Sunday, August 06, 2017

ਸ਼ਹੀਦ ਭਗਤ ਸਿੰਘ ਸੀ.ਸੈ.ਸਕੂਲ ਵਿਖੇ ਵੀ ਜੋਸ਼ੋਖਰੋਸ਼ ਨਾਲ ਮਨਾਈ ਗਈ ਤੀਜ

ਤੀਜ ਦੇ ਇਤਿਹਾਸ ਅਤੇ ਇਸਤਰੀ ਜੀਵਨ ਦੀ ਕੁਰਬਾਨੀ ਬਾਰੇ ਵੀ ਚਰਚਾ ਹੋਈ 
ਲੁਧਿਆਣਾ: 5 ਅਗਸਤ 2017: (ਪੰਜਾਬ ਸਕਰੀਨ ਬਿਊਰੋ):: 
ਮੌਸਮਾਂ ਦੀਆਂ ਤਬਦੀਲੀਆਂ ਦੇ ਨਾਲ ਨਾਲ ਤਨਾਂ ਅਤੇ ਮਨਾਂ ਉੱਤੇ ਵੀ ਡੂੰਘਾ ਅਸਰ ਪੈਂਦਾ ਹੈ। ਆਲੇਦੁਆਲੇ ਵਿੱਚ ਹੁੰਦੀ ਬਦਲਾਹਟ ਨਾਲ ਦਿਲ ਦਿਮਾਗ ਅਤੇ ਜਿਸਮ ਵੀ ਪ੍ਰਭਾਵਿਤ ਹੁੰਦੇ ਹਨ।  ਇਹਨਾਂ ਨੂੰ ਇੱਕਸੁਰ ਕਰਨ ਵਿੱਚ ਸਹਾਈ ਹੁੰਦੇ ਹਨ ਤਿਓਹਾਰਾਂ ਵਾਲੇ ਮੇਲੇ ਗੇਲੇ ਅਤੇ ਰੀਤੀ ਰਿਵਾਜ।  ਇਸਦੇ ਨਾਲ ਹੀ ਪ੍ਰਭਾਵਿਤ ਹੁੰਦਾ ਹੈ ਸਾਰੇ ਦਾ ਸਾਰਾ ਸਮਾਜ ਅਤੇ ਸੱਭਿਆਚਾਰ। ਤੀਆਂ ਜਾਂ ਤੀਜ ਦਾ ਤਿਓਹਾਰ ਵੀ ਅਜਿਹਾ ਹੀ ਹੈ। ਸ਼ਿਵ-ਪਾਰਵਤੀ ਦੇ ਪੁਨਰ ਮਿਲਣ ਦੀ ਕਹਾਣੀ ਯਾਦ ਕਰਾਉਂਦਾ ਇਹ ਤਿਓਹਾਰ ਔਰਤ ਮਨ ਦੇ ਵਿਸ਼ਾਲ ਸੰਸਾਰ ਦਾ ਅਹਿਸਾਸ ਕਰਾਉਂਦਾ ਹੈ ਜਿਹੜੀ ਪਤੀ ਦੇ ਘਰ ਨੂੰ ਵੀ ਆਪਣੇ ਘਰ ਵਾਂਗ ਸੰਵਾਰਦੀ ਹੈ ਅਤੇ ਸਾਵਣ ਦੇ ਮਹੀਨੇ ਪੇਕੇ ਘਰ ਆ ਕੇ ਵਿਛੜੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਮਿਲਦੀ ਹੈ। ਉਸ ਧਰਤੀ ਦੀ ਨੇੜਤਾ ਇੱਕ ਵਾਰ ਫੇਰ ਮਾਣਦੀ ਹੀ ਜਿੱਥੇ ਉਸਨੇ ਜਨਮ ਲਿਆ, ਸਿੱਖਿਆ ਲਈ ਅਤੇ ਫਿਰ ਇੱਕ ਦਿਨ ਅਚਾਨਕ ਹੀ ਜਦੋਂ ਵਿਆਹ ਹੋਇਆ ਤਾਂ ਉਹ ਘਰ ਪਰਾਇਆ ਹੋ ਗਿਆ ਅਤੇ ਪਤੀ ਵਾਲਾ ਬੇਗਾਨਾ ਘਰ ਆਪਣਾ ਹੋ ਗਿਆ ਹੈ।  ਇੱਕ ਥਾਂ ਤੋਂ ਟੁੱਟ ਕੇ ਦੂਜੀ ਅਣਜਾਣੀ ਥਾਂ ਜੁੜਨਾ ਅਤੇ ਉਸਨੂੰ ਆਪਣੇ ਘਰ ਵਾਂਗ ਵਸਾਉਣਾ--ਸ਼ਾਇਦ ਔਰਤ ਤੋਂ ਵੱਧ ਹੋਰ ਕੋਈ ਨਹੀਂ ਜਾਣਦਾ। ਔਰਤਾਂ ਦਾ ਇਹ ਤਿਓਹਾਰ ਪੂਰੇ ਮਰਦ ਸਮਾਜ ਨੂੰ ਵੀ ਇੱਕ ਸਿੱਖਿਆ ਭਰਿਆ ਸੰਦੇਸ਼ ਦੇਂਦਾ ਹੈ ਕਿ ਔਰਤ ਦੀ ਕੁਰਬਾਨੀ ਨੂੰ ਕਦੇ ਨਾ ਭੁੱਲੋ। ਤੁਹਾਡੇ ਘਰਾਂ ਦੀਆਂ ਖੁਸ਼ੀਆਂ ਇਸ ਕੁਰਬਾਨੀ ਕਾਰਨ ਹੀ ਹਨ। ਅਜਿਹੀਆਂ ਗੱਲਾਂ ਦਾ ਅਹਿਸਾਸ ਕਰਾਉਂਦਾ ਇਹ ਤਿਓਹਾਰ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਕਲਾਂ ਵਿਖੇ ਵੀ ਬੜੇ ਜੋਸ਼ੋਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਵੀ ਇਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਰਾਜਿੰਦਰ ਕੌਰ ਭਾਟੀਆ ਨੇ ਇਸ ਤਿਓਹਾਰ ਦੀ ਅਹਿਮੀਅਤ ਬਾਰੇ ਬੱਚਿਆਂ ਨੂੰ ਬੜੇ ਵਿਸਥਾਰ ਨਾਲ ਦੱਸਿਆ। 

No comments: