Wednesday, March 08, 2017

ਕੌਮਾਂਤਰੀ ਮਹਿਲਾ ਦਿਵਸ ਮੌਕੇ ਉੱਠ ਸਕਦੇ ਹਨ ਕਈ ਮਹਿਲਾ ਮੁੱਦੇ

ਕਈ ਸੰਗਠਨ ਇਸ ਮਕਸਦ ਲਈ ਕਰ ਸਕਦੇ ਹਨ ਆਪਣੀ ਆਵਾਜ਼ ਬੁਲੰਦ  
ਲੁਧਿਆਣਾ: 7 ਮਾਰਚ 2017; (ਪੰਜਾਬ ਸਕਰੀਨ ਬਿਊਰੋ);:
ਇਸ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਾਰੀ ਨੂੰ ਦਰਪੇਸ਼ ਚੁਣੌਤੀਆਂ ਦਾ ਮਾਮਲਾ ਗੰਭੀਰ ਹੋ ਕੇ ਸਾਹਮਣੇ ਆਇਆ ਹੈ। ਕਤਲਾਂ, ਛੇੜਖਾਨੀਆਂ, ਐਸਿਡ ਹਮਲਿਆਂ ਅਤੇ ਬਲਾਤਕਾਰਾਂ ਦੇ ਮਾਮਲੇ ਉਦਾਸ, ਚਿੰਤਾਜਨਕ ਅਤੇ ਸ਼ਰਮਨਾਕ ਖਬਰਾਂ ਬਣ ਕੇ ਮੀਡੀਆ ਵਿੱਚ ਸਾਹਮਣੇ ਆਏ।   
ਇਹਨਾਂ ਵਿੱਚੋਂ ਇੱਕ ਮਾਮਲਾ ਹੈ ਮਾਤਾ ਚੰਦ ਕੌਰ ਹੁਰਾਂ ਦਾ ਜਿਹਨਾਂ ਦੇ ਕਤਲ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਪਰ ਅਜੇ ਤਕ ਕਾਤਲ ਨਹੀਂ ਫੜੇ ਜਾ ਸਕੇ। ਇਹ ਸਭ ਕੁਝ ਉਸ ਮਹਿਲਾ ਸ਼ਖ਼ਸੀਅਤ ਨਾਲ ਹੋਇਆ ਜਿਸ ਦਾ ਸਬੰਧ ਮਹਿਲਾ ਅਧਿਕਾਰਾਂ ਲਈ ਮਿਸਾਲ ਬਣੇ ਨਾਮਧਾਰੀ ਸੰਪਰਦਾ ਨਾਲ ਹੈ। ਜੋ ਕੁਝ ਸਤਿਗੁਰੂ ਰਾਮ ਸਿੰਘ ਜੀ ਨੇ ਨਾਰੀ ਵਰਗ ਲਈ ਕੀਤਾ ਉਹ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਪਰ ਮੌਜੂਦਾ ਸਥਿਤੀ ਬਿਲਕੁਲ ਉਲਟ ਹੁੰਦੀ ਜਾਪਦੀ ਹੈ। 
ਇਹੀ ਹਾਲਤ ਸਮਾਜ ਦੇ ਬਾਕੀ ਵਰਗਾਂ ਵਿੱਚ ਹੈ। ਲੁਟੇਰੇ ਘਰਾਂ ਵਿੱਚ ਦਾਖਲ ਹੋ ਕੇ ਵੀ ਔਰਤਾਂ ਨੂੰ  ਕਤਲ ਕਰ ਰਹੇ ਹਨ ਅਤੇ ਘਰਾਂ ਤੋਂ ਬਾਹਰ ਬੁਲਾ ਕੇ ਵੀ। ਪੁਰਸ਼ ਇੱਕ ਤੋਂ ਵੱਧ ਵਿਆਹ ਕਰਕੇ ਔਰਤਾਂ ਨੂੰ ਧੋਖੇ ਦੇ ਰਹੇ ਹਨ ਅਤੇ ਔਰਤਾਂ ਥਾਣਿਆਂ ਅਤੇ ਕਚਿਹਰੀਆਂ ਦੇ ਚੱਕਰ ਕੱਟਣ ਵਿੱਚ ਲੱਗਿਆਂ ਹੋਈਆਂ ਹਨ। ਗਲੀਆਂ ਬਾਜ਼ਾਰਾਂ ਵਿੱਚ ਐਸਿਡ ਅਟੈਕ ਕੀਤੇ ਜਾ ਰਹੇ ਹਨ।  ਮਾਤਾ ਪਿਤਾ ਖੁਦ ਆਪਣੀਆਂ ਧੀਆਂ ਨੂੰ ਚਰਿੱਤਰਹੀਣ ਆਖ ਕੇ ਨਹਿਰਾਂ ਵਿੱਚ ਧੱਕੇ ਦੇ ਰਹੇ ਹਨ। ਸਕੂਲਾਂ ਕਾਲਜਾਂ ਦੀਆਂ ਅਸਮਾਨ ਛੂਹ ਰਹੀਆਂ ਫੀਸਾਂ ਨੇ ਬਹੁਤ ਸਾਰੀਆਂ ਕੁੜੀਆਂ ਨੂੰ ਪੜ੍ਹਾਈ ਲਿਖਾਈ ਛੱਡ ਕੇ ਖੁਦਕੁਸ਼ੀ ਬਾਰੇ ਸੋਚਣ ਲਾਇਆ ਹੋਇਆ ਹੈ। ਅਜਿਹੇ ਸਾਰੇ ਮਾਮਲਿਆਂ ਦੀ ਚਰਚਾ ਕਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਵੱਖ ਰਹਾਵਾਂ ਉੱਤੇ ਵੱਖ ਜੱਥੇਬੰਦੀਆਂ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ।  ਬੇਲਣ ਬ੍ਰਿਗੇਡ, ਪੰਜਾਬ ਇਸਤਰੀ ਸਭਾ, ਟਰੇਡ ਯੂਨੀਅਨ ਇੰਟਕ ਅਤੇ ਹੋਰ ਬਹੁਤ ਸਾਰੇ ਸੰਗਠਨ ਇਸ ਮਕਸਦ ਲਈ ਤਿਆਰ ਹਨ। 
ਕੱਲ੍ਹ 8 ਮਾਰਚ ਨੂੰ ਕਿਹੜਾ ਕਿਹੜਾ ਸੰਗਠਨ ਕਿੰਨੇ ਕੁ ਅਸਰ ਅੰਦਾਜ਼ ਢੰਗ ਨਾਲ ਮਹਿਲਾ ਮੁੱਦਿਆਂ ਨੂੰ ਉਠਾਉਂਦਾ ਹੈ ਇਸਦਾ ਪੂਰਾ ਅਤੇ ਸਹੀ ਪਤਾ ਕੱਲ੍ਹ ਹੀ ਲੱਗ ਸਕੇਗਾ। 

No comments: