Wednesday, April 19, 2017

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ 'ਗਾਰਡ ਆਫ ਆਨਰ'

ਅੰਮ੍ਰਿਤਸਰ ਅਤੇ ਹੋਸ਼ਿਆਰਪੁਰ ਵਿੱਚ ਵੀ ਸਵਾਗਤ ਦੀਆਂ ਤਿਆਰੀਆਂ
ਨਵੀਂ ਦਿੱਲੀ: 18 ਅਪ੍ਰੈਲ 2017: (ਪੰਜਾਬ ਸਕਰੀਨ ਬਿਓਰੋ):: 
ਵਿਵਾਦਾਂ ਦੇ ਬਾਵਜੂਦ ਸੱਜਣ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ। ਸ਼ਸ਼ੋਪੰਜ ਦਰਮਿਆਨ ਭਾਰਤ ਦੇ ਸੱਤ ਦਿਨਾਂ ਦੌਰੇ 'ਤੇ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਲੈ. ਕਰਨਲ ਹਰਜੀਤ ਸਿੰਘ ਸੱਜਣ ਨੂੰ ਰਾਇਸਿਨਾ ਹਿੱਲਸ 'ਤੇ ਆਖਰਕਾਰ ਟਰਾਈ ਸਰਵਿਸ 'ਗਾਰਡ ਆਫ ਆਨਰ' ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਸੱਜਣ ਦਾ ਸ਼ਾਨਦਾਰ ਸਵਾਗਤ ਹੋਏਗਾ। ਬੁਧਵਾਰ 19 ਅਪ੍ਰੈਲ ਨੂੰ ਅੰਮ੍ਰਿਤਸਰ ਨੇੜੇ ਮਾਨਾਂਵਾਲਾ ਵਿਖੇ ਪਿੰਗਲਵਾੜਾ ਦੇ ਪ੍ਰਬੰਧਕਾਂ ਵਲੋਂ ਸੱਜਣ ਦੇ ਸਵਾਗਤ ਬਾਰੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਜਿੱਥੇ 20 ਅਪ੍ਰੈਲ ਨੂੰ ਸੱਜਣ ਪਹੁੰਚਣਗੇ। ਇਸੇ ਤਰਾਂ ਹੋਂਦ-ਚਿੱਲੜ ਸੰਘਰਸ਼ ਕਮੇਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਵੀ ਸੱਜਣ ਦੇ ਸਵਾਗਤ ਦੀ ਗੱਲ ਖੁੱਲ੍ਹ ਕੇ ਆਖ ਚੁੱਕੇ ਹਨ। 
ਜ਼ਿਲਾ ਹੋਸ਼ਿਆਰਪੁਰ ਦੇ ਪਿੰਡ ਬੰਬੇਲੀ ਵਿਖੇ ਵੀ ਸੱਜਣ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਗਈਆਂ ਹਨ। ਭਾਵੇਂ ਜ਼ਿਲਾ ਪ੍ਰਸ਼ਾਸਨ ਨੂੰ ਸੱਜਣ ਦੇ ਪਿੰਡ ਵਿੱਚ ਆਉਣ ਬਾਰੇ ਕੋਈ ਸਰਕਾਰੀ ਇਤਲਾਹ ਨਹੀਂ ਹੈ ਪਰ ਫਿਰ ਵੀ ਪਿੰਡ ਦੇ ਸਰਪੰਚ ਅਤੇ ਪਰਿਵਾਰ ਵਾਲੇ ਗਰਮਜੋਸ਼ੀ ਵਾਲੇ ਸਵਾਗਤ ਲਈ ਤਿਆਰ ਬਰ ਤਿਆਰ ਹਨ। ਇਹ ਉਹੀ ਪਿੰਡ ਹੈ ਜਿੱਥੇ ਕੈਨੇਡਾ ਦੇ ਇਸ ਬਹੁ ਚਰਚਿਤ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਜਨਮ ਹੋਇਆ ਸੀ। ਸਿਰਫ ਪੰਜਾਂ ਕੁ ਸਾਲਾਂ ਦੀ ਉਮਰ ਵਿੱਚ ਹੀ ਹਰਜੀਤ ਸਿੰਘ ਸੱਜਣ ਦਾ ਦਾਣਾ ਪਾਣੀ ਪੰਜਾਬ ਦੀ ਧਰਤੀ ਤੋਂ ਕੈਨੇਡਾ ਦੀ ਧਰਤੀ ਤੇ ਤਬਦੀਲ ਹੋ ਗਿਆ ਸੀ। ਕੈਨੇਡਾ ਹੀ ਅਸਲ ਵਿੱਚ ਸੱਜਣ ਦੀ ਕਰਮਭੂਮੀ ਬਣਿਆ। ਪੁਲਸ ਅਤੇ ਫੌਜੀ ਜੀਵਨ ਵਿੱਚ ਸੱਜਣ ਨੇ ਬਹੁਤ ਮੇਹਨਤ ਕੀਤੀ। ਕਈ ਅਹੁਦਿਆਂ ਉੱਤੇ ਕੰਮ ਕੀਤਾ। ਸੱਜਣ ਨੇ ਅਫਗਾਨਿਸਤਾਨ ਅਤੇ ਬੋਸਨੀਆ ਸਮੇਤ ਕਈ ਮੋਰਚੇ ਦੇਖੇ ਅਤੇ ਲੜੇ। ਕਈ ਕਈ ਵਾਰ ਗੰਭੀਰ ਖਤਰਿਆਂ ਦਾ ਸਾਹਮਣਾ ਵੀ ਕੀਤਾ ਅਤੇ ਆਪਣੇ ਆਤਮ ਵਿਸ਼ਵਾਸ ਅਤੇ ਸੰਘਰਸ਼ ਸੜਾਕ ਜਿੱਤ ਨੂੰ ਗਲੇ ਨਾਲ ਲਾਇਆ। ਹੁਣ ਬੰਬੇਲੀ ਵਾਸੀਆਂ ਨੂੰ  ਸੱਜਣ  ਉੱਤੇ ਮਾਣ ਹੈ। ਬੰਬੇਲੀ ਦੀ ਧਰਤੀ 'ਤੇ  ਵੀ ਸੱਜਣ ਦੀ ਉਡੀਕ ਪਲਕਾਂ ਵਿਛਾ ਕੇ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਇਹ ਉਹੀ ਪਿੰਡ ਹੈ ਜਿੱਥੇ ਸੱਜਣ ਦਾ ਜਨਮ ਹੋਇਆ ਸੀ। ਸੱਜਣ ਦੇ ਪਿਤਾ ਕੁੰਦਨ ਸਿੰਘ ਸੱਜਣ ਪੰਜਾਬ ਪੁਲਿਸ ਵਿੱਚ ਹੈਡ ਕਾਂਸਟੇਬਲ ਹੋਇਆ ਕਰਦੇ ਸਨ। 
ਦਰਅਸਲ ਬੀਤੇ ਦਿਨੀਂ ਭਾਰਤ ਪਹੁੰਚੇ ਹਰਜੀਤ ਸਿੰਘ ਸੱਜਣ ਨੂੰ 'ਗਾਰਡ ਆਫ ਆਨਰ' ਦਿੱਤੇ ਜਾਣ ਸੰਬੰਧੀ ਦੁਬਿਧਾ ਪੈਦਾ ਹੋ ਗਈ ਸੀ। ਦੇਰ ਰਾਤ ਰੱਖਿਆ ਮੰਤਰਾਲੇ ਦੇ ਬੁਲਾਰੇ ਨਿਤਿਨ ਵਾਕਾਂਕਰ ਨੇ ਸਾਫ ਕੀਤਾ ਕਿ ਰੱਖਿਆ ਮੰਤਰਾਲੇ ਵੱਲੋਂ ਗਲਤੀ ਨਾਲ ਹਰਜੀਤ ਸਿੰਘ ਸੱਜਣ ਨੂੰ 'ਗਾਰਡ ਆਫ ਆਨਰ' ਨਾ ਦਿੱਤੇ ਜਾਣ ਸੰਬੰਧੀ ਐਡਵਾਈਜ਼ਰੀ ਜਾਰੀ ਹੋ ਗਈ ਸੀ, ਜਦਕਿ ਪ੍ਰੋਗਰਾਮ ਮੁਤਾਬਕ ਭਾਰਤ ਪਹੁੰਚਣ ਤੋਂ ਬਾਅਦ ਮੰਗਲਵਾਰ ਸਵੇਰੇ 10:45 ਵਜੇ ਹਰਜੀਤ ਸਿੰਘ ਸੱਜਣ ਨੂੰ 'ਗਾਰਡ ਆਫ ਆਨਰ' ਦਿੱਤਾ ਜਾਣਾ ਸੀ। ਮੰਤਰਾਲੇ ਨੇ ਸੋਮਵਾਰ ਸ਼ਾਮ ਨੂੰ ਆਪਣੇ ਆਦੇਸ਼ 'ਚ ਸੁਧਾਰ ਕਰਦਿਆਂ ਲਿਖਿਆ ਕਿ ਟਰਾਈ ਸਰਵਿਸ 'ਗਾਰਡ ਆਫ ਆਨਰ' ਰੱਦ ਹੈ। ਜਦਕਿ ਇੱਕ ਦਿਨ ਪਹਿਲਾਂ ਮੀਡੀਆ ਨੂੰ ਇਹ ਈਵੈਂਟ ਕਵਰ ਕਰਨ ਦਾ ਆਫੀਸ਼ੀਅਲ ਸੱਦਾ ਦਿੱਤਾ ਗਿਆ ਸੀ, ਪਰ ਬੀਤੀ ਦੇਰ ਰਾਤ ਸਪੱਸ਼ਟੀਕਰਨ ਤੋਂ ਬਾਅਦ ਅੱਜ ਕਰਨਲ ਸੱਜਣ ਨੂੰ ਇਹ ਸਨਮਾਨ ਦਿੱਤਾ ਗਿਆ। ਟਰਾਈ ਸਰਵਿਸ 'ਗਾਰਡ ਆਫ ਆਨਰ' ਪਤਵੰਤੇ ਮਹਿਮਾਨਾਂ ਦੇ ਸਨਮਾਨ ਲਈ ਫੌਜ ਵੱਲੋਂ ਪੂਰੀ ਵਰਦੀ ਵਿੱਚ ਆਪਣੇ ਹਥਿਆਰ ਝੁਕਾ ਕੇ ਸਲਿਊਟ ਕੀਤੇ ਜਾਣ ਵਾਲਾ ਸਨਮਾਨ ਹੈ। ਹੁਣ ਦੇਖਣਾ ਹੈ ਕਿ ਸੱਜਣ ਦੇ ਵਿਰੋਧੀ ਇਸ ਮਾਮਲੇ ਤੇ ਪੂਰੀ ਤਰਾਂ ਅਲੱਗ ਥਲੱਗ ਹੋਣ ਤੋਂ ਬਾਅਦ ਕਿ ਰੁੱਖ ਅਪਣਾਉਂਦੇ ਹਨ। 

No comments: