Sunday, June 11, 2017

ਮੁਨਸ਼ੀ ਤੋਂ ਤੰਗ ਆ ਕੇ ਮਹਿਲਾ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ

ਦਲਿਤ ਪਰਵਾਰ ਨਾਲ ਸੰਬੰਧਤ ਸੀ ਮ੍ਰਿਤਕ ਅਮਨਪ੍ਰੀਤ ਕੌ 
ਜੋਧਾਂ (ਮੁੱਲਾਂਪੁਰ ਦਾਖਾ): (ਪੰਜਾਬ ਸਕਰੀਨ ਬਿਊਰੋ):: 
ਇਖਲਾਕੀ ਕਦਰਾਂ ਕੀਮਤਾਂ, ਨੈਤਿਕਤਾ, ਅਮਨ ਕਾਨੂੰਨ ਅਤੇ ਪੁਲਿਸ ਵਰਗੇ ਮਹਿਕਮਿਆਂ ਵਿੱਚ ਸੁਰੱਖਿਆ ਵਰ੍ਹੇ ਮਾਮਲਿਆਂ 'ਤੇ ਉਦੋਂ ਸੁਆਲੀਆ ਚਿਨ੍ਹ ਲੱਗ ਗਿਆ ਜਦੋਂ ਇੱਕ ਮਹਿਲਾ ਕਾਂਸਟੇਬਲ ਨੇ ਪਿੰਡ ਜੋਧਾਂ ਦੇ ਠਾਣੇ ਵਿੱਚ ਫਾਹਾ ਲਾਇ ਕੇ ਖ਼ੁਦਕੁਸ਼ੀ ਕਰ ਲਈ। 
ਮੁਢਲੀਆਂ ਰਿਪੋਰਟਾਂ ਮੁਤਾਬਿਕ ਥਾਣਾ ਜੋਧਾਂ ਦੇ ਮੁਨਸ਼ੀ ਨਿਰਭੈ ਸਿੰਘ ਦੀਆਂ ਆਪ-ਹੁਦਰੀਆਂ ਤੋਂ ਤੰਗ ਆ ਕੇ ਥਾਣੇ ਵਿੱਚ ਹੀ ਡਿਊਟੀ ਕਰਦੀ ਅਮਨਪ੍ਰੀਤ ਕੌਰ ਨੰਬਰ 946 ਪੁੱਤਰੀ ਕੁਲਵੰਤ ਸਿੰਘ ਪਿੰਡ ਖੰਡੂਰ ਹੁਣ ਅਕਾਲਗੜ੍ਹ ਵਾਸੀ ਨੇ ਥਾਣੇ ਅੰਦਰ ਹੀ ਛੱਤ ਵਾਲੇ ਪੱਖੇ ਨਾਲ ਆਪਣੀ ਚੁੰਨੀ ਗਲ ਵਿੱਚ ਪਾ ਕੇ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਥਾਣਾ ਜੋਧਾਂ ਦੀ ਪੁਲਸ ਨੇ ਮ੍ਰਿਤਕ ਅਮਨਪ੍ਰੀਤ ਕੌਰ ਦੇ ਭਾਈ ਗੁਰਿੰਦਰ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 80 ਦੀ ਧਾਰਾ 306 ਆਈ ਪੀ ਸੀ ਤਹਿਤ ਦਰਜ ਕਰਕੇ ਮੁਨਸ਼ੀ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  
ਪੁਲਸ ਨੂੰ ਗੁਰਿੰਦਰ ਸਿੰਘ ਨੇ ਦਿੱਤੇ ਬਿਆਨਾਂ ਵਿੱਚ ਲਿਖਿਆ ਹੈ ਉਸ ਦੀ ਭੈਣ ਅਮਨਪ੍ਰੀਤ ਕੌਰ, ਜੋ ਕਿ 2011 ਵਿੱਚ ਪੁਲਸ ਵਿੱਚ ਭਰਤੀ ਹੋਈ ਸੀ, ਉਸ ਨੇ ਨੌਕਰੀ ਦੀ ਸ਼ੁਰੂਆਤ ਵੀ ਥਾਣਾ ਜੋਧਾਂ ਤੋਂ ਹੀ ਕੀਤੀ ਸੀ। ਇੱਥੇ ਉਸ ਨੇ 6 ਸਾਲ ਨਿਰਵਿਘਨ ਡਿਊਟੀ ਕੀਤੀ, ਪਰ ਪਿਛਲੇ ਡੇਢ ਮਹੀਨੇ ਤੋਂ ਥਾਣੇ ਦਾ ਮੁਨਸ਼ੀ ਨਿਰਭੈ ਸਿੰਘ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜੋ ਉਸ ਦੀ ਭੈਣ ਨੇ ਉਸ ਨੂੰ ਘਰ ਆ ਕੇ ਵੀ ਕਈ ਵਾਰ ਦੱਸਿਆ। ਮੇਰੀ ਭੈਣ ਨੇ ਇਸ ਦੀ ਲਿਖਤੀ ਸ਼ਿਕਾਇਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਸ ਦਾ ਕੋਈ ਅਮਲ ਨਹੀਂ ਹੋਇਆ। ਆਖਰ ਉਸ ਦੀ ਭੈਣ ਨੇ ਮਜਬੂਰੀ ਵੱਸ ਹੋ ਕੇ ਇਹ ਕਦਮ ਚੁੱਕ ਲਿਆ। ਇਸ ਸੰਬੰਧੀ ਥਾਣਾ ਮੁਖੀ ਮੋਹਨ ਦਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਅਮਨਪ੍ਰੀਤ ਕੌਰ ਅਜਿਹੀ ਲੜਕੀ ਨਹੀਂ ਸੀ, ਉਹ ਦਿਨੇ ਆਮ ਵਾਂਗ ਹੀ ਕੰਮ ਕਰਦੀ ਰਹੀ, ਉਸ ਦੇ ਦਿਲ ਵਿੱਚ ਕੀ ਸੀ ਇਹ ਨਹੀ
 ਦੱਸਿਆ। ਨਾਕੇ ਲੱਗਣ ਉਪਰੰਤ ਉਹ ਆਪਣੇ ਕਮਰੇ ਵਿੱਚ ਗਈ ਤੇ ਇਹ ਕਦਮ ਚੁੱਕ ਲਿਆ। ਬਾਕੀ ਉਸ ਦੀ ਪੋਸਟ-ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲਾ ਪਤਾ ਲੱਗੇਗਾ। ਜ਼ਿਕਰਯੋਗ ਹੈ ਕਿ ਮ੍ਰਿਤਕ ਅਮਨਪ੍ਰੀਤ ਕੌਰ ਦਲਿਤ ਪਰਵਾਰ ਨਾਲ ਸੰਬੰਧਤ ਸੀ ਤੇ ਉਸ ਦੇ ਮਾਤਾ-ਪਿਤਾ ਪਹਿਲਾ ਹੀ ਚੱਲ ਵਸੇ ਹਨ, ਉਹ ਆਪਣੇ ਭਰਾ, ਭੈਣ ਕੋਲ ਰਹਿੰਦੀ ਸੀ। ਹੁਣ ਦੇਖਣਾ ਹੈ ਕਿ ਮਾਮਲਾ ਕਿ ਰੁੱਖ ਲੈਂਦਾ ਹੈ। 

No comments: