Thursday, June 01, 2017

ਲੁਧਿਆਣਾ ਵਿੱਚ ਪ੍ਰੈਸ ਕਲੱਬ ਦੇ ਸੰਕਲਪ ਨਾਲ ਫਿਰ ਜਾਗੀ ਏਕਤਾ ਦੀ ਉਮੀਦ

 31 ਮਈ ਦੀ ਮੀਟਿੰਗ ਨੇ ਵੀ ਕੀਤੀਆਂ ਕਈ ਪ੍ਰਾਪਤੀਆਂ 
ਲੁਧਿਆਣਾ: 31 ਮਈ 2017: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਲੁਧਿਆਣਾ ਵਿੱਚ ਪ੍ਰੈੱਸ ਕਲੱਬ ਬਣਾਉਣ ਦੀਆਂ ਸਰਗਰਮੀਆਂ ਫਿਰ ਤੇਜ਼ ਹੋਈਆਂ ਲੱਗਦੀਆਂ ਹਨ। ਇਸ ਸਬੰਧੀ ਸਰਕਟ ਹਾਊਸ ਵਿੱਚ 31 ਮਈ ਨੂੰ ਮੀਟਿੰਗ ਬੁਲਾਈ ਗਈ ਸੀ। ਹਾਲ ਖਚਾਖਚ ਭਰਿਆ ਹੋਇਆ ਸੀ। ਹਾਲ ਵਿੱਚ ਥਾਂ ਨਾ ਹੋਣ ਕਰ ਬਹੁਤ ਸਾਰੇ ਪੱਤਰਕਾਰ ਬਾਹਰ ਖੜੇ ਸਨ। ਏਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਬਹੁਤ ਸਾਰੇ ਚਰਚਿਤ ਚਿਹਰੇ ਗੈਰ ਹਾਜ਼ਰ ਸਨ। ਪਤਾ ਨਹੀਂ ਗੈਰ ਹਾਜ਼ਰ ਮੈਂਬਰਾਂ ਨੂੰ ਪ੍ਰੈਸ ਕਲੱਬ ਦੀ ਕਾਇਮੀ ਨਾਲ ਕੋਈ ਵਿਰੋਧ ਹੈ ਜਾਂ 31 ਮਈ ਦੀ ਮੀਟਿੰਗ ਵਾਲਿਆਂ ਨਾਲ ਕੋਈ ਗੁੱਸਾ ਗਿਲਾ। ਲੁਧਿਆਣਾ ਜ਼ਿਲੇ ਦਾ ਸਮੁੱਚਾ ਮੀਡੀਆ ਇਸ ਮੌਕੇ ਵੀ ਇੱਕ ਜੁੱਟ ਹੋ ਕੇ ਇਸ ਮੰਗ ਲਈ ਇਸ ਮੀਟਿੰਗ ਵਿੱਚ ਅਜੇ ਨਹੀਂ ਆਇਆ। ਪਤਾ ਨਹੀਂ ਗੈਰ ਹਾਜ਼ਰ ਰਹਿਣ ਵਾਲੇ ਖੁਦ ਨੂੰ ਅਸਲੀ ਅਤੇ ਵੱਡਾ ਪੱਤਰਕਾਰ ਸਮਝਦੇ ਹਨ ਜਾਂ ਮੀਟਿੰਗ ਵਾਲਿਆਂ ਨੇ ਉਹਨਾਂ ਨੂੰ ਬੁਲਾਉਣਾ ਠੀਕ ਨਹੀਂ ਸਮਝਿਆ। ਇਸੇ ਦੌਰਾਨ ਲੁਧਿਆਣਾ ਦੇ ਦੋ ਸੀਨੀਅਰ ਪੱਤਰਕਾਰ ਜਨਮੇਜਾ ਸਿੰਘ ਜੋਹਲ ਅਤੇ ਮੁਨੀਸ਼ ਅੱਤਰੀ ਪੰਜਾਬ ਪ੍ਰੈਸ ਕਲੱਬ ਦੇ ਮੈਂਬਰ ਬਣ ਚੁੱਕੇ ਹਨ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੁਧਿਆਣਾ ਤੋਂ ਬਾਹਰਲੇ ਸੰਗਠਨਾਂ ਵੱਲ ਆਕਰਸ਼ਿਤ ਹਨ। 
ਇਹ ਵਰਤਾਰਾ ਪਿਛਲੇ ਕਾਫੀ ਸਮੇਂ ਤੋਂ ਜਾਰੀ ਹੈ। ਇਸਦੀ ਸ਼ੁਰੂਆਤ ਹੋਈ ਸੀ ਜਦੋਂ ਪੰਜਾਬ ਯੂਨੀਅਨ ਆਫ ਜਰਨਲਿਸਟਸ ਸਫਲਤਾ ਅਤੇ ਏਕਤਾ ਦੀਆਂ ਉਚਾਈਆਂ ਛੂਹਣ ਮਗਰੋਂ ਆਪਸੀ ਫੁੱਟ ਕਾਰਨ ਹਾਸ਼ੀਏ ਤੋਂ ਬਾਹਰ ਹੋ ਗਈ ਸੀ। ਸ਼ਿਆਮ ਖੋਸਲਾ,  ਬਲਬੀਰ ਪੁੰਜ, ਅਸ਼ੋਕ ਮਲਿਕ, ਪ੍ਰੇਮ ਗੋਇਲ, ਡਾਕਟਰ ਹਰਜਿੰਦਰ ਸਿੰਘ ਲਾਲ ਅਤੇ ਕਈ ਹੋਰਨਾਂ ਦੀ ਮੇਹਨਤ ਇਸ ਗੁੱਟਬੰਦੀ ਕਾਰਨ ਖੂਹ ਖਾਤੇ ਚਲੀ ਗਈ। ਗੁੱਟਬੰਦੀ ਦੇ ਕਾਰਨ ਕਈ ਹੋਰ ਵੀ ਸਨ ਪਰ ਮੁੱਖ ਮੁੱਦਾ ਦੋ ਵਿਚਾਰਧਾਰਾਵਾਂ ਵਿੱਚ ਚੱਲਦੀ ਠੰਡੀ ਜੰਗ ਦਾ ਸੀ। ਇੱਕ ਧਿਰ ਆਰ ਐਸ ਐਸ ਵਿਚਾਰਧਾਰਾ ਨਾਲ ਸਬੰਧਿਤ ਸੀ ਅਤੇ ਦੂਸਰੀ ਆਰ ਐਸ ਐਸ ਵਿਰੋਧੀ ਵਿਰੋਧੀਆਂ ਦੇ ਗੁੱਟ ਦੀ ਜਿਹਨਾਂ ਕੋਲ ਸਿਧਾਂਤਕ ਤੌਰ ਤੇ ਕੋਈ ਪ੍ਰਤੀਬੱਧਤਾ ਨਹੀਂ ਸੀ ਸਿਰਫ ਵਿਰੋਧ ਹੀ ਵਿਰੋਧ ਸੀ। ਬਹੁਤ ਸਾਰੇ ਲੋਕ ਮੀਟਿੰਗਾਂ ਵਿੱਚ ਹਿੰਦੀ ਬੋਲਦੇ ਤਾਂ ਦੇਖਾ ਦੇਖੀ ਹਿੰਦੀ ਦੇ ਪ੍ਰਭਾਵ ਹੇਠ ਆਏ ਉਹ ਮੈਂਬਰ ਵੀ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਜਿਹਨਾਂ ਨੂੰ ਹਿੰਦੀ ਬੋਲਣੀ ਨਹੀਂ ਸੀ ਆਉਂਦੀ। ਸਵਰਗੀ ਸ਼ਿਆਮ ਖੋਸਲਾ ਨੇ ਕਈ ਵਾਰ ਕਈ ਮੀਟਿੰਗਾਂ ਵਿੱਚ ਕਿਹਾ ਵੀ ਕਿ ਮੈਨੂੰ ਤਾਂ ਪੰਜਾਬੀ ਬੋਲਣ ਵਿੱਚ ਦਿੱਕਤ ਹੈ ਤਾਂ ਹਿੰਦੀ ਬੋਲਦਾ ਹਾਂ ਪਰ ਤੁਸੀਂ ਸਾਰੇ ਪੰਜਾਬੀ ਹੋ ਕੇ ਵੀ ਪਜਾਬੀ ਕਿਓਂ ਨਹੀਂ ਬੋਲਦੇ? ਪੀਯੂਜੇ ਦੀ ਇਹ ਆਪਸੀ ਗੁੱਟਬੰਦਕ ਜੰਗ ਹੋਲੀ ਹੋਲੀ ਠੰਡੀ ਹੋ ਗਈ। ਜਿਸ ਜਿਸ ਨੂੰ ਮੌਕਾ ਮਿਲਿਆ ਉਸ ਨੇ ਨਿਜੀ ਫਾਇਦੇ ਵੀ ਲਏ ਜਿਹਨਾਂ ਦੀ ਚਰਚਾ ਅਸੀਂ ਇਥੇ ਨਹੀਂ ਕਰਨੀ। ਇਸ ਗੁੱਟਬੰਦੀ ਨੇ ਹੀ ਨਵੇਂ ਸੰਗਠਨਾਂ ਨੂੰ ਵੀ ਹੋਂਦ ਵਿੱਚ ਲਿਆਂਦਾ ਅਤੇ ਕਈ ਸਫਲ ਆਯੋਜਨ ਵੀ ਕੀਤੇ ਪਰ ਸਫਲ ਸਮਾਗਮਾਂ ਦੇ ਬਾਵਜੂਦ ਇੱਕ ਦੂਜੇ ਤੋਂ ਦੂਰੀ ਹਰ ਸਮਾਗਮ ਵਿੱਚ ਸਾਫ ਝਲਕਦੀ ਰਹੀ। 
ਇਸੇ ਦੌਰਾਨ ਸੰਨ 2013 ਵਿੱਚ ਓਪਨ ਆਨਲਾਈਨ ਪ੍ਰੈਸ ਕਲੱਬ ਅਤੇ ਆਨ ਲਾਈਨ ਮੀਡੀਆ ਕੋਂਸਿਲ (ਓ ਐਮ ਸੀ) ਨੇ ਵੀ ਲੁਧਿਆਣਾ ਵਿੱਚ ਹੀ ਆਪਣੀ ਸਥਾਪਨਾ ਦਾ ਐਲਾਨ ਕੀਤਾ। 
ਹਾਲ ਹੀ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਸਮਾਗਮਾਂ ਦੀ ਇੱਕ ਲੜੀ ਚੱਲੀ ਜਿਹਨਾਂ ਵਿੱਚ ਨਾਰਦਮੁਨੀ ਨੂੰ ਸੰਸਾਰ ਦਾ ਪਹਿਲਾ ਪੱਤਰਕਾਰ ਦੱਸਦਿਆਂ ਪੱਤਰਕਾਰੀ ਨਾਲ ਸਬੰਧਤ ਸਮਾਗਮ ਕਰਾਏ ਗਏ। ਇਹਨਾਂ ਸਮਾਗਮਾਂ ਪਿੱਛੇ ਵੀ ਹਿੰਦੂਤਵ ਰੰਗ ਵਾਲੀ ਇੱਕ ਵਿਸ਼ੇਸ਼ ਵਿਚਾਰਧਾਰਾ ਕੰਮ ਕਰ ਰਹੀ ਸੀ। ਦਿਲਚਸਪ ਗੱਲ ਹੈ ਪੱਤਰਕਾਰੀ ਬਰਾਦਰੀ ਇਹਨਾਂ ਸਮਾਗਮਾਂ ਵਿੱਚ ਵੀ ਇੱਕਜੁੱਟ ਹੋ ਕੇ ਸ਼ਾਮਿਲ ਨਹੀਂ ਹੋਈ। ਕਈ ਸਮਾਗਮਾਂ ਸਮੇਂ ਮੁੱਖ ਕਰਤਿਆਂ ਧਰਤਿਆਂ ਵੱਜੋਂ ਗੈਰ ਪੱਤਰਕਾਰ ਚਿਹਰੇ ਵੀ ਅੱਗੇ ਕੀਤੇ ਗਏ ਸਨ  ਪੱਤਰਕਾਰੀ ਕਰਦੇ ਲੋਕ ਇਸ ਤੋਂ ਸੁਚੇਤ ਰੂਪ ਵਿੱਚ ਦੂਰ ਰਹੇ। ਇਸੇ ਦੌਰਾਨ ਜਲੰਧਰ ਵਿੱਚ ਪੰਜਾਬ ਪ੍ਰੈਸ ਕਲੱਬ ਦੀ ਚੋਣ ਹੋਈ ਜਿਸ ਵਿੱਚ ਅਗਾਂਹਵਧੂ ਵਿਚਾਰਧਾਰਾ ਨਾਲ ਸਬੰਧਤ ਗਰੁੱਪ ਨੇ ਜਿੱਤ ਹਾਸਲ ਕੀਤੀ ਅਤੇ ਪੱਤਰਕਾਰੀ ਦੇ ਪੁਰਾਣੇ ਘੁਲਾਟੀਏ ਲਖਵਿੰਦਰ ਜੋਹਲ ਇਸਦੇ ਪ੍ਰਧਾਨ ਬਣੇ। 
ਇਸਤੋਂ ਬਾਅਦ ਲੁਧਿਆਣਾ ਵਿੱਚ ਇੱਕ ਵਾਰ ਪ੍ਰੈਸ ਕਲੱਬ ਦੇ ਗਠਨ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ। ਵੱਖ ਵੱਖ ਗਰੁੱਪਾਂ ਨੇ ਵੱਖ ਤੌਰ ਤੇ ਮੀਟਿੰਗਾਂ ਕੀਤੀਆਂ। ਹੁਣ 31 ਮਈ 2017 ਵਾਲੀ ਮੀਟਿੰਗ ਵੀ ਇੱਕ ਤਰਾਂ ਦਾ ਸ਼ਕਤੀ ਪ੍ਰਦਰਸ਼ਨ ਹੀ ਸੀ। ਇਸ ਮੀਟਿੰਗ ਦੀ ਖਾਸ ਪ੍ਰਾਪਤੀ ਇਹ ਰਹੀ ਕਿ ਇਸ ਵਿੱਚ ਪੱਤਰਕਾਰ ਦੀ ਪਰਿਭਾਸ਼ਾ ਬਾਰੇ ਫਿਰ ਖੁੱਲ੍ਹ ਕੇ ਵਿਚਾਰਾਂ ਹੋਈਆਂ। ਜਿਹੜਾ ਵੀ ਕੋਈ ਕੀਤੇ ਕਲਿੱਖਦਾ ਹੈ ਉਸਨੂੰ ਪੱਤਰਕਾਰ ਸਵੀਕਾਰ ਕਰਨ ਅਤੇ ਪ੍ਰੈਸ ਕਲੱਬ ਦਾ ਮੈਂਬਰ ਬਣਾਉਣ ਦੇ ਵਾਅਦੇ ਦੁਹਰਾਏ ਗਏ। ਸਤਲੁਜ ਵੈਲਫੇਅਰ ਪ੍ਰੈੱਸ ਕਲੱਬ ਅਤੇ ਲੁਧਿਆਣਾ ਪ੍ਰੈੱਸ ਕਲੱਬ ਵੱਲੋਂ ਭਵਿੱਖ 'ਚ ਇੱਕਠਿਆਂ ਚੱਲਣ ਦਾ ਭਰੋਸਾ ਵੀ ਇਸ ਮੀਟਿੰਗ ਦੀ ਅਹਿਮ ਪ੍ਰਾਪਤੀ ਹੈ। 
ਗੁਰਪ੍ਰੀਤ ਮਹਿਦੂਦਾਂ ਨੇ ਮੰਚ ਸੰਚਾਲਨ ਬਹੁਤ ਖੂਬਸੂਰਤੀ ਨਾਲ ਕੀਤਾ। ਇਸ ਮੀਟਿੰਗ ਨੂੰ ਅਨੁਸ਼ਾਸਨ ਵਿੱਚ ਰੱਖਣਾ ਆਸਾਂ ਕੰਮ ਨ ਆਹੀਂ ਸੀ। ਗੁਰਪ੍ਰੀਤ ਮਹਿਦੂਦਾਂ ਨੇ ਦੱਸਿਆ ਕਿ ਜ਼ਿਲੇ ਦੀ ਸਾਂਝੀ ਪ੍ਰੈੱਸ ਕਲੱਬ ਬਣਾਉਣ ਦੇ ਯਤਨਾਂ ਨੂੰ ਤੇਜ ਕਰਦਿਆਂ ਸਰਕਟ ਹਾਊਸ ਵਿਖੇ ਪ੍ਰੈੱਸ ਲਾਇਨਜ ਕਲੱਬ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਾਬਕਾ ਪ੍ਰਧਾਨ ਬਰਜਿੰਦਰ ਸਿੰਘ ਬੱਲੀ ਬਰਾੜ ਤੋਂ ਇਲਾਵਾ ਸ੍ਰੀ ਅਸ਼ਵਨੀ ਜੇਤਲੀ, ਰਾਜੂ ਵਿਲੀਅਮ, ਗੁਰਮੀਤ ਸਿੰਘ, ਰਾਮਗੋਪਾਲ ਰਾਏਕੋਟੀ, ਅਰੁਣ ਸਰੀਨ ਅਤੇ ਹਰਭਗਵੰਤ ਸਿੰਘ ਨੇ ਹਿੱਸਾ ਲਿਆ। ਕਲੱਬ ਦਾ 11 ਨੁਕਾਤੀ ਪ੍ਰੋਗਰਾਮ ਬਲਵੀਰ ਸਿੰਘ ਸਿੱਧੂ ਅਤੇ ਸੁਨੀਲ ਕਾਮਰੇਡ ਵੱਲੋਂ ਪੜਿਆ ਗਿਆ ਅਤੇ ਸਤਲੁਜ ਵੈਲਫੇਅਰ ਪ੍ਰੈੱਸ ਕਲੱਬ ਅਤੇ ਲੁਧਿਆਣਾ ਪ੍ਰੈੱਸ ਕਲੱਬ ਨੇ ਭਵਿੱਖ 'ਚ ਇੱਕਠਿਆਂ ਚੱਲਣ ਦਾ ਭਰੋਸਾ ਦਿੱਤਾ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਆਰ ਵੀ ਸਰਮਾ, ਮਹੇਸ਼ਇੰਦਰ ਮਾਂਗਟ, ਵਰਿੰਦਰ ਕੁਮਾਰ, ਸਰਬਜੀਤ ਲੁਧਿਆਣਵੀ ਨੇ ਕਿਹਾ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਹੈ ਜੋ ਪ੍ਰੈੱਸ ਕਲੱਬ ਦੇ ਨਿਰਮਾਣ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ। ਕਲੱਬ ਦੇ ਸੀਨੀਅਰ ਮੈਂਬਰਾਂ ਅਸ਼ੋਕ ਪੁਰੀ, ਨੀਲ ਕਮਲ ਸ਼ਰਮਾ, ਰਘੁਵੀਰ ਸਿੰਘ, ਰਾਜ ਕੁਮਾਰ ਸ਼ਰਮਾ, ਮਨਜੀਤ ਸਿੰਘ ਦੁੱਗਰੀ, ਰਾਮ ਗੁਪਤਾ, ਪ੍ਰਦੀਪ ਗੁਪਤਾ, ਰਾਜ ਜੋਸ਼ੀ ਅਤੇ ਹੋਰਾਂ ਨੇ ਆਏ ਸਾਥੀਆਂ ਦਾ ਧੰਨਵਾਦ ਕਰਦਿਆਂ ਭਵਿੱਖ 'ਚ ਵੀ ਏਸੇ ਪ੍ਰਕਾਰ ਸਾਥ ਦੇਣ ਦੀ ਆਸ ਕੀਤੀ। ਮੀਟਿੰਗ ਵਿੱਚ ਉਚੇਚੇ ਤੌਰ ਤੇ ਅਪਣਾ ਸਮੱਰਥਨ ਦੇਣ ਪਹੁੰਚੇ ਬਲਵੀਰ ਸਿੰਘ ਰਾਣਾ, ਮੋਹਿਤ ਬਹਿਲ, ਜਸ਼ਪਾਲ ਸ਼ਰਮਾ, ਪੁਨੀਤ ਬਾਵਾ, ਸੁਨੀਲ ਜੈਨ, ਪਰਮੇਸ਼ਵਰ ਸਿੰਘ ਅਤੇ ਗੌਤਮ ਜਲੰਧਰੀ ਨੇ ਕਿਹਾ ਕਿ ਜਿਸ ਪ੍ਰਕਾਰ ਮੀਟਿੰਗ ਵਿੱਚ ਪੱਤਰਕਾਰਾਂ ਭਰਵੀਂ ਗਿਣਤੀ ਵਿੱਚ ਪਹੁੰਚੇ ਹਨ ਉਸ ਤੋਂ ਲੱਗ ਰਿਹਾ ਹੈ ਕਿ ਅਸੀ ਇੱਕ ਦੂਜੇ ਦੇ ਸਹਿਯੋਗ ਨਾਲ ਜਲਦ ਹੀ ਟੀਚਾ ਸਰ ਕਰ ਲਵਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਹੰਬੜਾ, ਰਾਜਿੰਦਰ ਮਹਿਮੀਂ, ਹਰਜੀਤ ਸਿੰਘ ਖਾਲਸਾ, ਹਰੀਸ਼ ਸਚਦੇਵਾ, ਸੰਦੀਪ ਸ਼ਰਮਾ, ਅਵਤਾਰ ਸਿੰਘ, ਜਗਰੂਪ ਸਿੰਘ, ਬਲਜੀਤ ਸਿੰਘ, ਸਲੇਮਪੁਰੀ, ਸੁਖਦੇਵ ਸਿੰਘ, ਹਰਜਸ ਸਿੰਘ, ਸਤਪਾਲ ਸੋਨੀ, ਰਵਿੰਦਰ ਨਿੱਝਰ, ਕੁਲਵਿੰਦਰ ਸਿੰਘ ਮਿੰਟੂ, ਕੇ ਮਨਜੀਤ ਸਿੰਘ, ਪ੍ਰੇਮ ਰਤਨ ਕਾਲੀਆ, ਬਲਵਿੰਦਰ ਸਿਆਣ, ਮਨੋਜ ਕੁਮਾਰ, ਵਿਸ਼ਾਲ ਡੁੱਲਗਚ, ਜਤਿੰਦਰ ਟੰਡਨ, ਇੰਦਰਪਾਲ ਸਿੰਘ ਧੁੰਨਾ, ਵਿਜੇ ਸ਼ਰਮਾ, ਹਰਮੇਸ਼ ਗੌਂਸਗੜ•, ਸੁਸ਼ੀਲ ਕੁਮਾਰ, ਰਵੀ ਗਾਦੜਾ, ਰਾਕੇਸ਼ ਗਰਗ, ਅਰਵਿੰਦ ਸਰਾਣਾ, ਅਨਿਲ ਵਿੱਜ, ਦਵਿੰਦਰ ਸਿੰਘ, ਜਤਿੰਦਰ ਭੰਬੀ, ਸੰਜੀਵ ਸੂਦ, ਰਾਹੁਲ ਕੁਮਾਰ, ਜੱਸਾ ਕੁਮਾਰ, ਗੁਜਰਾਲ, ਸੁਖਵਿੰਦਰ ਸਿੰਘ ਗਿੱਲ, ਰੋਹਿਤ ਕੁਮਾਰ, ਐਚ ਐਸ ਚੀਮਾ, ਜਤਿੰਦਰਪਾਲ ਛਾਬੜਾ, ਇੰਦਰਪਾਲ ਸਿੰਘ, ਸੁਖਦੇਵ ਗਿੱਲ, ਮਲਕੀਤ ਸਿੰਘ ਮੁੱਲਾਂਪੁਰ, ਰਘਵੀਰ ਜੱਗਾ, ਬਿੱਟੂ ਹਲਵਾਰਾ, ਕੁਲਵੀਰ ਸਿੰਘ, ਬੱਤਰਾ, ਕਰਮਦੀਪ ਸਿੰਘ, ਹਰਜਿੰਦਰ ਸਿੰਘ, ਸਵਰਨ ਸਿੰਘ, ਦਵਿੰਦਰ ਕੁਮਾਰ, ਸਰਬਜੀਤ ਬੱਬੀ, ਹਰਵਿੰਦਰ ਮੱਕੜ, ਅਮਨਜੋਤ ਸਿੰਘ, ਸ੍ਰੀਪਾਲ ਸ਼ਰਮਾ, ਰਾਕੇਸ਼ ਮੋਦਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰੀ ਅਤੇ ਦਿਹਾਤੀ ਦੇ ਪੱਤਰਕਾਰ ਹਾਜਰ ਸਨ।
ਪ੍ਰੈੱਸ ਲਾਇਨਜ ਕਲੱਬ ਉਹਨਾਂ ਪੱਤਰਕਾਰਾਂ ਅਤੇ ਪ੍ਰੈੱਸ ਕਲੱਬਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਜਿਹਨਾਂ ਨੇ ਅਪਣਾ ਕੀਮਤੀ ਸਮਾਂ ਕੱਢ ਕੇ ਅੱਜ ਦੀ ਮੀਟਿੰਗ ਨੂੰ ਸਫਲ ਬਣਾਇਆ। ਇਸਦੇ ਨਾਲ ਆਸ ਪ੍ਰਗਟਾਈ ਗਈ ਕਿ ਅੱਗੇ ਤੋਂ ਏਸੇ ਪ੍ਰਕਾਰ ਦੇ ਸਹਿਯੋਗ ਦਾ ਸਿਲਸਿਲਾ ਜਾਰੀ ਰਹੇਗਾ। ਇਹ ਵਚਨ ਦੁਹਰਾਇਆ ਗਿਆ ਕਿ ਅਸੀਂ ਸਾਰੇ ਸਾਂਝੀ ਪ੍ਰੈੱਸ ਕਲੱਬ ਬਣਾਉਣ ਲਈ ਦ੍ਰਿੜ ਸੰਕਲਪ ਹਾਂ ਅਤੇ ਆਸ ਕਰਦੇ ਹਾਂ ਕਿ ਆਪ ਜੀ ਵੀ ਪੂਰੀ ਇਮਾਨਦਾਰੀ ਨਾਲ ਭਵਿੱਖ ਵਿੱਚ ਵੀ ਸਾਡਾ ਸਾਥ ਦਿੰਦੇ ਰਹੋਗੇ।
ਇਹਨਾਂ ਸਾਰੀਆਂ ਸਰਗਰਮੀਆਂ ਨਾਲ ਇੱਕ ਆਸ ਫਿਰ ਦਿਖਾਈ ਦੇਂਦੀ ਹੈ ਕਿ ਸ਼ਾਇਦ ਇਸ ਵਾਰ ਏਕਤਾ ਹੋ ਜਾਏ ਪਰ ਆਨਲਾਈਨ ਮੀਡੀਆ ਅਤੇ ਬਲਾਗ ਮੀਡੀਆ ਬਾਰੇ ਸਾਰੇ ਧੜਿਆਂ ਦੀ ਕਿ ਰਾਏ ਹੈ ਇਸ ਬਾਰੇ ਕੁਝ ਸਪਸ਼ਟ ਨਹੀਂ ਹੋ ਸਕਿਆ। ਹਾਂ ਪੰਜਾਬ ਪ੍ਰੈਸ ਕਲੱਬ ਜਲੰਧਰ ਦੀ ਚੋਣ ਵੇਲੇ ਜ਼ਰੂਰ ਵਾਅਦਾ ਕੀਤਾ ਗਿਆ ਸੀ ਕਿ ਵੈਬ ਮੀਡੀਆ ਦੇ ਪ੍ਰਤੀਨਿਧੀਆਂ ਨੂੰ ਵੀ ਮੈਂਬਰ ਬਣਾਇਆ ਜਾਏਗਾ। ਤੇਜ਼ੀ ਨਾਲ ਉਭਰ ਰਹੀ ਆਨ ਲਾਈਨ ਮੀਡੀਆ ਸ਼ਕਤੀ ਭਵਿੱਖ ਦਾ ਵੀ ਇੱਕ ਅਟੱਲ ਸੱਚ ਹੈ। 

No comments: