Wednesday, July 26, 2017

ਪਾਸਟਰ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਏ-CPI

CPI ਵਫਦ ਨੇ ਕੀਤੀ ਪਾਸਟਰ ਪਰਿਵਾਰ ਨਾਲ ਮੁਲਾਕਾਤ 
ਲੁਧਿਆਣਾ: 25 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਪਾਸਟਰ ਸੁਲਤਾਨ ਮਸੀਹ ਦੇ ਵਹਿਸ਼ੀਆਨਾ ਕਤਲ ਵਿਰੁੱਧ ਪੂਰੇ ਸਮਾਜ ਵਿੱਚ ਸੋਗ ਅਤੇ ਰੋਸ ਦੀ ਲਹਿਰ ਜਾਰੀ ਹੈ। ਵੱਖ ਵੱਖ ਸਿਆਸੀ ਪਾਰਟੀਆਂ ਅਤੇ ਸਮਾਜਿਕ ਜੱਥੇਬੰਦੀਆਂ ਹਨਾਂ ਦੇ ਪਰਿਵਾਰ ਕੋਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਪਹੁੰਚ ਰਹੀਆਂ ਹਨ। ਅੱਜ ਸੀਪੀਆਈ ਅਰਥਾਤ ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਦੇ ਆਗੂਆਂ ਨੇ ਪਾਸਟਰ ਸੁਲਤਾਨ ਮਸੀਹ ਦੇ ਪਰਿਵਾਰ ਨਾਲ ਉਚੇਚੀ ਮੁਲਾਕਾਤ ਕੀਤੀ। ਕਾਬਿਲ-ਏ-ਜ਼ਿਕਰ ਹੈ ਕਿ 24 ਜੁਲਾਈ ਵਾਲੇ ਦਿਨ ਜਦੋਂ ਪਾਸਟਰ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਸੀ ਉਸ ਦਿਨ ਸੀਪੀਆਈ ਵੱਲੋਂ ਦੇਸ਼ ਵਿਆਪੀ ਸੱਤਿਆਗ੍ਰਹਿ ਦੇ ਕਾਰਨ ਸਮਾਗਮ ਵਿੱਚ ਸ਼ਿਰਕਤ ਨਹੀਂ ਸੀ ਕੀਤੀ ਜਾ ਸਕੀ।
ਭਾਰਤੀ ਕਮਿਉਨਿਸਟ ਪਾਰਟੀ ਦੇ ਆਗੂ  ਕਾਮਰੇਡ ਡੀ ਪੀ ਮੌੜ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਮਨਜੀਤ ਸਿੰਘ ਬੂਟਾ, ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਮੁਸ਼ਤਾਕ ਮਸੀਹ ਅਤੇ ਹੋਰ ਆਗੂਆਂ ਨੇ ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ।  ਉਹਨਾਂ ਨੇ ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਹਿੰਸਕ ਘਟਨਾਵਾਂ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਸਮਾਜ ਦੇ ਵੱਖ ਵੱਖ ਵਰਗਾਂ ਦੇ ਅਹਿਮ ਆਗੂਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਏ ਜਾਣ ਦੀਆਂ  ਘਟਨਾਵਾਂ ਰਾਜ ਦੀ ਅਮਨ ਕਾਨੂੰਨ ਦੀ ਖਤਰਨਾਕ ਸਥਿਤੀ ਦਾ ਪਤਾ ਦੇਂਦੀਆਂ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਅਤੇ ਦੋਸ਼ੀ ਫ਼ੜੇ ਨਹੀਂ ਗਏ। ਹੁਣ ਲੁਧਿਆਣਾ ਵਿੱਚ ਗਿਰਜਾਘਰ ਦੇ ਬਾਹਰ ਦਿਨ ਰਾਤ ਚੱਲਦੀ ਸੜਕ ਉੱਤੇ ਪਾਦਰੀ ਦਾ ਕਤਲ ਬੇਹੱਦ ਨਿਖੇਧੀਯੋਗ ਹੈ। ਸੀ ਪੀ ਆਈ ਨੇ ਕਿਹਾ ਅਜਿਹੀਆਂ ਵਾਰਦਾਤਾਂ ਵਿੱਚ ਤੇਜ਼ੀ ਅਤੇ ਹਰ ਮਾਮਲੇ ਵਿੱਚ ਕਾਤਲਾਂ ਦਾ ਫਰਾਰ ਹੋਣ ਵਿੱਚ ਸਫਲ ਹੋ ਜਾਣਾ ਖਤਰਨਾਕ ਸੰਕੇਤ ਹਨ। ਪਾਰਟੀ ਨੇ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਫੜਿਆ ਜਾਏ ਤੇ ਇਸ ਕਤਲ ਪਿੱਛੇ ਮੰਤਵ ਸਾਹਮਣੇ ਲਿਆਂਦਾ ਜਾਏ।
ਅੱਜ ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਦੇ ਵਫਦ ਵਿੱਚ ਕਾਮਰੇਡ ਦੀਪੀ ਮੌੜ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਕੇਵਲ ਸਿੰਘ ਬਣਵੈਤ, ਕਾਮਰੇਡ ਐਮ ਐਸ ਭਾਟੀਆ ਸਮੇਤ ਕਈ ਲੀਡਰ ਸ਼ਾਮਿਲ ਸਨ। ਇਸ ਵਫਦ ਨੇ ਇਸ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟਾਈ ਅਤੇ ਹੋਂਸਲਾ ਵੀ ਦਿੱਤਾ। ਵਫਦ ਨੇ ਪਰਿਵਾਰ ਨੂੰ ਯਕੀਨ ਦੁਆਇਆ ਕਿ ਦੁੱਖ ਅਤੇ ਸੰਕਟ ਦੀ ਇਸ ਘੜੀ ਵਿੱਚ ਸੀਪੀਆਈ ਮਸੀਹ ਪਰਿਵਾਰ ਦੇ ਨਾਲ ਹੈ। 
ਵਫਦ ਨੇ ਇਹ ਵੀ ਮੰਗ ਕੀਤੀ ਕਿ ਪਾਸਟਰ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਏ। 

No comments: