Saturday, April 29, 2017

ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫਸੇ ਤਾਂ ਨੰਬਰਦਾਰ ਨਹੀਂ ਦੇਣਗੇ ਜ਼ਮਾਨਤ

ਜ਼ਿਲ੍ਹਾ ਪੁਲਿਸ ਮੁਖੀ ਨੂੰ ਮੈਮੋਰੰਡਮ ਦੇ ਕੇ ਦਿੱਤਾ ਹਰ ਸਹਿਯੋਗ ਦਾ ਭਰੋਸਾ

ਜਗਰਾਉਂ: 28 ਅਪ੍ਰੈਲ 2017:(ਪੰਜਾਬ ਸਕਰੀਨ ਬਿਊਰੋ)::
ਜ਼ਿਲ੍ਹਾ ਪੁਲਿਸ ਲੁਧਿਆਣਾ (ਦਿਹਾਤੀ) ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵੇਲੇ੍ਹ ਹੋਰ ਸਫ਼ਲਤਾ ਮਿਲੀ ਜਦੋਂ ਇਲਾਕੇ ਨਾਲ ਸੰਬੰਧਤ ਸਮੂਹ ਨੰਬਰਦਾਰ ਯੂਨੀਅਨ ਜਗਰਾਉਂ ਵੱਲੋਂ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਵਿਅਕਤੀ ਦੀ ਜ਼ਮਾਨਤ ਨਹੀਂ ਦੇਣਗੇ, ਜੋ ਨਸ਼ਿਆਂ ਦੇ ਮਾਮਲੇ ਵਿੱਚ ਕਾਨੂੰਨ ਦੀ ਗਿ੍ਰਫ਼ਤ ਵਿੱਚ ਆਵੇਗਾ। ਇਸ ਸੰਬੰਧੀ ਸਮੂਹ ਨੰਬਰਦਾਰ ਯੂਨੀਅਨ ਜਗਰਾਉ ਵੱਲੋਂ ਸ੍ਰੀ ਸੁਰਜੀਤ ਸਿੰਘ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਨੂੰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਸਬੰਧੀ ਪੁਲਿਸ ਵਿਭਾਗ ਨੂੰ ਸਾਥ ਦੇਣ ਲਈ ਯਕੀਨ ਦਿਵਾਉਦੇ ਹੋਏ ਇੱਕ ਮੈਮੋਰੰਡਮ ਪੇਸ਼ ਕੀਤਾ।
ਸ੍ਰ. ਪਰਮਿੰਦਰਜੀਤ ਸਿੰਘ ਚਾਹਲ, ਸ੍ਰ. ਬਲਵੰਤ ਸਿੰਘ ਅਤੇ ਯੂਨੀਅਨ ਦੇ ਹੋਰ ਮੈਂਬਰਾਂ ਨੇ ਕਿਹਾ ਕਿ ਨਸ਼ਾ ਸਮਾਜ ਲਈ ਇੱਕ ਚੈਲਿੰਜ ਅਤੇ ਗੰਭੀਰ ਸਮੱਸਿਆ ਦਾ ਵਿਸ਼ਾ ਬਣ ਚੁੱਕਾ ਹੈ।ਇਸ ਕਰਕੇ ਨੌਜਵਾਨਾਂ ਨੂੰ ਇਸ ਨਸ਼ੇ ਦੀ ਦਲਦਲ ਤੋਂ ਬਚਾਉਣ ਸਬੰਧੀ ਸਖ਼ਤ ਕਦਮ ਚੁੱਕਣ ਲਈ ਸਮੇਂ ਦੀ ਲੋੜ ਹੈ।ਯੂਨੀਅਨ ਪਹਿਲਾਂ ਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਮੇਂ-ਸਮੇਂ ’ਤੇ ਸੈਮੀਨਾਰਾਂ ਰਾਂਹੀ ਸੁਚੇਤ ਕਰਨ ਦਾ ਕੰਮ ਕਰ ਰਹੀ ਹੈ।ਯੂਨੀਅਨ ਨੇ ਇਹ ਵੀ ਯਕੀਨ ਦਿਵਾਇਆ ਕਿ ਉਹ ਨਸ਼ਾ ਤਸਕਰੀ ਵਿੱਚ ਸ਼ਾਮਿਲ ਕਿਸੇ ਵੀ ਵਿਆਕਤੀ ਦੀ ਮਦਦ ਨਹੀਂ ਕਰਨਗੇ।ਆਖਰ ਵਿੱਚ ਯੂਨੀਅਨ ਨੇ ਐਸ.ਐਸ.ਪੀ ਲੁਧਿਆਣਾ (ਦਿਹਾਤੀ) ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਅਤੇ ਨਸ਼ਾ ਤਸਕਰਾਂ ਨੰੂ ਗਿ੍ਰਫ਼ਤਾਰ ਕਰਕੇ ਜੇਲ੍ਹ ਵਿੱਚ ਬੰਦ ਕਰਨ ਦੀ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਉਸ ਸਮੇਂ ਸਾਰਥਿਕ ਨਤੀਜੇ ਸਾਹਮਣੇ ਆਏ, ਜਦੋਂ ਪੁਲਿਸ ਵੱਲੋਂ ਕੀਤੀ ਗਈ ਸਖ਼ਤੀ ਤੋਂ ਪ੍ਰਭਾਵਿਤ ਹੁੰਦੇ ਹੋਏ ਥਾਣਾ ਸਦਰ ਜਗਰਾਂਉ ਦੇ ਪਿੰਡ ਮਲਸੀਹਾਂ ਬਾਜਨ, ਕਮਾਲਪੁਰਾ ਅਤੇ ਥਾਣਾ ਸਿੱਧਵਾਂ ਬੇਟ ਦੇ ਪਿੰਡ ਕੁੱਲ ਗਹਿਣਾ ਦੇ ਨਸ਼ਾ ਵੇਚਣ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਨੇ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿੱਚ ਤੌਬਾ ਕਰਦੇ ਹੋਏ ਹਲਫੀਆ ਬਿਆਨ ਪੇਸ਼ ਕੀਤੇ ਕਿ ਉਹ ਅੱਗੇ ਤੋਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚਣ ਦਾ ਧੰਦਾ ਨਹੀਂ ਕਰਨਗੇ।
ਇਸ ਮੌਕੇ ਸ੍ਰ. ਸੁਰਜੀਤ ਸਿੰਘ ਨੇ ਸਮੂਹ ਸੰਸਥਾਵਾਂ, ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਬਣਨ ਅਤੇ ਲੁਧਿਆਣਾ (ਦਿਹਾਤੀ) ਪੁਲਿਸ ਦੀ ਸਹਾਇਤਾ ਕਰਨ।
  

No comments: