Tuesday, August 01, 2017

ਭਗਤ ਪੂਰਨ ਸਿੰਘ ਜੀ ਦੀ 25ਵੀਂ ਬਰਸੀ ਦੇ ਸਮਾਗਮ 3 ਤੋਂ ਸ਼ੁਰੂ

Mon, Jul 31, 2017 at 1:14 PM
ਪਿੰਗਲਵਾੜਾ ਦੇ ਸੰਸਥਾਪਕ ਸਨ ਭਗਤ ਪੂਰਨ ਸਿੰਘ
ਮਾਨਾਂਵਾਲਾ (ਅੰਮ੍ਰਿਤਸਰ) 31 ਜੁਲਾਈ 2017 (ਪੰਜਾਬ ਸਕਰੀਨ ਬਿਊਰੋ)::
ਜ਼ਿੰਦਗੀ ਦੇ ਸੰਘਣੇ ਹਨੇਰਿਆਂ ਚੋਂ ਆਪਣੀ ਲਗਨ ਅਤੇ ਮਿਹਨਤ ਸਦਕਾ ਰੌਸ਼ਨੀ ਦੀਆਂ ਕਿਰਨਾਂ ਵਾਂਗ ਉਭਰੇ ਭਗਤ ਪੂਰਨ
ਸਿੰਘ ਜੀ ਦੀ ਜ਼ਿੰਦਗੀ ਕਦਮ ਕਦਮ ਉੱਤੇ ਰਾਹ ਦਿਖਾਉਂਦੀ ਹੈ। ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਸੰਕਲਪ, ਲਗਨ,
ਮਿਹਨਤ ਅਤੇ ਨਿਰੰਤਰਤਾ ਦੇ ਨਾਲ ਹੋਣ ਵਾਲੇ ਚਮਤਕਾਰਾਂ ਨੂੰ ਕਰ ਕੇ ਦਿਖਾਇਆ ਹੈ। ਭਗਤ ਜੀ ਦੀ ਜ਼ਿੰਦਗੀ ਬਾਰੇ ਇਹ
ਨਿਸਚੇ ਨਾਲ ਕਿਹਾ ਜਾ ਸਕਦਾ ਹੈ ਕਿ ਜੇ ਨਿਰਾਸ਼ਾ ਵਿੱਚ ਘਿਰਿਆ ਕੋਈ ਵੀ ਵਿਅਕਤੀ ਉਹਨਾਂ ਦੀ ਜ਼ਿੰਦਗੀ ਨੂੰ ਧਿਆਨ
ਨਾਲ ਪੜ੍ਹ ਲਵੇ ਤਾਂ ਉਹ ਨਿਸਚਿਤ ਤੌਰ ਉੱਤੇ ਖੁਦਕੁਸ਼ੀਆਂ ਵਰਗੇ ਖਿਆਲਾਂ ਨੂੰ ਪਰ੍ਹਾਂ ਵਗਾਹ ਮਾਰੇਗਾ। ਉਹ ਨਸ਼ਿਆਂ ਜਾਂ
ਨਿਰਾਸ਼ਾ ਵੱਲ ਨਹੀਂ ਬਲਕਿ ਨੈਤਿਕਤਾ ਅਤੇ ਸੰਘਰਸ਼ਾਂ ਵਾਲੇ ਰਸਤੇ ਉੱਤੇ ਤੁਰ ਪਵੇਗਾ।
ਲਾਵਾਰਸ, ਪਾਗਲਾਂ, ਅਪਾਹਿਜਾਂ, ਬਜ਼ੁਰਗਾਂ ਅਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 25ਵੀਂ ਬਰਸੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਮੰਤਵੀ ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਹੋਵੇਗੀ ਅਤੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ।
ਡਾ. ਇੰਦਰਜੀਤ ਕੌਰ ਜੀ ਨੇ ਬੋਲਦਿਆਂ ਦਸਿਆ ਕਿ ਮਿਤੀ 03 ਅਗਸਤ, 2017 ਦਿਨ ਵੀਰਵਾਰ ਨੂੰ ਸਵੇਰੇ 08:00 ਵਜੇ ਮੁੱਖ ਦਫਤਰ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ  ਅਖੰਡ ਪਾਠ ਸਾਹਿਬ ਦਾ ਆਰੰਭ ਹੋਵੇਗਾ। ਇਸੇ ਦਿਨ ਸੰਸਥਾ ਦੇ ਮਰੀਜਾਂ, ਸਕੂਲੀ ਬਚਿਆਂ ਅਤੇ ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਵਲੋਂ ਬਣਾਈਆਂ ਦੁਰਲੱਭ-ਹੱਥ ਕਿਰਤਾਂ ਦੀ ਅਤੇ ਕੁਦਰਤੀ ਖੇਤੀ ਦੀ ਪ੍ਰਦਰਸ਼ਨੀ ਅਤੇ ਅੰਗਹੀਣਾਂ ਵਾਸਤੇ ਫ੍ਰੀ ਮਸਨੂਈ ਅੰਗ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਸਦਾ ਉਦਘਾਟਨ ਚੀਫ ਜੁਡੀਸ਼ਲ ਮੈਜਿਸਟਰੇਟ ਸ਼੍ਰੀਮਤੀ ਮੋਨਿਕਾ ਸ਼ਰਮਾ ਕਰਨਗੇ।
4 ਅਗਸਤ 2017 ਦਿਨ ਸ਼ੁਕਰਵਾਰ ਨੂੰ ਸੰਸਥਾ ਦੇ ਮਰੀਜ਼ਾਂ ਦੀ ਤੰਦਰੁਸਤੀ ਲਈ ਪਹਿਲਾਂ ਦੀ ਤਰ੍ਹਾਂ ਭਗਤ ਪੂਰਨ ਸਿੰਘ ਬਲੱੱਡ ਡੋਨੇਸ਼ਨ ਸੈੱਲ ਦੇ ਪ੍ਰਧਾਨ ਸ੍ਰ. ਰਾਣਾ ਪਲਵਿੰਦਰ ਸਿੰਘ ਤੇ ਪੰਜਾਬ ਯੂਥ ਫੌਰਮ ਦੇ ਪ੍ਰਧਾਨ ਤੇ ਕੌਂਸਲਰ ਸ੍ਰ. ਜਸਕੀਰਤ ਸਿੰਘ, ਸਮਾਜ ਸੇਵੀ ਜਥੇਬੰਦੀਆਂ, ਕਾਲਜਾਂ, ਦਾਨੀ ਸੱਜਣਾ ਤੇ ਸੰਗਤਾਂ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਸਵੇਰੇ 10:00 ਵਜੇ ਤੋਂ 02:00 ਵਜੇ ਤਕ ਮੁੱਖ ਦਫਤਰ, ਤਹਿਸੀਲਪੁਰਾ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ। ਜਿਸਦਾ ਉਦਘਾਟਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾਕਟਰ ਤੇਜਬੀਰ ਸਿੰਘ ਕਰਨਗੇ। ਇਸ ਮੌਕੇ ਅੰਮ੍ਰਿਤਸਰ ਦੇ ਡੀਸੀਪੀ ਸਿਟੀ ਅਮਰੀਕ ਸਿੰਘ ਪਵਾਰ  ਵਿਸ਼ੇਸ਼ ਸਨਮਾਨਿਤ ਹੋਣਗੇ। 
4 ਅਗਸਤ 2016 ਵੀਰਵਾਰ ਸ਼ਾਮ 07:00 ਵਜੇ ਸਭਿਆਚਾਰਕ ਪ੍ਰੋਗਰਾਮ ਮਾਨਾਂਵਾਲਾ ਕੰਪਲੈਕਸ ਦੀ ਖੁਲ੍ਹੀ ਗਰਾਊਂਡ ਵਿਚ ਸੰਸਥਾ ਦੇ ਸਕੂਲਾਂ ਦੇ ਬਚਿਆਂ ਵਲੋਂ ਹੋਵੇਗਾ ਜਿਸ ਦੀ ਪ੍ਰਧਾਨਗੀ ਮੁਖ ਮਹਿਮਾਣ-ਕੇਵਲ ਸਿੰਘ ਧਾਲੀਵਾਲ,ਵਿਸ਼ੇਸ਼ ਸਨਮਾਨਿਤ ਮਹਿਮਾਣ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜੇਸ਼ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਗੁਰਨੈਬ ਸਿੰਘ (ਪੰਜਾਬੀ ਯੂਨੀਵਰਸਿਟੀ) ਕਰਨਗੇ।
ਬਰਸੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਕੌਰ ਜੀ ਨੇ ਦਸਿਆ ਕਿ ਮਿਤੀ 05 ਅਗਸਤ, 2017 ਦਿਨ ਸ਼ਨੀਵਾਰ ਨੂੰ ਭਗਤ ਪੂਰਨ ਸਿੰਘ ਜੀ ਦੀ ਬਰਸੀ ਵਾਲੇ ਦਿਨ ਸਵੇਰੇ 08:00 ਤੋਂ 09:00 ਵਜੇ ਮੁੱਖ ਦਫਤਰ, ਪਿੰਗਲਵਾੜਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ। ਉਪਰੰਤ ਸਵੇਰੇ 10:00 ਤੋਂ 12:00 ਵਜੇ ਤਕ ਸੰਸਥਾ ਦੇ ਬੱਚਿਆਂ ਦੁਆਰਾ ਕੀਰਤਨ ਕੀਤਾ ਜਾਵੇਗਾ। ਦੁਪਹਿਰ ਨੂੰ 12:00 ਤੋਂ 02:00 ਵਜੇ ਤਕ ਮਹਾਨ ਸਮਾਜ ਸੇਵੀ ਭਗਤ ਜੀ ਦੇ ਜੀਵਨ ਬਾਰੇ ਵੱਖ-ਵੱਖ ਪਹਿਲੂਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਪਿੰਗਲਵਾੜੇ ਵੱਲੋਂ ਮਸ਼ਹੂਰ ਸਮਾਜ ਸੇਵਿਕਾ ਬੀਬੀ ਕੰਚਨ ਗਾਬਾ ਜੀ ਨੂੰੰ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਡਾ.ਇੰਦਰਜੀਤ ਕੌਰ ਜੀ ਨੇ ਪਿੰਗਲਵਾੜੇ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਉਂਦੇ ਹੋਏ ਦਸਿਆ ਕਿ ਪਿਛਲੇ ਇਕ ਸਾਲ ਦੇ ਵਿਚ 318 ਮਰੀਜ਼ ਦਾਖਲ ਹੋਏ ਅਤੇ ਉਹਨਾਂ ਵਿਚੋਂ ਅਲਗ ਅਲਗ ਪ੍ਰਾਂਤਾਂ ਦੇ 161 ਮਰੀਜ਼ਾਂ ਨੂੰ ਠੀਕ ਕਰਨ ਉਪਰੰਤ ੳੇੁਹਨਾਂ ਦੇ ਪਰਿਵਾਰਾਂ ਦੇ ਨਾਲ ਮਿਲਣ ਕੀਤਾ ਗਿਆ। ਪਿੰਗਲਵਾੜੇ ਵਲੋਂ ਇਸ ਸਾਲ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜਪੁਰ ਵਿਚ 3 ਗੂੰਗੇ ਬੋਲੇ ਬੱਚਿਆਂ ਦੇ ਸਕੂਲ ਖੋਲੇ ਗਏ। ਪਿੰਗਲਵਾੜੇ ਵਲੋਂ ਸਪੈਸ਼ਲ ਬੱਚਿਆਂ ਦੀ ਪੜਾਈ ਅਤੇ ਦੇਖਭਾਲ ਵਾਸਤੇ ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ ਨੀਡ ਖੋਲਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਸਕੂਲ ਰਿਹੈਬਲਿਟੇਸ਼ਨ ਕਾਉਂਸਿਲ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਹੋਵੇਗਾ। 
ਇਸ ਸਾਲ ਪਿੰਗਲਵਾੜੇ ਦੇ ਸਪੈਸ਼ਲ ਸਕੂਲ ਦੇ ਤਿੰਨ ਬੱਚੇ ਰਾਜੂ ਰਜਿੰਦਰ, ਪੂਨਮ ਅਤੇ ਸੂਰਜ ਵਰਲਡ ਵਿੰਟਰ ਸਪੈਸ਼ਲ ਓਲੰਪਿਕ ਵਿਚ ਵਿਆਨਾ ਵਿਖੇ ਹਿਸਾ ਲੈਣ ਲਈ ਚੁਣੇ ਗਏ। ਇਹਨਾਂ ਵਿਚੋਂ ਰਾਜੂ ਰਜਿੰਦਰ ਅਤੇ ਪੂਨਮ ਨੇ ਫਲੋਰ ਹਾਕੀ ਵਿਚ ਕ੍ਰਮਵਾਰ ਸੋਨੇ ਅਤੇ ਕਾਂਸੇ ਦਾ ਤਗਮਾ ਹਾਸਿਲ ਕੀਤਾ।
ਭਗਤ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਡਾ. ਇੰਦਰਜੀਤ ਕੌਰ ਜੀ ਦੀ ਅਗਵਾਈ ਹੇਠ ਤਕਰੀਬਨ 197 ਕਿਤਾਬਾਂ ਰੀਲਿਜ਼ ਕੀਤੀਆਂ ਜਾ ਚੁਕੀਆਂ ਹਨ।  ਭਗਤ ਜੀ ਦੀ 25ਵੀਂ ਬਰਸੀ ਦੇ ਮੌਕੇ 5 ਹੇਠ ਲਿਖੀਆਂ ਕਿਤਾਬਾਂ ਦਾ ਵਿਮੋਚਨ ਅਤੇ ਲੋਕ ਅਰਪਨ ਕੀਤੀਆਂ ਜਾਣਗੀਆਂ।
1)   Saint of Today 
2)  Brahamcharya 
3)ਜਵਾਨ ਹੋ ਰਹੇ ਧੀਆਂ-ਪੁੱਤ
4)Path to Spirituality
5)  Wonderful gift of God -Water 
1 ਜੁਲਾਈ 2017 ਤੋਂ ਜੀ ਐਸ ਟੀ ਲੱਗਣ ਕਰਕੇ ਪਿੰਗਲਵਾੜਾ ਉਪਰ ਹਰ ਸਾਲ ਕਰੀਬਨ 2 ਕਰੋੜ ਦਾ ਵਾਧੂ ਬੋਝ ਪੈ ਰਿਹਾ ਹੈ। ਇਸ ਤੋਂ ਪਹਿਲਾਂ ਪਿੰਗਲਵਾੜੇ ਨੂੰ ਪੰਜਾਬ ਸਰਕਾਰ ਵਲੋਂ ਖਰੀਦ ਕੀਤੀਆਂ ਸਾਰੀਆਂ ਵਸਤਾਂ ਤੇ VAT ਤੋਂ ਮੁਆਫੀ ਸੀ।
ਇਸ ਪ੍ਰੈਸ ਕਾਨਫਰੰਸ ਵਿੱਚ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਸ੍ਰ.ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਤੇ ਸਮੂੰਹ ਵਿਭਾਗਾਂ ਦੇ ਮੁਖੀ ਸ਼ਾਮਲ ਸਨ।

No comments: