Thursday, June 01, 2017

CPI ਵੱਲੋਂ ਸਿਆਸੀ ਪਰਿਵਾਰਾਂ ਦੇ ਕਾਰੋਬਾਰਾਂ ਦਾ ਵੇਰਵਾ ਜਨਤਕ ਕਰਨ ਦੀ ਮੰਗ

ਨਵੰਬਰ ਵਿਚ ਕੀਤੀ ਜਾਵੇਗੀ ਸੂਬਾ ਪੱਧਰ ਦੀ ਵਿਸ਼ਾਲ ਰੈਲੀ
ਚੰਡੀਗੜ੍ਹ: 1 ਜੂਨ 2017: (ਪੰਜਾਬ ਸਕਰੀਨ ਬਿਊਰੋ):: 
ਲੋਕ ਹਿਤਾਂ ਦੀ ਰਾਖੀ ਲਈ ਆਵਾਜ਼ ਦੇ ਮਾਮਲੇ ਵਿੱਚ ਸੀ ਪੀ ਆਈ (ਭਾਰਤੀ ਕਮਿਊਨਿਸਟ ਪਾਰਟੀ) ਇੱਕ ਵਾਰ ਫੇਰ ਪੂਰੀ ਪਹਿਲਕਦਮੀ ਨਾਲ ਖੁੱਲ੍ਹ ਕੇ ਸਾਹਮਣੇ ਆਈ ਹੈ। ਸੀਪੀਆਈ ਨੇ ਜਿੱਥੇ ਰਾਣਾ ਗੁਰਜੀਤ ਸਿੰਘ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ ਉੱਥੇ ਸਿਆਸੀ ਪਰਿਵਾਰਾਂ ਦੇ ਕਾਰੋਬਾਰਾਂ ਦਾ ਵੇਰਵਾ ਵੀ ਜਨਤਾ ਦੇ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਲੁੱਕਵੇਂ ਸਿਆਸੀ ਗੱਠਜੋੜਾਂ ਦੇ ਦੌਰ ਵਿੱਚ ਸੀ ਪੀ ਆਈ ਦੀ ਇਹ ਪਹਿਲ ਜਿੱਥੇ ਆਮ ਲੋਕਾਂ ਵਿੱਚ ਉਮੀਦ ਦੀ ਇੱਕ ਨਵੀਂ ਕਿਰਨ ਬਣ ਕੇ ਉਭਰੀ ਹੈ ਉੱਥੇ ਕੇਡਰ ਵਿੱਚ ਵੀ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਲੈ ਕੇ ਆਈ ਹੈ।   
ਸੀ ਪੀ ਆਈ ਦੀ ਪੰਜਾਬ ਇਕਾਈ ਦੀ ਸੂਬਾ ਕਾਰਜਕਾਰਨੀ ਨੇ ਸਪਸ਼ਟ ਮੰਗ ਕੀਤੀ ਹੈ ਕਿ ਦਾਗੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਅਜਿਹਾ ਕਰਕੇ ਹੀ ਕੁਰੱਪਸ਼ਨ ਵਿਰੁੱਧ ਲੜਾਈ ਦੇ ਕੀਤੇ ਵਾਅਦੇ ਨੂੰ ਪੂਰਿਆ ਕੀਤਾ ਜਾ ਸਕੇਗਾ। ਦੂਜਾ ਅਦਾਲਤੀ ਪੜਤਾਲ ਨੂੰ ਆਜ਼ਾਦ ਅਤੇ ਨਿਆਂਪੂਰਨ ਬਣਾਇਆ ਜਾਵੇ, ਕਿਉਂਕਿ ਕੈਬਨਿਟ ਮੰਤਰੀ ਗਵਾਹਾਂ ਅਤੇ ਪੜਤਾਲ ਨੂੰ ਸੌਖਿਆਂ ਹੀ ਪ੍ਰਭਾਵਤ ਕਰ ਸਕਦਾ ਹੈ। ਅਜਿਹੀ ਹਾਲਤ ਵਿੱਚ ਨੈਤਿਕਤਾ ਤਾਂ ਉਂਜ ਹੀ ਮੰਗ ਕਰਦੀ ਹੈ ਕਿ ਮੰਤਰੀ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜਦੋਂ ਉਸ ਦੇ ਖਿਲਾਫ ਸੇਵਾ-ਮੁਕਤ ਜੱਜ ਦਾ ਪੜਤਾਲੀਆ ਕਮਿਸ਼ਨ ਬਣਾ ਦਿੱਤਾ ਗਿਆ ਹੈ। ਪਾਰਟੀ ਨੇ ਪੜਤਾਲ ਦੀਆਂ ਸ਼ਰਤਾਂ ਨੂੰ ਵੀ ਮੰਤਰੀ ਪ੍ਰਤੀ ਲਿਹਾਜੂ ਕਿਹਾ ਅਤੇ ਸਰਕਾਰ ਨੂੰ ਸਿੱਧਾ ਆਪਣੇ ਨਿਸ਼ਾਨੇ ਤੇ ਰੱਖਿਆ।
ਚੰਡੀਗੜ੍ਹ ਵਿੱਚ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਾਰਜਕਾਰਨੀ ਦੀ ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਨੇ ਗੈਰ-ਕਾਨੂੰਨੀ ਰੇਤ ਕੱਢਣ ਅਤੇ ਵੇਚਣ ਨੂੰ ਸਖਤੀ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਸੀ, ਪਰ 19-20 ਮਈ ਨੂੰ ਰੇਤ ਖੱਡਾਂ ਦੀ ਨੀਲਾਮੀ ਹੋਈ, ਉਸ ਵਿਚ 89 ਵਿੱਚੋਂ 4 ਠੇਕੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਥਿਤ 'ਸਾਬਕਾ' ਰਸੋਈਏ ਅਤੇ ਮੁਲਾਜ਼ਮਾਂ ਨੂੰ ਦਿੱਤੇ ਗਏ ਹਨ। ਰਸੋਈਏ ਅੰਮਿਤ ਬਹਾਦਰ ਦੇ ਬੈਂਕ ਵਿਚ ਪਹਿਲੀ ਅਪਰੈਲ ਨੂੰ ਕੁਲ 4840 ਰੁਪਏ ਸਨ, ਪਰ ਉਸ ਨੂੰ 26 ਕਰੋੜ ਦੀ ਨੀਲਾਮੀ ਦਾ ਠੇਕਾ ਦਿੱਤਾ ਗਿਆ। ਬਹਾਨਾ ਘੜਿਆ ਗਿਆ ਹੈ ਕਿ ਉਹ ਹੁਣ ਮੰਤਰੀ ਦੇ ਮੁਲਾਜ਼ਮ ਨਹੀਂ ਹਨ। ਆਖਿਰ ਹੁਣ ਉਹ ਕਿਸ ਦੇ ਮੁਲਾਜ਼ਮ ਹਨ?  
ਸਾਥੀ ਅਰਸ਼ੀ ਨੇ ਕਿਹਾ ਕਿ ਮੰਤਰੀ ਜੀ ਨੂੰ ਉਂਜ ਵੀ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਬਿਜਲੀ ਮੰਤਰੀ ਹੁੰਦਾ ਹੋਇਆ ਸਰਕਾਰ ਨੂੰ ਆਪਣੇ ਕਾਰਖਾਨੇ ਵਿਚ ਪੈਦਾ ਕੀਤੀ ਬਿਜਲੀ ਵੇਚਦਾ ਹੈ। ਚੇਤੇ ਰਹੇ ਕਿ ਇਹ ਉਹੋ ਮੰਤਰੀ ਹੈ, ਜਿਸ ਨੇ ਗੱਡੀਆਂ ਤੋਂ ਲਾਲ ਬੱਤੀ ਹਟਾਉਣ ਦਾ ਵਿਰੋਧ ਕੀਤਾ ਸੀ। ਪਾਰਟੀ ਨੇ ਮੰਗ ਕੀਤੀ ਕਿ ਸਰਕਾਰ ਵਾਅਦੇ ਮੁਤਾਬਕ ਪੰਜਾਬ ਦੀ ਮਾਲੀ ਹਾਲਤ ਬਾਰੇ ਸਫੇਦ ਪੱਤਰ ਲਿਆਉਣ ਤੋਂ ਪਹਿਲਾਂ ਇਕ ਹੋਰ ਜ਼ਰੂਰੀ ਸਫੇਦ ਪੱਤਰ ਜਾਰੀ ਕਰਕੇ ਲੋਕਾਂ ਨੂੰ ਜਾਣਕਾਰੀ ਦੇਵੇ ਕਿ ਪੰਜਾਬ ਦੀ ਕਿਸ-ਕਿਸ ਸਿਆਸੀ ਸ਼ਖਸੀਅਤ ਅਤੇ ਸਿਆਸੀ ਪਰਵਾਰ ਦੇ ਕਿਹੜੇ-ਕਿਹੜੇ ਕਾਰੋਬਾਰ ਹਨ ਅਤੇ ਉਹਨਾਂ ਵਿਚ ਕਿੰਨਾ-ਕਿੰਨਾ ਪੈਸਾ ਉਸ ਪਰਵਾਰ ਨੇ ਲਾਇਆ ਹੋਇਆ ਹੈ, ਮਿਸਾਲ ਲਈ ਟਰਾਂਸਪੋਰਟ, ਸ਼ਰਾਬ ਦੇ ਠੇਕੇ, ਸ਼ਰਾਬ ਦੇ ਕਾਰਖਾਨੇ, ਰੇਤ ਖੱਡਾਂ, ਹੋਟਲ ਆਦਿ। ਮੀਟਿੰਗ ਨੇ ਦੇਸ਼ ਵਿਚ ਖਾਸ ਕਰਕੇ ਭਾਜਪਾ ਰਾਜ ਵਾਲੇ ਸੂਬਿਆਂ ਵਿਚ ਦਲਿਤ, ਘੱਟ-ਗਿਣਤੀਆਂ ਅਤੇ ਇਸਤਰੀਆਂ ਉਤੇ ਹੋ ਰਹੇ ਹਮਲਿਆਂ ਦੀ ਸਖਤ ਨਿਖੇਧੀ ਕੀਤੀ। ਇਹ ਹਮਲੇ ਸੰਘ-ਪਰਵਾਰ ਦੇ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਹਨ। ਅਸਲ ਵਿਚ ਮਨੂੰ ਸਮਰਿਤੀ ਲਾਗੂ ਕੀਤੀ ਜਾ ਰਹੀ ਹੈ। ਵਾਤਾਵਰਣ ਮੰਤਰਾਲੇ ਵੱਲੋਂ ਹੁਕਮ ਜਾਰੀ ਕਰਕੇ ਪਸ਼ੂ ਪਾਲਣ ਵਿਭਾਗ (ਜੋ ਰਾਜਾਂ ਕੋਲ ਹੈ) ਦੇ ਅਧਿਕਾਰ ਖੇਤਰ ਵਿਚਲੇ ਵਿਸ਼ੇ ਨੂੰ ਉਲੰਘ ਕੇ ਗਊਆਂ ਅਤੇ ਮੱਝਾਂ ਦੀਆਂ ਮੰਡੀਆਂ ਵਿਚ ਵਿਕਰੀ ਉਤੇ ਕਥਿਤ 'ਗੋ ਹੱਤਿਆ', 'ਮੱਝ ਹੱਤਿਆ' ਨੂੰ ਰੋਕਣ ਲਈ ਪਾਬੰਦੀ ਲਾ ਦਿੱਤੀ ਗਈ ਹੈ। ਮੁਲਕ ਨੂੰ ਇੰਜ ਹਿੰਦੂ ਰਾਸ਼ਟਰ ਬਣਾਉਣ ਵੱਲ ਵਧਿਆ ਜਾ ਰਿਹਾ ਹੈ ਅਤੇ ਲੋਕਾਂ ਦੀ ਖਾਣ-ਪੀਣ ਦੀ ਆਜ਼ਾਦੀ ਵੀ ਖੋਹੀ ਜਾ ਰਹੀ ਹੈ।
ਮੀਟਿੰਗ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਸੰਘ ਦੀਆਂ ਦੇਸ਼ ਦੇ ਧਰਮ-ਨਿਰਪੱਖ ਜਮਹੂਰੀ ਢਾਂਚੇ ਦਾ ਵਿਨਾਸ਼ ਕਰਨ ਦੀਆਂ ਚਾਲਾਂ ਦਾ ਸਮੁੱਚੀਆਂ ਧਰਮ-ਨਿਰਪਖ ਜਮਹੂਰੀ ਸ਼ਕਤੀਆਂ ਮਿਲ ਕੇ ਵਿਰੋਧ ਕਰਨ।
ਸੂਬਾ ਕਾਰਜਕਾਰਨੀ ਨੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕੀਤੀ ਕਿ ਚੋਣ ਮੁਹਿੰਮ ਦੌਰਾਨ ਚੋਣ ਮੈਨੀਫੈਸਟੋ ਵਿਚ ਅਤੇ ਫਿਰ ਸਰਕਾਰ ਬਣਨ ਮਗਰੋਂ ਕੀਤੇ ਐਲਾਨਾਂ ਵਿਚ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ, ਜਿਵੇਂ ਕਿਸਾਨਾਂ ਦੀ ਕਰਜ਼ ਮੁਆਫੀ ਤੋਂ ਭੱਜਿਆ ਜਾ ਰਿਹਾ ਹੈ ਜਿਸ ਵਿਚ ਕੇਵਲ 14 ਫੀਸਦੀ ਕਰਜ਼ ਹੀ ਕਵਰ ਹੁੰਦੇ ਹਨ, ਨਸ਼ਿਆਂ ਵਿਰੁੱਧ ਲੜਾਈ ਦੇ ਵੀ ਖਾਸ ਨਤੀਜੇ ਸਾਹਮਣੇ ਨਹੀਂ ਆਏ, ਸਗੋਂ ਉਹ ਹੁਣ ਕਾਂਗਰਸੀ ਬਣ ਰਹੇ ਹਨ, ਕੁਰੱਪਸ਼ਨ ਬੰਦ ਨਹੀਂ ਹੋਈ, ਉਸ ਵਿਚ ਤਾਂ ਕੈਬਨਿਟ ਮੰਤਰੀ ਵੀ ਸ਼ਾਮਲ ਹਨ, ਅਮਨ-ਕਾਨੂੰਨ ਦੀ ਸਥਿਤੀ ਹੋਰ ਵਿਗੜ ਗਈ ਹੈ, ਕਿਸਾਨਾਂ, ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਜਾਰੀ ਹਨ। ਨੌਜਵਾਨਾਂ ਲਈ ਰੁਜ਼ਗਾਰ ਨਹੀਂ ਸਿਰਜਿਆ ਜਾ ਰਿਹਾ। ਲੋਕਾਂ ਨੂੰ ਝੂਠੀ ਆਸ ਜਿਹੀ ਲੱਗੀ ਜਾਪਦੀ ਹੈ ਕਿ ਜੂਨ ਵਿਚ ਆ ਰਹੇ ਬੱਜਟ ਵਿਚ ਸ਼ਾਇਦ ਕੁਝ ਕੀਤਾ ਜਾਵੇ। ਲੋਕਾਂ ਵਿਚ ਨਿਰਾਸ਼ਾ ਪੈਦਾ ਹੋ ਰਹੀ ਹੈ, ਉਹ ਸੰਘਰਸ਼ ਦੇ ਮੈਦਾਨ ਵਿਚ ਨਿੱਤਰ ਰਹੇ ਹਨ।
ਮੀਟਿੰਗ ਨੇ ਦੇਸ਼ ਵਿਚ ਵਧ ਰਹੇ ਫਾਸ਼ੀ ਰੁਝਾਨਾਂ ਵਿਰੁੱਧ, ਸੂਬੇ ਵਿਚ ਇਕਰਾਰ ਪੂਰੇ ਕਰਾਉਣ ਲਈ, ਵੱਖ-ਵੱਖ ਤਬਕਿਆਂ ਦੀਆਂ ਮੰਗਾਂ ਲਈ ਅੰਦੋਲਨ ਚਲਾਉਣ ਦਾ ਫੈਸਲਾ ਕੀਤਾ, ਜਿਸ ਲਈ ਪਹਿਲਾਂ ਜ਼ਿਲ੍ਹਾ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਫਿਰ ਨਵੰਬਰ ਵਿਚ ਇਕ ਸੂਬਾ ਵਿਸ਼ਾਲ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਦੀ ਤਿਆਰੀ ਲਈ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਸਮੇਤ ਪਾਰਟੀ ਦੀ ਕੌਮੀ ਲੀਡਰਸ਼ਿਪ ਪੰਜਾਬ ਦਾ ਦੌਰਾ ਕਰੇਗੀ। ਆਰੰਭ ਵਿਚ ਮੀਟਿੰਗ ਨੇ ਦੋ ਮਿੰਟ ਮੋਨ ਖੜੇ ਹੋ ਕੇ ਪਿਛਲੇ ਦਿਨਾਂ ਵਿਚ ਵਿੱਛੜੇ ਸਾਥੀਆਂ ਬੀਬੀ ਇਕਬਾਲ ਕੌਰ ਭਸੀਨ, ਕਾਮਰੇਡ ਰਾਜਿੰਦਰ ਸਿੰਘ ਪੰਜਗਰਾਈਆਂ, ਕਾਮਰੇਡ ਗੁਰਦਿਆਲ ਸਿੰਘ ਬਖਸ਼ੀਵਾਲਾ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਹੁਣ ਦੇਖਣਾ ਹੈ ਕਿ ਸੀਪੀਆਈ ਜਨਤਕ ਸੰਘਰਸ਼ਾਂ ਦੀ ਲਾਮਬੰਦੀ ਲਈ ਆਪਣੇ ਪਹਿਲਾਂ ਵਰਗੇ ਜੋਸ਼ੀਲੇ ਕੇਡਰ ਨੂੰ ਦੋਬਾਰਾ ਆਪਣੇ ਨਾਲ ਜੋੜਨ ਲਈ ਕਿ ਕਿ ਕਦਮ ਚੁੱਕਦੀ ਹੈ।  

No comments: