Saturday, March 25, 2017

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਸ਼ੁਰ

PAU ਕਿਸਾਨ ਮੇਲਿਆਂ ਨਾਲ ਵੱਧ ਰਿਹਾ ਹੈ ਸਹਾਇਕ ਧੰਦਿਆਂ ਵੱਲ ਝੁਕਾਅ 
ਲੁਧਿਆਣਾ: 24 ਮਾਰਚ 2017: (ਪੰਜਾਬ ਸਕਰੀਨ ਬਿਊਰੋ):: 
ਇਸ ਵਾਰ ਫੇਰ ਕਿਸਾਨ ਮੇਲੇ ਵਿੱਚ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਿਤ ਅਜਿਹੇ ਬਹੁਤ ਸਾਰੇ ਲੋਕ ਮਿਲੇ ਜਿਹਨਾਂ ਦੀ ਆਰਥਿਕ ਹਾਲਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟਰੇਨਿੰਗ  ਕਰਕੇ ਤੇਜ਼ੀ ਨਾਲ ਸੁਧਰ ਰਹੀ ਹੈ। ਪੀਏਯੂ ਦੀ ਇਸ ਪਹਿਲ ਦਾ ਅਸਰ ਪੰਜਾਬ ਤੋਂ ਬਾਹਰੇ ਸੂਬਿਆਂ ਵਿੱਚ ਰਹਿੰਦੇ ਕਿਰਤੀਆਂ ਤੱਕ ਵੀ ਪਹੁੰਚ ਰਿਹਾ ਹੈ। ਕਿਰਤ ਕਮਾਈ ਵਿੱਚ ਹੁੰਦੇ ਵਾਧੇ ਕਰਕੇ ਇਹਨਾਂ ਦੇ  ਚਿਹਰਿਆਂ ਉੱਤੇ ਅਲੌਕਿਕ ਚਮਕ ਅਤੇ ਰੌਣਕ ਸੀ। ਖੁਸ਼ਹਾਲੀ ਦੇ ਇਹਨਾਂ ਤਜਰਬਿਆਂ ਨੂੰ ਕਈ ਲੋਕਾਂ ਨੇ ਨਾਲ ਸਾਂਝਾ ਕੀਤਾ।   ਖੇਤੀ ਬੀਜਾਂ ਦੇ ਨਾਲ ਨਾਲ ਕਿਤਾਬਾਂ ਦੇ ਸਟਾਲਾਂ ਨੇ ਵੀ ਕਿਸਾਨਾਂ ਨੂੰ ਆਕਰਸ਼ਿਤ ਕੀਤਾ। 
ਪੰਜਾਬ ਵਿੱਚ ਬਿਨਾ ਕਿਸੇ ਸ਼ੋਰ ਸ਼ਰਾਬੇ ਦੇ ਆ ਰਹੀ ਖੁਸ਼ਹਾਲੀ ਵਾਲੀ ਇਹ ਤਬਦੀਲੀ ਕਿਸਾਨ ਮੇਲੇ ਦਾ ਖਾਸ ਸੁਨੇਹਾ ਬਣ ਕੇ ਉਭਰ ਰਹੀ ਸੀ। ਇਸਦੇ ਜੋਸ਼ੋਖਰੋਸ਼ ਵਿੱਚ ਹੀ  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਇਸ ਕਿਸਾਨ ਮੇਲੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਆਈ ਸੀ ਆਰ ਆਈ ਐਸ ਏ ਟੀ, ਹੈਦਰਾਬਾਦ ਦੇ ਪ੍ਰਿੰਸੀਪਲ ਵਿਗਿਆਨੀ ਡਾ.ਹਰੀ ਡੀ. ਉਪਾਧਿਆਇ ਅਤੇ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਖੇਤੀ ਪੱਤਰਕਾਰ ਸ਼੍ਰੀ ਹਰੀਸ਼ ਦਮੋਦਰਨ ਵਿਸੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। 
ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਸਾਨਾਂ ਨੂੰ ਪੀਏਯੂ ਕਿਸਾਨ ਮੇਲਿਆਂ ਦੇ ਉਦੇਸ਼ 'ਪੀਏਯੂ ਦੇ ਬੀਜ ਬੀਜੋ, ਸਹਾਇਕ ਧੰਦੇ ਅਪਣਾਓ, ਮੰਡੀਕਰਨ ਸੁਚੱਜਾ ਕਰੋ, ਲੇਖਾ ਜੋਖਾ ਲਾਓ' ਉੱਪਰ ਚੱਲਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਨਵੀਆਂ ਖੇਤੀ ਤਕਨੀਕਾਂ  ਨਾਲ ਜੁੜਨ ਲਈ ਕਿਹਾ। ਉਹਨਾਂ ਕਿਹਾ ਕਿ ਅਸੀਂ ਝਾੜ ਵਿੱਚ ਹੋਰ ਬਹੁਤਾ ਵਾਧਾ ਨਹੀਂ ਕਰ ਸਕਦੇ, ਪਰ ਲਾਗਤਾਂ ਦੀ ਸੰਜਮੀਂ ਵਰਤੋਂ ਕਰ ਕੇ ਆਪਣੀ ਆਮਦਨ ਵਿੱਚ ਜ਼ਰੂਰ ਵਾਧਾ ਕਰ ਸਕਦੇ ਹਾਂ। ਖੇਤੀ ਲਾਗਤਾਂ ਬਾਰੇ ਚਰਚਾ ਕਰਦਿਆਂ ਉਹਨਾਂ ਕਿਸਾਨਾਂ ਨੂੰ ਇਹਨਾਂ ਦੀ ਸਹੀ ਸਮੇਂ, ਸਹੀ ਜਗ੍ਹਾਂ, ਸਹੀ ਢੰਗ ਅਤੇ ਸਹੀ ਮਾਤਰਾ ਵਿੱਚ ਵਰਤੋਂ ਕਰਨ ਲਈ ਅਪੀਲ ਕੀਤੀ। ਖੇਤੀ ਵਿਭਿੰਨਤਾ ਅਤੇ ਜੈਵਿਕ ਖੇਤੀ ਬਾਰੇ ਡਾ. ਢਿੱਲੋਂ ਨੇ ਕਿਹਾ ਕਿ ਸਾਨੂੰ ਆਪਣੇ ਖਾਣ ਲਈ ਆਪਣੇ ਖੇਤਾਂ ਵਿੱਚ ਸਬਜ਼ੀਆਂ, ਦਾਲਾਂ, ਫ਼ਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮਾਡਲ ਨੂੰ ਅਪਣਾਉਣ ਨਾਲ ਸਾਨੂੰ ਨਰੋਈ ਖੁਰਾਕ ਵੀ ਪ੍ਰਾਪਤ ਹੋਵੇਗੀ ਅਤੇ ਆਮਦਨ ਅਤੇ ਖੇਤੀ ਵੰਨ ਸੁਵੰਨਤਾ ਵਿੱਚ ਵੀ ਵਾਧਾ ਸੰਭਵ ਹੋਵੇਗਾ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਮਸ਼ੀਨੀਕਰਣ ਅਤੇ ਮੰਡੀਕਰਨ ਲਈ ਇਕਜੁਟ ਹੋ ਕੇ ਸਹਿਕਾਰੀ ਪੱਧਰ ਤੇ ਇਸ ਨੂੰ ਅਪਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਇਸ ਨਾਲ ਅਸੀਂ ਆਪਣੀਆਂ ਵੱਡੀਆਂ ਲਾਗਤਾਂ ਤੇ ਕਟੌਤੀ ਵੀ ਕਰ ਸਕਦੇ ਹਾਂ ਅਤੇ ਵਧੇਰੇ ਆਮਦਨ ਕਰ ਸਕਦੇ ਹਾਂ। ਰਸਾਇਣਾਂ ਦੇ ਅੰਧਾਧੁੰਦ ਛਿੜਕਾਅ ਨਾਲ ਵਾਤਾਵਰਨ ਅਤੇ ਮਨੁੱਖੀ ਸਿਹਤ ਤੇ ਹੋ ਰਹੇ ਨੁਕਸਾਨਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਨੇ ਇਹਨਾਂ ਦੀ ਲੋੜ ਅਨੁਸਾਰ ਅਤੇ ਮਾਹਿਰਾਂ ਦੀਆਂ ਸਿਫਾਰਸ਼ਾਂ ਮੁਤਾਬਕ ਵਰਤੋਂ ਕਰਨ ਲਈ ਕਿਹਾ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਸਹਾਇਕ ਕਿੱਤਿਆਂ ਨੂੰ ਅਪਣਾਉਣ ਦੀ ਸਲਾਹ ਦਿੱਤੀ। 
ਕਿਸਾਨ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰ ਰਹੇ ਡਾ. ਹਰੀ ਉਪਾਧਿਆਇ, ਪ੍ਰਿੰਸੀਪਲ ਵਿਗਿਆਨੀ, ਆਈ ਸੀ ਆਰ ਆਈ ਐਸ ਏ ਟੀ ਹੈਦਰਾਬਾਦ ਨੇ ਕਿਹਾ ਕਿ ਮੇਲੇ ਵਿੱਚ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਆਏ ਕਿਸਾਨਾਂ ਦੇ ਭਰਵੇਂ ਇਕੱਠ ਤੋਂ ਉਹਨਾਂ ਦੇ ਪੀਏਯੂ ਪ੍ਰਤੀ ਅਥਾਹ ਵਿਸਵਾਸ਼ ਦਾ ਇਜ਼ਹਾਰ ਹੁੰਦਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਿੱਚ ਪੰਜਾਬ ਮੋਹਰੀ ਸੂਬਿਆਂ ਵਿੱਚੋ ਇੱਕ ਹੈ, ਜਿਸਦਾ ਸਿਹਰਾ ਪੀਏਯੂ ਵਿਗਿਆਨੀਆਂ ਅਤੇ ਪੰਜਾਬ ਦੇ ਸਿਰੜੀ ਕਿਸਾਨਾਂ ਦੇ ਸਿਰ ਜਾਂਦਾ ਹੈ। 
ਇਸ ਮੌਕੇ ਕਿਸਾਨ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸ਼੍ਰੀ ਹਰੀਸ਼ ਦਮੋਦਰਨ, ਖੇਤੀ ਪੱਤਰਕਾਰ, ਇੰਡੀਅਨ ਐਕਸਪ੍ਰੈਸ ਨਵੀਂ ਦਿੱਲੀ ਨੇ ਕਿਸਾਨਾਂ ਨਾਲ ਖੇਤੀ ਜਿਨਸਾਂ ਅਤੇ ਕੇਂਦਰੀ ਨੀਤੀਆਂ ਬਾਰੇ ਗੱਲ ਕੀਤੀ। ਇਸ ਮੌਕੇ ਡਾ.ਬਲਦੇਵ ਸਿੰਘ ਢਿੱਲੋ, ਵਾਈਸ ਚਾਂਸਲਰ ਨੇ ਡਾ.ਹਰੀ ਡੀ.ਉਪਾਧਿਆਇ ਅਤੇ ਸ਼੍ਰੀ ਹਰੀਸ਼ ਦਮੋਦਰਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। 
ਇਸ ਮੌਕੇ ਖੇਤੀ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਅਤੇ ਯੂਨੀਵਰਸਿਟੀ ਵੱਲੋਂ ਖੋਜ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਖੋਜ, ਪੀਏਯੂ ਵੱਲੋਂ ਵੱਖੋ-ਵੱਖ ਫ਼ਸਲਾਂ, ਸਬਜ਼ੀਆਂ, ਫ਼ਲਾਂ ਅਤੇ ਫੁੱਲਾਂ ਦੀਆਂ 799 ਉੱਨਤ ਕਿਸਮਾਂ ਵਿਕਸਿਤ ਅਤੇ ਸਿਫਾਰਸ਼ ਕੀਤੀਆਂ ਗਈਆਂ ਹਨ, ਜਿਨ•ਾਂ ਸਦਕਾ ਖੇਤੀ ਪੈਦਾਵਾਰ ਵਿੱਚ ਕਈ ਗੁਣਾਂ ਵਾਧਾ ਹੋ ਸਕਿਆ ਹੈ ਅਤੇ ਅੱਜ ਸਾਡਾ ਦੇਸ਼ ਅੰਨ ਉਤਪਾਦਨ ਵਿੱਚ ਆਤਮ ਨਿਰਭਰ ਹੀ ਨਹੀਂ ਬਲਕਿ ਖੇਤੀ ਉਤਪਾਦਾਂ ਦਾ ਵੱਡੇ ਪੱਧਰ ਤੇ ਨਿਰਯਾਤ ਕਰ ਵੀ ਰਿਹਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਮਾਹਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਨਵੀਆਂ ਖੋਜਾਂ ਅਤੇ ਕਿਸਾਨਾਂ ਦੀ ਅਣਥੱਕ ਮਿਹਨਤ ਸਦਕਾ ਭਾਵੇਂ ਖੇਤੀ ਪੈਦਾਵਾਰ ਵਿੱਚ ਬਹੁਤ ਵਾਧਾ ਹੋਇਆ ਹੈ ਪਰ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ, ਮੌਸਮ ਦੀ ਬੇਭਰੋਸਗੀ, ਖੇਤੀ ਉਤਪਾਦਾਂ ਦੇ ਮੰਡੀਕਰਨ ਦੀ ਗੈਰਯਕੀਨਤਾ, ਤਾਪਮਾਨ ਦੇ ਵਧਣ ਕਾਰਨ ਨਮੀ, ਜ਼ਹਿਰੀਲੀਆਂ ਗੈਸਾਂ ਅਤੇ ਨਵੇਂ ਤਰਾਂ ਦੇ ਕੀੜੇ ਮਕੌੜੇ ਅਤੇ ਨਦੀਨਾਂ ਦੇ ਪੈਦਾ ਹੋਣ ਨਾਲ ਸਬੰਧਿਤ ਕਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਸਮੱਸਿਆਵਾਂ ਨੂੰ ਨਜਿੱਠਣ ਲਈ ਯੂਨੀਵਰਸਿਟੀ ਮਾਹਿਰਾਂ ਵੱਲੋਂ ਗਰਮੀ, ਸਰਦੀ, ਸੋਕੇ ਅਤੇ ਡੋਬੇ ਨੂੰ ਸਹਿਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਮੌਲੀਕਿਉਲਰ ਬ੍ਰੀਡਿੰਗ, ਨੈਨੋ ਤਕਨਾਲੋਜੀ, ਕੀੜੇ ਮਕੌੜਿਆਂ, ਬਿਮਾਰੀਆਂ ਅਤੇ ਮੌਸਮ ਦੀ ਅਗਾਉਂ ਭਵਿੱਖਬਾਣੀ, ਖੇਤੀ ਦਾ ਮਸ਼ੀਨੀਕਰਨ ਅਤੇ ਖੇਤੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਆਦਿ ਖੇਤਾਂ ਉੱਤੇ ਖੋਜ ਨੂੰ ਵਿਸੇਸ਼ ਹੁਲਾਰਾ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੀਏਯੂ ਵੱਲੋਂ ਬੀਟੀ ਨਰਮੇ ਦੀਆਂ ਕਿਸਮਾਂ/ਹਾਈਬ੍ਰਿਡ ਵਿਕਸਿਤ ਕੀਤੇ ਜਾ ਰਹੇ ਹਨ ਅਤੇ ਭੋਜਨ ਵਿੱਚ ਜ਼ਰੂਰੀ ਖੁਰਾਕੀ ਤੱਤ ਲੋੜੀਂਦੀ ਮਾਤਰਾ ਵਿੱਚ ਪੈਦਾ ਕਰਨ ਲਈ ਬਾਇਓਫੋਰਟੀਫਾਈਡ ਕਿਸਮਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਖਾਸ ਤੌਰ ਤੇ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਹੋ ਰਹੇ ਵਾਤਾਵਰਨ ਪ੍ਰਦੂਸ਼ਨ ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਝੋਨੇ ਦੀ ਪਰਾਲੀ ਨੂੰ ਚਾਰੇ ਦੇ ਤੌਰ ਤੇ ਅਤੇ ਉਦਯੋਗਾਂ ਵਿੱਚ ਬਾਲਣ ਦੇ ਰੂਪ ਵਿੱਚ ਵਰਤਣ ਲਈ ਬੇਲਰ ਵਜੋਂ, ਫ਼ਸਲਾਂ ਵਿੱਚ ਮਲਚ ਦੇ ਤੌਰ ਤੇ ਵਿਛਾਉਣ ਲਈ ਅਤੇ ਖੁੰਭਾਂ ਦੀ ਕਾਸ਼ਤ ਲਈ ਕੰਪੋਸਟ ਦੇ ਤੌਰ ਤੇ ਵਰਤਣ ਲਈ ਸਿਫਾਰਸ਼ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਗਈਆਂ ਨਵੀਆਂ ਖੇਤੀ ਤਕਨੀਕਾਂ ਦੇ ਨਾਲ-ਨਾਲ ਉਹਨਾਂ ਨੂੰ ਬਾਸਮਤੀ-4, ਬਾਸਮਤੀ-5, ਗੰਨੇ ਦੀਆਂ ਸੀ ਓ ਪੀਬੀ 92, ਸੀ ਓ ਪੀਬੀ 93 ਅਤੇ ਸੀ ਓ ਪੀਬੀ 94, ਅੰਗੂਰਾਂ ਦੀ ਸੁਪੀਰੀਅਰ ਸੀਡਲੈੱਸ ਅਤੇ ਬਿਲ ਦੀ ਕਾਗਜ਼ੀ ਕਿਸਮ  ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਚਾਨਣਾ ਪਾਇਆ। 

ਕਿਸਾਨ ਮੇਲੇ ਵਿੱਚ ਸ਼ਮੂਲੀਅਤ ਕਰ ਰਹੇ ਪਤਵੰਤਿਆਂ ਅਤੇ ਕਿਸਾਨਾਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ.ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਨੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਰਸਾਲਿਆਂ 'ਚੰਗੀ ਖੇਤੀ' ਅਤੇ 'ਪ੍ਰੋਗਰੈਸਿਵ ਫਾਰਮਿੰਗ' ਅਤੇ ਹੋਰ ਖੇਤੀ ਸਾਹਿਤ ਨੂੰ ਪੜ੍ਹਨ ਦੀ ਤਾਕੀਦ ਕੀਤੀ ਤਾਂ ਜੋ ਵਿਗਿਆਨਿਕ ਲੀਹਾਂ ਤੇ ਚਲਦਿਆਂ ਖੇਤੀ ਕਰਕੇ ਜਿੱਥੇ ਕਿਸਾਨ ਵਧੇਰੇ ਆਰਥਿਕ ਮੁਨਾਫ਼ਾ ਕਮਾ ਸਕਣਗੇ ਉਥੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਵੀ ਹੋ ਸਕੇ। 
ਕਿਸਾਨ ਮੇਲੇ ਮੌਕੇ ਰਵਾਇਤੀ ਖੇਤੀ ਤੋਂ ਹੱਟ ਕੇ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਲਈ ਮੁੱਖ ਮੰਤਰੀ ਪੁਰਸਕਾਰ ਸ. ਜਗਤਾਰ ਸਿੰਘ ਬਰਾੜ ਵਾਸੀ ਮਹਿਮਾ ਸਾਰਜਾ, ਜ਼ਿਲਾ ਬਠਿੰਡਾ, ਸ.ਵਿੰਦਰ ਸਿੰਘ ਵਾਸੀ ਪਿੰਡ ਚੱਠਾ ਨਨਹੇੜਾ ਜ਼ਿਲਾ ਸੰਗਰੂਰ, ਸ.ਰਜਿੰਦਰ ਸਿੰਘ ਧਾਲੀਵਾਲ ਪਿੰਡ ਆਬੂਵਾਲ, ਜ਼ਿਲਾ ਲੁਧਿਆਣਾ ਨੂੰ ਪ੍ਰਦਾਨ ਕੀਤਾ ਗਿਆ। ਖੇਤੀ ਵਿੱਚ ਆਧੁਨਿਕ ਮਸ਼ੀਨੀਕਰਨ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਸ.ਪਰਮਜੀਤ ਸਿੰਘ ਵਾਸੀ ਪਿੰਡ ਪਵਾਤ, ਜ਼ਿਲ•ਾ ਲੁਧਿਆਣਾ, ਸਵੈ ਕਾਸ਼ਤਕਾਰ ਅਤੇ ਪਾਣੀ ਪ੍ਰਬੰਧ ਦੀ ਤਕਨਾਲੋਜੀ ਅਤੇ ਤਕਨੀਕਾਂ ਨੂੰ ਅਪਨਾਉਣ ਵਾਲੇ ਸ.ਹਰਦੀਪ ਸਿੰਘ ਵਾਸੀ ਪਿੰਡ ਘੱਗਾ, ਜ਼ਿਲਾ ਪਟਿਆਲਾ ਅਤੇ ਜੈਵਿਕ ਖੇਤੀ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਸ.ਨਰਿੰਦਰ ਸਿੰਘ ਵਾਸੀ ਪਿੰਡ ਅੱਜੋਵਾਲ ਜ਼ਿਲਾ ਹੁਸ਼ਿਆਰਪੁਰ ਨੂੰ ਸੀ ਆਰ ਆਈ ਪੰਪਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਫ਼ਸਲ ਉਤਪਾਦਨ/ਬਾਗਬਾਨੀ/ਫੁੱਲਾਂ ਦੀ ਖੇਤੀ ਨਾਲ ਸਬੰਧਿਤ ਕਿੱਤਿਆਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਰੀ ਪੁਰਸਕਾਰ ਸ. ਅਪਰਪਾਲ ਸਿੰਘ ਵਾਸੀ ਪਿੰਡ ਤੁੰਗਵਾਲੀ  ਬਠਿੰਡਾ ਨੂੰ ਪ੍ਰਦਾਨ ਕੀਤਾ ਗਿਆ। 
ਇਸ ਮੌਕੇ ਖੇਤੀ ਖੋਜ ਨੂੰ ਵਿਸ਼ੇਸ਼ ਹੁਲਾਰਾ ਦੇਣ ਵਾਲੇ ਡਾ.ਵਰਿੰਦਰ ਸਿੰਘ ਸੋਹੂ, ਸੀਨੀਅਰ ਪਲਾਂਟ ਬਰੀਡਰ, ਡਾ.ਨਰਿੰਦਰ ਸਿੰਘ, ਸੀਨੀਅਰ ਪਲਾਂਟ ਪਥਾਲੋਜਿਸਟ, ਡਾ.ਸੁਰੇਸ਼ ਕੁਮਾਰ ਜਿੰਦਲ, ਅਸਿਸਟੈਟ ਵੈਜੀਟੇਬਲ ਬਰੀਡਰ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸਮੁੱਚੀ ਟੀਮ ਦਾ ਐਵਾਰਡ ਕੇ ਵੀ ਕੇ ਅੰਮ੍ਰਿਤਸਰ ਨੂੰ ਦਿੱਤਾ ਗਿਆ। ਇਸੇ ਤਰਾਂ ਕੈਸ਼ ਲੈੱਸ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਐਵਾਰਡ ਪਟਿਆਲਾ ਅਤੇ ਰੋਪੜ ਨੂੰ ਦਿੱਤਾ ਗਿਆ। ਇਸ ਮੌਕੇ ਡਾ: ਜਗਦੀਸ਼ ਕੌਰ, ਅਪਰ ਨਿਰਦੇਸ਼ਕ ਸੰਚਾਰ ਨੇ ਮੁੱਖ ਮਹਿਮਾਨ ਡਾ. ਢਿੱਲੋਂ ਅਤੇ ਉੱਚ ਅਧਿਕਾਰੀਆਂ ਪਾਸੋਂ ਡਾ. ਗੁਰਚਰਨ ਸਿੰਘ ਕਾਲਕਟ, ਡਾ. ਕੇ ਐਸ ਨੰਦਪੁਰੀ, ਡਾ. ਟੀ ਐਸ ਸੋਹਲ ਅਤੇ ਡਾ. ਏ ਐਸ ਕਾਹਲੋਂ ਦੀਆਂ ਜੀਵਨੀਆਂ ਦੇ ਨਾਲ  ਯੂਨੀਵਰਸਿਟੀ ਦੀਆਂ ਹੋਰ ਖੇਤੀ ਪ੍ਰਕਾਸ਼ਨਾਵਾਂ ਰਿਲੀਜ਼ ਕਰਵਾਈਆਂ। 
ਇਸ ਮੌਕੇ ਡਾ. ਪੁਸ਼ਪਿੰਦਰ ਸਿੰਘ ਔਲਖ, ਐਡੀਸ਼ਨਲ ਡਾਇਰੈਕਟਰ ਪਸਾਰ ਸਿੱਖਿਆ ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਯੂਨੀਵਰਸਿਟੀ ਦੇ ਵੱਖ ਵੱਖ  ਵਿਭਾਗਾਂ ਵੱਲੋਂ ਖੇਤ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਲਗਾ ਕੇ ਕਿਸਾਨਾਂ ਨੂੰ ਨਵੀਂ ਤਕਨਾਲੋਜੀ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਸਵਾਲ ਜਵਾਬ ਸੈਸ਼ਨ ਵੀ ਕਰਵਾਇਆ ਗਿਆ ਜਿਸ ਵਿੱਚ ਕਿਸਾਨਾਂ ਨੇ ਖੇਤੀ ਨੂੰ ਦਰੇਪਸ਼ ਸਮੱਸਿਆਵਾਂ ਮਾਹਿਰਾਂ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਦੇ ਉਹਨਾਂ ਨੂੰ ਸੁਯੋਗ ਹੱਲ ਦੱਸੇ ਗਏ।

No comments: