Sunday, April 09, 2017

ਪੰਜਾਬ ਦੀ ਹਰੇਕ ਜੇਲ੍ਹ ਅੰਦਰ ਖੁਲ੍ਹੇਗਾ ਨਸ਼ਾ ਛੁਡਾੳੂ ਕੇਂਦਰ-ਰੋਹਿਤ ਚੌਧਰੀ

Date: 2017-04-09 18:01 GMT+05:30
ਜੇਲ੍ਹਾਂ ਅੰਦਰ 459 ਬੰਦੀਆਂ ਦਾ ਚੱਲ ਰਿਹਾ ਸੁਚਾਰੂ ਤਰੀਕੇ ਨਾਲ ਇਲਾਜ
ਲੁਧਿਆਣਾ: 9 ਅਪ੍ਰੈੱਲ 2017: (ਪੰਜਾਬ ਸਕਰੀਨ ਬਿਊਰੋ)::
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀ ਰੋਹਿਤ ਚੌਧਰੀ ਵੱਲੋਂ ਅੱਜ ਕੇਂਦਰੀ ਜੇਲ੍ਹ ਲੁਧਿਆਣਾ ਦੀ ਪੜਤਾਲ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸ੍ਰ. ਲਖਵਿੰਦਰ ਸਿੰਘ ਜਾਖ਼ੜ ਅਤੇ ਸ੍ਰ. ਸੁਰਿੰਦਰ ਸਿੰਘ ਸੋਢੀ (ਦੋਵੇਂ ਡੀ. ਆਈ. ਜੀ. ਜੇਲ੍ਹਾਂ), ਸ੍ਰੀ ਸੁਰਿੰਦਰਪਾਲ ਖੰਨਾ ਏ. ਆਈ. ਜੀ. ਜੇਲ੍ਹਾਂ, ਸ੍ਰੀ. ਡੀ. ਕੇ. ਸਿੱਧੂ ਸੁਪਰਡੈਂਟ ਕੇਂਦਰੀ ਜੇਲ੍ਹ ਲੁਧਿਆਣਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 
ਇਸ ਮੌਕੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਸ੍ਰੀ ਚੌਧਰੀ ਨੇ ਕਿਹਾ ਕਿ ਜੋ ਨਸ਼ੇੜੀ ਬੰਦੀ ਜੇਲ੍ਹਾਂ ਅੰਦਰ ਦਾਖ਼ਲ ਹੋ ਰਹੇ ਹਨ, ਉਨ੍ਹਾਂ ਦੇ ਜੇਲ੍ਹ ਅੰਦਰ ਦਾਖ਼ਲ ਹੋਣ ਸਮੇਂ ਯੂਰਿਨ ਟੈਸਟ ਕਰਵਾਏ ਜਾਣ ਤਾਂ ਜੋ ਬੰਦੀਆਂ ਦਾ ਜੇਲ੍ਹ ਅੰਦਰ ਚੱਲ ਰਹੇ ਨਸ਼ਾ ਛੁਡਾੳੂ ਕੇਂਦਰ ਵਿੱਚ ਸੁਚਾਰੂ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੰਦੀਆਂ ਨੂੰ ਨਸ਼ਾ ਛੁਡਾਉਣ ਲਈ ਪੰਜਾਬ ਦੀਆਂ ਜੇਲ੍ਹਾਂ ਅੰਦਰ ਲਗਭਗ ਅੱਠ ਨਸ਼ਾ ਛੁਡਾੳੂੁ ਕੇਂਦਰ ਖੋਲ੍ਹੇ ਜਾ ਚੁੱਕੇ ਹਨ, ਜਦਕਿ ਜਲਦ ਹੀ ਬਾਕੀ ਜੇਲ੍ਹਾਂ ਅੰਦਰ ਵੀ ਅਜਿਹੇ ਕੇਂਦਰ ਖੋਲ੍ਹੇ ਜਾ ਰਹੇ ਹਨ। ਇਹ ਸਾਰੇ ਕੇਂਦਰ ਪੀ. ਜੀ. ਆਈ. ਦੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਹੀ ਚਲਾਏ ਜਾ ਰਹੇ ਹਨ। ਇਸ ਸਮੇਂ ਪੰਜਾਬ ਦੀਆਂ ਅੱਠ ਜੇਲ੍ਹਾਂ ਅੰਦਰ ਲਗਭਗ 459 ਬੰਦੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ 292 ਬੰਦੀ ਰਿਕਰਵਰੀ ਬੈਰਕਾਂ ਵਿੱਚ ਦਾਖ਼ਲ ਹਨ।
ਪੰਜਾਬ ਦੀਆਂ ਜੇਲ੍ਹਾਂ ਅੰਦਰ ਪੰਜਾਬ ਸਰਕਾਰ ਦੀ ਯੋਜਨਾ ਅਧੀਨ ਨਸ਼ਾ ਛੁਡਾੳੂ ਕੇਂਦਰ ਜਿਸ ਤਰ੍ਹਾਂ ਬਾਹਰ ਖੋਲ੍ਹੇ ਜਾਣਗੇ, ਉਸੇ ਤਰ੍ਹਾਂ ਪੰਜਾਬ ਦੀਆਂ 26 ਜੇਲ੍ਹਾਂ ਦੇ ਅੰਦਰ ਵੀ ਖੋਲ੍ਹਣ ਲਈ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ (ਗ੍ਰਹਿ ਜੇਲ੍ਹਾਂ) ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਨਸ਼ੇੜੀ ਬੰਦੀਆਂ ਦੇ ਇਲਾਜ ਲਈ ਜੇਲ੍ਹਾਂ ਅੰਦਰ ਸਰਕਾਰ ਦੀ ਯੋਜਨਾ ਅਨੁਸਾਰ ਨਸ਼ਾ ਛੁਡਾੳੂ ਕੇਂਦਰ ਖੋਲ੍ਹਣ ਲਈ ਬੇਨਤੀ ਕਰ ਦਿੱਤੀ ਗਈ ਹੈ, ਤਾਂ ਜੋ ਜੇਲ੍ਹ ਵਿੱਚ ਤਾਇਨਾਤ ਮੈਡੀਕਲ ਅਫ਼ਸਰ ਬੰਦੀ ਦਾ ਇਲਾਜ ਉਸੇ ਤਰ੍ਹਾਂ ਹੀ ਕਰਨ, ਜਿਵੇਂ ਆਮ ਨਾਗਰਿਕ ਦਾ ਬਾਹਰ ਇਲਾਜ ਕੀਤਾ ਜਾ ਰਿਹਾ ਹੈ। ਇਸ ਦਾ ਇੱਕ ਬੇਨਤੀ ਪੱਤਰ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਨੂੰ ਵੀ ਲਿਖਿਆ ਗਿਆ ਹੈ।
ਉਨ੍ਹਾਂ ਕਿਹਾ ਜੇਲ੍ਹ ਵਿਭਾਗ ਪੰਜਾਬ ਜੇਲ੍ਹਾਂ ਦੀ ਸੁਰੱਖਿਆ ਲਈ ਵਿਸ਼ੇਸ਼ ਤੌਰ ’ਤੇ ਗੰਭੀਰ ਹੈ, ਇਸੇ ਕਰਕੇ ਹੀ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ ਜਲਦ ਹੀ ਹੋਰ ਸੁਰੱਖਿਆ ਗਾਰਦਾਂ ਲਗਾਈਆਂ ਜਾਣਗੀਆਂ। ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਬੰਦ ਬੰਦੀਆਂ ਦੀ ਬੇਨਤੀ ਦੇ ਆਧਾਰ ’ਤੇ ਰਾਜ ਦੀਆਂ ਦੂਜੀਆਂ ਜੇਲ੍ਹਾਂ ਵਿੱਚ 34 ਬੰਦੀ, ਰਾਜ ਤੋਂ ਬਾਹਰਲੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਲਈ 36 ਬੰਦੀਆਂ ਅਤੇ ਹੋਰ ਮੁਸ਼ਕਿਲਾਂ ਸੰਬੰਧੀ 15 ਬੰਦੀਆਂ ਦੀ ਬੇਨਤੀ ਸੁਣੀ ਗਈ। ਕੁੱਲ 85 ਬੰਦੀਆਂ ਦੀਆਂ ਪ੍ਰਤੀ ਬੇਨਤੀਆਂ ਦਾ ਫੈਸਲਾ ਮੌਕੇ ’ਤੇ ਹੀ ਕੀਤਾ ਗਿਆ। ਇਸ ਤੋਂ ਇਲਾਵਾ ਬੰਦੀਆਂ ਦੀ ਅਲੱਗ-ਅਲੱਗ ਜੇਲ੍ਹਾਂ ਵਿੱਚ ਤਬਦੀਲੀ ਕਰਨ ਸੰਬੰਧੀ ਹੁਕਮ ਦਿੱਤੇ ਗਏ। 
ਉਨ੍ਹਾਂ ਕਿਹਾ ਕਿ ਜੇਲ੍ਹਾਂ ਅੰਦਰ ਚੱਲ ਰਹੇ ਨਸ਼ਾ ਛੁਡਾੳੂ ਕੇਂਦਰਾਂ ਵਿੱਚ ਜਲਦ ਹੀ ਹੋਰ ਤਬਦੀਲੀਆਂ ਕੀਤੀਆਂ ਜਾਣਗੀਆਂ ਅਤੇ ਨਸ਼ੇੜੀ ਬੰਦੀਆਂ ਨੂੰ ਮੁਕੰਮਲ ਦਵਾਈ ਅਤੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਪੰਜਾਬ ਦੇ ਸਾਰੇ ਸੁਪਰਡੈਂਟ ਜੇਲ੍ਹਾਂ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਨਸ਼ੇੜੀ ਬੰਦੀਆਂ ਦੇ ਇਲਾਜ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸੇ ਤਰ੍ਹਾਂ ਸਾਰੇ ਸਿਵਲ ਸਰਜਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਆਮ ਨਸ਼ੇੜੀਆਂ ਦੀ ਤਰ੍ਹਾਂ ਬੰਦੀ ਨਸ਼ੇੜੀਆਂ ਦਾ ਵੀ ਮੁਕੰਮਲ ਇਲਾਜ ਕੀਤਾ ਜਾਵੇ। ਜੇਲ੍ਹਾਂ ਵਿੱਚ ਬੰਦੀਆਂ ਨੂੰ ਵਿਅਸਤ ਰੱਖਣ ਲਈ ਪੰਜਾਬ ਦੀਆਂ ਜੇਲ੍ਹਾਂ ਅੰਦਰ ਸਕਿੱਲ ਡਿਵੈੱਲਪਮੈਂਟ ਦੇ ਕੋਰਸ, ਯੋਗਾ, ਮੈਡੀਟੇਸ਼ਨ ਅਤੇ ਖੇਡਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ। 
ਉਨ੍ਹਾਂ ਕਿਹਾ ਕਿ ਪੰਜਾਬ ਜੇਲ੍ਹ ਵਿਭਾਗ ਦਾ ਇਹ ਉਦੇਸ਼ ਹੈ ਕਿ ਜੋ ਵੀ ਜੇਲ੍ਹ ਅੰਦਰ ਬੰਦੀ ਆਉਂਦਾ ਹੈ ਉਸਨੂੰ ਦੇਸ਼ ਦਾ ਇੱਕ ਚੰਗਾ ਨਾਗਰਿਕ ਬਣਾ ਕੇ ਬਾਹਰ ਭੇਜਿਆ ਜਾਵੇ। ਜੇਲ੍ਹ ਤੋਂ ਬਾਹਰ ਆਉਣ ਉਪਰੰਤ ਉਹ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਪਰਿਵਾਰਕ ਜਿੰਮੇਵਾਰੀ ਨਿਭਾਵੇ। ਪੜਤਾਲ ਦੌਰਾਨ ਬੰਦੀਆਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਗਈਆਂ ਅਤੇ ਮੌਕੇ ’ਤੇ ਹੀ ਹੱਲ ਕੀਤਾ ਗਿਆ। ਸ੍ਰੀ ਚੌਧਰੀ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿੳੂਟੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ। 

No comments: