Sunday, August 13, 2017

ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਦਾ ਤੀਜਾ ਇਜਲਾਸ

 ਅਜਲਾਸ ਵਿੱਚ ਮੌਜੂਦਾ ਮਸਲਿਆਂ ਬਾਰੇ ਵੀ ਹੋਈ ਵਿਸਥਾਰਤ ਚਰਚਾ 
ਲੁਧਿਆਣਾ:13 ਅਗਸਤ 2017: (ਪੰਜਾਬ ਸਕਰੀਨ ਬਿਊਰੋ)::
ਤਾਜਪੁਰ ਰੋਡ ਤੇ ਸਥਿਤ ਸਲੰਮ ਇਲਾਕੇ ਵਿੱਚ ਇੱਕ ਸ਼ਾਨਦਾਰ ਵਰਤਾਰਾ ਅਜਿਹਾ ਵੀ ਹੋ ਰਿਹਾ ਹੈ ਜਿਸਤੋਂ ਵਿਕਸਿਤ ਅਤੇ ਅਮੀਰ ਇਲਾਕਿਆਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ। ਇਥੇ ਮਜ਼ਦੂਰਾਂ ਨੇ ਇੱਕ ਲਾਇਬ੍ਰੇਰੀ ਬਣਾਈ ਹੈ ਇੱਕ ਇੱਕ ਪੈਸੇ ਆਪਣੇ ਹੀ ਸਾਥੀਆਂ ਕੋਲੋਂ ਇਕੱਤਰ ਕਰਕੇ। ਇਸਨੂੰ ਦੇਖਣ ਦੀ ਤਮੰਨਾ ਪੂਰੀ ਹੋਈ ਅੱਜ 13 ਅਗਸਤ ਵਾਲੇ ਦਿਨ। ਗਰਮੀ ਬਹੁਤ ਜ਼ਿਆਦਾ ਸੀ ਪਰ ਇਥੇ ਹੋ ਰਹੇ ਮਜ਼ਦੂਰ ਇਕੱਠ ਨੂੰ ਦੇਖ ਕੇ ਗਰਮੀ ਵੀ ਭੁੱਲ ਗਈ ਅਤੇ ਬੁਖਾਰ ਵੀ। ਇਸ ਲਾਇਬ੍ਰੇਰੀ ਵਿੱਚ ਲੱਗੇ ਸੁਨੇਹੇ ਜ਼ਬਰਦਸਤ ਹਨ। ਇੱਕ ਸੁਨੇਹਾ ਬਹੁਤ ਹੀ ਆਤਮਵਿਸ਼ਵਾਸ ਵਾਲਾ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣਗੇ ਇਸੇ ਸਦੀ ਵਿੱਚ। ਅੱਜ ਵੀ ਇਥੇ ਇਹਨਾਂ ਸੁਪਨਿਆਂ ਨੂੰ ਸਾਕਾਰ ਹੋਣ ਦੀਆਂ ਵਿਚਾਰਾਂ ਹੋਈਆਂ। 
ਅੱਜ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ, ਪੰਜਾਬ ਦਾ ਤੀਜਾ ਡੈਲੀਗੇਟ ਇਜਲਾਸ ਕੀਤਾ ਗਿਆ। ਇਜਲਾਸ ਵਿੱਚ ਵੱਖ-ਵੱਖ ਕਾਰਖਾਨਿਆਂ ਦੇ 50 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਇਜਲਾਸ ਵਿੱਚ ਸ਼ਾਮਿਲ ਹੋਏ ਡੈਲੀਗੇਟਾਂ ਨੇ ਜੱਥੇਬੰਦੀ ਦੇ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੀਂ ਆਗੂ ਕਮੇਟੀ ਦੀ ਚੋਣ ਕੀਤੀ। 11 ਮੈਂਬਰੀ ਕਮੇਟੀ ਨੇ ਰਾਜਵਿੰਦਰ ਨੂੰ ਪ੍ਰਧਾਨ, ਤਾਜ਼-ਮੁਹੰਮਦ ਨੂੰ ਉਪ-ਪ੍ਰਧਾਨ, ਵਿਸ਼ਵਨਾਥ ਨੂੰ ਜਨਰਲ ਸੈਕਟਰੀ, ਰਾਮ ਸੇਵਕ ਨੂੰ ਸੈਕਟਰੀ, ਬਲਜੀਤ ਤੇ ਛੋਟੇਲਾਲ ਨੂੰ ਖਜ਼ਾਨਚੀ, ਘਣਸ਼ਿਆਮ, ਰਾਮ ਸਿੰਘ, ਗੁਰਦੀਪ, ਧਰਮਿੰਦਰ ਤੇ ਪ੍ਰਮੋਦ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਯੂਨਿਅਨ ਦੇ ਪ੍ਰਧਾਨ ਲਖਵਿੰਦਰ ਵੱਲੋਂ ਰਿਪੋਰਟ ਪੜ੍ਹੀ ਗਈ, ਜਿਸ ਵਿੱਚ ਯੂਨਿਅਨ ਦੀਆਂ ਪ੍ਰਾਪਤੀਆਂ ਤੇ ਕਮੀਆਂ ਦਾ ਭਰਵਾਂ ਵਿਸ਼ਲੇਸ਼ਣ ਕੀਤਾ ਗਿਆ ਅਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਕੰਮਾਂ ਉੱਤੇ ਨੁਕਤਾਵਾਰ ਗੱਲ ਰੱਖੀ ਗਈ। ਇਸ ਤੋਂ ਬਾਅਦ ਇਜਲਾਸ ਵਿੱਚ ਸ਼ਾਮਿਲ ਡੈਲੀਗੇਟਾਂ ਨੇ ਰਿਪੋਰਟ ਤੇ ਭਰਵੀਂ ਵਿਚਾਰ-ਚਰਚਾ ਕੀਤੀ।
ਸ਼ਾਮ ਨੂੰ ਹੋਈ ਮਜ਼ਦੂਰ ਸਭਾ ਵਿੱਚ ਯੂਨਿਅਨ ਦੀ ਨਵੀਂ ਆਗੂ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਸਮੇਂ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ ਦੇ ਪ੍ਰਧਾਨ ਰਾਜਵਿੰਦਰ ਨੇ ਗੱਲ ਰਖਦੇ ਹੋਏ ਸਰਕਾਰ ਦੀਆਂ ਮਜ਼ਦੂਰ-ਗਰੀਬ ਵਿਰੋਧੀ ਨੀਤੀਆਂ ਦੀ ਨਿੰਦਿਆ ਕੀਤੀ। ਉਹਨਾਂ ਨੇ ਜੀ.ਐਸ.ਟੀ. ਕਾਰਨ ਟੈਕਸਟਾਇਲ- ਹੌਜ਼ਰੀ ਮਜ਼ਦੂਰਾਂ ਵਿੱਚ ਫੈਲ ਰਹੀ ਬੇਰੋਜ਼ਗਾਰੀ ਉੱਤੇ ਚਿੰਤਾ ਜ਼ਾਹਿਰ ਕੀਤੀ । ਸਭਾ ਵਿੱਚ ਛੋਟੇਲਾਲ,ਘਣਸ਼ਿਆਮ ਤੇ ਬਲਜੀਤ ਨੇ ਵੀ ਗੱਲ ਰੱਖੀ। ਬੁਲਾਰਿਆਂ ਨੇ ਕਿਰਤ-ਕਨੂੰਨਾਂ ਵਿੱਚ ਸੋਧਾਂ ਵਾਪਿਸ ਕਰਵਾਉਣ ਤੇ ਕਾਰਖਾਨਿਆਂ ਵਿੱਚ ਸਖ਼ਤੀ ਨਾਲ ਕਿਰਤ-ਕਨੂੰਨ ਲਾਗੂ ਕਰਵਾਉਣ ਲਈ ਮਜ਼ਦੂਰ ਜਮਾਤ ਦੀ ਵਿਸ਼ਾਲ ਲਾਮਬੰਦੀ ਕਰਨ ਤੇ ਜ਼ੋਰ ਦਿੱਤਾ।
ਇਸ ਸਮੇਂ ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ। ਮੰਚ-ਸੰਚਾਲਨ ਤਾਜ ਮੁਹੰਮਦ ਨੇ ਕੀਤਾ। 
ਜੇ ਤੁਸੀਂ ਕਿਰਤੀਆਂ ਦੀ ਇਹ ਥਾਂ ਅਜੇ ਤੱਕ ਨਹੀਂ ਦੇਹੀ ਤਾਂ ਤੁਹਾਡੀ ਹਰ ਤੀਰਥ ਯਾਤਰਾ ਅਧੂਰੀ ਹੈ। ਇਸ ਲਈ ਕਿਸੇ ਵੇਲੇ ਵੀ ਉਚੇਚਾ ਸਮਾਂ ਕੱਢੋ ਅਤੇ ਇਸ ਥਾਂ ਨੂੰ ਜ਼ਰੂਰ ਦੇਖੋ। 

No comments: