Thursday, April 20, 2017

1 ਮਈ ਤੋਂ ਬਾਅਦ ਦੇਸ਼ ਵਿੱਚ ਕਿਤੇ ਵੀ ਨਹੀਂ ਨਜ਼ਰ ਆਵੇਗੀ ਲਾਲ ਬੱਤੀ ਵਾਲੀ ਗੱਡੀ

ਮੋਟਰ ਵਹੀਕਲ ਨਿਯਮਾਂ 'ਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ 
ਨਵੀਂ ਦਿੱਲੀ: 19 ਅਪ੍ਰੈਲ 2017:  (ਪੰਜਾਬ ਸਕਰੀਨ ਬਿਊਰੋ)::
ਆਪਣੇ ਆਪ ਨੂੰ ਖਾਸ ਸਮਝ  ਦੂਜਿਆਂ ਨੂੰ ਟਿੱਚ ਸਮਝਣ ਵਾਲੇ ਵੀ ਆਈ ਪੀ ਕਲਚਰ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਨਵੀਂ ਵਿਵਸਥਾ ਮੁਤਾਬਿਲ ਹੁਣ ਦੇਸ਼ ਭਰ 'ਚ ਕਿਸੇ ਵੀ ਕੇਂਦਰੀ ਮੰਤਰੀ ਦੀ ਗੱਡੀ 'ਤੇ ਲਾਲ ਬੱਤੀ ਨਜ਼ਰ ਨਹੀਂ ਆਵੇਗੀ। ਇਥੋਂ ਤੱਕ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਵੀ ਆਈ ਪੀ ਗੱਡੀ 'ਤੇ ਵੀ ਲਾਲ ਬੱਤੀ ਨਹੀਂ ਦਿਸੇਗੀ। ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ ਕਈ ਆਸਾਂ ਉਮੀਦਾਂ ਦੋਬਾਰਾ ਜਾਗੀਆਂ ਹਨ। ਕੈਪਟਨ ਅਮਰਿੰਦਰ ਸਿੰਘ ਹੁਰਾਂ ਵੱਲੋਂ ਕੀਤੀ ਪਹਿਲ ਨੇ ਇੱਕ ਇਤਿਹਾਸ ਰਵਹਿਆ ਅਤੇ ਦੇਸ਼ ਨੇ ਉਸ ਅਪਣਾਇਆ। ਇਹ ਇੱਕ ਚੰਗਾ ਸ਼ਗਨ ਹੈ। ਸਿਰਫ ਲਾਲ ਬੱਤੀ ਲਈ  ਸਿਆਸਤ ਵਿੱਚ ਆਉਣ ਵਾਲਿਆਂ ਨੂੰ ਜ਼ਰੂਰ ਇਸ ਨਾਲ ਨਿਰਾਸ਼ਾ ਹੋਏਗੀ। 
ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਹੈ ਕਿ ਮੋਟਰ ਵਹੀਕਲ ਨਿਯਮਾਂ 'ਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਇਹਨਾਂ 'ਚ ਕੁਲ 108 ਨਿਯਮ ਹਨ, ਜਿਨ੍ਹਾ 'ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਕੇਂਦਰ ਜਾਂ ਸੂਬਾ ਸਰਕਾਰ 'ਚ ਹੁਣ ਇੱਕ ਮਈ ਤੋਂ ਬਾਅਦ ਕੋਈ ਮੰਤਰੀ ਜਾਂ ਰਾਜ ਮੰਤਰੀ ਲਾਲ ਬੱਤੀ ਲਗਾ ਕੇ ਘੁੰਮਦਾ ਨਜ਼ਰ ਨਹੀਂ ਆਵੇਗਾ। ਹਕੀਕਤ ਵਿੱਚ ਲਾਲ ਬੱਤੀ ਲੋਕਾਂ ਨਾਲ ਸਰਕਾਰ ਦੀ ਦੂਰੀ ਵਧ ਰਹੀ ਸੀ। ਹੁਣ ਇਹ ਦੂਰੀ ਘਟ ਸਕੇਗੀ। ਇਸਨੂੰ ਦੇਸ਼ ਭਰ ਵਿੱਚ ਲਾਗੂ ਕਰਨ ਲਈ ਪਹਿਲੀ ਮਈ ਦਾ ਦਿਨ ਚੁਣਿਆ ਗਿਆ ਇਹ ਹੋਰ ਵੀ ਚੰਗੀ ਗੱਲ ਹੈ। 
ਜੇਤਲੀ ਨੇ ਦੱਸਿਆ ਹੈ ਕਿ ਇਹ ਫ਼ੈਸਲਾ ਸਰਕਾਰ ਨੇ ਲਿਆ ਹੈ, ਜਿਸ ਬਾਰੇ ਕੈਬਨਿਟ ਨੂੰ ਦੱਸ ਦਿੱਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਹ ਫ਼ੈਸਲਾ ਪਹਿਲੀ ਮਈ ਤੋਂ ਪੂਰੇ ਦੇਸ਼ 'ਚ ਲਾਗੂ ਹੋ ਜਾਵੇਗਾ। ਜੇਤਲੀ ਨੇ ਬਦਲਾਅ ਬਾਰੇ ਇਹ ਵੀ ਦੱਸਿਆ ਹੈ ਕਿ ਨੀਲੀ ਬੱਤੀ ਦੇ ਨਿਯਮਾਂ 'ਚ ਸੋਧ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਪਹਿਲਾਂ ਇਹ ਅਧਿਕਾਰ ਸੂਬਿਆਂ ਕੋਲ ਹੁੰਦਾ ਸੀ ਕਿ ਕੌਣ ਇਸ ਦੀ ਵਰਤੋਂ ਕਰੇਗਾ, ਪਰ ਨਵੇਂ ਨਿਯਮਾਂ ਤੋਂ ਬਾਅਦ ਹੁਣ ਸਿਰਫ਼ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਪੁਲਸ ਹੀ ਨੀਲੀ ਬੱਤੀ ਦੀ ਵਰਤੋਂ ਕਰ ਸਕੇਗੀ। ਸੱਤਾ ਅਤੇ ਲੋਕਾਂ ਦੀ ਨੇੜਤਾ ਮਜ਼ਬੂਤ ਕਰਨ ਲਈ ਇਹ ਇੱਕ ਚੰਗਾ ਕਦਮ ਹੋਏਗਾ। 
ਇਸ ਸਬੰਧੀ ਬਣੇ ਨਵੇਂ ਨਿਯਮਾਂ 'ਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਲੋਕ ਸਭਾ ਸਪੀਕਰ ਅਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਲਾਲ ਬੱਤੀ ਦੀ ਛੋਟ ਦਿੱਤੀ ਗਈ ਹੈ। ਕੈਬਨਿਟ ਦੇ ਫ਼ੈਸਲੇ ਦੇ ਤੁਰੰਤ ਬਾਅਦ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਆਪਣੀ ਗੱਡੀ ਤੋਂ ਲਾਲ ਬੱਤੀ ਲਾਹ ਦਿੱਤੀ। ਉਮੀਦ ਹੈ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਖੁਦ ਨੂੰ ਵੀ ਵੀ ਆਈ ਪੀ ਸਮਝਣ ਵਾਲੇ ਹੁੰਦਾ ਹੀ ਲਾਲ ਬੱਤੀ ਹਟਾ ਦੇਣਗੇ।  

No comments: