Sunday, March 12, 2017

"ਪੰਜਾਬ 'ਤੇ ਥੋਪੀ ਗਈ SYL ਨਹਿਰ ਦੇ ਅਧਾਰ ਨੂੰ ਹੀ ਖਤਮ ਕਰਨ ਦਾ ਦਾਅਵਾ"

ਬਾਦਲ ਸਰਕਾਰ ਨੇ ਅਸਤੀਫੇ ਤੋਂ ਪਹਿਲਾਂ ਗਿਣਵਾਈਆਂ "ਪ੍ਰਾਪਤੀਆਂ"
ਚੰਡੀਗੜ੍ਹ: 12 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ਼੍ਰੀ ਬਾਦਲ ਨੇ ਆਪਣਾ ਅਸਤੀਫਾ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸੀਨੀਅਰ ਲੀਡਰਸ਼ਿਪ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਸੀ। ਮੀਟਿੰਗ 'ਚ ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਤੋਤਾ ਸਿੰਘ, ਐੱਨ. ਕੇ. ਸ਼ਰਮਾ, ਸੋਹਣ ਸਿੰਘ ਠੰਡਲ, ਮਦਨ ਮੋਹਨ ਮਿੱਤਲ, ਸੁਰਜੀਤ ਕੁਮਾਰ ਜਿਆਣੀ ਤੇ ਗੁਲਜਾਰ ਸਿੰਘ ਰਣੀਕੇ ਮੌਜੂਦ ਰਹੇ।ਬੈਠਕ ਤੋਂ ਬਾਅਦ ਬਾਦਲ ਪੰਜਾਬ ਦੇ ਰਾਜ ਭਵਨ ਵੱਲ ਰਵਾਨਾ ਹੋਏ ਅਤੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਬਾਦਲ ਕੈਬਨਿਟ ਨੇ ਇੱਕ ਮੀਟਿੰਗ ਕਰਕੇ ਪਿਛਲੇ ਦਸ ਸਾਲਾਂ ਦੌਰਾਨ ਸੂਬੇ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਰਬਪੱਖੀ ਵਿਕਾਸ ਲਈ ਦਿੱਤੇ ਗਏ ਭਰਪੂਰ ਸਹਿਯੋਗ ਅਤੇ ਮਿਲਵਰਤਣ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਮੰਤਰੀ ਮੰਡਲ ਵੱਲੋਂ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਕਿ ''ਇਸ ਅਰਸੇ ਨੇ ਜਿੱਥੇ ਪੰਜਾਬ ਨੂੰ ਲੰਬੇ ਬਿਜਲੀ ਕੱਟਾਂ ਵਾਲੇ ਹਨੇਰੇ ਵਿੱਚੋਂ ਕੱਢ ਕੇ ਪਾਵਰ ਸਰਪਲੱਸ ਸੂਬਾ ਹੋਣ ਤੱਕ ਅਤੇ ਚਿਰਾਂ ਤੋਂ ਰੁਲ ਰਹੇ ਬੁਨਿਆਦੀ ਢਾਂਚੇ ਨੂੰ ਨਵੀਆਂ ਆਧੁਨਿਕ ਅਤੇ ਵਿਸ਼ਵ ਪੱਧਰੀ ਲੀਹਾਂ ਉੱਤੇ ਪਹੁੰਚਣ ਦਾ ਮਾਣ ਹਾਸਲ ਕਰਦੇ ਹੋਏ ਵੇਖਿਆ, ਉਥੇ ਸੂਬੇ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੈ ਕੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਰਾਸਤੀ ਸੁੰਦਰੀਕਰਨ ਤੱਕ ਹਰ ਪਹਿਲੂ ਵਿੱਚ ਬੇਮਿਸਾਲ ਮੱਲਾਂ ਮਾਰੀਆਂ ਗਈਆਂ।'' 
ਕਿਸਾਨਾਂ, ਦਲਿਤ ਅਤੇ ਗਰੀਬ ਵਰਗ ਨੂੰ ਮੁਫਤ ਬਿਜਲੀ ਦੀ ਸਹੂਲਤ, ਗਰੀਬ ਵਰਗ ਵਾਸਤੇ ਆਟਾ-ਦਾਲ ਸਕੀਮ, ਵਿਦਿਆਰਥੀਆਂ ਲਈ ਉਤਸ਼ਾਹ ਦੇਣ ਵਾਲੀਆਂ ਵਜ਼ੀਫਾ ਸਕੀਮਾਂ, ਮਰੀਜ਼ਾਂ ਨੂੰ ਮੁਫਤ ਇਲਾਜ ਅਤੇ ਕੈਂਸਰ ਪੀੜਤਾਂ ਨੂੰ ਵੱਡੀ ਮਾਇਕ ਰਾਹਤ, ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਤੋਂ ਇਲਾਵਾ ਸੂਬੇ ਵਿੱਚ ਵਿੱਦਿਆ ਅਤੇ ਸਿਹਤ ਖੇਤਰ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਇਨ੍ਹਾਂ ਖੇਤਰਾਂ ਵਿੱਚ ਵਿਸ਼ਵ ਪੱਧਰ ਦੇ ਅਜਿਹੇ ਅਤਿ-ਆਧੁਨਿਕ ਸਹੂਲਤਾਂ ਵਾਲੇ ਅਦਾਰਿਆਂ ਤੱਕ ਪੰਜਾਬ ਅੱਜ ਹਰ ਪਹਿਲੂ ਵਿੱਚ ਸਰਬਪੱਖੀ ਵਿਕਾਸ ਦੇ ਤੇਜ਼ੀ ਨਾਲ ਹੋਈ ਤਰੱਕੀ ਦੀ ਮੂੰਹ ਬੋਲਦੀ ਤਸਵੀਰ ਬਣ ਚੁੱਕਿਆ ਹੈ।
ਕਿਸਾਨੀ ਅਤੇ ਗਰੀਬ ਵਰਗ ਲਈ ਅਜਿਹੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਮਿਸਾਲ ਦੇਸ਼ ਵਿੱਚ ਕਿਤੇ ਵੀ ਹੋਰ ਨਹੀਂ ਮਿਲਦੀ। ਇਸ ਸਮੇਂ ਦੌਰਾਨ ਸੂਬੇ ਅਤੇ ਕੇਂਦਰ ਦਰਮਿਆਨ ਸੰਬੰਧਾਂ ਵਿੱਚ ਇਕ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਪੰਜਾਬ ਨੂੰ ਕੇਂਦਰ ਤੋਂ ਵੱਡੀਆਂ ਰਾਹਤਾਂ ਪ੍ਰਾਪਤ ਹੋਈਆਂ। ਇਨ੍ਹਾਂ 10 ਸਾਲਾਂ ਦੌਰਾਨ ਪੰਜਾਬੀਆਂ ਦੀ ਨੁਮਾਇੰਦਗੀ ਕਰਦਿਆਂ ਸੂਬੇ ਦੇ ਅਹਿਮ ਹਿੱਤਾਂ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਗਿਆ। ਵੱਡੇ ਤੋਂ ਵੱਡੇ ਦਬਾਅ ਦੇ ਬਾਵਜੂਦ ਪੰਜਾਬ ਦੇ ਪਾਣੀਆਂ ਦੇ ਇਕ ਤੁਪਕੇ 'ਤੇ ਵੀ ਡਾਕਾ ਨਹੀਂ ਵੱਜਣ ਦਿੱਤਾ ਗਿਆ, ਬਲਕਿ ਇਸ ਦੇ ਉਲਟ ਪੰਜਾਬ 'ਤੇ ਥੋਪੀ ਗਈ ਐੱਸ.ਵਾਈ.ਐੱਲ. ਨਹਿਰ ਦਾ ਅਧਾਰ ਹੀ ਖਤਮ ਕਰ ਦਿੱਤਾ ਗਿਆ ਅਤੇ ਇਸ ਲਈ ਸਰਕਾਰ ਵੱਲੋਂ ਲਈ ਗਈ ਜ਼ਮੀਨ ਉਸ ਦੇ ਅਸਲੀ ਮਾਲਕ ਕਿਸਾਨਾਂ ਨੂੰ ਵਾਪਸ ਕਰਕੇ ਇਸ ਨਹਿਰ ਦੀ ਭਵਿੱਖ ਵਿੱਚ ਉਸਾਰੀ ਦੀ ਸੰਭਾਵਨਾ ਨੂੰ ਸਦਾ ਲਈ ਖਤਮ ਕਰ ਦਿੱਤਾ। ਪੇਂਡੂ ਅਤੇ ਸ਼ਹਿਰੀ ਵਰਗਾਂ ਦੇ ਵਿਕਾਸ ਅਤੇ ਭਲਾਈ ਲਈ ਅਜਿਹੇ ਵੱਡੇ ਹੰਭਲੇ ਮਾਰੇ ਗਏ ਅਤੇ ਅਜਿਹੀਆਂ ਰਾਹਤ ਸਕੀਮਾਂ ਲਾਗੂ ਕੀਤੀਆਂ ਗਈਆਂ ਜਿਨ੍ਹਾਂ ਦੀ ਮਿਸਾਲ ਪੰਜਾਬ ਵਿੱਚ ਤਾਂ ਕੀ ਦੇਸ਼ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ। ਸੂਬੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਉਕਸਾ ਕੇ ਸੂਬੇ ਦੇ ਅਮਨ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਲਾਂਬੂ ਲਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਨਾਲ ਸਰਕਾਰ ਨੇ ਦ੍ਰਿੜ੍ਹਤਾ ਨਾਲ ਨਜਿੱਠਿਆ। ਅਮਨ ਅਤੇ ਭਾਈਚਾਰਕ ਸਾਂਝ ਨੂੰ ਕਤੱਈ ਆਂਚ ਨਹੀਂ ਆਉਣ ਦਿੱਤੀ। ਦੇਸ਼ ਤੋਂ ਬਾਹਰੋਂ ਪੰਜਾਬ ਦੇ ਅਮਨ ਨੂੰ ਦਿੱਤੀਆਂ ਗਈਆਂ ਚੁਣੌਤੀਆਂ ਨੂੰ ਵੀ ਸਖਤੀ ਨਾਲ ਫੇਲ੍ਹ ਕੀਤਾ ਗਿਆ।
ਮੀਟਿੰਗ 'ਚ 10 ਸਾਲ ਦੌਰਾਨ ਸੂਬੇ ਦੇ ਪੁਲਸ ਅਤੇ ਸਿਵਲ ਪ੍ਰਸ਼ਾਸਨਿਕ ਢਾਂਚੇ, ਸਮੂਹ ਸਰਕਾਰੀ, ਨੀਮ ਸਰਕਾਰੀ ਅਤੇ ਹੋਰ ਸਭ ਅਦਾਰਿਆਂ ਅਤੇ ਜਥੇਬੰਦੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਮੀਟਿੰਗ 'ਚ ਸੂਬੇ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਡਟ ਕੇ ਪਹਿਰਾ ਦੇਣ ਵਾਸਤੇ ਨਵੀਂ ਸਰਕਾਰ ਨੂੰ ਪੂਰਨ ਸਹਿਯੋਗ ਤੇ ਮਿਲਵਰਤਣ ਦਾ ਵਿਸ਼ਵਾਸ ਦਿਵਾਇਆ ਗਿਆ।

No comments: