Tuesday, May 23, 2017

ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੀਤਾ ਗਾਡਵਾਸੂ ਵਿਗਿਆਨੀਆਂ ਦਾ ਸਨਮਾਣ

Tue, May 23, 2017 at 4:17 PM
 ਸ੍ਰੀਨਗਰ ਵਿਖੇ ਹੋਈ 24ਵੀਂ ਸਾਲਾਨਾ ਕਨਵੈਨਸ਼ਨ
ਲੁਧਿਆਣਾ: 23 ਮਈ 2017: (ਪੰਜਾਬ ਸਕਰੀਨ ਬਿਊਰੋ)::
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀ ਡਾ. ਯਸ਼ਪਾਲ ਸਿੰਘ ਨੂੰ ਪਸ਼ੂਧਨ ਉਤਪਾਦਨ ਦੇ ਖੇਤਰ ਵਿਚ ਇਸ ਸੋਸਾਇਟੀ ਦੇ ਰਾਸ਼ਟਰੀ ਫੈਲੋ ਦੇ ਤੌਰ ਤੇ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸਾਹਿਬਾ ਮਹਿਬੂਬਾ ਮੁਫਤੀ ਵੱਲੋਂ ਪਸ਼ੂਧਨ ਸਾਧਨ ਪ੍ਰਬੰਧ ਦੀ 24ਵੀਂ ਸਾਲਾਨਾ ਕਨਵੈਨਸ਼ਨ ਵਿਚ ਸ੍ਰੀਨਗਰ ਵਿਖੇ ਦਿੱਤਾ ਗਿਆ। ਸ਼ੇਰ-ਏ-ਕਸ਼ਮੀਰ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਹੋਈ ਇਹ ਕਨਵੈਨਸ਼ਨ ’ਮੌਸਮੀ ਤਬਦੀਲੀ:ਭਾਰਤੀ ਸੰਦਰਭ ਵਿਚ ਚੁਣੌਤੀਆਂ ਅਤੇ ਪਸ਼ੂਧਨ ਉਤਪਾਦਨ ਪ੍ਰਬੰਧ’ ਵਿਸ਼ੇ ’ਤੇ ਕੀਤੀ ਗਈ ਸੀ।ਯੂਨੀਵਰਸਿਟੀ ਦੇ ਪਸ਼ੂਧਨ ਉਤਪਾਦਨ ਅਤੇ ਪ੍ਰਬੰਧ ਵਿਭਾਗ ਦੇ ਮੁਖੀ, ਡਾ. ਦਲਪਤ ਸਿੰਘ ਮਲਿਕ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਇਸ ਕਨਵੈਨਸ਼ਨ ਵਿਚ ਸ਼ਾਮਿਲ ਹੋਏ।ਡਾ. ਮਲਿਕ ਨੇ ਦੱਸਿਆ ਕਿ ਮੌਸਮੀ ਤਬਦੀਲੀਆਂ ਨਾਲ ਭੋਜਨ ਸੁਰੱਖਿਆ ਅਤੇ ਪਸ਼ੂ ਪ੍ਰਬੰਧਨ ਵਿਚ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸੇ ਸਿਲਸਿਲੇ ਵਿਚ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੂੰ ਭਾਰਤ ਸਰਕਾਰ ਵੱਲੋਂ ਮੌਸਮੀ ਤਬਦੀਲੀਆਂ ਦਾ ਪਸ਼ੂ ਪ੍ਰਬੰਧ, ਖੁਰਾਕ ਅਤੇ ਸਿਹਤ ਵਿਸ਼ੇ ’ਤੇ ਅਧਿਐਨ ਕਰਨ ਲਈ ਇਕ ਬੜਾ ਮਹੱਤਵਪੂਰਨ ਪ੍ਰਾਜੈਕਟ ਵੀ ਸੌਂਪਿਆ ਗਿਆ ਹੈ।ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਕਨਵੈਨਸ਼ਨ ਵਿਗਿਆਨੀਆਂ ਨੂੰ ਮੌਸਮੀ ਤਬਦੀਲੀਆਂ ਦੀਆਂ ਚੁਣੌਤੀਆਂ ਦੇ ਹਾਣ ਦਾ ਬਨਾਉਣ ਲਈ ਬਹੁਤ ਵਧੀਆ ਮੰਚ ਸੀ।ਉਨ੍ਹਾਂ ਦੱਸਿਆ ਕਿ ਇਸ ਕਨਵੈਨਸ਼ਨ ਵਿਚੋਂ ਲਏ ਗਿਆਨ ਨੂੰ ਪੰਜਾਬ ਦੇ ਕਿਸਾਨਾਂ ਦੇ ਫਾਇਦੇ ਲਈ ਵਰਤੋਂ ਵਿਚ ਲਿਆਂਦਾ ਜਾਏਗਾ।ਡਾ. ਮਲਿਕ ਨੇ ਮੌਸਮੀ ਤਬਦੀਲੀਆਂ ਦੇ ਪ੍ਰਭਾਵਾਂ ਸੰਬੰਧੀ ਆਪਣਾ ਪਰਚਾ ਵੀ ਕਨਵੈਨਸ਼ਨ ਵਿਚ ਪੇਸ਼ ਕੀਤਾ।
ਇਸੇ ਵਿਭਾਗ ਦੇ ਡਾ. ਮਨਦੀਪ ਸਿੰਗਲਾ ਨੂੰ ਪਾਲਤੂ ਬੱਕਰਿਆਂ ਦੀ ਪ੍ਰਜਣਨ ਸਮਰੱਥਾ ਦਾ ਮੁਲਾਂਕਣ ਕਰਨ ਵਾਸਤੇ ’ਡਾ, ਬਿਦਾਰਕਰ ਮੌਖਿਕ ਪੇਸ਼ਕਾਰੀ’ ਸਨਮਾਨ ਨਾਲ ਨਿਵਾਜਿਆ ਗਿਆ।ਇਸ ਖੋਜ ਵਿਚ ਡਾ. ਅਮਿ੍ਰਤ ਸੈਣੀ, ਯਸ਼ਪਾਲ ਸਿੰਘ, ਅਜੀਤ ਕੁਮਾਰ, ਸੰਦੀਪ ਕਾਸਵਾਨ ਅਤੇ ਡਾ. ਪ੍ਰਕਾਸ਼ ਸਿੰਘ ਬਰਾੜ ਵੀ ਸ਼ਾਮਿਲ ਸਨ।ਪੀਐਚ,ਡੀ ਵਿਦਿਆਰਥੀ ਡਾ. ਅੰਕੁਸ਼ ਪਰੋਚ ਨੂੰ ’ਸ਼੍ਰੀ ਏ ਲਕਸ਼ਮਣ ਰਾਓ ਮੌਖਿਕ ਪੇਸ਼ਕਾਰੀ’ ਸਨਮਾਨ ਭੇਟ ਕੀਤਾ ਗਿਆ।ਡਾ. ਅੰਕੁਸ਼ ਨੂੰ ਮੁਰਗੀਆਂ ਦੀ ਵਿੱਠਾਂ ਦੇ ਪ੍ਰਬੰਧਨ ਸੰਬੰਧੀ ਖੋਜ ਕਰਨ ਲਈ ਇਹ ਸਨਮਾਨ ਪ੍ਰਾਪਤ ਹੋਇਆ।
ਵੈਟਨਰੀ ਸਾਇੰਸ ਕਾਲਜ ਦੇ ਡੀਨ, ਡਾ. ਪ੍ਰਕਾਸ਼ ਸਿੰਘ ਬਰਾੜ ਨੇ ਪਸ਼ੂਧਨ ਉਤਪਾਦਨ ਤੇ ਪ੍ਰਬੰਧਨ ਵਿਭਾਗ ਦੀ ਸਾਰੀ ਟੀਮ ਦੀ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ।

No comments: