Monday, May 01, 2017

ਲੋਕ-ਸਾਹਿਤ ਦਾ ਮਾਣਮੱਤਾ ਸਿਰਨਾਵਾਂ ਬਲਦੇਵ ਸੜਕਨਾਮਾ

ਬਲਦੇਵ ਸੜਕਨਾਮਾ ਸਾਡਾ ਹੈ-ਭਾਈ ਲਾਲੋਆਂ ਦਾ ਹੈ
ਬਹੁ-ਪੱਖੀ ਸ਼ਖਸੀਅਤ ਬਲਦੇਵ ਸਿੰਘ; ਸਾਹਿਤਕਾਰ, ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਲੇਖਕ ਗੱਲ ਕੀ ਸਾਹਿਤ ਦੀਆਂ ਬਹੁ-ਵੰਨਗੀ ਵਿਧਾਵਾਂ ਉਪਰ ਨਿਠਕੇ ਕੰਮ ਕਰਨ ਵਾਲਾ, ਜਮਹੂਰੀਅਤ ਪਸੰਦ, ਹੱਕ, ਸੱਚ, ਇਨਸਾਫ਼ ਅਤੇ ਲੋਕਾਂ ਦੀ ਮੁਕਤੀ ਦੀ ਆਵਾਜ਼ ਸੰਗ ਆਵਾਜ਼ ਮਿਲਾਉਣ ਵਾਲਾ ਸੰਵੇਦਨਸ਼ੀਲ ਅਤੇ ਨਿਧੜਕ ਕਲਮਕਾਰ ਤਾਂ ਹੈ ਹੀ। 
ਪਤਾ ਨਹੀਂ ਕਿਉਂ ਅਸਾਡੇ ਅੰਦਰਲੇ ਮੁਹੱਬਤਾਂ ਭਰੇ ਸਾਗਰ ਦੀਆਂ ਛੱਲਾਂ ਸਾਨੂੰ ਵਾਰ ਵਾਰ ਪੰਚਮ ਸੁਰ ’ਚ ਨਵਾਂ ਸੰਗੀਤ ਸੁਣਾ ਰਹੀਆਂ ਨੇ। ਉਸ ਸੰਗੀਤ ਵਿੱਚ ਇਹ ਮੋਹ ਭਿੱਜੇ ਮਿੱਠੜੇ ਬੋਲ ਸਮੋਏ ਨੇ ਕਿ ਇਸ ਸਾਹਿਤਕ ਰਚਨਾ ਸੰਸਾਰ ਨਾਲੋਂ ਵੱਡੀ ਉਪਾਧੀ ਇੱਕ ਹੋਰ ਹੈ, ਬਾਈ ਬਲਦੇਵ ਦੀ। ਉਹ ਇਹ ਹੈ; ਅਸੀਂ ਪੂਰੀ ਨਿੱਘੀ ਬੁੱਕਲ ਖੋਲ੍ਹਕੇ, ਲੋਕ ਰੰਗ ਮੰਚ ਦੇ ਚਬੂਤਰੇ ਅਤੇ ਸੰਗਰਾਮਾਂ ਦੇ ਪਿੜ ਅੰਦਰ ਹਿੱਕ ਠੋਕਕੇ, ਮਾਣ-ਮੱਤੇ ਅੰਦਾਜ਼ ਵਿੱਚ ਕਹਿ ਸਕਦੇ ਹਾਂ ਕਿ ਬਲਦੇਵ ਸੜਕਨਾਮਾ ਸਾਡਾ ਹੈ। ਭਾਈ ਲਾਲੋਆਂ ਦਾ ਹੈ।
ਟਰੱਕ ਡਰਾਈਵਰ ਤੋਂ ਚੋਟੀ ਦੇ ਨਾਵਲਕਾਰ ਅਤੇ ਲੇਖਕ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਬਲਦੇਵ ਸੜਕਨਾਮਾ ਨੇ, ਸੜਕਾਂ ਤੇ ਸਿਰਫ਼ ਮੀਲ ਪੱਥਰ ਅਤੇ ਸਾਈਨ ਬੋਰਡ ਹੀ ਨਹੀਂ ਪੜ੍ਹੇ ਸਗੋਂ ਤਜਾਰਤੀ ਹਵਸ ਵਿੱਚ ਤੇਜ਼ ਦੌੜਦੇ ਟਾਇਰਾਂ ਹੇਠ ਦਰੜੀ ਜਾ ਰਹੀ ਲੋਕਾਈ ਦੀ ਦਰਦ ਭਰੀ ਆਵਾਜ਼ ਨੂੰ ਆਪਣੇ ਸਾਹਾਂ ਵਿੱਚ ਸਮੋਇਆ ਹੈ।
ਬਲਦੇਵ ਬਾਈ ਨੇ ਸੜਕਾਂ ਤੇ ਗੱਡੀਆਂ ਦੇ ਸ਼ੋਰ ਮਚਾਉਂਦੇ ਹਾਰਨ ਹੀ ਨਹੀਂ ਸੁਣੇ ਸਗੋਂ ਸੜਕਾਂ ਦੇ ਨਾਲ ਦੌੜਦੇ ਕੋਠਿਆਂ ਵਿੱਚ, ਜਿਸਮ ਵੇਚਦੀਆਂ ਇਸ ਧਰਤੀ ਦੀਆਂ ਧੀਆਂ ਦੀ ਵੇਦਨਾ ਅਤੇ ਘੁੰਗਰੂਆਂ ਦੀ ਦਰਦ-ਭਿੱਜੀ ਛਣਕਾਰ ਗਹੁ ਨਾਲ ਸੁਣੀ ਹੈ।
ਦਰਸ਼ਨ, ਇਤਿਹਾਸ, ਰਾਜਨੀਤੀ, ਸਮਾਜ, ਸਾਹਿਤ, ਮਨੋਵਿਗਿਆਨ, ਰੰਗ ਮੰਚ ਬਣੀ ਜ਼ਿੰਦਗੀ ਨੂੰ ਹਰੇਕ ਕੋਨ ਤੋਂ ਵੇਖਣ, ਅਧਿਐਨ ਕਰਨ ਵਾਲਾ ਬਲਦੇਵ ਸੜਕਨਾਮਾ, ਸਦਾ ਸਫ਼ਰ ’ਤੇ ਰਹਿਣ ਵਾਲਾ ਅਣਥੱਕ ਮੁਸਾਫ਼ਰ ਹੈ।
ਬਲਦੇਵ ਸੜਕਨਾਮਾ, ਚਲਦਾ ਫਿਰਦਾ ਇਨਸਾਈਕਲੋਪੀਡੀਆ ਹੈ। ਉਹਦੇ ਜੀਵਨ ਅਤੇ ਰਚਨਾ ਸੰਸਾਰ ਦੀ ਗੱਲ ਕਰਦਿਆਂ ਪਤਾ ਨਹੀਂ ਲੱਗ ਸਕਦਾ ਕਦੋਂ ਦਿਨ ਚੜ੍ਹ ਜਾਏ, ਕਦੋਂ ਰਾਤ ਪੈ ਜਾਏ। 
ਬਲਦੇਵ ਦਾ ਜਨਮ 11 ਦਸੰਬਰ 1942 ਨੂੰ ਪਿੰਡ ਚੰਦ ਨਵਾਂ (ਮੋਗਾ) ਵਿਖੇ ਮਾਂ ਬਚਿੰਤ ਕੌਰ ਅਤੇ ਪਿਤਾ ਹਰਦਿਆਲ ਸਿੰਘ ਦੇ ਘਰ ਹੋਇਆ। ਕੁਲਜੀਤ ਕੌਰ 1963 ਵਿੱਚ ਉਹਨਾਂ ਦੀ ਜੀਵਨ-ਸਾਥਣ ਬਣੀ। ਬਲਦੇਵ ਨੇ 1968 ਵਿੱਚ ਕਲਕੱਤੇ ਆਪਣੀ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ। ਲੰਮਾ ਸਮਾਂ ਖੁਦ ਟਰੱਕ ਚਲਾਇਆ। ਟਰੱਕ ਚਲਾਉਂਦਿਆਂ ਹੀ ਕਲਮ ਚਲਾਉਣ ਵੱਲ ਗੇਅਰ ਬਦਲੀ ਕਦੋਂ ਅਤੇ ਕਿਵੇਂ ਹੋ ਗਈ, ਇਸਦਾ ਸਾਨੂੰ ਤਾਂ ਕੀ, ਬਲਦੇਵ ਬਾਈ ਨੂੰ ਵੀ ਪੂਰਾ ਭੇਦ ਨਹੀਂ ਪੈ ਰਿਹਾ।
ਨਿੱਕੜੀ ਜਿਹੀ ਕਹਾਣੀ ‘ਨਾਗਮਣੀ’ ਵਿੱਚ ਛਪਣ ਤੋਂ ਸ਼ੁਰੂ ਹੋਇਆ ਕਲਮੀ ਸਫ਼ਰ, ਸੜਕਾਂ ਦੇ ਲੰਮੇ ਸਫ਼ਰ ਤੋਂ ਵੀ ਕਿਤੇ ਲੰਮਾ ਹੋ ਗਿਆ। ਮੁਲਕ ਅੰਦਰ ਹਾਕਮ ਜਮਾਤੀ ਹਿੱਤਾਂ ਨੂੰ ਪਰਨਾਏ ਰਾਜਨੀਤੀਵਾਨਾਂ ਵੱਲੋਂ ਵਗਾਈਆਂ ਤੱਤੀਆਂ ਹਵਾਵਾਂ ਦੇ ਮੌਸਮ ਵਿੱਚ ਉਹ 1985 ਵਿੱਚ ਮੋਗੇ ਆ ਗਏ। ਮੋਗੇ ਆ ਕੇ ਵੀ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ। 
ਸਮਾਜ ਅੰਦਰ ਧੁਖ਼ਦੇ ਬਲ਼ਦੇ ਅਨੇਕਾਂ ਸੁਆਲਾਂ ਨੇ ਬਲਦੇਵ ਨੂੰ ਟਰੱਕ ਦਾ ਸਟੇਰਿੰਗ ਫੜਨ ਦੀ ਬਜਾਏ ਹੋਰ ਵੀ ਮਜ਼ਬੂਤੀ ਨਾਲ ਕਲਮ ਫੜਨ ਲਈ ਵੰਗਾਰਿਆ। ਬਲਦੇਵ ਬਾਈ ਨੇ ਇਹ ਵੰਗਾਰ ਐਸੀ ਕਬੂਲ ਕੀਤੀ ਕਿ ਸਮਾਜ ਅੰਦਰ ਰਵਾਇਤੀ ਤੌਰ ’ਤੇ ਡਰਾਈਵਰ ਭਾਈਚਾਰੇ ਬਾਰੇ ਬਣੇ ਬਿੰਬਾਂ ਨੂੰ ਉਸ ਦੀ ਮਿਹਨਤੀ, ਵਿਗਿਆਨਕ, ਸੰਜੀਦਾ, ਜ਼ਿਮੇਦਾਰਾਨਾ ਅਤੇ ਸੂਖ਼ਮ ਕਲਮ ਨੇ ਭੰਨ ਸੁੱਟਿਆ। ਨਵੇਂ ਬਿੰਬ ਸਿਰਜੇ। ਸਹਿਜ ਮਤੇ ਵਾਲੇ ਬਲਦੇਵ ਨੇ ਆਪਣੀ ਜ਼ਿੰਦਗੀ ’ਚ ਗੱਡੀ ਸ਼ਾਇਦ ਧੀਮੀ ਗਤੀ ਚਲਾਈ ਹੋਵੇ ਪਰ ਸਹਿਜਤਾ ਉਪਰ ਪੂਰੀ ਪਕੜ ਰੱਖਦਿਆਂ ਉਹਨਾਂ ਨੇ ਆਪਣੀ ਕਲਮ ਟਾਪ ਗੇਅਰ ਵਿੱਚ ਰੱਖੀ ਹੈ। ਮੋੜਾਂ, ਘੋੜਾਂ, ਸਾਹਿਤਕ ਸਫ਼ਰ-ਚਿੰਨ੍ਹਾਂ ਦਾ ਵੀ ਧਿਆਨ ਰੱਖਕੇ ਸਾਵਧਾਨੀ ਅਤੇ ਦਲੇਰੀ ਨਾਲ ਚਲਾਈ ਹੈ।
ਉਹਨਾਂ ਦੇ 20 ਕਹਾਣੀ ਸੰਗ੍ਰਹਿ, 21 ਨਾਵਲ, ਦਰਜਣ ਦੇ ਕਰੀਬ ਨਾਟਕ, ਅੱਧੀ ਦਰਜਣ ਸਫ਼ਰਨਾਮੇ, ਦੋ ਸਾਹਿਤਕ ਜੀਵਨੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਬਾਲ ਸਾਹਿਤ ਦੀ ਝੋਲੀ 6 ਪੁਸਤਕਾਂ ਪਾ ਚੁੱਕੇ ਹਨ। ਉਹਨਾਂ ਨੇ 3 ਪੁਸਤਕਾਂ ਦਾ ਸੰਪਾਦਨ ਅਤੇ 4 ਦਾ ਅਨੁਵਾਦ ਵੀ ਕੀਤਾ ਹੈ।
ਕਦੇ ਵਿਸ਼ਵੀਕਰਣ, ਨਿੱਜੀਕਰਣ, ਉਦਾਰੀਕਰਣ, ਕਦੇ ਅੰਨ੍ਹੇ ਰਾਸ਼ਟਰਵਾਦ ਦੀ ਧੁੰਦ ਫੈਲਾ ਕੇ ਲੋਕਾਂ ਉਪਰ ਕਾਠੀ ਪਾਉਣ ਦੇ ਖ਼ਤਰਿਆਂ/ਚੁਣੌਤੀਆਂ ਬਾਰੇ ਬਲਦੇਵ ਹੋਰਾਂ ਨੇ ‘ਦੂਸਰਾ ਹੀਰੋਸ਼ੀਮਾ’ ਵਿੱਚ ਬਹੁਤ ਪਹਿਲਾਂ ਹੀ ਖ਼ਬਰਦਾਰ ਕਰ ਦਿੱਤਾ ਸੀ। ‘ਕੱਲਰੀ ਧਰਤੀ’, ‘ਕੱਚੀਆਂ ਕੰਧਾਂ’ ਆਦਿ ਚਿਰਕੇ ਪਹਿਲਾਂ ਹੀ ਕਰਜ਼ੇ, ਖ਼ੁਦਕੁਸ਼ੀਆਂ, ਤੰਗੀਆਂ ਦੀ ਭੰਨੀ ਕਿਸਾਨੀ ਦਾ ਦਰਦ ਦਰਸਾ ਰਹੀਆਂ ਸਨ।
‘ਪੰਜਵਾਂ ਸਾਹਿਬਜ਼ਾਦਾ’, ‘ਮਹਾਂਬਲੀ ਸੂਰਾ’, ‘ਸਤਲੁਜ ਵਹਿੰਦਾ ਰਿਹਾ’, ‘ਢਾਹਾਂ ਦਿੱਲੀ ਦੇ ਕਿੰਗਰੇ’, ‘ਕਾਲੇ ਪਾਣੀਆਂ ਦਾ ਸੁੱਚਾ ਮੋਤੀ’, ‘ਸੂਰਜ ਦੀ ਅੱਖ’ ਵਰਗੀਆਂ ਪੁਸਤਕਾਂ ਬਾਰੇ ਇਹ ਕਹਿਣਾ ਕੋਈ ਅੱਤਕਥਨੀ ਨਹੀਂ ਕਿ ਬਲਦੇਵ ਦੁਆਰਾ ਰਚਿਤ ਪੁਸਤਕਾਂ ਪਾਠਕ ਹੱਥੋਂ ਹੱਥੀਂ ਇਉਂ ਲੈ ਕੇ ਜਾਂਦੇ ਹਨ ਜਿਵੇਂ ਛਪਾਰ ਦੇ ਮੇਲੇ ਤੋਂ ਮਠਿਆਈਆਂ।
ਗ਼ਦਰੀ ਬਾਬਿਆਂ ਦੇ ਮੇਲੇ ’ਚ ਜਦੋਂ ਬਲਦੇਵ ਸੜਕਨਾਮਾ ਦੇ ਨਾਵਲ ‘ਲਾਲ ਬੱਤੀ’ ਤੇ ਅਧਾਰਤ ਨਾਟਕ ਦਾ ਕੇਵਲ ਧਾਲੀਵਾਲ ਨੇ ਮੰਚਣ ਕੀਤਾ ਤਾਂ ਇਹ ਮਾਣ ਨਾਲ ਕਹਿ ਸਕਦੇ ਹਾਂ ਕਿ ਅਜੇਹੀ ਖੂਬਸੂਰਤ, ਅਰਥ-ਭਰਪੂਰ, ਕਲਾ ਕਿਰਤ ਦੀ ਪੇਸ਼ਕਾਰੀ ਸਦਕਾ, ਗ਼ਦਰੀ ਬਾਬਿਆਂ ਦੇ ਮੇਲੇ ਨੇ ਉਚੇਰੀ ਪਰਵਾਜ਼ ਭਰੀ ਹੈ।
ਪਲਸ ਮੰਚ ਦੇ ਸਮਾਗਮਾਂ ’ਚ ਬਲਦੇਵ ਸੜਕਨਾਮਾ ਦਾ ਹਮੇਸ਼ਾਂ ਹੀ ਸੰਗ-ਸਾਥ ਵੀ ਰਿਹਾ ਹੈ ਅਤੇ ਉਹਨਾਂ ਦੇ ਨਾਟਕਾਂ ਦਾ ਮੰਚਣ ਵੀ। ਉਹਨਾਂ ਦਾ ਨਾਟਕ ‘ਮਿੱਟੀ ਰੁਦਨ ਕਰੇ’ ਪਲਸ ਮੰਚ ਦੀਆਂ ਟੀਮਾਂ, ਹੋਰਨਾਂ ਟੀਮਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਨਾਟ-ਮੁਕਾਬਲਿਆਂ ਵਿੱਚ ਐਨਾ ਮਕਬੂਲ ਹੋਇਆ ਕਿ ਮੂੰਹ ਜ਼ੁਬਾਨੀ ਦੇ ਲੋਕ ਗੀਤਾਂ ਵਾਂਗ ਹੁਣ ਦਰਸ਼ਕਾਂ ਨੂੰ ਨਾਟਕ ਯਾਦ ਹੈ। ਬਲਦੇਵ ਸੜਕਨਾਮਾ ਦੀਆਂ ਤਾਜ਼ਾ ਰਚਨਾਵਾਂ ਅਤੇ ਉਹਨਾਂ ਦੀ ਸਿਹਤ ਤੋਂ ਇਹ ਅੰਦਾਜ਼ਾ ਲਗਾ ਸਕਣਾ ਨਾ-ਮੁਮਕਿਨ ਹੈ ਕਿ ਉਹ ਡਰਾਈਵਰੀ ਅਤੇ ਸਾਹਿਤਕ ਸਫ਼ਰ ਦੀਆਂ 74 ਬਸੰਤ ਰੁੱਤਾਂ ਪਾਰ ਕਰ ਚੁੱਕੇ ਹਨ।
ਉਹ ਲੋਕ ਹਿੱਤਾਂ ਨੂੰ ਪਰਨਾਏ ਸੁਹਿਰਦ ਕਲਮਕਾਰ ਹੀ ਨਹੀਂ ਸਗੋਂ ਉਹ ਲੋਕਾਂ ਦੇ ਸੰਗਰਾਮਾਂ ਦੇ ਵੀ ਸੰਗੀ ਸਾਥੀ ਹਨ। ਅਗਨ ਪ੍ਰੀਖਿਆ ਦੇ ਦੌਰ ਅੰਦਰ ਜਦੋਂ ਪਲਸ ਮੰਚ ਦੇ ਬਾਨੀ ਗੁਰਸ਼ਰਨ ਭਾਅ ਜੀ ਦੀ ਰਹਿਨੁਮਾਈ ਹੇਠ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ, ਸਰਗਰਮੀ ਨਾਲ ਬੁੱਧੀਜੀਵੀ ਵਰਗ ਅਤੇ ਹੋਰ ਮਿਹਨਤਕਸ਼ ਤਬਕਿਆਂ ਦੀ ਜੋਟੀ ਮਜ਼ਬੂਤ ਕਰਨ ਲਈ ਅੱਗੇ ਆਇਆ ਤਾਂ ਬਲਦੇਵ ਸੜਕਨਾਮਾ ਨੇ ਆਪਣੇ ਹੋਰਨਾਂ ਸੰਗੀ ਸਾਥੀਆਂ ਨੂੰ ਨਾਲ ਜੋੜਕੇ, ਫਰੰਟ ਦੀਆਂ ਸਰਗਰਮੀਆਂ ਵਿੱਚ ਮੋਢਾ ਲਾਇਆ।
ਪਲਸ ਮੰਚ ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਮਰਪਿਤ ਬੀਤੇ 35 ਵਰ੍ਹਿਆਂ ਤੋਂ ਨਿਰੰਤਰ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ, ਇਸ ਵਾਰ ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਹੈ।
ਅਜੇਹੇ ਮਹਾਨ ਇਤਿਹਾਸ ਨੂੰ ਸਮਰਪਿਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਮੌਕੇ ਬਲਦੇਵ ਸੜਕਨਾਮਾ ਦਾ ਸਨਮਾਨ ਵਿਲੱਖਣ ਮਹੱਤਤਾ ਰੱਖਦਾ ਹੈ। ਪੰਜਾਬੀ ਭਵਨ ਲੁਧਿਆਣਾ ਦੇ ਬਲਰਾਜ ਸਾਹਨੀ ਖੁੱਲ੍ਹਾ ਰੰਗ ਮੰਚ ਤੇ ਜੁੜੇ ਭਰੇ ਪੰਡਾਲ ਵੱਲੋਂ ਬਲਦੇਵ ਸੜਕਨਾਮਾ ਦਾ ਕੀਤਾ ਜਾ ਰਿਹਾ ਸਨਮਾਨ ਉਹਨਾਂ ਸਭਨਾਂ ਕਲਮਾਂ ਦਾ ਵੀ ਸਨਮਾਨ ਹੈ ਜਿਹੜੀਆਂ ਲੋਕ-ਸਰੋਕਾਰਾਂ ਲਈ ਪ੍ਰਤੀਬੱਧਤ ਹਨ।

ਅਮੋਲਕ ਸਿੰਘ
ਪ੍ਰਧਾਨ, ਪੰਜਾਬ ਲੋਕ ਸਭਿਆਚਾਰਕ ਮੰਚ
ਸੰਪਰਕ: 94170 76735
            9814078799

No comments: