Tuesday, May 16, 2017

ਵਿਗਿਆਨਕ ਚੇਤਨਾ ਵਧਾਉਣ ਦੀ ਮੁਹਿੰਮ ਵਿੱਚ ਲਗਾਤਾਰ ਤੇਜ਼ੀ

Tue, May 16, 2017 at 1:00 PM                         Updated Tue, May 16, 2017 at 8:25 PM

BJGVJ  ਵੱਲੋਂ ਮਾਲਵਾ ਖਾਲਸਾ ਸਕੂਲ ਵਿੱਚ ਸੈਮੀਨਾਰ  
ਲੁਧਿਆਣਾ: 16 ਮਈ 2017: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: More Pics on Facebook
ਅਗਿਆਨਤਾ, ਅੰਧ ਵਿਸ਼ਵਾਸ ਅਤੇ ਗੈਰ ਵਿਗਿਆਨਕ ਪਹੁੰਚ ਕਾਰਣ ਬਹੁਗਿਣਤੀ ਲੋਕਾਂ ਦੀ ਜ਼ਿੰਦਗੀ ਕਿਸੇ ਹਨੇਰੀ ਗੁਫਾ ਵਾਂਗ ਹੋ ਗਈ ਹੈ। ਕਦਮ ਕਦਮ ਉੱਤੇ ਡਰ ਅੱਜ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ। ਇਸ ਵਾਰ ਨੂੰ ਇਹ ਨਹੀਂ ਕਰਨਾ-ਉਸ ਵਾਰ ਨੂੰ ਉਹ ਨਹੀਂ ਕਰਨਾ। ਇਹ ਡਰ ਬਹੁਤ ਵੱਡੀ ਗਿਣਤੀ ਦੇ ਲੋਕਾਂ ਵਿੱਚ ਹੈ। ਇਹਨਾਂ ਵਹਿਮਾਂ ਭਰਮਾਂ ਦੀ ਦਹਿਸ਼ਤ ਨੇ ਜ਼ਿੰਦਗੀ ਨੂੰ ਡਰਾਉਣਾ ਸੁਪਨਾ ਬਣਾ ਕੇ ਰੱਖ ਦਿੱਤਾ ਹੈ।  ਯਾਦ ਆਉਂਦੀਆਂ ਹਨ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਸਤਰਾਂ:
ਕੁਝ ਪਾਈਆਂ ਵਿੱਥਾਂ ਵਰਨ ਦੀਆਂ
ਕੁਝ ਵਾਹੀਆਂ ਲੀਕਾਂ ਧਰਮ ਦੀਆਂ। 
ਫਿਰ ਕੰਧਾਂ ਕਰਮ ਕੁਕਰਮ ਦੀਆਂ
ਫਿਰ ਧੁੰਧਾਂ ਅੰਨ੍ਹੇ ਭਰਮ ਦੀਆਂ। 
ਆਪੋ ਆਪਣੇ ਸਵਾਰਥਾਂ ਨੂੰ ਪੂਰਾ ਕਰਨ ਲਈ ਕੁਝ ਸ਼ਾਤਰ ਲੋਕਾਂ ਵੱਲੋਂ ਫੈਲਾਏ ਹਨੇਰਿਆਂ ਨੇ ਅੱਜ ਵੀ ਆਮ ਜਨਤਾ ਦਾ ਜੀਊਣਾ ਦੂਭਰ ਕੀਤਾ ਹੋਇਆ ਹੈ। ਇਸ ਨਾਜ਼ੁਕ ਹਾਲਤ ਵਿੱਚ ਵਿਗਿਆਨਕ ਸੋਚ ਵਾਲੀ ਚੇਤਨਾ ਜਗਾਉਣ ਦੀ ਮੁਹਿੰਮ ਛੇੜੀ ਹੈ ਭਾਰਤ ਜਨ ਗਿਆਨ ਵਿਗਿਆਨ ਜੱਥਾ ਨਾਮਕ ਸੰਗਠਨ ਨੇ। ਇਹ ਜੱਥਾ ਸਿਖਾਉਂਦਾ ਹੈ ਕਿ ਕਿਵੇਂ ਤੁਸੀਂ ਵਿਗਿਆਨ ਅਤੇ ਤਕਨੌਲੋਜੀ ਦੀ ਸਹਾਇਤਾ ਨਾਲ ਆਪਣੀ ਅਤੇ ਹੋਰਨਾਂ ਦੀ ਜ਼ਿੰਦਗੀ ਸੌਖੀ ਬਣਾ ਸਕਦੇ ਹੋ। ਇਸੇ ਮਕਸਦ ਨੂੰ ਲੈ ਕੇ ਅੱਜ ਇੱਕ ਸੈਮੀਨਾਰ ਮਾਲਵਾ ਸੈਂਟਰਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਵਿੱਚ ਕਰਾਇਆ ਗਿਆ। ਪ੍ਰਿੰਸੀਪਲ ਇੰਦਰਜੀਤ ਕੌਰ ਹੁਰਾਂ ਨੇ ਫਤਹਿ ਬੁਲਾ ਕੇ ਸੈਮੀਨਾਰ ਵਿੱਚ ਆਏ ਮਹਿਮਾਨਾਂ ਅਤੇ ਬੁਲਾਰਿਆਂ ਦੀ ਰਸਮੀ ਜਾਣ ਪਛਾਣ ਕਰਾਈ। 
ਇਸ ਮੌਕੇ ਮੁੱਖ ਬੁਲਾਰੇ ਡਾਕਟਰ ਅਰੁਣ ਮਿੱਤਰਾ ਨੇ ਆਪਣੇ ਤਜਰਬਿਆਂ ਤੇ ਅਧਾਰਿਤ ਕਈ ਸੱਚੀਆਂ ਕਹਾਣੀਆਂ ਸੁਣਾ ਕੇ ਦੱਸਿਆ ਕਿ ਅੱਜ ਵਿਗਿਆਨ ਨਾਲ ਜ਼ਿੰਦਗੀ ਸੌਖੀ ਹੋ ਰਹੀ ਹੈ ਇਸ ਲਈ ਇਸਦੀ ਚੇਤਨਾ ਨੂੰ ਹਰ ਦਿਲ ਦਿਮਾਗ ਤੱਕ ਪਹੁੰਚਾਉਣਾ ਸਾਡਾ ਸਾਰਿਆਂ ਦਾ ਫਰਜ਼ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਅੱਜ ਦੇ ਮਨੁੱਖ ਦੀ ਬੌਧਿੱਕਤਾ ਦਾ ਵਿਕਾਸ ਹੋਲੀ ਹੋਲੀ ਹੋਇਆ ਹੈ। ਹਜ਼ਾਰਾਂ ਸਾਲ ਪਹਿਲਾਂ ਦਾ ਮਨੁੱਖ ਏਨਾ ਸਿਆਣਾ ਨਹੀਂ ਸੀ ਹੁੰਦਾ। ਉਹਨਾਂ ਨੇ ਦੱਸਿਆ ਕਿ ਅੱਜ ਕਿਸਤਰਾਂ ਵੀਲ ਚੇਅਰ ਉੱਤੇ ਜੀਵਨ ਜਿਊਣ ਵਾਲੇ ਵੀ ਵਿਗਿਆਨਕ ਤਰੱਕੀ ਕਾਰਨ ਰੇਲਾਂ ਅਤੇ ਬੱਸਾਂ ਉੱਤੇ ਚੜ੍ਹ ਜਾਂਦੇ ਹਨ। ਖੁਦ ਕਾਰਾਂ ਚਲਾ ਲੈਂਦੇ ਹਨ। ਭਾਰਤ ਜਨ ਗਿਆਨ ਵਿਗਿਆਨ ਜੱਥਾ ਵਲੋਂ ਕੌਮੀ ਵਿਗਿਆਨ ਦਿਵਸ ਦੇ ਤਹਿਤ ’ਵੱਖਰੀ ਤਰਾਂ ਯੋਗ ਵਿਅਕਤੀਆਂ ਲਈ ਵਿਗਿਆਨ ਅਤੇ ਤਕਨਾਲੋਜੀ ਦਾ ਯੋਗਦਾਨ’ ਵਿਸ਼ੇ ਤੇ ਖਾਲਸਾ ਸੀਨੀਅਰ  ਸੈਕੰਡਰੀ ਸਕੂਲ (ਲੜਕੀਆਂ) ਸਿਵਿਲ ਲਾਈਨਜ਼ ਵਿਖੇ   ਕਰਵਾਈ ਗਈ ਵਿਚਾਰ ਗੋਸ਼ਟੀ ਵਿੱਚ ਬੋਲਦਿਆਂ ਜੱਥਾ ਦੇ ਜਨਰਲ ਸਕੱਤਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਅਜੋਕੀ ਦੁਨੀਆਂ ਵਿੱਚ ਕੋਈ ਵੀ ਵਿਅਕਤੀ ਅਪੰਗ ਨਹੀਂ ਹੈ ਕਿਉਕਿ ਹਰ ਵਿਅਕਤੀ ਵਿੱਚ ਵੱਖਰੀਆਂ ਵਖਰੀਆਂ ਯੋਗਤਾਵਾਂ ਹਨ ਤੇ ਜਿਹੜੇ ਵਿਅਕਤੀ ਕਿਸੇ ਕਾਰਨ ਕਰਕੇ ਸ਼ਰੀਰਕ ਯਾ ਬੌਧਿਕ ਤੌਰ ਤੇ ਦੂਜੇ ਵਿਅਕਤੀਆਂ ਵਾਂਗ ਨਹੀੰ ਹਨ ਉਹਨਾਂ ਵਿੱਚ ਵੱਖਰੇ ਕਿਸਮ ਦੀਆਂ ਯੋਗਤਾਵਾਂ ਮੌਜੂਦ ਹਨ ਜਿਹਨਾਂ ਨੂੰ ਕਿ ਸਮੇਂ ਸਿਰ ਉਭਾਰਿਆ ਤੇ ਵਰਤਿਆ ਜਾਵੇ ਤਾਂ ਉਹ ਸਮਾਜਿਕ ਵਿਕਾਸ ਵਿੱਚ ਭਰਪੂਰ ਯੋਗਦਾਨ ਪਾ ਸਕਦੇ ਹਨ। ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਨੇ ਇਸ ਤਰਾਂ ਦੇ ਵਿਅਕਤੀਆਂ ਵਿੱਚ ਲੁਕੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਲਈ ਅਵਸਰ ਪ੍ਰਦਾਨ ਕੀਤੇ ਹਨ। ਅੱਜ ਘੱਟ ਸੁਣਨ ਵਾਲੇ ਵਿਅਕਤੀ ਦੇ ਲਈ ਕਈ ਕਿਸਮ ਦੇ ਇਲਾਜ ਮੌਜੂਦ ਹਨ। ਲੱਤਾਂ ਬਾਹਾਂ ਅਧੂਰੀਆਂ ਹੋਣ ਤੇ ਵੀ ਵਿਅਕਤੀ ਸਭ ਕੁਝ ਕਰ ਸਕਦੇ ਹਨ। ਕਿਸੇ ਦੁਰਘਟਨਾ ਵਿੱਚ ਲੱਤਾਂ ਬਾਹਾਂ ਤੋਂ ਲਾਚਾਰ ਵਿਅਕਤੀ ਅੱਜ ਗੱਡੀਆਂ ਤੱਕ ਚਲਾ ਰਹੇ ਹਨ।  ਮਾਨਸਿਕ ਤੌਰ ਤੇ ਕਮਜੋਰ ਵਿਅਕਤੀਆਂ ਲਈ ਵੀ ਅਨੇਕਾਂ ਕਿਸਮ ਦੇ ਹੁਨਰ ਪੈਦਾ ਕਰਨ ਦੇ ਢੰਗ ਤਰੀਕੇ ਮੌਜੂਦ ਹਨ।
ਜੱਥੇਬਦਕ ਸਕੱਤਰ ਐਮ ਐਸ ਭਾਟੀਆ ਨੇ ਕਿਹਾ ਕਿ ਇਸ ਕਿਸਮ ਦੇ ਵਿਅਕਤੀ ਹੁਣ ਤਰਸ ਦੇ ਪਾਤਰ ਨਹੀਂ ਰਹੇ। ਉਹਨਾਂ ਨੇ ਇਹਨਾਂ ਵਿਅਕਤੀਆਂ ਨੂੰ ਦੇਵਿਆਂਗ ਦਾ ਨਾਮ ਦੇਣ ਤੇ ਸਰਕਾਰ ਦੀ ਆਲੋਚਨਾ ਕੀਤੀ ਕਿ ਇਹ ਬਿਲਕੁਲ ਗੈਰ ਵਿਗਿਆਨਕ ਗੱਲ ਹੈ ਤੇ ਮਨੱੁਖੀ  ਕਾਰਨਾ ਕਰਕੇ ਇਹਨਾਂ ਵਿਅਕਤੀਆਂ ਵਿੱਚ ਆਈਆਂ ਕਮਜੋਰੀਆਂ ਨੂੰ ਰੱਬੀ ਰੂਪ ਦੇਣਾ ਆਪਣੀ ਜਿੰਮੇਵਾਰੀ ਤੋਂ ਭੱਜਣਾ ਹੈ। ਉਹਨਾਂ ਨੇ ਕਿਹਾ ਕਿ ਸਟੀਵੈਨ ਹਾਕ ਕਿੰਨੇ ਹੀ ਸਾਲਾਂ ਤੋਂ ਆਧੁਨਿਕ ਤਰੀਕਿਆਂ ਦੇ ਨਾਲ ਜ਼ਿੰਦਾ ਹਨ ਤੇ ਵਿਗਿਆਨ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੇ ਹਨ।  ਉਹਨਾਂ ਮੰਗ ਕੀਤੀ ਕਿ ਵਿਗਿਆਨ ਅਤੇ ਤਕਨਾਲੋਜੀ ਵਲੋਂ ਈਜਾਦ ਕੀਤੇ ਜਾਂਦੇ  ਨਵੇਂ ਕਿਸਮ ਦੇ ਯੰਤਰ ਦੇਣ ਦੀ ਸਮੂਚੀ ਜਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ।
ਇਸੇ ਤਰਾਂ ਸਰਦਾਰ ਰਣਜੀਤ ਸਿੰਘ ਹੁਰਾਂ ਨੇ ਗੁਰਬਾਣੀ  ਦੇ ਹਵਾਲੇ ਦੇ ਕੇ ਵਿਗਿਆਨ ਦੀ ਚੇਤਨਾ ਜਗਾਈ ਅਤੇ ਵਹਿਮਾਂ ਭਰਮਾਂ ਤੋਂ ਮੁਕਤ ਹੋਣ ਦੀ ਪ੍ਰੇਰਨਾ ਦਿੱਤੀ। ਉਹਨਾਂ ਗ੍ਰਹਿਣ ਵਰਗੀਆਂ ਕੁਦਰਤੀ ਘਟਨਾਵਾਂ ਦੇ ਵਿਗਿਆਨਕ ਪੱਖ ਦੀ ਵੀ ਚਰਚਾ ਕੀਤੀ।
 ਸ਼੍ਰੀ ਪਰਮੋਦ ਜੋਸ਼ੀ, ਲੈਕਚਰਾਰ ਗੌਰਮਿੰਟ ਇਨ ਸਰਵਿਸ ਸੈਂਟਰ ਨੇ ਉਚੇਚੇ ਤੌਰ ਤੇ ਸ਼ਾਮਿਲ ਹੋ ਕੇ ਆਪਣਾ ਯੋਗਦਾਨ ਪਾਇਆ। 
ਉੱਘੀ ਲੇਖਿਕਾ ਡਾਕਟਰ ਗੁਰਚਰਨ ਕੌਰ ਕੋਚਰ ਨੇ ਫਾਸਟ ਫ਼ੂਡ ਵਾਲੇ ਇਸ ਮੌਜੂਦਾ ਦੌਰ ਦੀ ਚਰਚਾ ਕਰਦਿਆਂ ਕਿਹਾ ਕਿ ਇਸਦੇ ਨੁਕਸਾਨਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਜੇ ਅਸੀਂ ਇਸਨੂੰ ਖਾਣੋ ਨਾ ਹਟੀਏ ਤਾਂ ਫਿਰ ਗਿਆਨ ਦਾ ਕੋਈ ਫਾਇਦਾ ਨਹੀਂ। ਵਿਗਿਆਨਕ ਸੋਚ ਵਾਲੇ ਗਿਆਨ ਨੂੰ ਜੀਵਨ ਵਿੱਚ ਉਤਾਰਨਾ ਵੀ ਬਹੁਤ ਜ਼ਰੂਰੀ ਹੈ। ਜੱਥੇ ਵਲੋਂ ਸਕੂਲ ਨੂੰ ਡਾ: ਗੁਰਚਰਨ ਕੌਰ ਕੋਚਰ ਕੌਮੀ ਅਧਿਆਪਕ ਪੁਰਸਕਾਰ ਜੇਤੂ ਹੱਥੀਂ ਸਨਮਾਨ ਚਿਨ੍ਹ ਭੇਂਟ ਕੀਤਾ ਗਿਆ।
ਮੰਚ ਸੰਚਾਲਨ ਸ਼੍ਰੀਮਤੀ ਕਰਮਜੀਤ ਕੌਰ, ਵਾਈਸ ਪ੍ਰਿੰਸੀਪਲ ਨੇ ਕੀਤਾ। ਅਧਿਆਪਿਕਾ ਅਮਰਜੀਤ ਕੌਰ ਤੇ ਰਿਚਾ ਕਪੂਰ ਅਤੇ ਮੈਨੇਜਰ ਰਵਿੰਦਰ ਕੌਰ ਗਰੇਵਾਲ ਨੇ ਸਹਿਯੋਗ ਦਿੱਤਾ।
ਜੱਥੇ ਦੇ ਮੀਤ ਪ੍ਰਧਾਨ ਅਤੇ ਕੌਮੀ ਅਤੇ ਸੂਬਾਈ ਅਧਿਆਪਕ ਪੁਰਸਕਾਰ ਜੇਤੂ ਸ: ਰਣਜੀਤ ਸਿੰਘ  ਨੇ ਉਪਰੋਕਤ ਵਿਸ਼ੇ ਤੇ ਜੱਥੇ ਵਲੋਂ ਕਰਵਾਏ ਗਏ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ।  ਭਾਸ਼ਣ  ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਸ਼੍ਰੇਯਾ,   ਦੂਜਾ ਸਥਾਨ ਸੁਖਪ੍ਰੀਤ ਅਤੇ ਤੀਜਾ ਸਥਾਨ ਸਮਾਈਲੀ  ਨੇ ਹਾਸਿਲ ਕੀਤਾ।  ਪੇਂਟਿੰਗ ਪ੍ਰਤੀਯੋਗਤਾ  ਵਿੱਚ  ਪਹਿਲਾਂ ਸਥਾਨ ਜੈਸਿਕਾ   ਦੂਜਾ ਸਥਾਨ ਕੋਮਲ ਚੌਹਾਨ   ਅਤੇ ਤੀਜਾ ਸਥਾਨ  ਕ੍ਰੀਤੀ ਨੇ ਹਾਸਿਲ ਕੀਤਾ।
ਡਾ: ਰਜਿੰਦਰ ਪਾਲ ਔਲਖ ਨੇ ਬੱਚਿਆਂ ਵਿੱਚ ਇਸ ਕਿਸਮ ਦੀਆਂ ਹਾਂ ਪੱਖੀ ਕਦਰਾਂ ਕੀਮਤਾਂ ਪੈਦਾ ਕਰਨ ਦੇ ਲਈ ਲਗਾਤਾਰ ਕੰਮ ਕਰਨ ਤੇ ਜ਼ੋਰ ਦਿੱਤਾ। 
ਇਹ ਸੈਮੀਨਾਰ ਉਹਨਾਂ ਪੜ੍ਹੇ ਲਿਖੇ ਲੋਕਾਂ ਲਈ ਬਹੁਤ ਹੀ ਖਾਸ ਸੀ ਜਿਹੜੇ ਡਾਕਟਰੀ ਦੀ ਪੜ੍ਹਾਈ ਪੜ੍ਹ ਕੇ ਵੀ ਘਰੋਂ ਨਿਕਲਣ ਲੱਗਿਆਂ ਸਿਰਫ ਇਸ ਲਈ ਰੁਕ ਜਾਂਦੇ ਹਨ ਕਿਓਂਕਿ ਅਚਾਨਕ ਨਿੱਛ ਆ ਜਾਂਦੀ ਹੈ ਜਾਂ ਬਿੱਲੀ ਰਸਤਾ ਕੱਟ ਜਾਂਦੀ ਹੈ। ਇਹ ਉਹਨਾਂ ਲੋਕਾਂ ਲਈ ਵੀ ਖਾਸ ਸੀ ਜਿਹੜੇ ਖੁਦ ਗਿਆਨ ਵਿਗਿਆਨ ਰਾਹੀਂ ਕੁਝ ਕਰਨ ਦੀ ਬਜਾਏ ਕਿਸੇ ਗੈਬੀ ਸ਼ਕਤੀ ਦੇ ਸੰਭਾਵਤ ਚਮਤਕਾਰਾਂ ਵੱਲ ਨਜ਼ਰਾਂ ਲਾਈ ਰੱਖਦੇ ਹਨ। ਵਿਗਿਆਨ ਅਤੇ ਤਰਕ ਦੀ ਰੌਸ਼ਨੀ ਜਗਾਉਣ ਵਾਲੇ ਇਸ ਸਮਾਗਮ ਦਾ ਬਹੁਤ ਕੁਝ ਯਾਦਗਾਰੀ ਸੀ। ਵਿਗਿਆਨ ਦੇ ਨਾਲ ਨਾਲ ਗੁਰਬਾਣੀ ਵਾਲਾ ਉਹ ਗਿਆਨ ਵੀ ਸੀ ਜਿਸਨੇ ਬਹੁਤ ਪਹਿਲਾਂ ਸਾਨੂੰ ਉਹ ਕੁਝ ਦੱਸ ਦਿੱਤਾ ਸੀ ਜਿਸਨੂੰ ਅੱਜ ਦਾ ਵਿਗਿਆਨ ਹੁਣ ਸਾਬਿਤ ਕਰ ਰਿਹਾ ਹੈ। 
ਇਥੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਹੀ ਇੱਕ ਹੋਰ ਰਚਨਾ ਦਾ ਜ਼ਿਕਰ ਵੀ ਜ਼ਰੂਰੀ ਮਹਿਸੂਸ ਹੁੰਦਾ ਹੈ ਜਿਸ ਵਿੱਚ ਉਹਨਾਂ ਕਿਹਾ ਸੀ ਕਿ:
ਤੂੰ ਅਚਲ. ਅਡੋਲ.ਅਬੋਲ ਖੜੀ
ਹਿਕ ਤੇਰੀ ਨਾਲ ਯਕੀਨ ਭਰੀ
ਖ਼ਨਗਾਹ ਦੇ ਉੱਤੇ ਆਣ ਨਾਲ
ਇਕ ਦੀਵੇ ਦੇ ਟਿਮਕਾਣ ਨਾਲ
ਸਭ ਸੰਸੇ ਤੇਰੇ ਦੂਰ ਹੋਏ
ਹਿਕ-ਖੂੰਜੇ ਨੂਰੋ ਨੂਰ ਹੋਏ
ਪਰ ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵਧਦਾ ਜਾਏ ਹਨੇਰ ਕੁੜੇ
ਕੁਝ ਅਜਬ ਇਲਮ ਦੀਆਂ ਜਿੰਦਾ ਨੇ
ਮੈਨੂੰ ਮਾਰਿਆ ਕਿਓਂ, ਕੀ, ਕਿੱਦਾਂ ? ਨੇ
ਮੈ ਨਿਸਚੇ ਬਾਝੋਂ ਭਟਕ ਰਿਹਾ
ਜ਼ੰਨਤ ਦੋਜਖ਼ ਵਿਚ ਲਟਕ ਰਿਹਾ
ਗੱਲ ਸੁਣ ਜਾ ਭਟਕੇ ਰਾਹੀ ਦੀ
ਇਕ ਚਿਣਗ ਮੈਨੂੰ ਵੀ ਚਾਹੀਦੀ
ਉਹ ਚਿਣਗ  ਜਾਂ ਉਸ ਚਿਣਗ  ਦੀ ਪਿਆਸ ਸਾਡੇ ਅੰਦਰ ਜਾਗ ਸਕੇ।  ਅਸੀਂ ਵਿਗਿਆਨ ਦੇ ਹਰ ਪਹਿਲੂ ਦਾ ਪਤਾ ਲਗਾ ਸਕੀਏ। ਸਾਡੀ ਸੋਚ ਪੂਰੀ ਤਰਾਂ ਵਿਗਿਆਨਕ ਬਣ ਸਕੇ। ਜੋ ਕੁਝ ਅਜੇ ਸਾਬਿਤ ਨਹੀਂ ਵੀ ਹੋ ਸਕਿਆ ਉਸ ਬਾਰੇ ਵੀ ਸਾਡੀ ਖੋਜ ਭਰਪੂਰ ਪਹੁੰਚ ਜਾਰੀ ਰਹੀ ਸਕੇ। ਕਿਸੇ ਸਿਹਤਮੰਦ ਸਮਾਜ ਦੀ ਸਥਾਪਨਾ ਅਤੇ ਮਨੁੱਖੀ ਜ਼ਿੰਦਗੀ ਨੂੰ ਫਾਲਤੂ ਦੇ ਵਹਿਮਾਂ ਭਰਮਾਂ ਤੋਂ ਮੁਕਤ ਕਰਾਉਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ। 

No comments: