Monday, July 24, 2017

ਮਾਤਾ ਚੰਦ ਕੌਰ ਦੇ ਕਾਤਲ ਨਾ ਫੜੇ ਜਾਣ ਕਾਰਨ ਨਾਮਧਾਰੀ ਸੰਗਤਾਂ ਵਿੱਚ ਰੋਸ

ਨਾਮਧਾਰੀਆਂ ਨੂੰ ਭੈਅ ਮੁਕਤ ਕੀਤਾ ਜਾਏ ਤਾਂ ਸਾਰੇ ਸਹਿਯੋਗ ਕਰਨਗੇ 
ਲੁਧਿਆਣਾ: 24 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀ ਸੰਪਰਦਾ ਦੇ ਪੈਰੋਕਾਰਾਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਪੁਲਿਸ ਦੇ ਕੁਝ ਵਿਅਕਤੀਆਂ ਸਮੇਤ ਸਮਾਜ ਦੇ ਕੁਝ ਹੋਰ ਵਰਗਾਂ ਵੱਲੋਂ ਮਾਤਾ ਚੰਦ ਕੌਰ ਦੇ ਵਹਿਸ਼ੀਆਨਾ ਕਤਲ ਨੂੰ ਸੂਬੇ ਦੇ ਬਾਕੀ ਪ੍ਰਮੁੱਖ ਕਤਲਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਨਾਮਧਾਰੀ ਸੰਪਰਦਾ ਦੇ ਪੈਰੋਕਾਰਾਂ ਨੇ ਬਾਕਾਇਦਾ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਅਸਲ ਵਿੱਚ ਇਹ ਸਭ ਕੁਝ ਮਾਤਾ ਚੰਦ ਕੌਰ ਦੇ ਕਤਲ ਦੀ ਘਟਨਾ ਨੂੰ ਠੰਡੇ ਬਸਤੇ ਵਿੱਚ ਪਾਉਣ ਵਾਲੀ ਸਾਜ਼ਿਸ਼ ਦਾ ਹੀ ਹਿੱਸਾ ਹੈ। ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨਾਮਧਾਰੀ ਬਚਿੱਤਰ ਸਿੰਘ ਭੁਰਜੀ ਅਤੇ ਕੁਝ ਹੋਰਨਾਂ ਨੇ ਸਪਸ਼ਟ ਕੀਤਾ ਕਿ ਅਸਲ ਵਿੱਚ ਮਾਤਾ ਚੰਦ ਕੌਰ ਦਾ ਕਤਲ ਇਹਨਾਂ ਸਾਰੇ ਮਾਮਲਿਆਂ ਤੋਂ ਬਿਲਕੁਲ ਵੱਖ ਹੈ। ਉਹਨਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਇਹ ਸਭ ਕੁਝ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਮਕਸਦ ਲਈ ਸਬੰਧਿਤ ਧਿਰਾਂ ਵੱਲੋਂ ਕਾਤਲਾਂ ਕੋਲੋਂ ਮੋਟੀਆਂ ਰਕਮਾਂ ਹਾਸਿਲ ਕੀਤੀਆਂ ਗਈਆਂ ਹਨ। ਉਹਨਾਂ ਪੁੱਛਿਆ ਕਿ ਠਾਕੁਰ ਉਦੈ ਸਿੰਘ ਦੀ ਤਾਈ ਮਾਤਾ ਚੰਦ ਕੌਰ ਦਾ ਕਤਲ ਏਨੀ ਭਾਰੀ ਸੁਰੱਖਿਆ ਦੇ ਬਾਵਜੂਦ ਹੋ ਕਿਵੇਂ ਗਿਆ ?

ਨਾਮਧਾਰੀ ਬਚਿੱਤਰ ਸਿੰਘ ਭੁਰਜੀ ਅਤੇ ਹੋਰਨਾਂ ਨੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਕਹੀ ਗਈ ਇਸ ਗੱਲ ਦਾ  ਗੰਭੀਰ ਨੋਟਿਸ ਲਿਆ ਹੈ ਕਿ ਸਾਰੇ ਮਾਮਲੇ ਇੱਕੋ ਜਿਹੇ ਹੀ ਹਨ ਇਸ ਲਈ ਪੁਲਿਸ ਸਾਰੇ ਮਾਮਲਿਆਂ ਨੂੰ ਕਲੱਬ ਕਰਕੇ ਦੇਖ ਰਹੀ ਹੈ।  ਇਸ ਤਰਾਂ ਪੁਲਿਸ ਦੇ ਹੱਥ ਕਾਫੀ ਕੁਝ ਲੱਗ ਸਕਦਾ ਹੈ। 

ਨਾਮਧਾਰੀ ਬਚਿੱਤਰ ਸਿੰਘ ਭੁਰਜੀ ਅਤੇ ਹੋਰਨਾਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅਸਲ ਵਿੱਚ ਅਜਿਹੀ ਸੋਚ ਵਾਲੀ ਜਾਂਚ ਨਾਲ ਅਸਲੀ ਕਾਤਲ ਕਦੇ ਵੀ ਹੱਥ ਨਹੀਂ ਆਉਣੇ। ਜ਼ਿਕਰ ਯੋਗ ਹੈ ਕਿ ਅਤੀਤ ਵਿੱਚ ਪੱਤਰਕਾਰ ਰਹੇ ਸਰਦਾਰ ਭੁਰਜੀ ਆਪਣੀ ਵੱਖਰੀ ਅਤੇ ਘੋਖਵੀਂ ਨਜ਼ਰ ਲਈ ਪ੍ਰਸਿੱਧ ਰਹੇ ਹਨ। ਉਹ ਦੀਵਾਰਾਂ ਪਿੱਛੇ ਲੁਕੇ ਤੱਥਾਂ ਨੂੰ ਵੀ ਦੇਖਣ ਵਿੱਚ ਮਾਹਰ ਹਨ। ਸਰਦਾਰ ਭੁਰਜੀ ਨੇ ਕਿਹਾ ਕਿ ਮਾਤਾ ਚੰਦ ਕੌਰ ਦਾ ਕਤਲ ਵਿਸ਼ਾਲ ਕਿਲੇ ਜਿਹੀ ਸੁਰੱਖਿਆ ਵਰਗੇ ਪਾਵਨ ਅਸਥਾਨ ਸ੍ਰੀ ਭੈਣੀ ਸਾਹਿਬ ਦੇ ਅੰਦਰ ਹੋਇਆ ਹੈ ਜਿੱਥੇ ਠਾਕੁਰ ਉਦੈ ਸਿੰਘ ਅਤੇ ਜਗਤਾਰ ਸਿੰਘ ਦੀ ਮਰਜ਼ੀ ਬਿਨਾ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਉਹਨਾਂ ਇਸ ਗੱਲ ਦਾ ਹਵਾਲਾ ਦਿੱਤਾ ਕਿ ਠਾਕੁਰ ਉਦੈ ਸਿੰਘ ਦੀ ਸੱਕੀ ਮਾਂ ਬੇਬੇ ਦਲੀਪ ਕੌਰ ਅਤੇ ਸੱਕੇ ਭਰਾ ਠਾਕੁਰ ਦਲੀਪ ਸਿੰਘ ਨੂੰ ਵੀ ਭੈਣੀ ਸਾਹਿਬ ਦੇ ਦਰਸ਼ਨਾਂ ਤੱਕ ਲਈ ਨਹੀਂ ਜਾਣ ਦਿੱਤਾ ਜਾਂਦਾ। ਜਿੱਥੇ ਠਾਕੁਰ ਉਦੈ ਸਿੰਘ ਦੇ ਪਰਿਵਾਰਿਕ ਮੈਂਬਰ ਵੀ ਸੁਰੱਖਿਆ ਕਾਰਨਾਂ ਕਰਕੇ ਸ਼ਾਮਲ ਨਾਹੀਂ ਹੋ ਸਕਦੇ ਉੱਥੇ ਬਾਹਰਲੇ ਕਾਤਲ ਕਿਵੇਂ ਦਾਖਲ ਹੋ ਸਕਦੇ ਹਨ? 
ਨਾਮਧਾਰੀ ਬਚਿੱਤਰ ਸਿੰਘ ਭੁਰਜੀ ਨੇ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਇਸ ਮਾਮਲੇ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਅਜੇ ਤੱਕ ਮਾਮੂਲੀ ਜਿਹੀ ਜਾਣਕਾਰੀ ਵੀ ਦੁਨੀਆ ਸਾਹਮਣੇ ਨਹੀਂ ਲਿਆ ਸਕੀ। 

ਸਰਦਾਰ ਭੁਰਜੀ ਨੇ ਕਿਹਾ ਕਿ ਜੇ ਪੁਲਿਸ ਆਪਣੇ ਅਸਲੀ ਪੁਲਸੀਆ ਢੰਗ ਤਰੀਕ ਨਾਲ ਸਾਰੇ ਮਾਮਲੇ ਨੂੰ ਆਪਣੀ ਪਕੜ ਵਿੱਚ ਲੈਂਦੀ ਤਾਂ ਅਸਲੀ ਕਾਤਲਾਂ ਦਾ ਪਤਾ ਦਸਾਂ ਮਿੰਟਾਂ ਤੋਂ ਵੀ ਪਹਿਲਾਂ ਲੱਗ ਜਾਣਾ ਸੀ। ਉਹਨਾਂ ਕਿਹਾ ਕਿ 16 ਮਹੀਨੇ ਥੋਹੜੇ ਨਹੀਂ ਹੁੰਦੇ ਅਤੇ ਪੰਜਾਬ ਪੁਲਿਸ ਕੋਈ ਨਿਕੰਮੀ ਪੁਲਿਸ ਨਹੀਂ ਹੈ[ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਜੀ ਬਹੁਤ ਹੀ ਇਮਾਨਦਾਰ ਅਫਸਰ ਹਨ।  ਇਸ ਲਈ ਉਹਨਾਂ ਦੇ ਹੁੰਦਿਆਂ ਪੰਜਾਬ ਪੁਲਿਸ  ਦਾ ਇਹ ਹਾਲ ਕਿਵੇਂ ਹੋ ਗਿਆ ਜਿਸਨੂੰ ਅਸਲੀ ਕਾਤਲਾਂ ਦੀ ਸੂਹ ਤੱਕ ਨਾ ਮਿਲ ਸਕੇ। ਉਹਨਾਂ ਕਿਹਾ ਕਿ ਜੇ ਪੁਲਿਸ ਉੱਤੇ ਸਿਆਸੀ ਦਬਾਅ ਹੈ ਤਾਂ ਵੀ ਮਾੜੀ ਗੱਲ ਹੈ ਅਤੇ ਜੇ ਪੁਲਿਸ ਦੇ ਕੁਝ ਕੁ ਅਧਿਕਾਰੀ ਕਾਤਲਾਂ ਵੱਲੋਂ ਖਰੀਦ ਲਏ ਗਏ ਹਨ ਤਾਂ ਉਸ ਤੋਂ ਵੀ ਮਾੜੀ ਗੱਲ ਹੈ।

ਸ੍ਰੀ ਭੈਣੀ ਸਾਹਿਬ ਦੀ ਕਿਲ੍ਹੇਬੰਦ ਸੁਰੱਖਿਆ ਵਾਲੀ ਪਹਿਰੇਦਾਰੀ ਦਾ ਚਾਰਜ ਉਸ ਵੇਲੇ ਵੀ ਕਿਸ ਕੋਲ ਸੀ ਇਹ ਸਾਰੇ ਜਾਣਦੇ ਹਨ। ਕਾਤਲ ਕਿਹਨਾਂ ਦੇ ਸਹਿਯੋਗ ਨਾਲ ਅੰਦਰ ਪਹੁੰਚੇ ਹੋਣਗੇ ਇਸ ਬਾਰੇ ਆਂਦਾ ਲਾਉਣਾ ਕੋਈ ਔਖਾ ਨਹੀਂ। ਗੋਲੀ ਲੱਗਣ ਮਗਰੋਂ ਮਾਤਾ ਜੀ ਦੇ ਇਲਾਜ ਵਿੱਚ ਦੇਰੀ ਕਰਨ ਕਰਾਉਣ ਵਾਲੇ ਵੀ ਨਿਸਚੇ ਹੀ ਮਾਤਾ ਜੀ ਦੇ ਕਾਤਲਾਂ ਦੀ ਹੀ ਸਹਾਇਤਾ ਕਰ ਰਹੇ ਸਨ। ਹੁਣ ਉਹਨਾਂ ਨੂੰ ਬੇਨਕਾਬ ਕਰਨਾ ਜਾਂਚ ਏਜੰਸੀਆਂ ਦਾ ਹੀ ਕੰਮ ਹੈ। 

ਆਈ ਜੀ ਅਤੇ ਪੁਲਿਸ ਕਮਿਸ਼ਨਰ 'ਤੇ ਆਧਾਰਿਤ ਐਸ ਆਈ ਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਪੰਜਾਂ ਮਹੀਨਿਆਂ ਤੱਕ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਲੱਭ ਸਕੀ ਤਾਂ ਇਹ ਮਾਮਲਾ 17 ਸਤੰਬਰ ਨੂੰ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ। ਇਸਦੇ ਬਾਵਜੂਦ ਦਸਾਂ ਮਹੀਨਿਆਂ ਤੱਕ ਰਿਜ਼ਲਟ ਜ਼ੀਰੋ। ਕੀ ਹੁਣ ਮੰਨ ਲਿਆ ਜਾਏ ਕਿ ਕਾਤਲਾਂ ਦਾ ਨੈਟਵਰਕ ਅਤੇ ਸਟਾਈਲ ਹਰ ਮਾਮਲੇ ਵਿੱਚ ਪੁਲਿਸ ਤੋਂ ਚਾਰ ਕਦਮ ਅੱਗੇ ਰਿਹਾ? ਸਰਦਾਰ ਭੁਰਜੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪੁਲਿਸ ਨੂੰ ਸਾਰੇ ਦਬਾਵਾਂ ਅਤੇ ਲਾਲਚਾਂ ਤੋਂ ਮੁਕਤ ਹੋ ਕੇ ਪੇਸ਼ੇਵਾਰਾਨਾ ਪਹੁੰਚ ਅਪਨਾਉਣੀ ਚਾਹੀਦੀ ਹੈ ਵਰਨਾ ਪੁਲਿਸ ਦੀ ਸਾਖ ਪਹੁੰਚ ਵਾਲੇ ਅਤੇ ਤਗੜੇ ਵਿਅਕਤੀਆਂ ਦੀ ਪ੍ਰਾਈਵੇਟ ਸਕਿਓਰਿਟੀ ਵਾਲੀ ਬਣ ਜਾਵੇਗੀ। ਉਸਦੀ ਸਟੇਟ ਸਕਿਓਰਿਟੀ ਵਾਲੀ ਸਾਖ ਸ਼ੱਕ ਦੇ ਘੇਰੇ ਵਿੱਚ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਪੁਲਿਸ ਇਸ ਮਾਮਲੇ ਵਿੱਚ ਗੰਭੀਰ ਹੋਵੇ ਅਤੇ ਆਮ ਨਾਮਧਾਰੀਆਂ ਨੂੰ ਭੈਅ ਮੁਕਤ ਕਰ ਸਕੇ ਤਾਂ ਸਮੁੱਚਾ ਨਾਮਧਾਰੀ ਪੰਥ ਇਸ ਸਬੰਧੀ ਪੁਲਿਸ ਨੂੰ ਸਹਿਯੋਗ ਕਰੇਗਾ। ਇਸਦੇ ਨਾਲ ਹੀ ਉਹਨਾਂ ਸਮੂਹ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਕਿ ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਉਹ ਪੁਲਿਸ ਨੂੰ ਆਪੋ ਆਪਣੇ ਸਿਆਸੀ ਮੰਤਵਾਂ ਲਈ ਵਰਤਣਾਂ ਛੱਡ ਦੇਣ। 
ਇਸ ਮੋਕੇ ਤੇ ਹਰਵਿੰਦਰ ਸਿੰਘ ਨਾਮਧਾਰੀ , ਪ੍ਰਧਾਨ ਹਰਭਜਨ ਸਿੰਘ , ਮੋਹਨ ਸਿੰਘ, ਬਲਵੰਤ ਸਿੰਘ , ਮਨਿੰਦਰ ਸਿੰਘ ਭੁੱਲਰ , ਮਾਨ ਸਿੰਘ, ਰਜਿੰਦਰ ਸਿੰਘ ਨਾਮਧਾਰੀ, ਕੁੱਲਵੰਤ ਸਿੰਘ ਹਾਜਰ ਸਨ।   

No comments: