Wednesday, April 19, 2017

'ਯਾਦਾਂ ਜੱਸੋਵਾਲ ਦੀਆਂ' ਸਮਾਗਮ 30 ਅਪਰੈਲ ਨੂੰ ਪੰਜਾਬੀ ਭਵਨ ਵਿੱਚ ਹੋਵੇਗਾ

Wed, Apr 19, 2017 at 2:40 PM
ਪ੍ਰਮੁੱਖ ਸ਼ਖਸ਼ੀਅਤਾਂ ਨੂੰ ਜੱਸੋਵਾਲ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ–ਬਾਵਾ

ਲੁਧਿਆਣਾ: 19 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ):: 

ਜਿਹਨਾਂ ਨੂੰ ਸਰਦਾਰ ਜਗਦੇਵ ਸਿੰਘ ਜੱਸੋਵਾਲ ਨਾਲ ਮਿਲਣ  ਪ੍ਰਾਪਤ ਨਹੀਂ ਹੋਇਆ ਉਹਨਾਂ ਦੀ ਗੱਲ ਵੱਖਰੀ ਹੈ ਪਰ ਜਿਹਨਾਂ ਨੇ ਨੇੜਿਓਂ ਹੋ ਕੇ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਜੱਸੋਵਾਲ ਦੀਆ ਯਾਦਾਂ ਮਿਟਣ ਵਾਲੀਆਂ ਨਹੀਂ ਹਨ।  ਉਹ ਦਿਲਾਂ ਅਤੇ ਦਿਮਾਗਾਂ ਵਿੱਚ ਵੱਸੀਆਂ ਰਹਿਣਗੀਆਂ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਜੱਸੋਵਾਲ ਵਰਗਾ ਹੋਰ ਕੋਈ ਨਹੀਂ। ਜੱਸੋਵਾਲ ਦੇ ਤੁਰ ਜਾਣ ਮਗਰੋਂ ਪੈਦਾ ਹੋਇਆ ਖਲਾਅ ਲਗਾਤਾਰ ਵੱਧ ਰਿਹਾ ਹੈ। ਇੱਕ ਉਹੀ ਸ਼ਖ਼ਸੀਅਤ ਸੀ ਜਿਸ ਨੂੰ ਪੈਸੇ ਦੀ ਸਰਕੂਲੇਸ਼ਨ ਵਾਲੀ ਅਹਿਮੀਅਤ ਦਾ ਪਤਾ ਸੀ। ਜਿਸਦੇ ਕੋਲ ਹੈ ਉਸ ਕੋਲੋਂ ਉਸਦੀ ਖੁਸ਼ੀ ਨਾਲ ਕਢਾਉਣ ਅਤੇ ਲੋੜਵੰਦ ਨੂੰ ਅਚਾਨਕ ਬੋਹੜੇ ਰੱਬ ਵਾਂਗ ਦੇ ਦੇਣਾ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੋ ਸਕਦੀ। ਹੁਣ ਪੰਜਾਬੀ ਭਵਨ ਵੀ ਉਦਾਸ ਹੈ ਅਤੇ ਗੁਰਦੇਵ ਨਗਰ ਵਾਲਾ "ਆਲ੍ਹਣਾ" ਵੀ। ਉਦਾਸੀ ਦੇ ਇਸ ਮਾਹੌਲ ਵਿੱਚ ਇੱਕ ਸਮਾਗਮ ਦਾ ਐਲਾਨ ਤਾਜ਼ੀ ਹਵਾ ਦੇ ਬੁਲ੍ਹੇ ਵਾਂਗ ਆਇਆ ਹੈ। 

ਮਾਲਵਾ ਸੱਭਿਆਚਾਰਕ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਾਬਕਾ ਵਿਧਾਇਕ ਸ. ਜਗਦੇਵ ਸਿੰਘ ਜੱਸੋਵਾਲ ਦੇ 82ਵੇਂ ਜਨਮ ਦਿਨ ਤੇ ਸ਼ਰਧਾਂਜਲੀ ਸਮਾਗਮ ਕਰਾਇਆ ਜਾ ਰਿਹਾ ਹੈ। 'ਯਾਦਾਂ ਜੱਸੋਵਾਲ ਦੀਆਂ' 30 ਅਪਰੈਲ ਦਿਨ ਐਤਵਾਰ ਨੂੰ ਸ਼ਾਮੀ 4 ਵਜੇ ਸਥਾਨਕ ਪੰਜਾਬੀ ਭਵਨ ਵਿੱਚ ਮਨਾਇਆ ਜਾ ਰਿਹਾ ਹੈ। ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਵਿੱਚ ਹੋ ਰਹੇ ਇਸ ਸਮਾਗਮ ਵਿੱਚ ਜੱਸੋਵਾਲ ਦੇ ਸਾਥੀਆਂ-ਸੰਗੀਆਂ ਵੱਲੋਂ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਜਾਣਗੀਆਂ। ਸ਼੍ਰੀ ਬਾਵਾ ਨੇ ਦਸਿਆ ਕਿ ਸਮਾਗਮ ਦੇ ਕਨਵੀਨਰ ਹਰਦਿਆਲ ਸਿੰਘ ਅਮਨ ਹੋਣਗੇ ਜਦੋਂ ਕਿ ਉਘੇ ਰੰਗਕਰਮੀ ਡਾ ਨਿਰਮਲ ਜੌੜਾ, ਲੋਕ ਗਾਇਕ ਰਵਿੰਦਰ ਗਰੇਵਾਲ ਅਤੇ ਵੀਡੀਓ ਨਿਰਦੇਸ਼ਕ ਰਵਿੰਦਰ ਰੰਗੂਵਾਲ ਸਮਾਗਮ ਦੀ ਰੂਪ ਰੇਖਾ ਤਿਆਰ ਕਰਣਗੇ ਤਾਂ ਜੋ ਇਸ ਸਮਾਗਮ ਨੂੰ ਵਿਲੱਖਣ ਰੰਗ ਨਾਲ ਪੇਸ਼ ਕੀਤਾ ਜਾ ਸਕੇ। ਸ਼੍ਰੀ ਬਾਵਾ ਨੇ ਦੱਸਿਆ ਕਿ ਇਸ ਮੌਕੇ ਪੰਜਾਬੀ ਗਾਇਕੀ ਅਤੇ ਸਮਾਜ ਸੇਵਾ ਖੇਤਰ ਦੀਆਂ ਸ਼ਖਸ਼ੀਅਤਾਂ ਨੂੰ ਜੱਸੋਵਾਲ ਪੁਰਸਕਾਰ ਨਾਲ ਨਵਾਜਿਆ ਜਾਵੇਗਾ।

ਸਮਾਗਮ ਦੇ ਕਨਵੀਨਰ ਸ. ਹਰਦਿਆਲ ਸਿੰਘ ਅਮਨ ਨੇ ਦਸਿਆ ਕਿ ਪੰਜਾਬ ਦੀ ਧਰਤੀ ਤੇ ਪੰਜਾਬੀ ਸਭਿਆਚਾਰਕ ਮੇਲਿਆਂ ਦੇ ਬਾਨੀ ਸ. ਜੱਸੋਵਾਲ ਦਾ ਸਾਹਿਤਕ, ਸਭਿਆਚਾਰਕ , ਸਮਾਜਕ ਅਤੇ ਦੋਸਤੀ ਦਾ ਦਾਇਰਾ ਬਹੁਤ ਵਿਸ਼ਾਲ ਰਿਹਾ ਹੈ ਅਤੇ ਆਪਣੇ ਬੇਪਰਵਾਹ ਵਰਤਾਰੇ ਕਰਕੇ ਜੱਸੋਵਾਲ ਅੱਜ ਵੀ ਸਾਡੇ ਮਨਾਂ ਵਿੱਚ ਵਸੇ ਹੋਏ ਹਨ। ਸ. ਅਮਨ ਨੇ ਕਿਹਾ ਕਿ ਇਹ ਸਮਾਗਮ ਕਰਵਾਉਣ ਦਾ ਮਕਸਦ ਸ. ਜੱਸੋਵਾਲ ਦੀਆਂ ਯਾਦਾਂ ਨੂੰ ਜਿਉਂਦਾ ਜਾਗਦਾ ਰੱਖਣਾ ਹੈ। ਸ. ਅਮਨ ਨੇ ਕਿਹਾ ਕਿ ਜੱਸੋਵਾਲ ਦੇ ਜੀਵਨ ਵਾਂਗ ਸਮਾਗਮ ਵਿੱਚ ਵੀ ਵੱਖਰੇ ਵੱਖਰੇ ਰੰਗ ਭਰੇ ਜਾਣਗੇ ਜਿਸ ਲਈ ਸਮੂਹ ਕਲਾਕਾਰਾਂ , ਕਲਾ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਦਿੱਤਾ ਗਿਆ ਹੈ। ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕੂਨਰ ਸਾਹਿਬ, ਜਰਨੈਲ ਸਿੰਘ ਤੂਰ ਵਿਸ਼ੇਸ ਤੌਰ ਤੇ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਇਸ ਸਮਾਗਮ ਦੌਰਾਨ ਜੱਸੋਵਾਲ ਸਾਹਿਬ ਦੀਆਂ ਯਾਦਾਂ ਦਾ ਜ਼ਿਕਰ ਕਿੰਨੇ ਕੁ ਲੋਕਾਂ ਨੂੰ ਉਸ ਰੰਗ ਵਿੱਚ ਰੰਗਦਾ ਹੈ ਜਿਸ ਨਾਲ ਉਹ ਅਜਿਹਾ ਬਣਨ ਦੀ ਕੋਸ਼ਿਸ਼ ਤਾਂ ਕਰ ਸਕਣ। 
ਤਸਵੀਰ : ਸਮਾਗਮ ਸਬੰਧੀ ਮੀਟਿੰਗ ਦੌਰਾਨ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ , ਰਾਜੀਵ ਲਵਲੀ , ਹਰਦਿਆਲ ਸਿੰਘ ਅਮਨ , ਰਵਿੰਦਰ ਰੰਗੂਵਾਲ ਅਤੇ ਮੰਚ ਦੇ ਮੈਂਬਰ ਸਾਹਿਬਾਨ।

No comments: