Wednesday, June 07, 2017

ਮੀਡੀਆ ਦੇ ਸਾਰੇ ਧੜੇ ਸਵੀਕਾਰ ਕਰਨਗੇ 25 ਜੂਨ ਵਾਲੀ ਪ੍ਰੈਸ ਕਲੱਬ ਦੀ ਚੋਣ?

Wed, Jun 7, 2017 at 10:33 PM
ਲੁਧਿਆਣਾ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਲਈ ਚੋਣ 25 ਜੂਨ ਨੂੰ 
ਲੁਧਿਆਣਾ: 7 ਜੂਨ 2017: (ਪੰਜਾਬ ਸਕਰੀਨ ਬਿਊਰੋ):: 
ਹਾਲ ਹੀ ਜਲੰਧਰ ਵਿਖੇ ਹੋਈ ਪੰਜਾਬ ਪ੍ਰੈਸ ਕਲੱਬ ਦੀ ਚੋਣ ਤੋਂ ਬਾਅਦ ਲੁਧਿਆਣਾ ਵਿੱਚ ਵੀ ਪ੍ਰੈਸ ਕਲੱਬ ਦੀ ਕਾਇਮੀ ਲਈ ਸਰਗਰਮੀਆਂ ਤੇਜ਼ ਹੋਈਆਂ ਹਨ। ਮੀਡੀਆ ਦੇ ਦੋ ਤਿੰਨ ਗਰੁੱਪਾਂ ਨੇ ਇੱਕ ਜੁੱਟ ਹੋ ਕੇ ਪ੍ਰੈਸ ਕਲੱਬ ਨੂੰ ਕਾਇਮ ਕਰਨ ਦਾ ਸੰਕਲਪ ਇੱਕ ਵਾਰ ਫੇਰ ਜੋਸ਼ੋ ਖਰੋਸ਼ ਨਾਲ ਦੁਹਰਾਇਆ। 
ਅੱਜ ਲੋਕ ਸੰਪਰਕ ਅਧਿਕਾਰੀ ਵੱਲੋਂ ਮੀਡੀਆ ਨੂੰ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਲੁਧਿਆਣਾ ਪ੍ਰੈਸ ਕਲੱਬ ਦੀ ਸਥਾਪਨਾ ਲਈ ਲੰਮੇਂ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਇਕ ਕਦਮ ਹੋਰ ਅੱਗੇ ਤੋਰਦਿਆਂ ਲੋਕਤੰਤਰੀ ਢੰਗ ਨਾਲ਼ ਇਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਕਰਨ ਵਾਸਤੇ 25 ਜੂਨ ਨੂੰ ਵੋਟਾਂ ਪਵਾਉਣ ਦਾ ਫੈਸਲਾ ਕੀਤਾ ਗਿਆ ਹੈ। 
ਪ੍ਰੈਸ ਨੋਟ ਮੁਤਾਬਿਕ ਇਹ ਫੈਸਲਾ ਕਲੱਬ ਲਈ ਪਿਛਲੇ ਦਿਨੀਂ ਬਣਾਈ ਗਈ ਕਾਰਜਕਾਰੀ ਕਮੇਟੀ ਅਤੇ ਕਲੱਬ ਫਾਰਮੇਸ਼ਨ ਕਮੇਟੀ ਦੇ ਮੈਂਬਰਾਂ ਦੀ ਸਾਂਝੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ਼ ਸੀਨੀਅਰ ਪੱਤਰਕਾਰ ਪ੍ਰਮੋਦ ਬਾਤਿਸ਼, ਰਜੇਸ਼ ਭਾਂਬੀ ਅਤੇ ਪਰਮੇਸ਼ਰ ਸਿੰਘ ’ਤੇ ਅਧਾਰਿਤ ਤਿੰਨ ਮੈਂਬਰੀ ਚੋਣ ਕਮੇਟੀ ਬਣਾ ਕੇ ਇਸ ਕਮੇਟੀ ਨੂੰ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਪਵਾਉਣ ਦੇ ਕੰਮ ਦੀ ਜਿੰਮੇਵਾਰੀ ਸੌਂਪੀ ਹੈ। ਮਿਥੇ ਗਏ ਚੋਣ ਪ੍ਰੋਗਰਾਮ ਮੁਤਾਬਕ ਜਿਹੜੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਉਨ੍ਹਾਂ ਵਿਚ ਪ੍ਰਧਾਨ, ਜਨਰਲ ਸਕੱਤਰ ਅਤੇ ਖਜ਼ਾਨਚੀ ਤੋਂ ਇਲਾਵਾ ਦੋ ਮੀਤ ਪ੍ਰਧਾਨ (ਇਕ ਮਰਦ ਇਕ ਔਰਤ) ਅਤੇ ਚਾਰ ਕਾਰਜਕਾਰਣੀ ਮੈਂਬਰ (2 ਮਰਦ ਅਤੇ 2 ਔਰਤਾਂ) ਸ਼ਾਮਿਲ ਹੋਣਗੇ। ਇਹ ਚੁਣੇ ਗਏ ਅਹੁਦੇਦਾਰ ਕਲੱਬ ਦੀ ਰਸਮੀ ਸਥਾਪਨਾ ਲਈ ਸਰਕਾਰ ਨਾਲ਼ ਰਾਬਤਾ ਕਾਇਮ ਕਰਕੇ ਅਗਲੀ ਕਾਰਵਾਈ ਕਰਨਗੇ। ਇਸੇ ਦੌਰਾਨ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪ੍ਰਭਦੀਪ ਸਿੰਘ ਨੂੰ ਪ੍ਰਸਾਸ਼ਨ ਵੱਲੋਂ ਬਤੌਰ ਆਬਜ਼ਰਬਰ ਇਸ ਚੋਣ ਪ੍ਰਕਿਰਿਆ ਦੀ ਨਿਗਰਾਨੀ ਦੀ ਜਿੰਮੇਵਾਰੀ ਸੌਂਪ ਦਿੱਤੀ ਹੈ ਤੇ ਲੁਧਿਆਣੇ ਵਿਚ ਪ੍ਰੈਸ ਕਲੱਬ ਲਈ ਅਜੇ ਕੋਈ ਵੀ ਇਮਾਰਤ ਰਾਖਵੀਂ ਨਾ ਹੋਣ ਕਾਰਨ ਚੋਣ ਦਾ ਕੰਮ ਨੇਪਰੇ ਚੜ੍ਹਨ ਤੱਕ ਸਹਾਇਕ ਲੋਕ ਸੰਪਰਕ ਅਫ਼ਸਰ ਦੇ ਕਮਰੇ ਨੂੰ ਆਰਜੀ ਤੌਰ ’ਤੇ ਕਲੱਬ ਲਈ ਚੋਣ ਦਫ਼ਤਰ ਵਜੋਂ ਵਰਤਣ ਦੀ ਇਜਾਜਤ ਦੇ ਦਿੱਤੀ ਹੈ। ਸਰਕਾਰ ਤੋਂ ਮਾਨਤਾ ਪ੍ਰਾਪਤ ਤੇ ਪੀਲ਼ੇ ਕਾਰਡ ਧਾਰਕ ਪੱਤਰਕਾਰਾਂ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਤੋਂ ਸਰਗਰਮੀ ਨਾਲ਼ ਕੰਮ ਕਰ ਰਹੇ 300 ਤੋਂ ਵੱਧ ਪੱਤਰਕਾਰਾਂ ਦੀ ਮੁੱਢਲੀ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਜਿਹੜੇ ਨਾਂਅ ਸ਼ਾਮਿਲ ਹੋਣ ਤੋਂ ਰਹਿੰਦੇ ਹੋਣ ਉਨ੍ਹਾਂ ਲਈ 10 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ। ਅਜਿਹੇ ਮੈਂਬਰ ਆਪਣੇ ਮੈਂਬਰਸ਼ਿਪ ਫਾਰਮ ਕਲੱਬ ਦੀ ਪਿਛਲੇ ਦਿਨੀਂ ਬਣਾਈ ਗਈ ਸਕਰੀਨਿੰਗ ਕਮੇਟੀ ਪਾਸ ਏ. ਪੀ. ਆਰ. ਓ. ਦਫ਼ਤਰ ਵਿਖੇ ਖੁਦ ਜਮ੍ਹਾ ਕਰਵਾ ਸਕਦੇ ਹਨ ਜਾਂ ਕਲੱਬ ਦੀ ਅਧਿਕਾਰਤ ਈਮੇਲ ਲੁਧਿਆਣਾ ludhianapressclub2017@gmail.com ’ਤੇ ਭੇਜ ਸਕਦੇ ਹਨ। ਸਾਰੇ ਅਖ਼ਬਾਰਾਂ, ਟੀ. ਵੀ. ਚੈਨਲਾਂ ਆਦਿ ਦੇ ਬਿਊਰੋ ਚੀਫ਼ ਜਾਂ ਉਪ ਦਫ਼ਤਰ ਇੰਚਾਰਜਾਂ ਨੂੰ ਆਪੋ ਆਪਣੇ ਅਦਾਰੇ ਦੇ ਯੋਗ ਪੱਤਰਕਾਰਾਂ ਦੀ ਸੂਚੀ (ਜੇਕਰ ਅਜੇ ਤੱਕ ਨਹੀਂ ਭੇਜੀ) ਭੇਜਣ ਦੀ ਵੀ ਬੇਨਤੀ ਕੀਤੀ ਗਈ ਹੈ। ਅੰਤਿਮ ਸੂਚੀ 15 ਜੂਨ ਤੱਕ ਜਾਰੀ ਕਰ ਦਿੱਤੀ ਜਾਵੇਗੀ। 
ਹੁਣ ਦੇਖਣਾ ਹੈ ਕਿ ਇਸ ਫੈਸਲੇ ਨੂੰ ਮੀਡੀਆ ਦੇ ਸਾਰੇ ਧੜੇ ਸਵੀਕਾਰ ਕਰਨਗੇ ਜਾਂ ਨਹੀਂ?

No comments: