀਪ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਬਾਰੇ ਹੋਰ ਵੇਰਵਾ ਲੈਣ ਲਈ ਸੰਪਰਕ ਕਰ ਸਕਦੇ ਹੋ-ਜਸਵੰਤ ਜੀਰਖ ਹੁਰਾਂ ਨਾਲ ਮੋ.ਨੰਬਰ 98151-69825 'ਤੇ। 

No comments: