Monday, May 22, 2017

ਡਾ ਰਵਿੰਦਰ ਰਵੀ ਤੇ ਪ੍ਰੀਤਮ ਪੰਧੇਰ ਯਾਦਗਾਰੀ ਸਮਾਗਮ

Mon, May 22, 2017 at 4:05 PM
ਯਾਦਗਾਰੀ ਰਿਹਾ ਸਮਾਗਮ-ਕਈ ਉਸਾਰੂ ਗੱਲਾਂ ਹੋਈਆਂ 
ਲੁਧਿਆਣਾ: 22 ਮਈ  2017: (ਦਲਵੀਰ ਸਿੰਘ ਲੁਧਿਆਣਵੀ//ਪੰਜਾਬ ਸਕਰੀਨ)::
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ, ਪੰਜਾਬੀ ਸਾਹਿਤ ਅਕਾਡਮੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਵਿਖੇ ਡਾ ਰਵਿੰਦਰ ਰਵੀ ਤੇ ਪ੍ਰੀਤਮ ਪੰਧੇਰ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ ਸੁਖਦੇਵ ਸਿਰਸਾ, ਜਨਰਲ ਸਕੱਤਰ ਡਾ ਸੁਰਜੀਤ, ਹਿੰਦੀ ਵਿਭਾਗ ਦੇ ਮੁਖੀ ਅਤੇ ਕਾਰਜਕਾਰੀ ਪ੍ਰਿੰ: ਨਿਰਮਲ ਸਿੱਘ, ਭੈਣੀ ਸਾਹਿਬ ਤੋਂ ਸੰਤ ਹਰਪਾਲ ਸਿੰਘ, ਪ੍ਰੀਤਮ ਪੰਧੇਰ ਦੀ ਬੇਟੀ ਨਵਦੀਪ ਕੌਰ ਅਤੇ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ ਨੇ ਕੀਤੀ। ਡਾ ਹਰਵਿੰਦਰ ਸਿੰਘ ਸਿਰਸਾ ਨੂੰ 'ਡਾ ਰਵਿੰਦਰ ਰਵੀ ਯਾਦਗਾਰੀ ਪੁਰਸਕਾਰ, ਸਵਰਨ ਸਿੰਘ ਸਨੇਹੀ ਨੂੰ 'ਮਾਈ ਖੇਮ ਕੌਰ ਤੇ ਬਾਬਾ ਬੇਲਾ ਸਿੰਘ ਯਾਦਗਾਰੀ ਪੁਰਸਕਾਰ ਅਤੇ ਗੁਰਪਾਲ ਲਿੱਟ ਨੂੰ 'ਪ੍ਰੀਤਮ ਪੰਧੇਰ ਯਾਦਗਾਰੀ ਪੁਰਸਕਾਰ', ਜਿਸ ਵਿਚ ਰਾਸ਼ੀ, ਲੋਈ ਤੇ ਮਾਣ-ਪੱਤਰ ਹਰੇਕ ਸਨਮਾਨਿਤ ਸ਼ਖ਼ਸੀਅਤ ਨੂੰ ਦਿੱਤੀ ਗਈ। ਪ੍ਰਿੰ: ਹਰਭਗਵਾਨ ਚਾਵਲਾ ਸਿਰਸਾ ਨੇ ਡਾ ਹਰਵਿੰਦਰ ਸਿਰਸਾ ਦੇ ਸਾਹਿਤਕ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ। ਉਘੇ ਸਾਹਿਤਕਾਰ ਪਰਮਾਨੰਦ ਸ਼ਾਸਤਰੀ, ਗੁਰਦਿਆਲ ਦਲਾਲ ਅਤੇ ਸੁਰਿੰਦਰ ਕੈਲੇ ਨੇ ਮਾਣ-ਪੱਤਰ ਪੜੇ। ਡਾ ਪੰਧਰ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਨਮਾਨ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਬਾਰੇ  ਵਿਸਥਾਰ ਵਿਚ ਚਾਨਣਾ ਪਾਇਆ। ਨਾਲ ਹੀ ਗੁਰਦੁਆਰਾ ਕਰਮਸਰ (ਰਾੜਾ ਸਾਹਿਬ) ਦਾ ਲੰਗਰ ਲਈ ਧੰਨਵਾਦ ਕੀਤਾ। ਨਾਮਧਾਰੀ ਸੰਗਤ, ਕਾਲਜ ਦੇ ਸਟਾਫ ਸਮੇਤ ਵਿਸ਼ੇਸ਼ਕਰ ਪ੍ਰੋ: ਪ੍ਰਕਾਸ਼ ਸਿੰਘ, ਪ੍ਰੋ: ਰਮੇਸ਼ ਜੀ ਦਾ ਧੰਨਵਾਦ ਕੀਤਾ। ਪ੍ਰਿੰ: ਨਿਰਮਲ ਸਿੰਘ ਨੇ ਸਵਾਗਤੀ ਸ਼ਬਦ ਰੱਖਦਿਆਂ ਕਿਹਾ ਕਿ ਇਸ ਕਾਲਜ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਤੋਂ ਹਰ ਸਾਲ ਹੀ ਡਾ ਰਵਿੰਦਰ ਰਵੀ ਦੀ ਯਾਦ ਵਿਚ ਸਮਾਗਮ ਕਰਵਾਇਆ ਜਾਂਦਾ ਹੈ।  ਪ੍ਰੋ: ਇੰਦਰਪਾਲ ਸਿੰਘ ਨੇ ਸਮੁੱਚੇ ਇਕੱਠ ਅਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਇਹ ਵੀ ਦੱਸਿਆ ਕਿ ਕਾਲਜ ਦੀ ਲਾਇਬਰੇਰੀ ਦਾ ਨਾਂ ਡਾ ਰਵਿੰਦਰ ਰਵੀ ਦੇ ਨਾਂ 'ਤੇ ਰੱਖਿਆ ਜਾਵੇਗਾ।    
ਡਾ ਸੁਖਦੇਵ ਸਿੰਘ ਸਿਰਸਾ ਨੇ ਡਾ ਰਵੀ ਦੀ ਸ਼ਖ਼ਸੀਅਤ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਡਾ ਰਵੀ ਦੀ ਮਹਾਨਤਾ ਇਸ ਗੱਲ ਵਿਚੋਂ ਵੀ ਪ੍ਰਤੱਖ ਹੁੰਦੀ ਸੀ ਕਿ ਉਹ ਨਾ ਕੇਵਲ ਆਪਣੇ ਹਿਤੈਸ਼ੀਆਂ ਨਾਲ ਹੀ ਬਾਦਲੀਲ ਸੰਵਾਦ ਕਾਇਮ ਕਰਦੇ ਸਨ ਬਲਕਿ ਆਪਣੇ ਵਿਰੋਧੀਆਂ ਨੂੰ ਵੀ ਉਹਨਾਂ ਦੇ ਵਿਰੋਧੀ ਵਿਚਾਰ ਹੋਣ ਦੇ ਬਾਵਜੂਦ ਪੂਰਾ ਸਨਮਾਨ ਦਿੰਦੇ ਸਨ। ਇਹੋ ਹੀ ਵਜ੍ਹਾ ਸੀ ਕਿ ਉਹਨਾਂ ਦੇ ਵਿਰੋਧੀ ਵੀ ਉਹਨਾਂ ਦੇ ਕਾਇਲ ਹੋ ਰਹਿੰਦੇ ਸਨ। ਪ੍ਰੀਤਮ ਪੰਧੇਰ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਉਹ ਬਹੁਤ ਹੀ ਸਬਰ ਤੇ ਸੂਝ ਦੇ ਮਾਲਕ ਸਨ ਤੇ ਗਹਿਰੇ ਵਿਰੋਧਾਂ ਤੋਂ ਵਿਵਾਦਾਂ ਵਿਚਕਾਰ ਬਹਿਸ ਦੇ ਪਲਾਂ ਦੌਰਾਨ ਵੀ ਬੜੇ ਹੀ ਸ਼ਾਂਤ ਤੇ ਸੰਜਮੀਂ ਤਰੀਕੇ ਨਾਲ ਦੂਸਰੀ ਧਿਰ ਨੂੰ ਵੀ ਆਪਣੇ ਵਿਚਾਰਾਂ ਨਾਲ ਸਹਿਜੇ ਹੀ ਸਹਿਮਤ ਕਰਵਾਉਣ ਵਿਚ ਕਾਮਯਾਬ ਹੋ ਜਾਂਦੇ ਸਨ।    
ਡਾ ਸੁਰਜੀਤ ਨੇ ਡਾ. ਰਵੀ ਦੇ ਸਾਹਿਤਕ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਡਾ ਰਵੀ ਨੇ 30 ਵਰ੍ਹੇ ਪਹਿਲਾਂ ਹੀ ਆਉਣ ਵਾਲੇ ਹਲਾਤਾਂ ਦੀ ਪੂਰੀ ਤਰ੍ਹਾਂ ਸਟੀਕ ਭਵਿੱਖਬਾਣੀ ਕੀਤੀ ਸੀ ਕਿ ਆਉਣ ਵਾਲੇ ਸਮੇਂ ਅਸਹਿਮਤੀ ਦੇ ਸੁਰਾਂ ਨੂੰ ਇਸ ਤਰ੍ਹਾਂ ਦਬਾਅ ਦਿੱਤਾ ਜਾਵੇਗਾ ਕਿ ਇਕ ਧਰਮ ਨਾ ਕੇਵਲ ਦੂਜੇ ਧਰਮ ਦਾ ਕੱਟੜ ਵਿਰੋਧੀ ਹੋ ਜਾਵੇਗਾ, ਸਗੋਂ ਉਸ ਧਰਮ ਦੇ ਅੰਦਰ ਆਉਂਦੇ ਵੱਖ-ਵੱਖ ਸੱਤਾਂ ਅਤੇ ਪੰਥਾਂ ਦੀ ਸਹਿ ਨੂੰ ਵੀ ਖਤਰਾ ਪੈਦਾ ਹੋ ਜਾਵੇਗਾ।  
ਸੰਤ ਹਰਪਾਲ ਸਿੰਘ ਨੇ ਵਿਚਾਰ ਰੱਖਦਿਆਂ ਕਿਹਾ ਕਿ ਬਾਬਾ ਬੇਲਾ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਦੇ ਸਮੇਂ ਹੀ ਅੰਗਰੇਜ਼ਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਮਾਈ ਖੇਮ ਕੌਰ ਜੀ ਉਹ ਪਹਿਲੀ ਔਰਤ ਸੀ, ਜਿਸ ਨੇ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਤਿਆਰ ਕੀਤਾ ਅੰਮ੍ਰਿਤ ਛਕਿਆ ਸੀ। ਸਨਮਾਨਿਤ ਸ਼ਖ਼ਤੀਅਤਾਂ ਡਾ ਹਰਵਿੰਦਰ ਸਿਰਸਾ, ਸ੍ਰੀ ਸਵਰਨ ਸਿੰਘ ਸਨੇਹੀ ਅਤੇ ਗੁਰਪਾਲ ਲਿੱਟ ਨੇ ਆਪਣੇ ਪ੍ਰਤੀਕਰਮ ਦਿੰਦਿਆਂ ਸਨਮਾਨਾਂ ਨੂੰ ਆਪਣੇ 'ਤੇ ਪਾਈ ਵਧੇਰੇ ਜ਼ਿੰਮੇਵਾਰੀ ਵਜੋਂ ਕਬੂਲਦਿਆਂ ਸੁਹਿਰਦਤਾ ਨਾਲ ਨਿਭਾਉਣ ਦਾ ਅਹਿਦ ਕੀਤਾ। 
ਇਸ ਮੌਕੇ 'ਤੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਜਨਾਬ ਸਰਦਾਰ ਪੰਛੀ, ਡਾ ਗੁਰਚਰਨ ਕੌਰ ਕੋਚਰ,  ਸੁਰਿੰਦਰ ਰਾਮਪੁਰੀ, ਦਲਬੀਰ ਲੁਧਿਆਣਵੀ, ਜਨਮੇਜਾ ਸਿੰਘ ਜੌਹਲ, ਪ੍ਰਿੰ: ਇੰਦਰਜੀਤਪਾਲ ਕੌਰ, ਕੁਲਵਿੰਦਰ ਕਿਰਨ, ਸੁਰਿੰਦਰ ਦੀਪ, ਪਰਮਜੀਤ ਮਹਿਕ,  ਜਸਵੀਰ ਝੱਜ, ਜਗਦੇਵ ਸਿੰਘ ਘੁੰਗਰਾਲੀ, ਹਰਬੰਸ ਮਾਲਵਾ, ਗੁਰਪ੍ਰੀਤ ਧਾਲੀਵਾਲ, ਜਗਤਾਰ ਸੇਖਾਂ, ਜਰਨੈਲ ਮਾਂਗਟ, ਤਰਲੋਚਨ ਝਾਂਡੇ, ਜੇਐਸ ਪ੍ਰੀਤ, ਸੁਰਿੰਦਰ ਪੰਨੂੰ, ਸੁਰਿੰਦਰ ਕੌਰ, ਭਗਵਾਨ ਢਿੱਲੋਂ, ਅਮਨਦੀਪ ਦਰਦੀ, ਦਰਸ਼ਨ ਗਿੱਲ, ਗਰਸੇਵਕ ਢਿੱਲੋਂ, ਰਵਿੰਦਰ ਦੀਵਾਨਾਂ, ਸਰੂਪ ਸਿੰਘ ਸਹਾਰਨ, ਕਾਮਰੇਡ ਰਮੇਸ਼ ਰਤਨ, ਸਾਬਕਾ ਬੈਂਕ ਮੈਨੇਜਰ ਲਛਮਣ ਸਿੰਘ, ਕਾਮਰੇਡ ਗੁਲਜ਼ਾਰ ਗੋਰੀਆ, ਪ੍ਰਿੰ: ਜਗਜੀਤ ਸਿੰਘ, ਚਰਨਜੀਤ ਸਿੰਘ ਰਾਮਗੜ ਸਰਦਾਰਾਂ, ਇੰਜ: ਸੁਰਜਨ ਸਿੰਘ, ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ, ਕਿਰਨ ਪੰਜਾਬੀ, ਸਵਰਨ ਪੱਲਾ, ਪੰਮੀ ਹਬੀਬ, ਬਲਕੌਰ ਸਿੰਘ ਗਿੱਲ, ਡਾ ਬਲਵਿੰਦਰ ਗਲੈਕਸੀ, ਬੁੱਧ ਸਿੰਘ ਨੀਲੋ, ਅਜਮੇਰ ਸਿੰਘ, ਚਰਨਜੀਤ ਕੌਰ ਘਣਗਸ, ਡਾ ਤਰਸੇਮ ਸਿੰਘ ਗਰੇਵਾਲ, ਸੁਰਜੀਤ ਸਿੰਘ ਰੈਣੂ ਸਿਰਸਾ, ਪਰਮਾਨੰਦ ਸ਼ਾਸਤਰੀ,  ਇੰਜ: ਮਨਪ੍ਰੀਤ ਸਿੰਘ, ਭਗਵੰਤ ਸਿੰਘ ਲਿੱਟ, ਪਰਮਜੀਤ ਸਿੰਘ ਐਡਵੋਕੇਟ, ਕੁਲਵੰਤ ਰਿਖੀ, ਹਰਦੇਵ ਸਿੰਘ ਪਹੀੜ ਆਦਿ ਤੋਂ ਇਲਾਵਾ ਨਾਮਧਾਰੀ ਸੰਗਤ ਸਮੇਤ ਵੱਡੀ ਗਿਣਤੀ ਵਿਚ ਵਿਦਵਾਨ, ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜ਼ਿਰ ਸਨ।
*ਦਲਵੀਰ ਸਿੰਘ ਲੁਧਿਆਣਵੀ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ: 94170 01983

No comments: