Sunday, April 23, 2017

ਉਦਾਸੀ ਦਾ ਵਿਰੋਧ ਅਸਲ ਵਿੱਚ ਸਮਕਾਲ ਦਾ ਵਿਰੋਧ ਹੈ-ਅਮਰਜੀਤ ਕੌਰ ਹਿਰਦੇ

ਸੰਤ ਤੋਂ ਸਿਪਾਹੀ ਹੋਣ ਦਾ ਸਫ਼ਰ ਜਾਰੀ ਰਹੇਗਾ 
ਲੁਧਿਆਣਾ: 222 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ):: For more pics please click here
ਲੋਕ ਕਵੀ ਸੰਤ ਰਾਮ ਉਦਾਸੀ ਦਾ 78ਵਾਂ  ਜਨਮ ਦਿਨ ਲੁਧਿਆਣਾ ਵਿੱਚ ਅੱਜ ਮਨਾਇਆ ਗਿਆ-ਸ਼ਨੀਵਾਰ 22 ਅਪ੍ਰੈਲ 2017 ਨੂੰ। ਹਾਲ ਵਿੱਚ ਸਰੋਤੇ ਘੱਟ ਲੱਗਦੇ ਸਨ ਕਿਓਂਕਿ ਹਾਲ ਭਰਿਆ ਹੋਇਆ ਨਹੀਂ ਸੀ ਪਰ ਬੋਲਣ ਵਾਲਿਆਂ ਦੇ ਜਜ਼ਬਾਤ ਦੱਸਦੇ ਸਨ ਕਿ ਉੱਥੇ ਮੌਜੂਦ ਇੱਕ ਇੱਕ ਵਿਅਕਤੀ ਸਵਾ ਸਵਾ ਲੱਖ ਵਰਗਾ ਸੀ। ਇਹ ਸਾਰੇ ਜਣੇ ਕਿਸੇ ਪਾਰਟੀ ਹਾਈ ਕਮਾਨ ਦੇ ਬੱਝੇ ਹੋਏ ਨਹੀਂ ਸਨ ਆਏ। ਇਹਨਾਂ ਨੂੰ ਸੰਤ ਰਾਮ ਉਦਾਸੀ ਦੀ ਸ਼ਾਇਰੀ ਖਿੱਚ ਲਿਆਈ ਸੀ। ਉਹ ਸ਼ਾਇਰੀ ਜਿਸ ਵਿੱਚ ਸਿੱਖ ਸ਼ਹੀਦਾਂ ਲਈ ਵੀ ਸਨਮਾਨ ਸੀ ਅਤੇ ਲਾਲ ਝੰਡੇ ਦੇ ਸ਼ਹੀਦਾਂ ਲਈ ਵੀ। ਉਦਾਸੀ ਨੇ ਕਤਲ ਨੂੰ ਕਤਲ ਲਿਖਿਆ ਸੀ, ਜ਼ੁਲਮ ਨੂੰ ਜ਼ੁਲਮ ਲਿਖਿਆ ਸੀ। ਉਸਨੇ ਪੰਜਾਬ ਦੀ ਧਰਤੀ 'ਤੇ ਡੁਲ੍ਹੇ ਹੋਏ ਖੂਨ ਦੀ ਕਾਵਿਕ ਰਿਪੋਰਟਿੰਗ ਵਿੱਚ ਕੋਈ ਵਿਤਕਰਾ ਨਹੀਂ ਸੀ ਕੀਤਾ।
For more pics please click here
ਉਦਾਸੀ ਦੀਆਂ ਕਾਵਿ ਰਚਨਾਵਾਂ ਕਿਸੇ ਜ਼ਹਿਨੀ ਅਯਾਸ਼ੀ ਵਿੱਚ ਬੈਠ ਕੇ ਲਿਖਿਆ ਕਾਫੀ ਹਾਊਸ ਵਾਲਾ ਸਾਹਿਤ ਨਹੀਂ ਹਨ। ਇਹ ਨਜ਼ਮਾਂ ਅਤੇ ਗੀਤ ਕਿਸੇ ਖਾਸ ਨੰਬਰ ਵਾਲੀ ਜਾਂ ਖਾਸ ਰੰਗ ਵਾਲੀ ਸਿਆਸੀ ਐਨਕ ਲਾ ਕੇ ਲਿਖੀਆਂ ਰਚਨਾਵਾਂ ਵੀ ਨਹੀਂ ਹਨ। ਇਹਨਾਂ ਵਿੱਚ ਸ਼ੁੱਧ ਲੋਕਾਂ ਦੇ ਦਰਦ ਦੀ ਗੱਲ ਹੈ। ਉਹਨਾਂ ਨਾਲ ਹੋਈਆਂ ਵਧੀਕੀਆਂ ਦਾ ਬਿਨਾ ਮਿਲਾਵਟ ਵਾਲਾ ਸ਼ੁੱਧ ਪਰ ਖੂਬਸੂਰਤ ਵਰਨਣ।  ਇਹ ਰਚਨਾਵਾਂ ਆਪਣੇ ਸਮੇਂ ਦਾ ਸੱਚ ਹਨ। ਲੋਕਾਂ ਨਾਲ ਕੀ ਕੀ ਹੋਇਆ-ਇਹ ਰਚਨਾਵਾਂ ਆਪਣੇ ਸਮੇਂ ਦਾ ਇਤਿਹਾਸ ਦੱਸਦੀਆਂ ਹਨ ਕਿਸੇ ਦਸਤਾਵੇਜ਼ੀ ਫਿਲਮ ਵਾਂਗ।  ਰਚਨਾਵਾਂ ਪੜ੍ਹਦਿਆਂ ਪਾਠਕ ਸਿਰਫ ਕਿਸੇ ਕਿਤਾਬ ਦਾ ਪਾਠਕ ਨਹੀਂ ਰਹਿੰਦਾ। ਉਹ ਇਹਨਾਂ ਰਚਨਾਵਾਂ ਦੇ ਨਾਲ ਹੋ ਤੁਰਦਾ ਹੈ ਅਤੇ ਦਿਲਚਸਪ ਗੱਲ ਹੈ ਕਿ ਉਸਨੂੰ ਖੁਦ ਵੀ ਇਸਦਾ ਪਤਾ ਨਹੀਂ ਲੱਗਦਾ।  ਕੰਮੀਆਂ ਦੇ ਵਿਹੜੇ ਚੋਂ ਲੰਘਦਿਆਂ ਪਾਠਕ ਹੋਵੇ ਜਾਂ ਸਰੋਤਾ ਉਹ ਬੇਇਨਸਾਫੀਆਂ ਅਤੇ ਵਿਤਕਰਿਆਂ ਦੇ ਦਰਦ ਵਿੱਚੋਂ ਦੀ ਲੰਘਦਾ ਹੈ ਪਰ ਸੂਰਜ ਨਾਲ ਗੱਲਾਂ ਕਰਨਾ ਨਹੀਂ ਛੱਡਦਾ। ਉਹ ਸੂਰਜ ਦੇ ਮੱਘਦੇ ਰਹਿਣ ਦੀ ਆਸ ਵੀ ਨਹੀਂ ਛੱਡਦਾ। ਪੰਜਾਬੀ ਭਵਨ ਵਿੱਚ ਆਏ ਹੋਏ ਸਰੋਤੇ ਅਤੇ ਪਾਠਕ ਅਜਿਹੇ ਹੀ ਸਨ ਜਿਹਨਾਂ ਨੇ ਖੁਦ ਉਸ ਕੌੜੀ ਹਕੀਕਤ ਨੂੰ ਅਨੁਭਵ ਕੀਤਾ ਜਾਂ ਫਿਰ ਉਦਾਸੀ ਦੀ ਕਵਿਤਾ ਨੇ ਉਹਨਾਂ ਨੂੰ ਇਸਦਾ ਅਹਿਸਾਦ ਕਰਾਇਆ। ਜੇ ਕਿਹਾ ਜਾਏ ਕਿ ਇਹ ਉਦਾਸੀ ਦਾ ਕਾਵਿਕ ਪਰਿਵਾਰ ਸੀ ਤਾਂ ਵੀ ਗੱਲ ਗਲਤ ਨਹੀਂ ਹੋਵੇਗੀ। ਇਸ ਮੌਕੇ ਜਿੱਥੇ ਲੋਕ ਸਾਹਿਤ ਅਤੇ ਇਸਦੀ ਪ੍ਰਤੀਬੱਧਤਾ ਦੀਆਂ ਗੱਲਾਂ ਹੋਈਆਂ ਉੱਥੇ ਸਿਆਸੀ ਲੋਕਾਂ ਵੱਲੋਂ ਉਦਾਸੀ ਨਾਲ ਕੀਤੇ ਜਾ ਰਹੇ ਵਿਤਕਰਿਆਂ ਦੀ ਗੱਲ ਵੀ ਹੋਈ। ਇਹ ਸੁਆਲ ਵੀ ਉੱਠਿਆ ਕਿ ਉਦਾਸੀ ਦਾ ਵਿਰੋਧ ਕਰਨ ਵਾਲੇ ਕਿਧਰੇ ਜਾਣੇ ਅਣਜਾਣੇ ਇਸ ਅਗਾਂਹਵਧੂ ਸਾਹਿਤ ਦੀ ਲਹਿਰ ਦਾ ਵਿਰੋਧ ਤਾਂ ਨਹੀਂ ਕਰ ਰਹੇ? ਅਜਮੇਰ ਸਿੱਧੂ ਹੁਰਾਂ ਨੇ ਅਜਿਹੇ ਬਹੁਤ ਸਾਰੇ ਨੁਕਤਿਆਂ ਨੂੰ ਛੂਹਿਆ ਅਤੇ ਸੰਖੇਪ ਜਿਹੀ ਚਰਚਾ ਵੀ ਕੀਤੀ ਕਿਓਂਕਿ ਸਮਾਂ ਸੀਮਿਤ ਸੀ ਪਰ ਇਹ ਚਰਚਾ ਜਾਣਕਾਰੀ ਭਰਪੂਰ ਵੀ ਸੀ ਅਤੇ ਸਾਡੇ ਮੌਜੂਦਾ ਸਮਿਆਂ ਦੇ ਇਸ ਵਿਚਾਰਕ ਸੰਕਟ ਦਾ ਪਤਾ ਵੀ ਦੇਂਦੀ ਸੀ ਜਿਸ ਵਿੱਚ ਖੱਬੀਆਂ ਧਿਰਾਂ ਆਪਣੇ ਹੀ ਕਲਮਕਾਰਾਂ ਵੱਲ ਪਿੱਠ ਕਰ ਖਲੋਤੀਆਂ ਹਨ। ਪੰਜਾਬੀ ਭਵਨ ਦੇ ਹਾਲ ਦਾ ਬਹੁਤ ਸਾਰਾ ਹਿੱਸਾ ਖਾਲੀ ਹੋਣ ਦੇ ਕਾਰਨਾਂ ਪਿੱਛੇ ਉਹਨਾਂ ਲੋਕਾਂ ਦੀ ਸੁਚੇਤ ਗੈਰਹਾਜ਼ਰੀ ਵੀ ਸੀ ਜਿਹਨਾਂ ਨੇ ਨੇੜੇ ਤੇੜੇ ਹੋ ਕੇ ਵੀ ਇਸ ਪ੍ਰੋਗਰਾਮ ਵਿੱਚ ਪਹੁੰਚਣਾ ਠੀਕ ਨਹੀਂ ਸੀ ਸਮਝਿਆ। ਉਦਾਸੀ ਦੇ ਗੀਤਾਂ ਦੀਆਂ ਟੂਕਾਂ ਨੂੰ ਵਰਤਣ ਵਾਲੇ ਬਹੁਤ ਸਾਰੇ ਲੋਕ ਵੀ ਉਦਾਸੀ ਦੇ ਪ੍ਰੋਗਰਾਮ ਵਿੱਚ ਨਹੀਂ ਸਨ ਪਹੁੰਚੇ। ਉਦਾਸੀ ਨੂੰ ਆਪਣਾ ਵਿਰੋਧੀ ਸਮਝਣ ਵਾਲੇ ਜਾਂ ਲਹਿਰ ਤੋਂ ਥਿੜਕਿਆ ਆਖਣ ਵਾਲੇ ਉਦਾਸੀ ਦੇ ਪ੍ਰੋਗਰਾਮਾਂ ਵਿੱਚ ਆਉਣ ਜਾਂ ਨਾ ਆਉਣ ਇਹ ਉਹਨਾਂ ਦੀ ਆਪਣੀ ਮਰਜ਼ੀ ਹੋ ਸਕਦੀ ਹੈ। ਇਸ ਉੱਪਰ ਕਿਸ ਦਾ ਜ਼ੋਰ ਵੀ ਨਹੀਂ ਹੋਣਾ ਚਾਹੀਦਾ ਪਰ ਬਹਿਸ ਅਤੇ ਸਿਰਫ ਬਹਿਸ ਦੇ ਨਾਮ ਹੇਠ ਸਮੇ ਦੇ ਸੱਚ ਤੋਂ ਭਗੌੜਾ ਹੋਣਾ ਵੀ ਕਿਹੜੇ ਪਾਸਿਉਂ ਠੀਕ ਹੈ?  For more pics please click here
ਇਸ ਮੌਕੇ ਉਚੇਚੇ ਤੌਰ ਤੇ ਪੁੱਜੀ ਅਮਰਜੀਤ ਕੌਰ ਹਿਰਦੇ ਨੇ ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਦਾਸੀ ਜੀ ਦਾ ਵਿਰੋਧ ਅਸਲ ਵਿੱਚ ਉਦਾਸੀ ਦਾ ਵਿਰੋਧ ਨਹੀਂ ਬਲਕਿ ਸਮਕਾਲ ਦਾ ਵਿਰੋਧ ਹੈ। ਜਿਹੜੇ ਲੋਕ ਇਹ ਉਪਰਾਲਾ ਕਰ ਰਹੇ ਹਨ ਉਹਨਾਂ ਦਾ ਵਿਰੋਧ ਹੈ। ਮੈਡਮ ਹਿਰਦੇ ਨੇ ਸਾਫ ਆਖਿਆ ਕਿ ਸੰਤ ਤੋਂ ਸਿਪਾਹੀ ਹੋਣ ਦਾ ਸਿਲਸਿਲਾ ਜਾਰੀ ਰਹੇਗਾ। ਜੋ ਕੁਝ ਸੰਤ ਰਾਮ ਉਦਾਸੀ ਹੁਰਾਂ ਨੇ ਲਿਖੀ ਉਹ ਅੱਜ ਵੀ ਸਮੇਂ ਦਾ ਸੱਚ ਹੈ ਅਤੇ ਦੀਵਾਰਾਂ ਉੱਤੇ ਲਿਖਿਆ ਹੋਇਆ ਹੈ।
For more pics please click here
ਇਸ ਮੌਕੇ ਸਿਰਫ ਸਿਆਸੀ ਧਿਰਾਂ ਜਾਂ ਉਹਨਾਂ ਦੀ ਸ਼ਰੀਕੇਬਾਜ਼ੀ ਦੀ ਹੀ ਗੱਲ ਨਹੀਂ ਹੋਈ ਧਾਰਮਿਕ ਸੰਗਠਨਾਂ ਦੀਆਂ ਗੱਲਾਂ ਵੀ ਹੋਈਆਂ। ਨਾਮਧਾਰੀ ਸਮਾਜ ਤੋਂ ਪ੍ਰਵਹਾਵਿਤ ਹੋਣ ਅਤੇ ਫਿਰ ਉੱਥੇ ਉਹਨਾਂ ਦੇ ਦਰਮਿਆਨ ਜਾ ਕੇ ਕੁਝ ਭਰਮ ਟੁੱਟਣ ਦਾ ਜ਼ਿਕਰ ਵੀ ਅਜਮੇਰ ਸਿੱਧੂ ਹੁਰਾਂ ਨੇ ਬੜੇ ਹੀ ਸਲੀਕੇ ਨਾਲ ਕੀਤਾ। ਪ੍ਰੋਗਰਾਮ ਵਿੱਚ ਮੋਹਕਮ ਉਦਾਸੀ ਹੁਰਾਂ ਦੀ ਹਾਜ਼ਰੀ ਨੇ ਇਸਨੂੰ ਹੋਰ ਯਾਦਗਾਰੀ ਬਣਾਇਆ। ਜਦੋਂ ਬਹੁਤ ਸਾਰੇ ਖੱਬੇ ਆਗੂਆਂ ਦੀ ਔਲਾਦ ਉਹਨਾਂ ਦੀ ਵਿਚਾਰਧਾਰਾ ਤੋਂ ਬਹੁਤ ਦੂਰ ਜਾ ਚੁੱਕੀ ਹੈ ਉਦੋਂ ਉੱਦਾਸੀ ਹੁਰਾਂ ਦੇ ਬੇਟੇ ਨੇ ਲੰਮੀ ਹੇਕ ਨਾਲ ਉਦਾਸੀ ਹੁਰਾਂ ਦੇ ਗੀਤਾਂ ਨੂੰ ਗਾ ਕੇ ਦੱਸਿਆ ਕਿ ਉਹ ਅਜੇ ਵੀ ਆਪਣੇ ਪਿਤਾ ਵਾਲੀ ਲੋਕ ਪੱਖੀ ਵਿਚਾਰਧਾਰਾ 'ਤੇ ਖੜੋਤੇ ਹਨ। ਧਾਰਮਿਕ ਅਕੀਦਿਆਂ ਮੁਤਾਬਿਕ ਉਦਾਸੀ ਨੇ ਸਿਰਫ ਚੋਲਾ ਬਦਲਿਆ। ਉਦਾਸੀ ਅੱਜ ਵੀ ਸਾਡੇ ਦਰਮਿਆਨ ਹੈ-ਆਪਣੀਆਂ  ਰਚਨਾਵਾਂ ਰਾਹੀਂ ਅਤੇ  ਆਪਣੇ ਜਜ਼ਬਾਤਾਂ ਰਾਹੀਂ। ਮੋਹਕਮ ਉਦਾਸੀ ਦੀ ਲੰਮੀ ਹੇਕ ਨੇ ਬਾਰ ਬਾਰ ਸੰਤ ਰਾਮ ਉਦਾਸੀ ਹੁਰਾਂ ਦੀ ਮੌਜੂਦਗੀ ਦਾ ਅਹਿਸਾਸ ਕਰਾਇਆ। ਮੋਹਕਮ ਉਦਾਸੀ ਹੁਰਾਂ ਨੇ ਕਿਹਾ ਕਿ ਲੋਕ ਕਵੀ ਸੰਤ ਰਾਮ ਉਦਾਸੀ ਹੁਰਾਂ ਦੇ ਗੀਤ ਅੱਜ ਵੀ ਜਾਤਪਾਤ ਅਤੇ ਪਛੜੇ ਪਨ ਦੇ ਖਿਲਾਫ ਲੋਕ ਚੇਤਨਾ ਜਗਾ ਰਹੇ ਹਨ। ਲੋਕਾਂ ਦੇ ਖਿਲਾਫ ਵੱਡੀ ਪੱਧਰ 'ਤੇ ਚੱਲ ਰਹੀ ਜੰਗ ਦੌਰਾਨ ਲੋਕ ਪੱਖੀ ਸ਼ਕਤੀਆਂ ਨੂੰ ਇੱਕਜੁੱਟ ਹੋਣ ਦਾ ਸੁਨੇਹਾ ਦੇਂਦਾ ਇਹ ਸਮਾਗਮ ਯਾਦਗਾਰੀ ਪ੍ਰੋਗਰਾਮ ਸਾਬਿਤ ਹੋਇਆ। ਡਾਕਟਰ ਗੁਰਚਰਨ ਕੌਰ ਕੋਚਰ, ਪਰਮਜੀਤ ਕੌਰ ਮਹਿਕ, ਜਗਸ਼ਰਨ ਸਿੰਘ ਛੀਨਾ, ਹਰਪ੍ਰੀਤ ਕੌਰ ਪ੍ਰੀਤ, ਸਿਮਰਜੀਤ ਕੌਰ ਸਿੱਮੀ ਅਤੇ ਕਈ ਹੋਰਾਂ ਨੇ ਵੀ ਉਦਾਸੀ ਹੁਰਾਂ ਨੂੰ ਇਸ ਮੌਕੇ ਆਪੋ ਆਪਣੇ ਅੰਦਾਜ਼ ਨਾਲ ਯਾਦ ਕੀਤਾ।
For more pics please click here

No comments: