Sunday, April 30, 2017

ਮੇਲਿਆਂ ਦੇ ਸਰਦਾਰ ਦਾ ਅੱਜ ਜਨਮ ਦਿਨ ਹੈ

ਆਲ੍ਹਣੇ ਦਾ ਪਰਿੰਦਾ ! ਕਿੰਨਿਆਂ ਦਾ ਜਗਤ ਬਾਪੂ !
ਅੱਜ ਸਾਡੇ ਸਤਿਕਾਰ ਯੋਗ ਵਡੇਰੇ ਸ: ਜਗਦੇਵ ਸਿੰਘ ਜੱਸੋਵਾਲ ਦਾ ਜਨਮ ਦਿਨ ਹੈ। 
1995 ਚ ਸੱਠਵਾਂ ਜਨਮ ਦਿਨ ਜੱਸੋਵਾਲ ਪਿੰਡ ਵਿੱਚ ਮਨਾਇਆ ਸੀ। ਦੋ ਏਕੜ ਕਣਕ ਦੇ ਵੱਢ ਚ ਪੰਡਾਲ ਲੱਗਾ ਸੀ। 
ਹਰ ਗਵੱਈਆ ਓਥੇ ਸੀ। ਮੁੱਖ ਮੰਤਰੀ, ਮੰਤਰੀ, ਸੰਤਰੀ, ਵਜੰਤਰੀ ਤੇ ਪੰਜਾਬ ਭਰ ਦੇ ਮੇਲਾ ਘੁਮੰਤਰੀ ਓਥੇ ਸਨ। 
               ਉਸ ਮੇਲਿਆਂ ਦੇ ਸਰਦਾਰ ਦਾ ਅੱਜ ਜਨਮ ਦਿਨ ਹੈ। 
ਬੇਬੇ ਅਮਰ ਕੌਰ ਤੇ ਸ: ਕਰਤਾਰ ਸਿੰਘ ਦਾ ਲਾਡਲਾ। 
ਗੁਰਦੇਵ, ਸੁਖਦੇਵ, ਚਮਕੌਰ ਤੇ ਇੰਦਰਜੀਤ ਦਾ ਵੀਰ। 
ਸੁਖਵਿੰਦਰ ਤੇ ਜਸਵਿੰਦਰ ਦਾ ਬਾਪੂ। 
ਆਲ੍ਹਣੇ ਦਾ ਪਰਿੰਦਾ। ਕਿੰਨਿਆਂ ਦਾ ਜਗਤ ਬਾਪੂ। ਨਿੱਤ ਨਵੇਂ ਸੂਰਜ ਨਵੇਂ ਸੁਪਨੇ ਵਾਲਾ। 
ਹਰ ਰੋਜ਼ ਨਵੀਂ ਮੁਹਿੰਮ ਤੇ ਚਕਰਵਰਤੀ ਚੜ੍ਹਦਾ। ਪੈਰ ਚੱਕਰ ਸੀ ਓਹਦੇ। 
ਮਰਦਾ ਮਰਦਾ ਵੀ ਅਮਰੀਕਾ ਕਬੱਡੀ ਪਾ ਆਇਆ। ਸਟਾਕਟਨ ਮੇਲਾ ਲਾ ਆਇਆ। ਹਰਵਿੰਦਰ ਰਿਆੜ ਤੋਂ ਸੇਵਾ ਕਰਾ ਆਇਆ। ਸ: ਮਲਕੀਤ ਸਿੰਘ ਦਾਖਾ ਦੀ ਹਿੰਮਤ ਸਦਕਾ ਸਾਬਤ ਮੁੜ ਆਇਆ ਪਰ ਆਉਂਦਾ ਹੀ ਮੰਜੇ ਤੇ ਪੈ ਗਿਆ। ਉੱਠਿਆ ਤਾਂ ਸਿੱਧਾ ਸਿਵਿਆਂ ਚ। 
ਪੂਰਾ ਪੰਜਾਬੀ ਜਗਤ ਜਾਣਦਾ ਹੈ ਕਿ ਸਵਾਸ ਛੱਡਣ ਤੋਂ ਪਹਿਲੀ ਇੱਕ ਸ਼ਾਮ ਉਹ ਹਰਭਜਨ ਮਾਨ ਤੋਂ ਦਯਾਨੰਦ ਹਸਪਤਾਲ ਲੁਧਿਆਣਾ  ਦੇ ਇਨਟੈਨਸਿਵ ਕੇਅਰ ਯੂਨਿਟ ਚ ਹੀਰ ਦੀ ਕਲੀ ਸੁਣ ਰਿਹਾ ਸੀ। ਏਸੇ ਨੂੰ ਜ਼ਿੰਦਗੀ ਕਹਿੰਦੇ ਨੇ। 
ਆਪਣੇ ਪਰਿਵਾਰ ਚ ਪੂਰਾ ਪੰਜਾਬੀ ਭਾਈਚਾਰਾ ਪਾਈ ਬੈਠਾ ਸੀ। 
ਦੁੱਖ ਦੀ ਘੜੀ ਸਭ ਦੇ ਘਰੀਂ ਬਹੁੜਨਹਾਰਾ। 
ਅੱਜ 30 ਅਪਰੈਲ ਨੂੰ ਪਾਲਮ ਵਿਹਾਰ ਸਥਿਤ ਵਿਰਾਸਤ ਭਵਨ ਚ ਸ: ਪਰਗਟ ਸਿੰਘ ਗਰੇਵਾਲ ਪ੍ਰਧਾਨ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦਾ ਸਮੂਹ ਸਾਥੀਆਂ ਸਮੇਤ ਸਵੇਰੇ 10 ਵਜੇ ਪੁੱਜਣ ਦਾ ਸੱਦਾ ਹੈ। 
ਇਸ ਮੌਕੇ ਉਸ ਵੱਲੋਂ ਹੱਥੀਂ ਲਾਏ ਬੂਟੇ ਨਿੰਦਰ ਘੁਗਿਆਣਵੀ ਦਾ ਸ: ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। 
ਸ਼ਾਮੀਂ 5 ਵਜੇ ਪੰਜਾਬੀ ਭਵਨ ਲੁਧਿਆਣਾ ਚ ਕ੍ਰਿਸ਼ਨ ਕੁਮਾਰ ਬਾਵਾ ਜੀ ਦੀ ਅਗਵਾਈ ਹੇਠ ਯਾਦਾਂ ਜੱਸੋਵਾਲ ਦੀਆਂ 
ਪ੍ਰੋਗਰਾਮ ਹੋਵੇਗਾ। 
ਸਲਾਮ! 
ਸੁਪਨਿਆਂ ਚ ਸੂਹੇ ਰੰਗ ਦਾ ਚਾਨਣ ਭਰਦੇ ਭਰਦੇ ਸਦੀਵੀ ਅਲਵਿਦਾ ਕਹਿ ਗਏ ਚੌਮੁਖੀਏ ਚਿਰਾਗਾ। 
ਗੁਰਭਜਨ ਗਿੱਲ 
ਇਸ ਯਾਦਗਾਰੀ ਦਿਨ ਦੇ ਮੌਕੇ ਤੇ  ਜਨਮੇਜਾ ਸਿੰਘ ਜੋਹਲ ਨੇ ਜੱਸੋਵਾਲ ਹੁਰਾਂ ਨੂੰ ਆਪਣੇ ਅੰਦਾਜ਼ ਨਾਲ ਯਾਦ ਕੀਤਾ ਹੈ।
ਉਹਨਾਂ ਦੀਆਂ ਗੱਲਾਂ 'ਤੇ ਕਈਆਂ ਨੂੰ ਇਤਰਾਜ਼ ਹੋ ਸਕਦਾ ਹੈ ਅਤੇ ਕਈਆਂ ਨੂੰ ਗਿਲਾ ਸ਼ਿਕਵਾ  ਵਿੱਚ ਕੋਈ ਸ਼ੱਕ ਨਹੀਂ ਕਿ ਇਹ ਗੱਲਾਂ ਸੱਚਾਈ ਦੀ ਨੇੜੇ ਨੇੜੇ ਹਨ। ਜਿਹਨਾਂ ਨੇ ਜੱਸੋਵਾਲ ਹੁਰਾਂ ਨੂੰ ਨੇੜਿਓਂ ਦੇਖਿਆ ਹੈ ਉਹਨਾਂ ਨੂੰ ਇਸਦਾ ਪਤਾ ਹੈ। 
ਜੇ ਤੁਹਾਡੇ ਕੋਲ ਵੀ ਜੱਸੋਵਾਲ ਸਾਹਿਬ ਨਾਲ ਸਬੰਧਿਤ ਯਾਦਾਂ ਹਨ ਤਾਂ ਸਾਨੂੰ ਵੀ ਜ਼ਰੂਰ ਭੇਜੋ। ਉਹਨਾਂ ਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।  

No comments: