Monday, September 18, 2017

ਪੁਸਤਕ ਸਭਿਆਚਾਰ ਖਿਲਾਫ਼ ਹੋਏ ਯੋਜਨਾਬੱਧ ਹਮਲੇ

Mon, Sep 18, 2017 at 3:13 PM
ਇਹਨਾਂ ਹਮਲਿਆਂ ਦਾ ਜੁਆਬ ਵੀ ਯੋਜਨਾਬੱਧ ਹੋਵੇ-ਡਾ. ਸੁਰਜੀਤ
ਲੁਧਿਆਣਾ: 18 ਸਤੰਬਰ 2017: (ਪੰਜਾਬ ਸਕਰੀਨ ਟੀਮ)::
ਇਹ ਸੈਮੀਨਾਰ ਮਾਰੂ ਹਨੇਰੀਆਂ ਸਾਹਮਣੇ ਚਿਰਾਗ ਜਗਾਉਣ ਦੀ ਹਿੰਮਤ ਵਰਗਾ ਉਪਰਾਲਾ ਸੀ। ਮਨੁੱਖੀ ਮਨਾਂ ਵਿੱਚੋਂ ਸਾਹਿਤ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨੂੰ ਜਿਸ ਸਾਜ਼ਿਸ਼ੀ ਢੰਗ ਨਾਲ ਅਲੋਪ ਕਰ ਕੇ ਜੋ ਜੋ ਕੁਝ ਮਨੁੱਖੀ ਮਨਾਂ ਵਿੱਚ ਭਰਿਆ ਜਾ ਰਿਹਾ ਹੈ ਉਹ ਸਭ ਕਿਸੇ ਹਮਲੇ ਨਾਲੋਂ ਘੱਟ ਨਹੀਂ। ਅਜਿਹੇ ਲੋਕ ਮੁਜਰਾ ਦੇਖਣ ਜਾ ਸਕਦੇ ਹਨ ਪਰ ਕਿਤਾਬਾਂ ਬਾਰੇ ਚਰਚਾ ਨਹੀਂ ਕਰ ਸਕਦੇ।  ਦਾਰੂ ਅਤੇ ਹੋਰ ਨਸ਼ੇ ਖਰੀਦ ਸਕਦੇ ਹਨ ਪਰ ਕਿਤਾਬਾਂ ਤੇ ਖਰਚਾ ਨਹੀਂ ਕਰ ਸਕਦੇ। ਇਸ ਸੈਮੀਨਾਰ ਵਿੱਚ ਵੀ ਸਰੋਤੇ ਘੱਟ ਸਨ। ਬਹੁਤੀਆਂ ਕੁਰਸੀਆਂ ਖਾਲੀ ਸਨ। ਇਸ ਸਭ ਕੁਝ ਦੇ ਬਾਵਜੂਦ ਨਾ ਤਾਂ ਨਾ  ਬੁੱਇਸ ਨਾਲ ਨੈਸ਼ਨਲ ਬੁੱਕ ਟਰਸੱਟ ਵੱਲੋਂ ਪਹੁੰਚੀ ਪੰਜਾਬੀ ਦੀ ਸੰਪਾਦਕ ਨਵਜੋਤ ਕੌਰ ਨਿਰਾਸ਼ ਸੀ ਨਾ ਹੀ ਉਹਨਾਂ ਨਾਲ ਆਈ ਬਾਕੀ ਟੀਮ ਅਤੇ ਨਾ ਹੀ ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰ। ਅਕਾਦਮੀ ਦੇ ਜਨਰਲ ਸਕੱਤਰ ਡਾਕਟਰ ਸੁਰਜੀਤ ਸਿੰਘ ਨੇ ਤਾਂ ਬਹੁਤ ਹੀ ਜੋਸ਼ ਨਾਲ ਅਭੂਤ ਕੁਝ ਏਨਾ ਸਾਰਥਕ ਬੋਲਿਆ ਕਿ ਸਾਡੀ ਟੀਮ ਨੂੰ ਹੁਣ ਤੱਕ ਪਛਤਾਵਾ ਹੈ ਕਿ ਉਹਨਾਂ ਗੱਲਾਂ ਨੂੰ ਪੂਰਾ ਰਿਕਾਰਡ  ਕਿਓਂ ਨਹੀਂ ਕੀਤਾ ਜਾ ਸਕਿਆ। ਉਹਨਾਂ ਪੁਸਤਕ ਕਲਚਰ ਦੀ ਗੱਲ ਵੀ ਕੀਤੀ, ਕਲਮੀ ਫਰਜ਼ਾਂ ਦੀ ਵੀ ਅਤੇ ਇਨਾਮਾਂ ਲਈ ਹੁੰਦੇ ਜੁਗਾੜਾਂ ਦੀ ਵੀ। ਕੁਲ ਮਿਲਾ ਕੇ ਇਹ ਸਭ ਕਿਤਾਬ ਨੂੰ ਅਤੇ ਕਲਮ ਦੇ ਪੱਧਰ ਨੂੰ ਹੋਰ ਉਚੇਰਾ ਲਿਜਾਣ ਵਾਲਾ ਹੀ ਸੀ। 
ਪੰਜਾਬੀ ਭਵਨ ਲੁਧਿਆਣਾ ਵਿਖੇ ਨੈਸ਼ਨਲ ਬੁੱਕ ਟਰੱਸਟ ਵਲੋਂ ਕਰਵਾਏ ਸੈਮੀਨਾਰ ‘ਪਾਠਕਾਂ ਵਿਚ ਪੁਸਤਕਾਂ ਪੜ੍ਹਨ ਦੀ ਘੱਟ ਰਹੀ ਰੁਚੀ’ ਦੀ ਵਿਚਾਰ ਚਰਚਾ ਬਹੁਤ ਹੀ ਸਾਰਥਕ ਰਹੀ। ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੁਸਤਕ ਪੜ੍ਹਨ ਸਭਿਆਚਾਰ ਖਿਲਾਫ਼ ਯੋਜਨਾਬਧ ਹਮਲਾ ਹੋਇਆ ਹੈ ਜਿਸ ਦਾ ਉੱਤਰ ਸਾਨੂੰ ਯੋਜਨਾਬਧ ਢੰਗ ਨਾਲ ਹੀ ਦੇਣਾ ਬਣਦਾ ਹੈ। ਉਨ੍ਹਾਂ ਦੀ ਸਮਝ ਹੈ ਕਿ ਪੰਜਾਬ ਦੀ ਸੱਭਿਅਤਾ ਤਾਂ ਵਿਕਸਤ ਹੋਈ ਪਰ ਸਾਡੇ ਪਾਸੋਂ ਸਭਿਆਚਾਰ ਦੀ ਨਿਰੰਤਰ ਪਰੰਪਰਾ ਗੁਆਚ ਗਈ ਹੈ। ਇਸ ਲਈ ਵਿਅਕਤੀਆਂ ਸੰਸਥਾਵਾਂ ਅਤੇ ਸਮੁੱਚੇ ਸਮਾਜ ਨੂੰ ਯੋਜਨਾਬਧ ਯਤਨ ਕਰਨੇ ਪੈਣਗੇ। ਪ੍ਰਧਾਨਗੀ ਮੰਡਲ ਵਿਚ ਸਾਥ ਨਿਭਾਉਦਿਆਂ ਉੱਘੇ ਕਹਾਣੀਕਾਰ ਅਤੇ ਪੱਤਰਕਾਰ ਦੇਸ ਰਾਜ ਕਾਲੀ ਨੇ ਵੀ ਮਹਿਸੂਸ ਕੀਤਾ ਕਿ ਸਾਡੀ ਪਰੰਪਰਾ ਵਿਚ ਸਾਹਿਤ ਸੰਗੀਤ ਅਤੇ ਗਾਉਣ ਪਰੰਪਰਾ ਨਾਲ ਜੁੜਿਆ ਹੋਇਆ ਸੀ ਜਿਸ ਦਾ ਬਹੁਤਾ ਨੁਕਸਾਨ ਦੇਸ਼ ਦੀ ਵੰਡ ਸਮੇਂ ਹੋਇਆ। ਸੈਮੀਨਾਰ ਵਿਚ ਭਾਗ ਲੈਂਦਿਆਂ ਉੱਘੇ ਵਿਦਵਾਨ ਅਤੇ "ਤ੍ਰਿਸ਼ੰਕੂ" ਦੇ ਸੰਪਾਦਕ ਡਾ. ਗੁਰਇਕਬਾਲ ਸਿੰਘ ਨੇ ਮਹਿਸੂਸ ਕੀਤਾ ਕਿ ਚੰਗੇ ਸਾਹਿਤ ਦੇ ਪਾਠਕਾਂ ਦੀ ਗਿਣਤੀ ਘਟੀ ਨਹੀਂ ਹੈ। ਰਚਨਾ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਰਚਨਾਕਾਰ ਨੂੰ ਫ਼ਕੀਰੀ ਦੀ ਹੱਦ ਤਕ ਜਾ ਕੇ ਆਪਣੇ ਅਨੁਭਵ ਦੀ ਵਿਲੱਖਣ ਪੇਸ਼ਕਾਰੀ ਕਰਨੀ ਅਤਿ ਜ਼ਰੂਰੀ ਹੈ। ਮਿੰਨੀ ਮੈਗਜ਼ੀਨ "ਅਣੂੰ" ਦੇ ਸੰਪਾਦਕ ਅਤੇ ਕਹਾਣੀਕਾਰ ਸ੍ਰੀ ਸੁਰਿੰਦਰ ਕੈਲੇ ਨੇ ਕਿਹਾ ਕਿ ਸਕੂਲ ਅਤੇ ਘਰਾਂ ਦੀਆਂ ਸੰਸਥਾਵਾਂ ਦਾ ਮਾਹੌਲ ਪਾਠਕਾਂ ਨੂੰ ਪੁਸਤਕਾਂ ਤੋਂ ਦੂਰ ਲਿਜਾ ਰਿਹਾ ਹੈ। ਵਿਸ਼ੇੇ ਦੀ ਵਿਭਿੰਨਤਾ ਪਾਠਕ ਪੈਦਾ ਕਰਨ ਵਿਚ ਸਹਾਈ ਹੋ ਸਕਦੀ ਹੈ। ਉੱਘੇ ਕਵੀ ਤੇ ਕਹਾਣੀਕਾਰ ਸ੍ਰੀ ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਬਾਲ ਸਾਹਿਤ, ਕਹਾਣੀ ਸਾਹਿ, ਸਵੈ ਜੀਵਨੀ ਵਰਗੀਆਂ ਬਿਰਧਾਂਤਕ ਵਿਧਾਵਾਂ ਪਾਠਕਾਂ ਦੀ ਗਿਣਤੀ ਵਿਚ ਵਾਧਾ ਕਰਨ ਵਿਚ ਸਹਾਇੀ ਹੋ ਰਹੀਆਂ ਹਨੇ ਉੱਘੇ ਆਲੋਚਕ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਗਲੋਬਲਾਈਜੇਸ਼ਨ ਦੇ ਦੌਰ ਨੇ ਕਾਰਪੋਰੇਟ ਜਗਤ ਦੇ ਦਬਾਅ ਹੇਠ ਸਰਕਾਰਾਂ, ਸਰਕਾਰੀ ਸੰਸਥਾਵਾਂ, ਲੇਖਕ, ਪਾਠਕ ਸਭ ਨੂੰ ਯੋਜਨਾਬੱਧ ਢੰਗ ਨਾਲ ਪ੍ਰਭਾਵਿਤ ਕੀਤਾ ਹੈ। ਸਾਡੇ ਸਕੂਲ, ਘਰ, ਮਾਪੇ, ਧਰਮ, ਅਧਰਮ ਸਭ ਦੀ ਦਿ੍ਰਸ਼ਟੀ ਬਦਲ ਕੇ ਰਹਿ ਗਈ ਹੈ। ਪ੍ਰਤੀਕਰਮ ਵਿਚ ਉੱਠਣ ਵਾਲੀਆਂ ਲਹਿਰਾਂ ਵੀ ਕਮਜ਼ੋਰ ਪੈ ਗਈਆਂ ਹਨ। ਲਹਿਰਾਂ, ਜੋ ਲੋਕਾਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਨ ਦੀ ਕੋਸ਼ਿਸ ਕਰਦੀਆਂ ਰਹੀਆਂ ਹਨ। ਇੋ ਇਕੋ ਇਕ ਆਸ ਅਜੇ ਵੀ ਬਚੀ ਹੋਈ ਹੈ। ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਪੀ.ਏ.ਯੂ. ਦੇ ਵਿਦਿਾਰਥੀ ਜਸਪ੍ਰੀਤ ਨੇ ਕਿਹਾ ਕਿ ਅਜਿਹੇ ਮਸਲਿਆਂ ਨੂੰ ਵਿਚਾਰਨ ਲਈ ਨੌਜਵਾਨ ਵਿਦਿਆਰਥੀਆਂ ਤੇ ਲੇਖਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਰਾਮਪੁਰ ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਝੱਜ ਨੇ ਕਿਹਾ ਕਿ ਪਾਠਕਾਂ ਨੂੰ ਪੁਸਤਕਾਂ ਨਾਲ ਜੋੜਨ ਲਈ ਸਾਹਿਤ ਸਭਾਵਾਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ ਤੇ ਅੱਜ ਵੀ ਉਹ ਇਹ ਫਰਜ਼ ਨਿਭਾ ਰਹੀਆਂ ਹਨੇ। ਚੇਤਨਾ ਪ੍ਰਕਾਸ਼ਨ ਅਤੇ ਤਿ੍ਰਸ਼ੰਕੂ ਦੇ ਸੰਚਾਲਕ ਸ੍ਰੀ ਸਤੀਸ਼ ਗੁਲਾਟੀ ਨੇ ਚਰਚਾ ਵਿਚ ਭਾਗ ਲੈਂਦਿਆਂ ਦੱਸਿਆ ਕਿ ਸਾਡੇ ਵਲੋਂ ਛਾਪੀਆਂ ਜਾਂਦੀਆਂ ਪੁਸਤਕਾਂ ਦੀ ਗਿਣਤੀ ਬਿਲਕੁਲ ਨਹੀਂ ਘਟੀ ਜੋ ਲੇਖਕ ਖੁਦ ਕਿਤਾਬ ਛਾਪ ਕੇ ਭੇਟਾ ਕਰਦੇ ਹਨ ਉਨ੍ਹਾਂ ਦੇ ਪਾਠਕ ਨਹੀਂ ਹਨ। ਸਰਕਾਰੀ ਸਕੂਲਾਂ ਦੇ ਮੁਕਾਬਲੇ ਪਬਲਿਕ ਸਕੂਲ ਸਿਲੇਬਸ ਤੋਂ ਬਾਹਰਲੀਆਂ ਪੁਸਤਕਾਂ ਖਰੀਦਣ ਵਿਚ ਵਧੇਰੇ ਰੁਚੀ ਵਿਖਾਉਦੇ ਹਨ।
ਇਸ ਮੌਕੇ ਨੈਸ਼ਨਲ ਬੁਕ ਟਰੱਸਟ ਵਲੋਂ ਸਹਿ ਸੰਪਾਦਕ ਪੰਜਾਬੀ ਨਵਜੋਤ ਕੌਰ ਅਤੇ ਸ੍ਰੀ ਸ਼ਾਮ ਲਾਲ ਕੋਰੀ ਨੇ ਡਾ. ਸੁਰਜੀਤ ਸਿੰਘ ਅਤੇ ਦੇਸ ਰਾਜ ਕਾਲੀ ਨੂੰ ਪੁਸਤਕਾਂ ਦੇ ਸੈੱਟ ਭੇਟ ਕੀਤੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਸੁਰਜੀਤ ਜੱਜ, ਕਹਾਣੀਕਾਰ ਸ੍ਰੀਮਤੀ ਇੰਦਰਜੀਤਪਾਲ ਕੌਰ, ਬਲਵੀਰ ਜਸਵਾਲ, ਬਰਿਸ਼ ਭਾਲ ਘਲੋੀ, ਭੁਪਿੰਦਰ ਸਿੰਘ ਧਾਲੀਵਾਲ, ਜਸਵੰਤ ਜ਼ਫ਼ਰ, ਗਗਨ ਸ਼ਰਮਾ ਘੁਡਾਣੀ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਗੁਰਪ੍ਰੀਤ ਕੌਰ ਧਾਲੀਵਾਲ, ਹਰੀਸ਼ ਮੋਦਗਿਲ ਸਮੇਤ ਕਾਫ਼ੀ ਗਿਣਤੀ ਸਿੰਘ ਸਾਹਿਤ ਪ੍ਰੇਮੀ ਹਾਜ਼ਰ ਸਨ। ਨੈਸ਼ਨਲ ਬੁੱਕ ਨਰੱਸਟ ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਵਿਖੇ ਪੁਸਤਕਾਂ ਦੀ ਪ੍ਰਦਰਸ਼ਨੀ 21 ਸਤੰਬਰ 2017 ਤੱਕ ਜਾਰੀ ਰਹੇਗੀ।

No comments: