Saturday, May 27, 2017

ਕੇ.ਪੀ.ਐਸ. ਗਿੱਲ ਦੇ ਦੇਹਾਂਤ ਮੌਕੇ ਫਿਰ ਸ਼ੁਰੂ ਹੋਈ ਪੰਜਾਬ ਦੇ ਸੰਤਾਪ ਦੀ ਗੱਲ

ਸੋਸ਼ਲ ਮੀਡੀਆ ਉੱਤੇ ਵੱਖ ਵਿਚਾਰਾਂ ਦਾ ਸਿਲਸਿਲਾ ਤੇਜ਼ 
Courtesy Photo: Sanjha Morcha
ਕੇ.ਪੀ.ਐਸ. ਗਿੱਲ ਦੇ ਤੁਰ ਜਾਣ ਮਗਰੋਂ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਪ੍ਰਤੀਕਰਮ ਦੇਖਣ ਵਿੱਚ ਆ ਰਹੇ ਹਨ। ਕਈ ਬਹੁਤ ਹੀ ਪਿਆਰ ਅਤੇ ਸਤਿਕਾਰ ਵਾਲੇ ਅਤੇ ਕਿ ਬਹੁਤ ਹੀ ਨਫਰਤ ਵਾਲੇ। ਬਹੁਤ ਸਾਰੇ ਲੋਕ ਖਾਮੋਸ਼ ਵੀ ਹਨ। ਇਸ ਖਾਮੋਸ਼ੀ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕੀਤੀ ਹੈ ਪਾਲੀ ਭੁਪਿੰਦਰ ਸਿੰਘ ਹੁਰਾਂ ਨੇ। ਉਹਨਾਂ 26 ਮਈ 2017 ਦੀ ਦੇਰ ਸ਼ਾਮ ਨੂੰ 7:55 ਵਜੇ ਫੇਸਬੁੱਕ 'ਤੇ ਲਿਖਿਆ ਹੈ:  
ਪਾਲੀ ਭੁਪਿੰਦਰ ਸਿੰਘ 
ਮੌਤ ਕਦੇ ਵੀ ਖ਼ੁਸ਼ੀ ਦੀ ਵਜ੍ਹਾ ਨਹੀਂ ਹੁੰਦੀ. 

ਪਰ ਮੌਤ.... ਹਮੇਸ਼ਾ ਅਫਸੋਸ ਦੀ ਵਜ੍ਹਾ ਵੀ ਨਹੀਂ ਹੁੰਦੀ। 
ਇਸ ਬਾਰੇ ਕਾਫੀ ਪ੍ਰਤੀਕਰਮ ਆਏ ਹਨ ਜਿਹੜੇ ਉਹਨਾਂ ਦੇ ਪ੍ਰੋਫ਼ਾਈਲ 'ਤੇ ਜਾ ਕੇ ਪੜ੍ਹੇ ਜਾ ਸਕਦੇ ਹਨ। ਇਸਤੋਂ ਬਾਅਦ ਅਗਲੇ ਦਿਨ 27 ਮਈ 2017 ਨੂੰ ਸਵੇਰੇ 8:23 ਵਜੇ ਪਾਲੀ ਜੀ ਨੇ ਲਿਖਿਆ:
ਕੇ. ਪੀ. ਐੱਸ. ਗਿੱਲ ਦੇ ਮੌਤ ਤੋਂ ਬਾਅਦ ਫੇਸਬੁੱਕ ਦਾ ਪ੍ਰਤੀਕਰਮ ਇੱਕ ਕੌੜਾ ਸੱਚ ਹੈ ਕਿ 1984 ਦੀ ਅੱਗ ਸਿਰਫ਼ ਉੱਤੋਂ ਬੁਝੀ ਹੈ, ਅੰਦਰ ਉਵੇਂ ਸੁਲਗ ਰਹੀ ਹੈ. ਗਿੱਲ ਦੀ ਮੌਤ ਉੱਤੇ ਖੁਸ਼ ਹੋਣ ਵਾਲੇ ਬਹੁਤੇ 'ਸਿੱਖ' ਨੇ ਤੇ ਨਮਨ ਕਰਨ ਵਾਲੇ ਬਹੁਤੇ 'ਹਿੰਦੂ'. ਸ਼ਾਇਦ ਇਹ ਸੱਚ ਪੂਰੇ ਦੇਸ਼ ਦਾ ਹੈ. ਪਾਣੀ, ਭਾਸ਼ਾ, ਕਸ਼ਮੀਰ, ਗੋਧਰਾ, ਨਕਸਲਬਾੜੀ ਤੇ ਪਾਕਿਸਤਾਨ ਜਿਹੇ ਵਿਸ਼ਿਆਂ ਨੂੰ ਲੈ ਕੇ ਅਕਸਰ ਲੋਕਾਂ ਅੰਦਰ ਸੁਲਗਦੀ ਅੱਗ ਫੇਸਬੁੱਕ ਉੱਤੇ ਆ ਜਾਂਦੀ ਹੈ.
ਅਸੀਂ 'ਚੁੱਪ ਵਿੱਚ ਸੁੱਖ ਸਮਝਦੇ ਹਾਂ' ਪਰ ਸੱਚ ਇਹੀ ਹੈ ਕਿ ਸਾਡੇ ਸਾਰਿਆਂ ਅੰਦਰ ਅੱਗ ਹੈ.
ਜਦੋਂ ਤੱਕ ਅੰਦਰ ਅੱਗ ਹੈ, ਬਾਹਰ ਕੋਈ ਸ਼ਾਂਤੀ ਨਹੀਂ ਹੋ ਸਕਦੀ। 
ਇਸ ਲਿਖਤ ਦੀ ਹਮਾਇਤ ਅਤੇ ਵਿਰੋਧ ਵਿੱਚ ਵੀ ਕਈ ਪ੍ਰਤੀਕਰਮ ਆਏ ਹਨ। 
Vikas Singla Vishek ਪਾਲੀ ਜੀ ਮੈਨੂੰ ਪਤਾ ਹੈ ਇਕ ਸਿੱਖ ਹੋਣ ਦੇ ਨਾਤੇ ਅੱਜ ਤੁੱਸੀ ਬਹੁਤ ਕੁਝ ਕਹਿਣਾ ਚਾਹੁੰਦੇ ਸੀ ਪਰ ਲੇਖਕ ਹੋਣ ਦੇ ਨਾਤੇ ਬਹੁਤ ਕੁਝ ਅੰਦਰ ਦਬਾ ਲਿਆ । ਕਿਸੇ ਦੀ ਛੋਟੀ ਸੋਚ ਵਿਚ ਤੁੱਸੀ ਆਪਣੀ ਵੱਡੀ ਸੋਚ ਪਾਉਣਾ ਚਾਹੋਗੇ ਤਾਂ ਤੁੱਸੀ ਆਪਣੀ ਸੋਚ ਦੀ ਬਣਤਰ ਹੀ ਖਰਾਬ ਕਰੋਗੇ। ਦੁੱਖ ਹੁੰਦਾ ਹੈ ਜਦ 'ਜਿਸ ਸੋਚ (ਬਲਰਾਮ ਬੋਧੀ) ਤੇ ਅੱਸੀ ਪਹਿਰਾ ਦੇ ਰਹੇ ਹੋਈਏ ਉਹ ਸੋਚ ਹੀ ਗੁਲਾਮ ਨਿਕਲੇ' ਪਰ ਉਸ ਦੁੱਖ ਚ ਆਪਣੀ ਸੋਚ ਨੂੰ ਖਰਾਬ ਕਰਣਾ ਇੱਕ ਬਿਮਾਰੀ ਨੂੰ ਜਨਮ ਦੇਣਾ ਹੈ। Post is not of Your level. This time you are Inspired or Despaired by wrong one.
Pali Bhupinder Singh ਅਜਿਹਾ ਕੁਝ ਵੀ ਨਹੀਂ. ਮੇਰੀ ਲੇਖਕ ਸੋਚ ਤੇ ਸਿੱਖੀ ਵਿਚ ਕੋਈ ਵਿਰੋਧ ਨਹੀਂ। ਜੇ ਹੋਇਆ, ਮੈਂ ਸਵੀਕਾਰ ਕਰਨ ਵਿੱਚ ਇੱਕ ਮਿੰਟ ਨਹੀਂ ਲਵਾਂਗਾ।  ਖੈਰ, ਇਸ ਪੋਸਟ ਵਿਚ ਤਾਂ ਮੇਰਾ ਸਰੋਕਾਰ ਸਚਮੁਚ ਸਿਰਫ ਦਿਲਾਂ ਦੇ ਅੰਦਰ ਸੁਲਗ ਰਹੀ ਨਫ਼ਰਤ ਹੈ। ਬਲਰਾਮ ਬੋਧੀ ਦੀ ਕਸ਼ਮੀਰ ਬਾਰੇ ਪੋਸਟ ਮੇਰੀ ਸੋਚ ਨਾਲ ਮੇਲ ਖਾਂਦੀ ਸੀ ਸੋ ਮੈਂ ਸ਼ੇਅਰ ਕਰ ਦਿੱਤੀ। ਪਰ ਅੱਜ ਗਿੱਲ ਨੂੰ ਮਹਾਂ-ਯੋਧਾ ਕਹਿ ਕੇ ਬਲਰਾਮ ਨੇ ਮੇਰੀ ਇਸ ਪੋਸਟ ਨੂੰ ਹੋਰ ਵੀ ਮੁੱਲਵਾਨ ਬਣਾ ਦਿੱਤਾ ਹੈ। ਮੈਂ ਇਹੀ ਤਾਂ ਕਹਿਣਾ ਚਾਹੁੰਦਾ ਹਾਂ ਇਸ ਪੋਸਟ ਵਿਚ ਕਿ ਉੱਤੋਂ ਅਸੀਂ ਖਾਮੋਸ਼ ਹਾਂ, ਜਾਂ ਧਰਮ-ਨਿਰਪੇਖ ਹੋਣ ਦਾ ਢੋੰਗ ਕਰਦੇ ਹਾਂ ਪਰ ਅੰਦਰ ਤਾਂ ਸਾਡੇ ਫਿਰਕਾ ਹੀ ਸੁਲਗਦਾ ਹੈ। ਘੱਟੋ-ਘੱਟ ਮੈਂ ਅਜਿਹਾ ਨਹੀਂ ਕਰਦਾ। ਮੈਨੂੰ ਇਹ ਮੰਨਣ ਵਿਚ ਕਦੇ ਵੀ ਸੰਕੋਚ ਨਹੀਂ ਕਿ ਮੈਂ ਇੰਨਾ ਜਿਆਦਾ ਪੰਜਾਬ-ਪੱਖੀ ਹਾਂ ਕਿ ਜੇ ਕਦੇ ਪੰਜਾਬ ਅਤੇ ਦੇਸ਼ ਦੇ ਹਿਤ ਆਪੋ ਵਿਚ ਟਕਰਾ ਜਾਣ, ਮੈਂ ਖੁੱਲੇ ਤੌਰ 'ਤੇ ਦੇਸ਼-ਵਿਰੋਧੀ ਹੋ ਜਾਵਾਂਗਾ। ਪੰਜਾਬੀ ਹੋਣਾ ਮੇਰੀ ਪਛਾਣ ਹੈ ਤੇ ਦੇਸ਼ ਇੱਕ ਰਾਜਨੀਤਕ ਮਾਮਲਾ।  ਦੇਸ਼ ਬਦਲਦੇ ਰਹਿੰਦੇ ਨੇ ਪਰ ਬੰਦੇ ਦੀ ਕਬੀਲਾਈ ਪਛਾਣ ਕਦੇ ਨਹੀਂ ਬਦਲਦੀ। 1947 ਤੋਂ ਪਹਿਲਾਂ ਲਾਹੌਰ ਵਿਚ ਖੜ ਕੇ 'ਪਾਕਿਸਤਾਨ ਜਿੰਦਾਬਾਦ' ਕਹਿਣਾ ਵੀ ਦੇਸ਼-ਵਿਰੋਧੀ ਸੀ। ਪਰ ਵੇਖ ਸਕਦੇ ਹੋ ਕਿ ਅੱਜ ਲਾਹੌਰ ਅੰਦਰ ਇਹੀ ਨਾਹਰਾ ਦੇਸ਼ ਭਗਤੀ ਹੈ। ਸੋ ਮੈਂ ਜੋ ਕਹਿੰਦਾ ਹਾਂ, ਉਸ ਵਿਚ ਵਿਸ਼ਵਾਸ ਵੀ ਕਰਦਾ ਹਾਂ। ਪਰ ਹੁਣ ਕੋਈ ਵੀ ਪ੍ਰਤੀਕਰਮ ਦਿੰਦਿਆਂ ਇਹ ਯਾਦ ਰੱਖਣਾ ਕਿ ਮੈਂ ਆਪਣੀ ਪੰਜਾਬੀ ਪਛਾਣ ਬਾਰੇ ਕੱਟੜਤਾ ਦੀ ਗੱਲ ਕਰ ਰਿਹਾ ਹਾਂ, ਨਾ ਕਿ ਸਿੱਖ ਪਛਾਣ ਬਾਰੇ। ਸਿੱਖ ਤਾਂ ਕੱਟੜ ਹੋ ਹੀ ਨਹੀਂ ਸਕਦਾ. ਜੋ ਕੱਟੜ ਹੈ, ਉਹ ਸਿੱਖ ਨਹੀਂ। ਸਿੱਖ ਹੀ ਕਿਉਂ, ਕੱਟੜ ਬੰਦਾ ਅਧਿਆਤਮਿਕ ਹੀ ਨਹੀਂ ਹੋ ਸਕਦਾ। ਧਾਰਮਿਕ ਹੋਣ ਦਾ ਵੀ ਉਹ ਪ੍ਰਪੰਚ ਹੀ ਕਰਦਾ ਹੈ। 
ਬਲਰਾਮ ਬੋਧੀ ਹੁਰਾਂ ਦੀ ਪੋਸਟ 'ਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ Kanwarjeet Singh Sidhu ਬਲਰਾਮ ਬੋਧੀ ਜੀ ਕੁਝ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਦੋਸਤੀ ਦਾ ਸੱਦਾ ਭੇਜਿਆ ਸੀ ਪਰ ਤੁਹਾਡੀ ਇਸ ਬਿਲਕੁੱਲ ਗੈਰ ਜਿੰਮੇਵਾਰ ਅਤੇ ਇਕਪਾਸੜ ਪੋਸਟ ਨੇ ਮੈਨੂੰ ਅਹਿਸਾਸ ਕਰਾਇਆ ਹੈ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਤੁਹਾਨੂੰ ਸਮਝਣ ਵਿਚ......ਸਾਰੀ ਖਾੜਕੂ ਲਹਿਰ ਨੂੰ ਰੱਦ ਕਰਕੇ ਵੀ ਤੁਸੀਂ ਗਿੱਲ ਦੀਆਂ ਕਾਲੀਆਂ ਕਰਤੂਤਾਂ ਨੂੰ ਜਸਟੀਫਾਈ ਨਹੀਂ ਕਰ ਸਕਦੇ। ਅਖੀਰ ਵਿਚ ਮੈਂ ਸਖਤ ਸ਼ਬਦਾਂ ਵਿਚ ਤੁਹਾਡੇ ਇਸ ਮਹਾਂਯੋਧਾ ਵਾਲੀ ਧਾਰਨਾ ਦਾ ਖੰਡਨ ਕਰਦਾ ਹਾਂ। ਉਹ ਜ਼ਕਰੀਆ ਖਾਨ, ਮੀਰ ਮੰਨੂ ਦਾ ਵਾਰਿਸ ਸੀ ਨਿਰਦੋਸ਼ਾਂ ਦਾ ਕਾਤਲ। ਬਿਨਾਂ ਸ਼ੱਕ ਉਹ ਨਿਰਦੋਸ਼ ਸਿੱਖ ਸਨ ਤੇ ਇਸ ਵਜ੍ਹਾ ਕਰਕੇ ਹੀ ਆਪ ਜੀ ਵਰਗੇ ਬੁੱਧੀਜੀਵੀਆਂ ਦੇ ਵਿਚਾਰ ਇਸ ਮਾਮਲੇ ਵਿਚ ਇਕਪਾਸੜ ਤੇ ਉਲਾਰ ਹੋ ਜਾਂਦੇ ਹਨ। ਇਸੇ ਤਰ੍ਹਾਂ Davinder Singh Dhillon ਨੇ ਕਿਹਾ ਹੈ ਬਲਰਾਮ ਬੋਧੀ ਦੇ ਮਹਾਯੋਧੇ ਨੂੰ 21 ਤੋਫਾਂ ਦੀ ਸਲਾਮ। ਉਹਨਾਂ ਇਸ ਸਬੰਧ ਵਿੱਚ ਰੂਪਨ ਦਿਓਲ ਬਜਾਜ ਵਾਲੇ ਮਾਮਲੇ ਦਾ ਵੇਰਵਾ ਦੇਣ ਵਾਲਾ ਲਿੰਕ ਪੋਸਟ ਕੀਤਾ ਹੈ। 
ਇੱਕ ਟਿੱਪਣੀ ਦਾ ਜੁਆਬ ਦੇਂਦਿਆਂ Pali Bhupinder Singh ਹੁਰਾਂ ਨੇ ਆਖਿਆ ਹੈ: ਪਰ ਹਾਂ, ਮੈਨੂੰ ਆਪਣੇ ਸਿੱਖ ਹੋਣ ਵਿੱਚ ਕੋਈ ਸ਼ਰਮ, ਅਫਸੋਸ ਜਾਂ ਪਛਤਾਵਾ ਨਹੀਂ।  ਜਦੋਂ ਮੈਂ ਮੱਧਕਾਲ ਦਾ ਇਤਿਹਾਸ ਪੜ੍ਹਦਾ ਹਾਂ, ਸਗੋਂ ਮੈਨੂੰ ਆਪਣੇ ਸਿੱਖ ਹੋਣ 'ਤੇ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਕਿੰਨੇ ਸ਼ਾਨਦਾਰ ਵਿਰਸੇ ਨਾਲ ਸਬੰਧਿਤ ਹਾਂ। ਸਿਰਫ ਇਸੇ ਲਈ ਮੇਰੇ ਬੱਚੇ ਦਾ ਨਾਂ 'ਸ਼ਾਹਬਾਜ਼ ਸਿੰਘ' ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਤੋਪਾਂ ਦਾ ਜਰਨੈਲ ਸੀ। ਹੋਰ ਤੇ ਹੋਰ ਮੇਰੀ ਧੀ ਦੇ ਨਾਂ ਪਿੱਛੇ ਵੀ 'ਸਿੰਘ' ਲੱਗਾ ਹੋਇਆ ਹੈ, 'ਕੌਰ ਨਹੀਂ। ਪਰ ਇਸਦਾ ਮਤਲਬ ਇਹ ਨਹੀ ਕਿ ਮੈਂ ਕੱਟੜ ਹਾਂ। ਮੇਰੀ ਮਾਂ, ਮੇਰੀ ਪਤਨੀ, ਮੇਰੇ ਨਾਨਕੇ ਸਭ ਸਖਤ ਕਿਸਮ ਦੇ ਹਿੰਦੂ ਹਨ। ਦੁਨੀਆ ਇਧਰ ਦੀ ਓਧਰ ਹੋ ਜਾਵੇ, ਸ਼ੁਕਰਵਾਰ ਦੇ ਦਿਨ ਮੇਰੇ ਘਰ ਵਿਚ ਕੋਈ ਮਾਸ-ਮੱਛੀ ਦੀ ਗੱਲ ਵੀ ਨਹੀਂ ਕਰ ਸਕਦਾ, ਕਿਉਂਕਿ ਮੇਰੀ ਘਰਵਾਲੀ ਲਈ ਇਹ ਸੰਤੋਸ਼ੀ ਮਾਤਾ ਦਾ ਦਿਨ ਹੈ।  ਤੇ ਸ਼ਨੀ ਦੇਵਤੇ ਦੇ ਸਨਮਾਨ ਵਿਚ ਸ਼ਨੀਵਾਰ ਮੈਨੂੰਂ ਸਿਰਫ ਵੋਦਕਾ ਜਾਂ ਜਿੰਨ ਪੀਣ ਦੀ ਇਜਾਜ਼ਤ ਹੈ। 
ਪੰਜਾਬ ਦੇ ਸੰਤਾਪ ਨੂੰ ਹੱਡੀਂ ਹੰਢਾਉਣ ਵਾਲੇ ਅਤੇ ਵੱਖ ਵੱਖ ਮੰਚਾਂ ਤੋਂ ਸਮੇਂ ਦਾ ਸੱਚ ਸਮੇਂ ਸਿਰ ਬੋਲਣ ਵਾਲੇ Malvinder Singh Mali ਹੁਰਾਂ ਨੇ ਕਿਹਾ ਹੈ ਕਿ ਅਧੂਰਾ ਤੇ ਵਿਗੜਿਆ ਹੋਇਆ ਹੈ ਇਹ 'ਸੱਚ"। ਕਿਉਂਕਿ ਖੱਬੇ ਪੱਖੀਆਂ ਦੇ ਪ੍ਰਤੀਕਰਮ ਨੂੰ ਇਸਤੋਂ ਸੁਚੇਤ ਤੌਰ 'ਤੇ "ਮੁਕਤ" ਰੱਖਿਆ ਗਿਆ ਹੈ ਤੇ ਸਾਰੇ ਮਾਮਲੇ ਨੂੰ "ਪੰਜਾਾਬ" ਤੇ " ਧਾਰਮਿਕ ਘੱਟ-ਗਿਣਤੀ" ਦੇ ਪੱਖ ਤੋਂ ਵੇਖਣ ਤੋਂ ਇਨਕਾਰ ਕੀਤਾ ਗਿਆ ਹੈ। ਬੁੱਧੀਜੀਵੀ, ਲੇਖਕ ਤੇ ਪੱਤਰਕਾਰ ਕਿੱਥੇ ਨੇ ਇਸ ਪ੍ਰਤੀਕਰਮ 'ਚ? 
ਜਦੋਂ Pali Bhupinder Singh ਹੁਰਾਂ ਨੇ ਕਿਹਾ ਕਿ ਤੁਸੀਂ ਪੂਰਾ ਕਰ ਦਿਓ ਸਰ..
ਇਸਦੇ ਜੁਆਬ ਵਿੱਚ Malvinder Singh Mali ਹੁਰਾਂ ਨੇ ਖਾਮੋਸ਼ ਬੈਠੇ ਲੋਕਾਂ ਬਾਰੇ ਕਿਹਾ-ਉਹ ਚਲਾਕ ਲੋਮੜੀ ਨੇ....ਨਹੀਂ ਬੋਲਣਗੇ...
ਇਹ ਸੀ ਇੱਕ ਝਲਕ ਜਿਸਨੇ ਸੁਪਰਕੋਪ ਕੇ.ਪੀ.ਐਸ. ਗਿੱਲ ਦੀ ਮੌਤ ਦੇ ਮੌਕੇ ਉੱਤੇ ਪੰਜਾਬ ਦੇ ਸੰਤਾਪ ਦੀਆਂ ਬਹੁਤ ਸਾਰੀਆਂ ਗੱਲਾਂ ਤਾਜ਼ੀਆਂ ਕੀਤੀਆਂ ਹਨ। ਹੁਣ ਦੇਖਣਾ ਹੈ ਕਿ ਖਾਮੋਸ਼ ਬੈਠੇ ਲੋਕ ਕਦੋਂ ਬੋਲਦੇ ਹਨ, ਕਿ ਬੋਲਦੇ ਹਨ ਜਾਂ ਚੁੱਪ ਹੀ ਰਹਿੰਦੇ ਹਨ?

No comments: