Sunday, May 21, 2017

ਪ੍ਰੋ: ਮਨਜੀਤ ਸਿੰਘ ਸਿੱਧੂ ਪ੍ਰਧਾਨ ਜੀ:ਸਦੀਵੀ ਅਲਵਿਦਾ

Whatsapp: 21st May 2017 at 10:15 AM
ਕੈਲਗਰੀ ਫੇਰੀ ਦੌਰਾਨ ਮੁਲਾਕਾਤ ਨਾ ਹੋ  ਸਕੀ, ਪਛਤਾਵਾ ਰਹੇਗਾ ਉਮਰ ਭਰ
ਸਵੇਰ ਸਾਰ ਨਿੰਦਰ ਘੁਗਿਆਣਵੀ ਨੇ ਤੇ ਮਗਰੋਂ ਨਿੱਕੇ ਵੀਰ ਬਲਜਿੰਦਰ ਸੰਘਾ ਨੇ ਸੁਰਖ਼ ਸੋਚਧਾਰੀ ਕਰਮਸ਼ੀਲ ਯੋਧੇ ਪ੍ਰੋ: ਮਨਜੀਤ ਸਿੰਘ ਸਿੱਧੂ ਦੇ ਤੁਰ ਜਾਣ ਦੀ ਪਾਟੀ ਚਿੱਠੀ ਪੜ੍ਹਾਈ। 
ਮੇਰੇ ਮਿਹਰਬਾਨ ਅਤੇ ਪਿਛਲੇ  ਤਿੰਨ ਦਹਾਕੇ ਤੋਂ ਕੈਲਗਰੀ (ਕੈਨੇਡਾ) ਰਹਿੰਦੇ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਜੀ ਪਿਛਲੇ 12 ਦਿਨਾਂ ਤੋਂ ਕੈਲਗਰੀ ਦੇ ਪੀਟਰ ਲਾਗਹਿਡ ਹਸਪਤਾਲ ਵਿਚ ਸਵੇਰ ਸਮੇਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਦੋਹਾਂ ਦੱਸਿਆ।
ਪਿਛਲੀ ਜੂਨ ਚ ਮੈਂ ਕੈਲਗਰੀ ਚ ਪਿਆਰੇ ਬਲਵਿੰਦਰ ਕਾਹਲੋਂ ਨੂੰ ਕਿਹਾ ਵੀ ਕਿ ਪ੍ਰੋਫੈਸਰ ਸਾਹਿਬ ਨੂੰ ਮਿਲ ਆਈਏ ਪਰ  ਸੰਭਵ ਨਾ ਹੋ ਸਕਿਆ।  
12 ਅਪਰੈਲ 1927 ਨੂੰ ਹਿੰਮਤਪੁਰਾ (ਮੋਗਾ)ਵਿਚ ਜਨਮੇ ਪ੍ਰੋਫੈਸਰ ਸਾਹਿਬ ਨੇ  90 ਸਾਲ 1 ਮਹੀਨਾ ਅਤੇ 8 ਦਿਨਾਂ ਦੀ ਜ਼ਿੰਦਗੀ ਭੋਗੀ। ਜਿਸ ਵਿਚ ਬਹੁਤ ਸਾਰਾ ਕੁਝ ਉਹਨਾਂ ਵੇਖਿਆ, ਸੁਲਝਾਇਆ, ਭਾਰਤ ਦੀ ਅਜ਼ਾਦੀ ਤੋਂ ਪਹਿਲਾ ਤੋਂ ਲੈ ਕੇ ਹੁਣ ਤੋਂ 10 ਕੁ ਮਹੀਨੇ ਪਹਿਲਾ ਤੱਕ ਉਹਨਾਂ ਨੂੰ ਸਭ ਕੁਝ ਤਰੀਕਾਂ ਸਮੇਤ ਯਾਦ ਸੀ, ਜਿੱਥੇ ਇੱਥੇ ਕੈਨੇਡਾ ਵਿਚ ਆ ਕੇ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਸਥਾਪਨਾ ਕਰਵਾਈ। 
ਉਹਨਾਂ ਨੇ ਆਪਣੇ ਬਾਰੇ ਅਤੇ ਆਪਣੇ ਸਮੇਂ ਦੀਆਂ ਹੋਰ ਹਸਤੀਆਂ ਬਾਰੇ ਦੋ ਕਿਤਾਬਾਂ 'ਵੰਨ-ਸਵੰਨ' ਅਤੇ ਸ਼ਬਦ ਚਿੱਤਰ 'ਨਿੱਕੇ-ਵੱਡੇ ਬੁਰਜ' ਲਿਖੀਆਂ। ਉੁਹ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਚ 1946 ਤੋਂ 1948 ਤੱਕ ਪੜ੍ਹੇ ਸਨ। 
ਕੈਲਗਰੀ ਵੱਸਦਾ ਪੰਜਾਬੀ ਲੇਖਕ ਬਲਜਿੰਦਰ ਸੰਘਾ ਲਿਖਦਾ ਹੈ ਕਿ ਮੈਂ ਵੀ ਬਰਜਿੰਦਰਾ ਕਾਲਜ ਵਿਚੋਂ ਪੜਿਆ। 1966-1969 ਦੇ ਸਮੇਂ ਵਿਚ ਉਹ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਅਰਥ-ਸ਼ਾਸ਼ਤਰ ਵਿਭਾਗ ਦੇ ਮੁਖੀ ਰਹੇ, ਮੇਰੇ ਪਿਤਾ ਜੀ ਇਸੇ ਸਮੇਂ ਬਰਜਿੰਦਰਾ ਕਾਲਜ ਦੇ ਵਿਦਿਆਰਥੀ ਸਨ, ਮੇਰੇ ਚਾਚਾ ਜੀ ਵੀਰ ਸਿੰਘ ਸੰਘਾ (ਅਮਰੀਕਾ) ਅਤੇ ਦਰਸ਼ਨ ਸਿੰਘ ਸੰਘਾ (ਵੈਨਕੂਵਰ) ਵੀ ਉਨ੍ਹਾਂ ਦੇ ਵਿਦਿਆਰਂਥੀ ਰਹੇ। 
ਯੂਨੀਵਰਸਿਟੀ ਸੈਨੇਟ ਦੇ ਮੈਂਬਰ ਹੋਣ ਤੋਂ ਇਲਾਵਾ ਉਹ ਗੌਰਮਿੰਟ ਕਾਲਿਜ ਲੈਕਚਰਰ ਅਸੋਸੀਏਸ਼ਨ ਦੇ ਵੀ ਲੰਮਾ ਸਮਾਂ ਪ੍ਰਧਾਨ ਰਹੇ। 
ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਜੀ ਨੇ ਹੀ 1976 ਚ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਤੋਂ ਕਾਲਜ ਲੈਕਚਰਾਰਾਂ ਦਾ ਗਰੇਡ 700-1600 ਕਰਵਾਉਣ ਲਈ ਐਲਾਨ ਕਰਵਾਇਆ ਸੀ।
ਪ੍ਰੋ: ਮਨਜੀਤ ਸਿੰਘ ਸਿੱਧੂ ਗੌਰਮਿੰਟ ਕਾਲਿਜ ਲੁਧਿਆਣਾ ਚ ਵੀ ਪੜ੍ਹਾਉਂਦੇ ਰਹੇ। ਮੇਰੇ 1974-76 ਸਾਲ ਚ ਅੈੱਮ ਏ ਵੇਲੇ ਮੇਰੇ ਸਹਿਪਾਠੀ ਰਹੇ ਪੂਰਨ ਸਿੰਘ ਸੰਧੂ (ਵਿਦਿਆਰਥੀ ਅਾਗੂ) ਉਨ੍ਹਾਂ ਦੇ ਦਾਮਾਦ ਬਣੇ। 
ਮੇਰੀ ਪਿਛਲੀ ਕੈਲਗਰੀ ਫੇਰੀ ਦੌਰਾਨ ਮੁਲਾਕਾਤ ਨਾ ਹੋ  ਸਕੀ, ਪਛਤਾਵਾ ਰਹੇਗਾ ਉਮਰ ਭਰ। 
ਉਨ੍ਹਾਂ ਦੀ ਪਹਿਲੀ ਕਿਤਾਬ ਵੰਨ ਸੁਵੰਨ ਬਾਰੇ ਮੇਰਾ ਲਿਖਿਆ ਲੇਖ ਉਨ੍ਹਾਂ ਨੂੰ ਬੜਾ ਪਸੰਦ ਸੀ ਕਿਉਂਕਿ ਇਸ ਬਹਾਨੇ ਮੈਂ ਕਾਲਿਜ ਵੇਲੇ ਦਾ ਮਾਹੌਲ ਅੰਕਿਤ ਕੀਤਾ ਸੀ। 
ਅਰਜਨ ਦਾਸ ਕਾਲਿਜ ਧਰਮਕੋਟ(ਮੋਗਾ) ਤੋਂ ਪ੍ਰਿੰਸੀਪਲ ਵਜੋਂ ਰੀਟਾਇਰ ਹੋ ਕੇ ਉਹ ਕੈਨੇਡਾ ਚਲੇ ਗਏ ਸਨ। ਅਨੰਤ ਸਫ਼ਰ ਦੇ ਪਾਂਧੀ ਨੂੰ ਆਖ਼ਰੀ ਸਲਾਮ।
ਗੁਰਭਜਨ ਗਿੱਲ                 

No comments: