Saturday, March 25, 2017

ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਭਲਕੇ

Sat, Mar 25, 2017 at 4:44 PM
ਮਹਾਨ ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਯਾਦ ਵਿੱਚ
ਲੁਧਿਆਣਾ: 25 ਮਾਰਚ 2017: (*ਲਖਵਿੰਦਰ//ਪੰਜਾਬ ਸਕਰੀਨ)::
23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਦੀ 86ਵੀਂ ਵਰ੍ਹੇਗੰਢ ਸੀ। ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਇਸਤਰ ਮਜ਼ਦੂਰ ਸੰਗਠਨ, ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪਿਛਲੇ ਦਸ ਦਿਨਾਂ ਤੋਂ ਲੁਧਿਆਣੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਜਾਰੀ ਇੱਕ ਪਰਚੇ ਦੀ ਵਿਆਪਕ ਵੰਡ ਕੀਤੀ ਗਈ ਹੈ। ਇਸ ਮੁਹਿੰਮ ਦੀ ਸਮਾਪਤੀ 26 ਮਾਰਚ ਦੀ ਦੁਪਹਿਰ ਮਜ਼ਦੂਰ ਲਾਇਬ੍ਰੇਰੀ, ਈ.ਡਬਲਿਊ.ਐਸ. ਕਲੋਨੀ, ਤਾਜ਼ਪੁਰ ਰੋਡ, ਲੁਧਿਆਣਾ ’ਤੇ ਹੋ ਰਹੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਨਾਲ਼ ਹੋਵੇਗੀ। ਪ੍ਰੋਗਰਾਮ ਵਿੱਚ ਇਨਕਲਾਬੀ ਨਾਟਕਾਂ ਦਾ ਮੰਚਨ ਹੋਵੇਗਾ ਅਤੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਹੋਵੇਗੀ। 
ਇਹ ਪ੍ਰੋਗਰਾਮ ਕੋਈ ਰਸਮ ਅਦਾਇਗੀ ਨਹੀਂ ਹੈ, ਕਰਮ ਕਾਂਡ ਦੇ ਤੌਰ ’ਤੇ ਇਸਦਾ ਆਯੋਜਨ ਨਹੀਂ ਕੀਤਾ ਜਾ ਰਿਹਾ। ਇਹ ਪ੍ਰੋਗਰਾਮ ਲੋਕਾਂ ਤੱਕ ਸ਼ਹੀਦਾਂ ਦੇ ਵਿਚਾਰ ਪਹੁੰਚਾਉਣ, ਉਹਨਾਂ ਦੇ ਸੁਫ਼ਨਿਆਂ ਦੇ ਨਿਆਂਪੂਰਣ ਸਮਾਜ ਦੀ ਉਸਾਰੀ ਲਈ ਲੋਕਾਂ ਨੂੰ ਜਗਾਉਣ, ਜੱਥੇਬੰਦ ਕਰਨ ਦੀਆਂ ਕੋਸ਼ਿਸ਼ਾਂ ਦਾ ਹੀ ਇੱਕ ਹਿੱਸਾ ਹੈ। ਇਹੋ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਉਹਨਾਂ ਲਈ ਦੇਸ਼ ਕਾਗਜ਼ ’ਤੇ ਬਣਿਆ ਨਕਸ਼ਾ ਨਹੀਂ ਸੀ, ਮਹਿਜ ਝੰਡਾ ਲਹਿਰਾਉਣਾ ਨਹੀਂ ਸੀ। ਕਿਰਤੀ ਲੋਕਾਂ ਦੀ ਲੁੱਟ, ਜਬਰ ਅਨਿਆਂ ਤੋਂ ਮੁਕਤੀ ਦਾ ਸੰਘਰਸ਼ ਹੀ ਉਹਨਾਂ ਲਈ ਅਸਲ ਅਰਥਾਂ ਵਿੱਚ ਦੇਸ਼ ਭਗਤੀ ਸੀ। ਜੱਥੇਬੰਦੀਆਂ ਦਾ ਮੰਨਣਾ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਜਿਸ ਲੁੱਟ-ਖਸੁੱਟ ਰਹਿਤ ਸਮਾਜ ਦੀ ਉਸਾਰੀ ਲਈ ਜਿੰਦਗੀ ਭਰ ਸੰਘਰਸ਼ ਕੀਤਾ, ਕੁਰਬਾਨੀਆਂ ਕੀਤੀਆਂ ਉਹ ਸਮਾਜ ਨਹੀਂ ਬਣ ਸਕਿਆ ਹੈ। ਉਹਨਾਂ ਦੀ ਲੜਾਈ ਸਿਰਫ਼ ਲੁਟੇਰੇ ਅੰਗਰੇਜ਼ ਹਾਕਮਾਂ ਖਿਲਾਫ਼ ਨਹੀਂ ਸੀ ਸਗੋਂ ਹਰ ਤਰ੍ਹਾਂ ਦੇ ਲੁਟੇਰਿਆਂ ਖਿਲਾਫ ਸੀ, ਇਹ ਲੁਟੇਰੇ ਅੰਗਰੇਜ਼ ਹੋਣ, ਭਾਰਤੀ ਹੋਣ ਜਾਂ ਕੋਈ ਹੋਰ। ਮੌਜੂਦਾ ਸਮੇਂ ਵਿੱਚ ਹਾਕਮ ਸਰਮਾਏਦਾਰ ਜਮਾਤ ਦਾ ਕਿਰਤੀ ਲੋਕਾਂ ਉੱਤੇ ਹਮਲਾ ਬਹੁਤ ਤੇਜ਼ ਹੋ ਚੁੱਕਾ ਹੈ। ਇਸ ਖਿਲਾਫ਼ ਲੋਕਾਂ ਨੂੰ ਵੱਡੇ ਪੱਧਰ ਉੱਤੇ ਜੱਥੇਬੰਦ ਹੋਣਾ ਹੋਵੇਗਾ, ਆਪਣੀਆਂ ਇਨਕਲਾਬੀ, ਜਮਹੂਰੀ, ਜੱਥੇਬੰਦੀਆਂ ਦੀ ਉਸਾਰੀ ਕਰਨੀ ਹੋਵੇਗੀ।
ਜੱਥੇਬੰਦੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨਕਲਾਬੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਪ੍ਰੋਗਰਾਮ ਵਿੱਚ ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚਣ।
ਜਾਰੀ ਕਰਤਾ,
*ਲਖਵਿੰਦਰ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਹਨ 
ਉਹਨਾਂ ਨਾਲ ਸੰਪਰਕ ਕਰਨ ਲਈ ਨੰਬਰ ਹੈ:  9646150249

No comments: