Tuesday, March 28, 2017

ਪੰਜਾਬ ਦੇ ਸਰਬਪੱਖੀ ਲਈ ਸਹਿਕਾਰੀ ਅਦਾਰਿਆਂ ਦੀ ਭੂਮਿਕਾ ਮਹੱਤਵਪੂਰਨ-ਗਿੱਲ

Tue, Mar 28, 2017 at 5:14 PM
ਮਾਰਕਫੈੱਡ ਪੰਜਾਬ ਵੱਲੋਂ ਵਿਸ਼ੇਸ਼ ਆਯੋਜਨ ਵਿੱਚ ਪੁੱਜੇ ਪ੍ਰੋ. ਗੁਰਭਜਨ ਗਿੱਲ 
ਲੁਧਿਆਣਾ: 28 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੇ ਸਰਬਪੱਖੀ ਖੇਤੀ ਵਿਕਾਸ ਲਈ ਸਹਿਕਾਰੀ ਅਦਾਰਿਆਂ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ ਅਤੇ ਭਵਿੱਖ ਦੀਆਂ ਬਹੁਮਖੀ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਨੂੰ ਗਿਆਨ ਵਿਗਿਆਨ ਖੋਜ, ਪਸਾਰ ਅਤੇ ਸਹਿਕਾਰੀ ਅਦਾਰਿਆਂ ਵਿਚਕਾਰ ਸਹਿਯੋਗ ਹੋਰ ਮਜ਼ਬੂਤ ਕਰਨਾ ਪਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਤਿੰਨ ਦਹਾਕੇ ਸੰਚਾਰ ਸੇਵਾ ਨਿਭਾ ਚੁੱਕੇ ਉੱਘੇ ਪੰਜਾਬੀ ਲੇਖਕ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਅੱਜ ਮਾਰਕਫੈੱਡ ਪੰਜਾਬ ਵੱਲੋਂ ਪਿਛਲੇ ਇੱਕ ਸਾਲ ਤੋਂ ਚਲਾਏ ਜਾ ਰਹੇ ਟੀ.ਵੀ. ਤੇ ਰੇਡੀਓ ਪ੍ਰੋਗਰਾਮ ''ਸਾਡਾ ਸੋਹਣਾ ਪੰਜਾਬ'' ਵਿੱਚ ਸ਼ਾਮਿਲ ਹੋਣ ਆਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸਹਿਕਾਰੀ ਤੇ ਸਰਕਾਰੀ ਵਿਕਾਸ ਅਦਾਰਿਆਂ ਦੇ ਪ੍ਰਤੀਨਿਧ ਵਿਗਿਆਨੀਆਂ ਤੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਨੂੰ ਮੁੜ ਪੱਕੇ ਪੈਰੀਂ ਕਰਨ ਲਈ ਸਮੂਹਕ ਵਿਕਾਸ ਕਾਰਜਾਂ ਨੂੰ ਓਥੇ ਓਥੇ ਪਹੁੰਚਾਉਣ ਦੀ ਲੋੜ ਹੈ ਜਿਥੇ ਹੁਣ ਤੀਕ ਇਹ ਗਿਆਨ ਜੋਤ ਨਹੀਂ ਪੁੱਜੀ। 
ਮਾਰਕਫੈੱਡ ਦੇ ਕਾਰਜਕਾਰੀ ਨਿਰਦੇਸ਼ਕ ਬਾਲ ਮੁਕੰਦ ਸ਼ਰਮਾ ਨੇ ਇਸ ਮੌਕੇ ਸਾਰੇ ਵਿਗਿਆਨੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਰਕਫੈੱਡ ਅਦਾਰੇ ਨੇ ਹਮੇਸ਼ਾਂ ਹੀ ਵਿਕਾਸ ਦੇ ਬਾਕੀ ਸੰਸਥਾਨਾਂ ਨਾਲ ਨੇੜਤਾ ਬਣਾ ਕੇ ਰੱਖੀ ਹੈ ਤਾਂ ਜੋ ਕਿਸਾਨ ਵੀਰਾਂ ਨੂੰ ਕੇਵਲ ਖਾਦਾਂ ਜਾਂ ਕੀਟਨਾਸ਼ਕ ਜ਼ਹਿਰਾਂ ਹੀ ਸਪਲਾਈ ਨਾ ਕੀਤੀਆਂ ਜਾਣ ਪਿਛਲੇ ਸਮੇਂ 'ਚ ਗੁੜ, ਸ਼ਹਿਦ, ਦਲੀਆ ਅਤੇ ਹੋਰ ਵਸਤਾਂ ਦੀ ਪ੍ਰੋਸੈਸਿੰਗ ਨੂੰ ਵੀ ਚੰਗਾ ਹੁੰਗਾਰਾ ਮਿਲਿਆ ਹੈ। 
ਮਾਰਕਫੈੱਡ ਵੱਲੋਂ ਤਿਆਰ ਕੀਤੇ ਦੂਰਦਰਸ਼ਨ  ਕੇਂਦਰ ਜਲੰਧਰ ਅਤੇ ਅਕਾਸ਼ਵਾਣੀ ਜਲੰਧਰ ਵੱਲੋਂ ਪ੍ਰਸਾਰਿਤ ਹੁੰਦੇ ਪ੍ਰੋਗਰਾਮ 'ਸਾਡਾ ਸੋਹਣਾ ਪੰਜਾਬ' ਵਿੱਚ ਅੱਜ ਕਣਕ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਢਾਂਚੇ ਵਿਸ਼ੇ ਬਾਰੇ ਸ਼੍ਰੀ ਸੁਰਿੰਦਰ ਮੋਹਨ ਮਹਿੰਦਰੂ (ਗੋਦਾਮ ਕਾਰਪੋਰੇਸ਼ਨ), ਸੁਰਜੀਤ ਸਿੰਘ (ਭੰਡਾਰਨ ਮਾਹਿਰ ਮਾਰਕਫੈੱਡ), ਕਣਕ ਦੀ ਕਟਾਈ ਲਈ ਕੰਬਾਈਨਾਂ ਦੀ ਮੁਰੰਮਤ, ਸਾਂਭ-ਸੰਭਾਲ ਤੇ ਯੋਗ ਵਰਤੋਂ ਬਾਰੇ ਡਾ.ਡੀ. ਆਰ. ਕਟਾਰੀਆ ਸੇਵਾ ਮੁਕਤ (ਸੰਯੁਕਤ ਡਾਇਰੈਕਟਰ ਖੇਤੀਬਾੜੀ) ਤੇ ਡਾ. ਮਹੇਸ਼ ਕੁਮਾਰ ਨਾਰੰਗ (ਪੀਏਯੂ, ਲੁਧਿਆਣਾ), ਪੱਕੀ ਕਣਕ ਨੂੰ ਅੱਗ ਲੱਗਣ ਤੋਂ ਕਿਵੇਂ ਬਚਾਈਏ (ਡਾ.ਮਨਮੋਹਨ ਕਾਲੀਆ ਸੰਯੁਕਤ ਡਾਇਰੈਕਟਰ ਇੰਜੀਨੀਅਰਿੰਗ, ਖੇਤੀਬਾੜੀ ਵਿਭਾਗ) ਤੇ ਡਾ.ਨਰੇਸ਼ ਕੁਮਾਰ ਛੁਨੇਜਾ (ਪੀਏਯੂ), ਖੇਤੀ ਕਰਜ਼ੇ ਦੀ ਯੋਗ ਵਰਤੋਂ (ਮੁਨੀਸ਼ਵਰ ਚੰਗਰ ਵਧੀਕ ਰਜਿਸਟਰਾਰ, ਸਹਿਕਾਰੀ ਸਭਾਵਾਂ ਤੇ ਡਾ.ਸੁਖਪਾਲ ਸਿੰਘ ਸ਼ਰਮਾ ਪੀਏਯੂ, ਲੁਧਿਆਣਾ) , ਵੱਧ ਆਮਦਨ ਲਈ ਜਿਨਸਾਂ ਦੀ ਪ੍ਰੋਸੈਸਿੰਗ (ਡਾ.ਮਨਦੀਪ ਸ਼ਰਮਾ ਪੀਏਯੂ ਤੇ ਵੀ.ਕੇ.ਨਾਗਪਾਲ ਮਾਰਕਫੈੱਡ) ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਨਿਰਮਾਤਾ, ਨਿਰਦੇਸ਼ਕ ਤੇ ਪੇਸ਼ਕਾਰ ਮਾਰਕਫੈੱਡ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਬਾਲ ਮੁਕੰਦ ਸ਼ਰਮਾ ਹਨ। ਇਸ ਪ੍ਰੋਗਰਾਮ ਦਾ ਪ੍ਰਸਾਰਨ ਦੂਰਦਰਸ਼ਨ ਕੇਂਦਰ ਜਲੰਧਰ ਅਤੇ ਅਕਾਸ਼ਵਾਣੀ ਜਲੰਧਰ ਤੋਂ ਹਰ ਸ਼ਨੀਵਾਰ ਸ਼ਾਮੀਂ 5.30 ਤੇ 6.45 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਡਾ.ਜਸਵਿੰਦਰ ਭੱਲਾ ਵੀ ਖੇਤੀ ਖ਼ਬਰਨਾਮਾ ਪੇਸ਼ ਕਰਦੇ ਹਨ। ਅਗਾਂਹਵਧੂ ਕਿਸਾਨਾਂ ਨਾਲ ਮੁਲਾਕਾਤ ਸ.ਤੇਜਿੰਦਰ ਸਿੰਘ ਗਿੱਲ ਵੱਲੋਂ ਕੀਤੀ ਜਾਂਦੀ ਹੈ।       

No comments: