Friday, May 19, 2017

"ਠਾਕੁਰ ਦਲੀਪ ਸਿੰਘ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਦਿਲ ਦਾ ਸੁਰਾਖ"

ਪ੍ਰਿੰਸੀਪਲ ਰਾਜਪਾਲ ਕੌਰ ਨੇ ਕੀਤਾ ਸਾਰੇ ਸਬੂਤ ਕੋਲ ਹੋਣ ਦਾ ਦਾਅਵਾ  
ਬੱਚੀ ਪ੍ਰੇਮ ਕੌਰ, ਉਸਦੇ ਮਾਤਾ-ਪਿਤਾ ਕਰਨਬੀਰ ਸਿੰਘ ਅਤੇ ਰਜਿੰਦਰ ਕੌਰ
ਜਲੰਧਰ: 19 ਮਈ 2017: (ਪੰਜਾਬ ਸਕਰੀਨ ਬਿਊਰੋ)::
ਅੱਜਕਲ੍ਹ ਨਵ ਜੰਮੇ ਜਾਂ ਛੋਟੇ ਬੱਚਿਆਂ ਦੇ ਦਿਲ ਵਿੱਚ ਸੁਰਾਖ ਹੋਣ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਅਜਿਹਾ ਹੀ ਕੁਝ ਹੋਇਆ ਜੰਮੂ ਦੇ ਇੱਕ ਨਾਮਧਾਰੀ ਪਰਿਵਾਰ ਨਾਲ। ਜਲੰਧਰ ਦੀ ਹੀ ਪ੍ਰਿੰਸੀਪਲ ਰਾਜ ਪਾਲ ਕੌਰ ਨੇ ਦਾਅਵਾ ਕੀਤਾ ਹੈ ਕਿ ਇਹ ਸੁਰਾਖ ਠਾਕੁਰ ਦਲੀਪ ਸਿੰਘ ਜੀ ਦੀ ਕਿਰਪਾ ਨਾਲ ਬਿਨਾ ਕਿਸੇ ਇਲਾਜ ਤੋਂ ਠੀਕ ਹੋ ਗਿਆ ਹੈ। ਉਹਨਾਂ ਦਾ ਦਾਅਵਾ ਹੈ  ਕਿ ਇਸ ਬਾਰੇ ਸਾਰੇ ਸਬੂਤ ਵੀ ਉਹਨਾਂ ਦੇ ਕੋਲ ਹਨ। ਉਹਨਾਂ ਦੀ ਭੇਜੀ ਰਿਪੋਰਟ ਇਥੇ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। -ਸੰਪਾਦਕ
ਪ੍ਰਿੰਸੀਪਲ ਰਾਜਪਾਲ ਕੌਰ ਦੀ ਰਿਪੋਰਟ  
ਸਤਿਗੁਰੂ ਸ਼ਬਦ ਸਤਿ ਅਤੇ ਗੁਰੂ ਦੇ ਸੁਮੇਲ ਨਾਲ ਬਣਿਆ ਹੈ। ਅਗਿਆਨ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਅਤੇ ਸੱਚ ਦਾ ਰਾਹ ਦਿਖਾਉਣ ਵਾਲੇ ਨੂੰ ਸਤਿਗੁਰੂ ਆਖਦੇ ਹਨ। ਗੁਰਬਾਣੀ ਵਿਚ ਵੀ ਲਿਖਿਆ ਹੈ ,ਸਤਿ ਪੁਰਖੁ ਜਿਨਿ ਜਾਨਿਆ ,ਸਤਿਗੁਰੁ ਤਿਸ ਕਾ ਨਾਉ ਅਥਵਾ ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ। ਕਿਓਂਕਿ ਐਸੇ ਸਤਿਗੁਰੂ ਤਾਂ ਸਭ ਦਾ ਭਲਾ ਕਰਨ ਅਤੇ ਸਦਮਾਰਗ ਦਿਖਾਉਣ ਲਈ ਹੀ ਸੰਸਾਰ ਵਿੱਚ ਆਉਂਦੇ ਹਨ ਅਤੇ ਜੋ ਸੱਚੇ ਮੰਨ ਨਾਲ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹ ਭਵਸਾਗਰ ਤੋਂ ਪਾਰ ਹੋ ਜਾਂਦਾ ਹੈ।                                                                      
ਇਸ ਬੱਚੀ ਦੇ ਦਿਲ ਵਿੱਚ ਸੀ ਸੁਰਾਖ 
ਵਰਤਮਾਨ ਸਮੇਂ ਵਿੱਚ
ਨਾਮਧਾਰੀ ਗੁਰੂ ਸਤਿਗੁਰੂ ਦਲੀਪ ਸਿੰਘ ਜੀ,ਜੋ ਨਿਮਰਤਾ ਅਤੇ ਤਿਆਗ ਦੀ ਮੂਰਤ ਹਨ, ਆਪਣੇ ਅਲੌਕਿਕ ਰੂਪ ਨਾਲ ਸਭ ਦਾ ਮੰਨ ਮੋਹ ਲੈਂਦੇ ਹਨ ਅਤੇ ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਉਸ ਤੇ ਕਿਰਪਾ-ਮਿਹਰ ਹੋ ਜਾਂਦੀ ਹੈ। ਦਾਸ ਨੇ ਉਹਨਾਂ ਦੁਆਰਾ ਕੀਤੇ ਅਨੇਕਾਂ ਹੀ ਅਲੌਕਿਕ ਕਿਰਪਾ ਨੂੰ ਦੇਖਿਆ-ਸੁਣਿਆ ਅਤੇ ਅਨੁਭਵ ਵੀ ਕੀਤਾ ਹੈ ,ਜਿਸ ਵਿਚੋਂ ਕੇਵਲ ਇਕ ਦਾ ਹੀ ਜਿਕਰ ਕਰਨ ਜਾ ਰਹੀ ਹਾਂ ਜੋ ਵਾਕਈ ਸਭ ਨੂੰ ਅਚੰਭਿਤ ਕਰ ਦੇਣ ਵਾਲਾ ਹੈ ਕਿ ਐਸੇ ਕਲਿਜੁਗ ਦੇ ਸਮੇਂ ਵਿਚ ਸਤਿਗੁਰੂ ਜੀ ਦੀ ਕਿਰਪਾ ਅਤੇ ਨਾਮ ਜਪਣ ਨਾਲ ਅਸੰਭਵ ਕਾਰਜ ਵੀ ਸੰਭਵ ਹੋ ਜਾਂਦੇ ਹਨ। ਜੰਮੂ ਦੇ ਕ੍ਰਿਸ਼ਨਾਨਗਰ ਵਿਚ ਰਹਿਣ ਵਾਲੇ ਕੁਲਦੀਪ ਸਿੰਘ ਜੀ ਨਾਲ ਮੇਰੀ ਮੁਲਾਕਾਤ ਹੋਣ ਤੇ ਉਹਨਾਂ ਨੇ ਆਪਬੀਤੀ ਘਟਨਾ ਬਾਰੇ ਮੈਨੂੰ ਜਾਣਕਾਰੀ ਦਿੱਤੀ। ਉਹਨਾਂ ਨਾਲ ਉਹਨਾਂ ਦਾ ਪਰਿਵਾਰ ਵੀ ਸੀ, ਜਿਸ ਵਿੱਚ ਉਹਨਾਂ ਦੀ ਪਤਨੀ ਸੁਖਵਿੰਦਰ ਕੌਰ, ਬੇਟਾ ਕਰਨਬੀਰ ਸਿੰਘ, ਨੂੰਹ ਰਜਿੰਦਰ ਕੌਰ ਅਤੇ ਪੋਤੀ ਪ੍ਰੇਮ ਕੌਰ ਵੀ ਸਨ। ਉਹਨਾਂ ਨੇ ਦਸਿਆ ਕਿ ਜਦੋਂ ਉਹਨਾਂ ਦੀ ਪੋਤੀ ਪ੍ਰੇਮ ਕੌਰ ਕੇਵਲ ਦੋ ਮਹੀਨੇ ਦੀ ਸੀ, ਤਾਂ ਬਹੁਤ ਬਿਮਾਰ ਰਹਿੰਦੀ ਸੀ ਤਾਂ ਉਹਨਾਂ ਨੇ ਜੰਮੂ ਦੇ ਹੀ ਡਾਕਟਰ ਸੀ.ਡੀ.ਗੁਪਤਾ ਕੋਲੋਂ ਇਸਦੀ ਜਾਂਚ ਕਾਰਵਾਈ ਤਾਂ ਪਤਾ ਲੱਗਾ ਕਿ ਇਸਦੇ ਦਿਲ ਵਿੱਚ ਸੁਰਾਖ ਹੈ। ਡਾਕਟਰ ਨੇ ਇਸ ਬਾਰੇ ਦੱਸਿਆ ਕਿ ਇਸਦਾ ਅਜੇ ਕੋਈ ਇਲਾਜ ਨਹੀਂ ਹੋ ਸਕਦਾ ਜਦੋਂ ਇਹ ਪੰਜ ਸਾਲ ਦੀ ਹੋ ਜਾਵੇਗੀ ਤਾਂ ਇਕ ਨਵੀਂ ਤਕਨੀਕ ਨਾਲ , ਪੈਰ ਦੇ ਕਿਸੇ ਹਿੱਸੇ ਵਿਚੋਂ ਮਾਂਸ ਕੱਢ ਕੇ ਸੁਰਾਖ ਵਿਚ ਲਾ ਕੇ ਆਪ੍ਰੇਸ਼ਨ ਕੀਤਾ ਜਾ ਸਕਦਾ ਹੈ ਜਾਂ ਜਦੋਂ ਵੱਡੀ ਹੋ ਜਾਵੇਗੀ ਤਾਂ ਸ਼ਇਦ ਹੋਲੀ-ਹੋਲੀ ਭਰ ਜਾਵੇ। ਸਾਰੇ ਪਰਿਵਾਰ ਵਾਲੇ ਬਹੁਤ ਨਿਰਾਸ਼ ਹੋ ਗਏ ਅਤੇ ਸੋਚ ਵਿਚ ਪੈ ਗਏ, ਕਿਓਂਕਿ ਦਿਲ ਵਿੱਚ ਸੁਰਾਖ ਹੋਣ ਕਰਕੇ ਬੱਚੀ ਨੂੰ ਅਕਸਰ ਬੁਖਾਰ ਵੀ ਰਹਿੰਦਾ ਸੀ ਅਤੇ ਸ਼ਰੀਰ ਦਾ ਵਿਕਾਸ ਵੀ ਸਹੀ ਤਰ੍ਹਾਂ ਨਾਲ ਨਹੀਂ ਸੀ ਹੋ ਰਿਹਾ। ਪਰ ਨਿਰਾਸ਼ਾ ਅਤੇ ਦੁੱਖ ਵੇਲੇ ਕੇਵਲ ਪ੍ਰਮਾਤਮਾ ਹੀ ਪੁਕਾਰ ਸੁਣਦੇ ਹਨ। ਕੁਲਦੀਪ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਵੀ ਪੁਕਾਰ ਪ੍ਰਮਾਤਮਾ ਨੇ ਸੁਣ ਲਈ ਅਤੇ ਉਹਨਾਂ ਨੂੰ ਆਪਣੇ ਗੁਰੂ ਸਤਿਗੁਰੂ ਦਲੀਪ ਸਿੰਘ ਦੇ ਦਰਸ਼ਨ ਕਰਨ ਦਾ ਸੁਭਾਗਾ ਮਿਲਿਆ। ਉਹਨਾਂ ਨੇ ਦਰਸ਼ਨ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਅਤੇ  ਆਪਣੀ ਪੋਤੀ ਦੀ ਹਾਲਤ ਬਾਰੇ ਦੱਸਿਆ। ਸਤਿਗੁਰੂ ਜੀ ਨੇ ਬੜੇ ਧਿਆਨ ਨਾਲ ਸਾਰੀ ਗੱਲ ਸੁਣੀ ਫਿਰ ਬਚਨ ਕੀਤਾ ਕਿ ਬੱਚੀ ਦੀ ਮਾਤਾ ਉਸ ਨੂੰ ਆਪਣੀ ਗੋਦ ਵਿੱਚ ਲੈ ਕੇ ਹਰ ਰੋਜ ਪੰਜ ਮਿੰਟ ਲਗਾਤਾਰ ਚਾਲੀ ਦਿਨ ਭਜਨ ਕਰੇ। ਉਹਨਾਂ ਸਤਬਚਨ ਆਖ, ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸ਼ਕਾਰ ਕਰ, ਘਰ ਆ ਗਏ। ਬੀਬੀ ਰਜਿੰਦਰ ਕੌਰ ਜੀ ਨੇ ਦਸਿਆ ਕਿ ਉਹਨਾਂ ਨੇ ਸਤਿਗੁਰੂ ਜੀ ਦੇ ਕਹੇ ਅਨੁਸਾਰ ਲਗਾਤਾਰ ਬੱਚੀ ਨੂੰ ਗੋਦ ਵਿਚ ਲੈ ਕੇ ਭਜਨ ਕੀਤਾ। ਚਾਲੀ ਦਿਨ ਬਾਅਦ ਬੱਚੀ ਦੀ ਹਾਲਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ, ਬੁਖਾਰ ਵੀ ਹੋਲੀ-ਹੋਲੀ ਠੀਕ ਹੋਣ ਲੱਗ ਗਿਆ ਅਤੇ ਸ਼ਾਰੀਰਿਕ ਵਿਕਾਸ ਹੋਣਾ ਵੀ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਘਰ ਵਾਲੇ ਬੇਫਿਕਰ ਹੋ ਗਏ ਅਤੇ ਦੁਬਾਰਾ ਟੈਸਟ ਕਰਵਾਉਣ ਵੀ ਨਹੀਂ ਗਏ ,ਕਿਓਂਕਿ ਉਹਨਾਂ ਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਸੀ। ਫਿਰ ਵੀ ਉਹਨਾਂ ਨੇ ਸਾਰਿਆਂ ਦੀ ਤੱਸਲੀ ਲਈ ਦੁਬਾਰਾ ਟੈਸਟ ਕਰਵਾਉਣ ਲਈ ਓਸੇ ਡਾਕਟਰ ਕੋਲ ਲਗਭਗ ਦੋ ਸਾਲ ਬਾਅਦ ਦੁਬਾਰਾ ਗਏ, ਜਦੋਂ ਡਾਕਟਰ ਨੇ ਟੈਸਟ ਕੀਤਾ ਤਾਂ ਉਹ ਬਹੁਤ ਹੈਰਾਨ ਹੋ ਗਿਆ ਕਿ ਬੱਚੀ ਬਿਲਕੁਲ ਠੀਕ ਸੀ ,ਉਸ ਦੇ ਦਿਲ ਵਿੱਚ ਕੋਈ ਸੁਰਾਖ ਨਹੀਂ ਸੀ ਡਾਕਟਰ ਦੇ ਪੁੱਛਣ ਤੇ ਕਿ ਤੁਸੀਂ ਇਸਦਾ ਕੋਈ ਇਲਾਜ ਕਰਵਾਇਆ ਹੈ ,ਬੱਚੀ ਬਿਲਕੁਲ ਨੌਰਮਲ ਕਿਸ ਤਰ੍ਹਾਂ ਹੋ ਗਈ ਹੈ ?ਤਾਂ ਕੁਲਦੀਪ ਸਿੰਘ ਜੀ ਨੇ ਆਪਣੀ ਸਾਰੀ ਵਾਰਤਾ ਡਾਕਟਰ ਸਾਹਿਬ ਨੂੰ ਦੱਸੀ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਦੀ ਆਗਿਆ ਨਾਲ, ਨਾਮ ਜਪਣ ਨਾਲ ਉਹਨਾਂ ਦੀ ਬੱਚੀ ਠੀਕ ਹੋ ਗਈ। ਇਹ ਸਬ ਸਤਿਗੁਰੂ ਜੀ ਦੀ ਕਿਰਪਾ ਅਤੇ ਨਾਮ ਜਪਣ ਦਾ ਫੱਲ ਹੈ। ਕਿਉਂਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ ;"ਸਰਬ ਰੋਗ ਕਾ ਅਉਖਦੁ ਨਾਮੁ। "ਪਰ ਜੋ ਇਸ ਨੂੰ ਸ਼ਰਧਾ ਨਾਲ ਮੰਨਦਾ ਹੈ ਉਹੀ ਇਸਦਾ ਲਾਭ ਪ੍ਰਾਪਤ ਕਰ ਸਕਦਾ ਹੈ , ਸਤਿਗੁਰੂ ਜੀ ਦੇ ਬਚਨਾਂ ਨੂੰ ਸ਼ਰਧਾ ਨਾਲ ਅਪਣਾ ਕੇ ਹੀ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਡਾਕਟਰ ਕੋਲੋਂ ਰਿਪੋਰਟ ਲੈ ਕੇ ਉਹ ਖੁਸ਼ੀ-ਖੁਸ਼ੀ ਘਰ ਆ ਗਏ। ਉਹਨਾਂ ਨੇ ਉਹ ਰਿਪੋਰਟ ਮੈਨੂੰ ਵੀ ਦਿਖਾਈ ਪਹਿਲੇ ਵਾਲੀ ਅਤੇ ਬਾਅਦ ਵਾਲੀ ਵੀ। ਮੈਂ ਵੀ ਉਹਨਾਂ ਦੇ ਬਚਨ ਸੁਣ ਕੇ ਧੰਨ ਹੋ ਗਈ ਅਤੇ ਮੇਰੀ ਜਬਾਨ ਤੋਂ ਕੇਵਲ ਇਹੀ ਸ਼ਬਦ ਨਿਕਲੇ ;ਧੰਨ ਸਤਿਗੁਰੂ ਅਤੇ ਧੰਨ ਸਤਿਗੁਰੂ ਦੇ ਸਿੱਖ !ਜਿਹੜੇ ਉਹਨਾਂ ਦੇ ਦੱਸੇ ਮਾਰਗ ਤੇ ਚਲ ਕੇ ਉਹਨਾਂ ਦੇ ਕਿਰਪਾ-ਪਾਤਰ ਹੋ ਜਾਂਦੇ ਹਨ।       

No comments: