Tuesday, April 18, 2017

ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਇਛੁੱਕ ਨੌਜਵਾਨਾਂ ਦੀ ਗਿਣਤੀ 30 ਫੀਸਦੀ ਵਧੀ

Date: 2017-04-18 17:15 GMT+05:30
ਲੁਧਿਆਣਾ ਵਿਖੇ ਚਾਰ ਜ਼ਿਲ੍ਹਿਆਂ ਦੀ ਭਰਤੀ ਰੈਲੀ ਸ਼ੁਰੂ
ਪਹਿਲੇ ਦਿਨ 1871 ਉਮੀਦਵਾਰਾਂ ਨੇ ਲਿਆ ਭਰਤੀ ਪ੍ਰਕਿਰਿਆ ਵਿੱਚ ਹਿੱਸਾ
ਨੌਜਵਾਨ, ਏਜੰਟਾਂ ਅਤੇ ਠੱਗਾਂ ਦੇ ਬਹਿਕਾਵੇ ਵਿੱਚ ਨਾ ਆਉਣ-ਬ੍ਰਿਗੇਡੀਅਰ ਸਮਿਆਲ
ਲੁਧਿਆਣਾ: 18 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::
ਸਥਾਨਕ ਢੋਲੇਵਾਲ ਮਿਲਟਰੀ ਕੈਂਪ ਵਿਖੇ ਅੱਜ ਚਾਰ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਕਰਨ ਲਈ ਭਰਤੀ ਰੈਲੀ ਸ਼ੁਰੂੁ ਹੋਈ, ਜੋ ਕਿ 26 ਅਪ੍ਰੈੱਲ, 2017 ਤੱਕ ਚੱਲੇਗੀ। ਇਸ ਰੈਲੀ ਵਿੱਚ ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ੍ਹ (ਮੋਹਾਲੀ) ਦੇ ਨੌਜਵਾਨ ਹਿੱਸਾ ਲੈ ਰਹੇ ਹਨ। 
ਰੈਲੀ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਬ੍ਰਿਗੇਡੀਅਰ ਜੇ. ਐੱਸ. ਸਮਿਆਲ, ਡਿਪਟੀ ਡਾਇਰੈਕਟਰ ਜਨਰਲ ਰਿਕਰੂਟਿੰਗ (ਪੰਜਾਬ ਅਤੇ ਜੰਮੂ ਕਸ਼ਮੀਰ) ਸ਼ਾਮਿਲ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਚਾਰ ਜ਼ਿਲ੍ਹਿਆਂ ਤੋਂ 20295 ਨੌਜਵਾਨਾਂ ਨੇ ਆਨਲਾਈਨ ਅਪਲਾਈ ਕੀਤਾ ਸੀ, ਜੋ ਇਹ ਗਿਣਤੀ ਪਿਛਲੇ ਸਾਲ ਨਾਲੋਂ 30 ਫੀਸਦੀ ਜਿਆਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਪਹਿਲੇ ਦਿਨ ਲਈ ਰਜਿਸਟਰਡ 2658 ਉਮੀਦਵਾਰਾਂ ਵਿੱਚੋਂ 1871 ਨੌਜਵਾਨਾਂ ਨੇ ਹਿੱਸਾ ਲਿਆ। 
ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਸਰੀਰਕ ਸਮਰੱਥਾ ਪ੍ਰੀਖਿਆ ਵਿੱਚ ਪਾਸ ਹੋ ਰਹੇ ਹਨ, ਉਨ੍ਹਾਂ ਦੇ ਸਰੀਰ ਦੀ ਮਿਣਤੀ ਅਤੇ ਮੈਡੀਕਲ ਜਾਂਚ ਕਰਨ ਉਪਰੰਤ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ। ਸ਼ੱਕੀ ਉਮੀਦਵਾਰਾਂ ਦੇ ਮਾਹਿਰ ਡਾਕਟਰਾਂ ਵੱਲੋਂ ਡੋਪ ਟੈਸਟ ਵੀ ਕੀਤੇ ਜਾ ਰਹੇ ਹਨ। ਇਸ ਪੂਰੀ ਪ੍ਰਕਿਰਿਆ ਦੌਰਾਨ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਦੀ 28 ਮਈ, 2017 ਨੂੰ ਲਿਖ਼ਤੀ ਪ੍ਰੀਖਿਆ ਲਈ ਜਾਵੇਗੀ। ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਫੌਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਸਿਖ਼ਲਾਈ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਜਾਵੇਗਾ। 
ਸ੍ਰੀ ਸਮਿਆਲ ਨੇ ਕਿਹਾ ਕਿ ਇਹ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਕੰਪਿੳੂਟਰਾਈਜ਼ਡ ਅਤੇ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ। ਜਿਸ ਦੀ ਨਿਗਰਾਨੀ ਫੌਜ ਦੇ ਅਲੱਗ-ਅਲੱਗ ਬੋਰਡਾਂ ਦੇ ਸੀਨੀਅਰ ਅਫ਼ਸਰਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਰਤੀ ਸੰਬੰਧੀ ਧੋਖੇਬਾਜ਼ ਏਜੰਟਾਂ ਅਤੇ ਠੱਗਾਂ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ਭਾਰਤੀ ਫੌਜ ਦਾ ਹਿੱਸਾ ਬਣਨ ਲਈ ਪੂਰੇ ਦਿਲੋ ਜਾਨ ਨਾਲ ਕੋਸ਼ਿਸ਼ ਕਰਨ।
ਉਨ੍ਹਾਂ ਸਥਾਨਕ ਮਿਲਟਰੀ ਸਟੇਸ਼ਨ ਦੇ ਅਮਲੇ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਕਮਿਸ਼ਨਰ ਨਗਰ ਨਿਗਮ, ਬਿਜਲੀ ਵਿਭਾਗ, ਸਿਹਤ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਡਾਇਰੈਕਟਰ ਰਿਕਰੂਟਿੰਗ ਕਰਨਲ ਕਮਲ ਕਿਸ਼ੋਰ ਅਤੇ ਭਾਰਤੀ ਫੌਜ ਦੇ ਹੋਰ ਸੀਨੀਅਰ ਅਫ਼ਸਰ ਵੀ ਹਾਜ਼ਰ ਸਨ। 

No comments: