Wednesday, May 03, 2017

LPU ਅੱਠਵੀਂ ਕਨਵੋਕੇਸ਼ਨ 'ਚ ਪੁੱਜੇ ਰਾਸ਼ਟਰਪਤੀ ਪ੍ਰਣਬ ਮੁਖਰਜੀ

ਰਾਸ਼ਟਰਪਤੀ ਵੱਲੋਂ ਐੱਲ ਪੀ ਯੂ ਕੈਂਪਸ 'ਚ ਮੌਜੂਦ ਭਿੰਨਤਾ ਦੀ ਭਰਪੂਰ ਸ਼ਲਾਘਾ
ਜਲੰਧਰ: 2 ਮਈ 2017: (ਪੰਜਾਬ ਸਕਰੀਨ ਬਿਊਰੋ)::  
ਅੱਜ ਪੰਜਾਬ ਫਿਰ ਮਾਣ  ਮਹਿਸੂਸ ਕਰ ਰਿਹਾ ਸੀ। ਅੱਜ ਦਾ ਦਿਨ ਯਾਦਗਾਰੀ ਬਣ ਰਿਹਾ ਸੀ। ਰਾਸ਼ਟਰਪਤੀ ਅੱਜ ਪੰਜਾਬ ਵਿੱਚ ਸਨ। ਮੌਕਾ  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਅੱਠਵੀਂ ਕਨਵੋਕੇਸ਼ਨ ਦਾ ਸੀ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਅੱਜ ਆਪਣੇ ਆਪ ਨੂੰ ਉਸ ਵੇਲੇ ਬੇਹੱਦ ਸਨਮਾਨਤ ਮਹਿਸੂਸ ਕੀਤਾ, ਜਦੋਂ ਇਸ ਨੇ ਆਪਣੀ 8ਵੀਂ ਸਾਲਾਨਾ ਕਨਵੋਕੇਸ਼ਨ ਦੌਰਾਨ ਭਾਰਤ ਦੇ ਰਾਸ਼ਟਰਪਤੀ ਪਦਮ ਵਿਭੂਸ਼ਣ ਪ੍ਰਣਬ ਮੁਖਰਜੀ ਨੂੰ ਯੂਨੀਵਰਸਿਟੀ ਦੀ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਤ ਕੀਤਾ। ਕਿਸੇ ਵੀ ਯੂਨੀਵਰਸਿਟੀ ਲਈ ਉਹ ਮੌਕਾ ਬਹੁਤ ਸੁਨਹਿਰਾ ਹੁੰਦਾ ਹੈ, ਜਦੋਂ ਉਹ ਆਪਣੇ ਦੇਸ਼ ਦੇ ਹੀ ਪਹਿਲੇ ਨਾਗਰਿਕ ਨੂੰ ਆਪਣੀ ਆਨਰੇਰੀ ਡਿਗਰੀ ਨਾਲ ਸਨਮਾਨਤ ਕਰਦੀ ਹੈ। ਇਸ ਤੋਂ ਪਹਿਲਾਂ ਵੀ ਐੱਲ ਪੀ ਯੂ ਨੇ ਸੰਸਾਰ ਦੇ 6 ਟਾਪ ਨੇਤਾਵਾਂ, ਜਿਨ੍ਹਾਂ 'ਚ ਅਫਗਾਨਿਸਤਾਨ, ਮਾਰੀਸ਼ਸ, ਕਿੰਗਡਮ ਆਫ ਲਿਸਾਥੋ, ਕਾਮਨਵੈਲਥ ਆਫ ਡੋਮਿਨਿਕਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਵਿਸ਼ਵ ਸ਼ਾਂਤੀ ਪੁਰਸਕਾਰ ਵਿਜੇਤਾ ਧਰਮ ਗੁਰੂ 14ਵੇਂ ਦਲਾਈਲਾਮਾ ਸ਼ਾਮਿਲ ਹਨ, ਨੂੰ ਆਪਣੀ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਤ ਕੀਤਾ ਹੈ। ਇਸ ਮੌਕੇ ਰਾਸ਼ਟਰਪਤੀ ਨੇ ਵੀ ਐੱਲ ਪੀ ਯੂ ਦੇ ਮੇਧਾਵੀ ਵਿਦਿਆਰਥੀਆਂ ਨੂੰ ਅਕੈਡਮਿਕ ਤੇ ਰਿਸਰਚ ਖੇਤਰ 'ਚ ਪ੍ਰਾਪਤੀਆਂ ਲਈ ਡਾਕਟਰੇਟ ਦੀ ਡਿਗਰੀਆਂ, 38 ਗੋਲਡ ਮੈਡਲ ਤੇ 164 ਅਵਾਰਡ ਪ੍ਰਦਾਨ ਕੀਤੇ। ਇਹ ਦੂਜਾ ਮੌਕਾ ਸੀ, ਜਦ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਹੀ ਕੈਂਪਸ 'ਚ ਸਵਾਗਤ ਕਰਨ ਦਾ ਮਾਣ ਐੱਲ ਪੀ ਯੂ ਨੂੰ ਪ੍ਰਾਪਤ ਹੋਇਆ, ਕਿਉਂਕਿ ਇਸ ਤੋਂ ਪਹਿਲਾਂ ਵੀ ਪ੍ਰਣਬ ਮੁਖਰਜੀ ਸਾਲ 2013 'ਚ ਆਯੋਜਿਤ ਤੀਜੀ ਕਨਵੋਕੇਸ਼ਨ ਦੇ ਵੀ ਮੁੱਖ ਮਹਿਮਾਨ ਸਨ। ਇਸ ਮੌਕੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੇ ਕਨਵੋਕੇਸ਼ਨ ਦੀ ਅਗਵਾਈ ਕੀਤੀ। ਐੱਲ ਪੀ ਯੂ ਨੇ ਵੀ 16,000 ਤੋਂ ਜ਼ਿਆਦਾ ਰੈਗੂਲਰ ਤੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਡਿਪਲੋਮੇ ਪ੍ਰਦਾਨ ਕੀਤੇ।
ਕਨਵੋਕੇਸ਼ਨ ਸੰਬੋਧਨ ਦੌਰਾਨ ਰਾਸ਼ਟਰਪਤੀ ਸ੍ਰੀ ਮੁਖਰਜੀ ਨੇ ਐੱਲ ਪੀ ਯੂ ਕੈਂਪਸ 'ਚ ਮੌਜੂਦ ਭਿੰਨਤਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾ ਕਿਹਾ ਕਿ ਐੱਲ ਪੀ ਯੂ ਜਿਹੇ ਵਿਸ਼ਾਲ ਕੈਂਪਸ 'ਚ ਪੜ੍ਹਣ ਵਾਲੇ ਦੋਵੇਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀ ਵੱਡਭਾਗੀ ਹਨ ਕਿ ਉਹ ਭਿੰਨਤਾ ਨਾਲ ਭਰੇ ਵਿਦਿਆਰਥੀ ਵਰਗ ਦੇ ਵਿਚਕਾਰ ਸਰਵੋਤਮ ਅਧਿਆਪਕਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾ ਕਿਹਾ ਕਿ ਸੰਸਾਰ ਪੱਧਰ 'ਤੇ ਟਾਪ 200 ਯੂਨੀਵਰਸਿਟੀਆਂ 'ਚ ਹਾਲੇ ਤੱਕ ਕੋਈ ਵੀ ਭਾਰਤੀ ਯੂਨੀਵਰਸਿਟੀ ਸ਼ਾਮਲ ਨਹੀਂ ਹੋਈ, ਪਰ ਹੁਣ ਉਹ ਸਮਾਂ ਹੈ, ਜਦ ਬਹੁਤ ਸਾਰੀਆਂ ਯੂਨੀਵਰਸਿਟੀਆਂ ਇਸ ਵੱਲ ਸਖਤ ਮਿਹਨਤ ਕਰ ਰਹੀਆਂ ਹਨ।
ਇਸ ਮੌਕੇ ਗਵਰਨਰ ਸ੍ਰੀ ਬਦਨੌਰ ਨੇ ਵੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਹਮੇਸ਼ਾ ਇੱਕ ਉਦੇਸ਼ ਭਰੀ ਜ਼ਿੰਦਗੀ ਬਿਤਾਉਣ।
ਇਸ ਤੋਂ ਪਹਿਲਾਂ ਮਾਣਯੋਗ ਰਾਸ਼ਟਰਪਤੀ ਨੇ ਐੱਲ ਪੀ ਯੂ ਕੈਂਪਸ 'ਚ ਭਾਰਤ ਦੇ ਵਿਸ਼ਾਲ ਕਨਵੈਨਸ਼ਨ ਸੈਂਟਰ 'ਯੂਨਿਪੋਲਿਸ' ਦਾ ਸ਼ੁਭ ਆਰੰਭ ਵੀ ਕੀਤਾ, ਜਿਸ ਵਿੱਚ ਇੱਕ ਹੀ ਸਮੇਂ 30,000 ਲੋਕਾਂ ਦੇ ਸਮੂਹ ਲਈ ਆਯੋਜਨ ਕੀਤਾ ਜਾ ਸਕਦਾ ਹੈ। ਇਸ ਮੌਕੇ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ, ਜਦਕਿ ਵਾਈਸ ਚੇਅਰਮੈਨ ਨਰੇਸ਼ ਮਿੱਤਲ ਨੇ ਗਵਰਨਰ ਸ੍ਰੀ ਬਦਨੌਰ ਦਾ ਸਵਾਗਤ ਕੀਤਾ। 
ਮੰਚ 'ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ, ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਐੱਲ ਪੀ ਯੂ ਦੇ ਚਾਂਸਲਰ ਅਸ਼ੋਕ ਮਿੱਤਲ, ਪ੍ਰੋ. ਚਾਂਸਲਰ ਰਸ਼ਮੀ ਮਿੱਤਲ ਅਤੇ ਵਾਈਸ ਚਾਂਸਲਰ ਪ੍ਰੋ. ਡਾਕਟਰ ਰਮੇਸ਼ ਕੰਵਰ ਵੀ ਮੌਜੂਦ ਸਨ। ਸਮਾਰੋਹ 'ਚ ਮੌਜੂਦ ਮਾਣਯੋਗ ਮਹਿਮਾਨਾਂ 'ਚ ਦੇਸ਼ ਭਰ ਤਂੋ ਆਏ ਉਦਯੋਗਪਤੀ, ਰਾਜਦੂਤ, ਮੰਤਰੀ, ਸਾਂਸਦ, ਵਿਧਾਇਕ, ਆਗੂ, ਕੰਪਨੀਆਂ ਦੇ ਸੀ ਈ ਓਜ਼ ਅਤੇ 16,000 ਤੋਂ ਵੱਧ ਡਿਗਰੀਆਂ ਅਤੇ ਡਿਪਲੋਮਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਇਸ ਮੌਕੇ ਅੱੈਲ ਪੀ ਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਐੱਲ ਪੀ ਯੂ ਪੁਸਤਕਾਂ ਰਾਹੀਂ ਸਿੱਖਿਆ ਅਤੇ ਬਾਹਰੀ ਸੰਸਾਰ ਦੀ ਵਾਸਤਵਿਕਤਾਵਾਂ ਦੇ ਵਿਚਾਲੇ ਦੀ ਦੂਰੀ ਨੂੰ ਘਟਾਉਣ ਲਈ ਚੰਗੀ ਤੋਂ ਚੰਗੀ ਪ੍ਰੈਕਟੀਕਲ ਅਤੇ ਟੈਕਨੀਕਲ ਤੌਰ-ਤਰੀਕਿਆਂ ਨੂੰ ਸਿਲੇਬਸ 'ਚ ਅਪਣਾਉਂਦੀ ਹੈ, ਤਾਂ ਜੋ ਵਿਦਿਆਰਥੀ ਆਪਣੀ ਯੋਗਤਾ ਦਾ ਖੁੱਲ੍ਹ ਕੇ ਪ੍ਰਯੋਗ ਕਰਨ ਸਕਣ। ਸਾਨੂੰ ਯਕੀਨ ਹੈ ਕਿ ਵਿਦਿਆਰਥੀ ਆਪਣੇ ਜੀਵਨ 'ਚ ਆਈ ਸਾਰੀ ਚੁਣੌਤੀਆਂ ਦਾ ਖੁੱਲ ਕੇ ਸਾਹਮਣਾ ਕਰ ਸਕਣਗੇ। ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਭਵਿੱਖ ਦੇ ਪ੍ਰੋਫੈਸ਼ਨਲ ਨੂੰ ਤਿਆਰ ਕਰੀਏ, ਤਾਂ ਜੋ ਇਸ ਸੰਸਾਰ 'ਚ ਸਕਾਰਾਤਮਕ ਬਦਲਾਵ ਲਿਆਉਣ ਲਈ ਹਮੇਸ਼ਾ ਤਿਆਰ ਰਹਿਣਗੇ। ਉਹਨਾ ਮਾਣਯੋਗ ਰਾਸ਼ਟਰਪਤੀ, ਪੰਜਾਬ ਦੇ ਗਵਰਨਰ ਸ੍ਰੀ ਬਦਨੌਰ ਅਤੇ ਹੋਰ ਸ਼ਖਸੀਅਤਾਂ ਦਾ ਇਸ ਸਮਾਰੋਹ 'ਚ ਪਹੁੰਚਣ 'ਤੇ ਧੰਨਵਾਦ ਕੀਤਾ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਰਿਹਾ। 

No comments: