Saturday, May 06, 2017

ਕਣਕ ਦੇ ਰਹਿੰਦ-ਖੂਹੰਦ ਨੂੰ ਨਾ ਸਾੜੋ ਪੀਏਯੂ ਦੇ ਵਾਈਸ ਚਾਂਸਲਰ ਵੱਲੋਂ ਅਪੀਲ

 ਕੁਦਰਤੀ ਸੋਮਿਆਂ ਦੀ ਸੰਭਾਲ ਕਰੀਏ-ਡਾ: ਢਿੱਲੋਂ 
ਲੁਧਿਆਣਾ: 6 ਮਈ 2017: (ਪੰਜਾਬ ਸਕਰੀਨ ਟੀਮ):: 
ਕਾਨੂੰਨੀ ਹੁਕਮਾਂ ਅਤੇ ਜਾਗ੍ਰਤੀ ਮੁਹਿੰਮਾਂ ਦੇ ਬਾਵਜੂਦ ਪਰਾਲੀ ਸਾੜਨ ਦਾ ਖਤਰਨਾਕ ਵਰਤਾਰਾ ਜਾਰੀ ਹੈ। ਹਵਾ ਨੂੰ ਜ਼ਹਿਰੀਲਾ ਬਣਾ ਕੇ ਮਨੁੱਖੀ ਸਿਹਤ ਲਈ ਨਵੇਂ ਖਤਰੇ ਪੈਦਾ ਕਰਦੇ ਇਸ ਰੁਝਾਣ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਗੰਭੀਰ ਨੋਟਿਸ ਲਿਆ ਹੈ। ਅੱਜ ਪੀਏਯੂ ਵਿੱਚ ਸੱਦੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿੱਚ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਬੜੇ ਹੀ ਦਿਲ ਟੁੰਬਵੇਂ ਸ਼ਬਦਾਂ ਇਹ ਅਪੀਲ ਇੱਕ ਵਾਰ ਫੇਰ ਦੁਹਰਾਈ ਕਿ ਪਰਾਲੀ ਨਾ ਸਾੜੀ ਜਾਏ। ਚੇਤੇ ਰਹੇ ਕਿ ਵੱਖ ਕਿਸਾਨ ਮੇਲਿਆਂ ਅਤੇ ਹੋਰਨਾਂ ਆਯੋਜਨਾਂ ਵਿੱਚ ਵੀ ਪੀਏਯੂ ਮਾਹਰਾਂ ਵੱਲੋਂ ਇਹ ਅਪੀਲ ਕਈ ਵਾਰ ਕੀਤੀ ਜਾ ਚੁੱਕੀ ਹੈ ਕਿ ਪਰਾਲੀ ਨਹੀਂ ਸਾੜੀ ਜਾਣੀ ਚਾਹੀਦੀ। 
ਜ਼ਿਕਰਯੋਗ ਹੈ ਕਿ ਕਣਕ ਦੀ ਗਹਾਈ ਤੋਂ ਬਾਅਦ ਕਣਕ  ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦਾ ਜੋ ਵਰਤਾਰਾ ਚੱਲ ਰਿਹਾ ਹੈ ਉਸ ਸੰਬੰਧੀ ਮਾਨਯੋਗ ਉੱਚ ਅਦਾਲਤਾਂ ਅਤੇ ਹੋਰ ਵਾਤਾਵਰਨ ਸੰਬੰਧੀ ਅਦਾਰਿਆਂ ਵੱਲੋਂ ਸਖਤ ਨੋਟਿਸ ਲਿਆ ਜਾ ਰਿਹਾ ਹੈ । ਪੀਏਯੂ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਵੀ ਅੱਜ ਯੂਨੀਵਰਸਿਟੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਣਕ ਦੇ ਰਹਿੰਦ-ਖੂੰਹਦ ਨੂੰ ਨਾ ਸਾੜਨ ਬਾਰੇ ਅਪੀਲ ਕਰਦਿਆਂ ਇਸ ਦੇ ਹੋ ਰਹੇ ਵੱਖ-ਵੱਖ ਨੁਕਸਾਨਾਂ ਦਾ ਜਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਕੁਦਰਤ ਦਾ ਕਾਰਬਨ ਸਾਈਕਲ ਵਿਗੜਦਾ ਹੈ, ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ। ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ ਜਿਹਨਾਂ ਨਾਲ ਫ਼ਸਲਾਂ ਉੱਪਰ ਹੋਰ ਕੀੜੇ-ਮਕੌੜਿਆਂ ਦਾ ਹਮਲਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ ਰੋਕਣ ਲਈ ਕਿਸਾਨ ਦੇ ਖਰਚੇ ਵੀ ਵੱਧਦੇ ਹਨ।  ਡਾ. ਢਿੱਲੋਂ ਨੇ ਕਿਹਾ ਕਿ ਉਹ ਆਪ ਖੁਦ ਇਕ ਕਿਰਸਾਨੀ ਪਰਿਵਾਰ ਵਿੱਚੋਂ ਹਨ ਅਤੇ ਜਾਣਦੇ ਹਨ ਕਿ ਨਾੜ ਅਤੇ ਪਰਾਲੀ ਸਾਂਭਣ ਲਈ ਖੇਚਲ ਅਤੇ ਖਰਚਾ ਕਰਨਾ ਪੈਂਦਾ ਹੈ। ਕੁਝ ਦਹਾਕੇ ਪਹਿਲਾਂ ਕਣਕ ਧੁੱਪੇ ਵੱਢੀ ਅਤੇ ਗਾਹੀ ਜਾਂਦੀ ਸੀ ਅਤੇ ਦਾਣੇ ਅਲੱਗ ਕਰਨ ਲਈ ਕਈ–ਕਈ ਦਿਨ ਹਵਾ ਦੀ ਉਡੀਕ ਕੀਤੀ ਜਾਂਦੀ ਸੀ। ਡਾ. ਢਿੱਲੋਂ ਨੇ ਕਿਹਾ ਕਿ ਸਾਡੇ ਇਹ ਮਿਹਨਤੀ ਕਿਸਾਨ ਜੇ ਹੰਭਲਾ ਮਾਰਨ ਤਾਂ ਇਸ ਨਾੜ ਅਤੇ ਗੁੱਥੇ ਨੂੰ ਸਾੜਨ ਦੀ ਬਜਾਏ ਧਰਤੀ ਵਿੱਚ ਰਲਾ ਸਕਦੇ ਹਨ।  ਡਾ. ਢਿੱਲੋਂ ਨੇ ਇਸ ਨਾੜ ਅਤੇ ਰਹਿੰਦ-ਖੂੰਹਦ ਨੂੰ ਸਮੇਟਣ ਦੇ ਤਰੀਕਿਆਂ ਦੀ ਚਰਚਾ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਮਿੱਟੀ ਵਿੱਚ ਵਾਹ ਦੇਣ। ਪਾਣੀ ਲਾ ਕੇ ਗਾਲਣ ਨਾਲ ਇਹ ਅਗਲੀ ਫ਼ਸਲ ਲਈ ਫਾਇਦੇਮੰਦ ਰਹਿੰਦੀ ਹੈ। ਜਿੱਥੋਂ ਤੱਕ ਖਰਚੇ ਦੀ ਗੱਲ ਹੈ ਐਤਕੀਂ ਝੋਨੇ ਅਤੇ ਕਣਕ ਦਾ ਝਾੜ ਆਮ ਨਾਲੋਂ ਜ਼ਿਆਦਾ ਹੀ ਰਿਹਾ ਹੈ। ਇਸ ਤੋਂ ਆਮਦਨ ਵਧੀ ਹੈ, ਉਹਨਾਂ ਵਿੱਚੋਂ ਥੋੜ੍ਹੇ ਪੈਸੇ ਇਸ ਨਾੜ ਨੂੰ ਵਿਉਂਤਣ ਵਿੱਚ ਲਾ ਦੇਣ ਚਾਹੀਦੇ ਹਨ। 
ਉਹਨਾਂ ਇਸ ਮੌਕੇ ਕਿਸਾਨਾਂ ਵਿੱਚ ਵਿਸਵਾਸ਼ ਜਤਾਉਦਿਆਂ ਕਿਹਾ ਕਿ  ਕਿਸਾਨਾਂ ਨੇ ਹਮੇਸ਼ਾਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਮੰਨਿਆ ਹੈ ਅਤੇ ਉਹ ਸਾਡੀ ਇਹ ਅਪੀਲ ਵੀ ਮੰਨਣਗੇ। ਕੁੱਲ ਧਰਤੀ ਦੀ ਸਿਹਤ, ਵਾਤਾਵਰਨ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਇਹਨਾਂ ਕੁਦਰਤੀ ਸੋਮਿਆਂ ਨੂੰ ਸੰਭਾਲਣਾ ਸਾਡਾ ਸਭ ਦਾ ਸਾਂਝਾ ਸਰੋਕਾਰ ਹੈ। 
ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਾਜਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਦੁਹਰਾਇਆ ਕਿ ਕਿਸਾਨੀ ਅਤੇ ਸਮਾਜ ਦੇ ਭਲੇ ਲਈ ਉਹਨਾਂ ਨਾਲ ਹਰ ਪਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪ੍ਸਰਸਿੱਖਿਆ ਵਿਭਾਗ ਇਸ ਮਕਸਦ ਲਈ  ਹਰ ਵੇਲੇ ਕਿਸਾਨਾਂ ਦੀ ਸੇਵਾ ਵਿੱਚ ਹਾਜ਼ਰ ਹੈ। ਉਹਨਾਂ ਭਰੋਸਾ ਦੁਆਇਆ ਕਿ ਇਸ ਮਕਸਦ ਲਈ ਉਹ ਮੀਡੀਆ ਨਾਲ ਵੀ ਉਚੇਚੇ ਤੌਰ ਤੇ ਮਿਲਦੇ ਰਹਿਣਗੇ।  
ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ,ਡਾ: ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਵਾਤਾਵਰਣ  ਦੀ ਰਾਖੀ ਕਰਨਾ ਸਾਰੇ ਸਮਾਜ ਦਾ ਫਰਜ਼ ਬਣਦਾ  ਹੈ। ਇਸ ਜ਼ਿੰਮੇਵਾਰੀ ਨੂੰ ਅਸੀਂ ਸਾਰੇ ਸਮਝੀਏ ਤਾਂ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਸਿਰਫ ਕਣਕ ਹੀ ਨਹੀਂ ਬਲਕਿ ਹੋਰਨਾਂ ਦਰਖਤਾਂ ਵਗੈਰਾ ਦੀ ਰਹਿੰਦ ਖੂੰਹਦ ਵੀ ਨਹੀਂ ਸਾੜੀ  ਜਾਣੀ ਚਾਹੀਦੀ।  
ਅਪਰ ਨਿਰਦੇਸ਼ਕ ਸੰਚਾਰ ਡਾ: ਜਗਦੀਸ਼ ਕੌਰ ਨੇ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਅਜਿਹੇ ਕੰਮਾਂ ਲਈ ਹੁਣ ਮੀਡੀਆ ਵੀ ` ਪਹਿਲਾਂ ਨਾਲੋਂ ਜ਼ਿਆਦਾ ਸਰਗਰਮ ਹੋ ਕੇ ਅੱਗੇ ਆ ਰਿਹਾ ਹੈ। ਉਹਨਾਂ ਪ੍ਰੈਸ ਕਾਨਫਰੰਸ ਵਿੱਚ  ਆਏ ਮੀਡੀਆ ਪ੍ਰਤੀਨਿਧੀਆਂ ਦਾ ਧੰਨਵਾਦ ਵੀ ਕੀਤਾ ਅਤੇ ਯਕੀਨ ਵੀ ਦੁਆਇਆ ਕਿ ਉਹ ਸੰਚਾਰ ਕੇਮਦਰ ਵੱਲੋਂ ਮੀਡੀਆ ਨੂੰ ਹਰ ਸੰਭਵ ਸਹਿਯੋਗ ਦੇਣਗੇ। 
ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਚੋਂ ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ: ਰਾਜਿੰਦਰ ਸਿੰਘ ਸਿੱਧੂ, ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ,ਡਾ: ਜਸਕਰਨ ਸਿੰਘ ਮਾਹਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਦੀਸ਼ ਕੌਰ  ਵੀ ਵਿਸੇਸ਼ ਤੌਰ ਤੇ ਸ਼ਾਮਿਲ ਹੋਏ। 

No comments: