Friday, March 31, 2017

ਮਾਰੂਤੀ ਦੇ ਮਜ਼ਦੂਰਾਂ 'ਤੇ ਰਾਜਕੀ ਜ਼ਬਰ ਵਿਰੁੱਧ ਜਥੇਬੰਦ ਟਾਕਰਾ ਕਰੋ !

ਵਰਕਰਜ਼ ਸੋਸ਼ਲਿਸਟ ਪਾਰਟੀ ਦੀ ਅਪੀਲ
ਸਾਥੀਓ, 
2012 'ਚ ਮਾਰੂਤੀ-ਸੁਜ਼ੁਕੀ ਦੀ ਮਾਨੇਸਰ ਸਥਿਤ ਫੈਕਟਰੀ 'ਚ ਪ੍ਰਬੰਧਨ ਦੁਆਰਾ ਮਜ਼ਦੂਰ ਯੂਨੀਅਨ ਨੂੰ ਤੋੜਨ ਦੇ ਮਕਸਦ ਨਾਲ਼ ਉਕਸਾਏ ਗਏ ਇੱਕ ਵਿਵਾਦ 'ਚ ਪੰਜ ਸਾਲ ਮਗਰੋਂ 31 ਮਜ਼ਦੂਰਾਂ ਨੂੰ ਸਜ਼ਾ ਦਿੱਤੀ ਗਈ ਹੈ। ਇਹ ਵਿਵਾਦ, ਇੱਕ ਮਜ਼ਦੂਰ ਜਿਆਲਾਲ ਨੂੰ ਸੁਪਰਵਾਈਜ਼ਰ ਦੁਆਰਾ ਗਾਲੀ-ਗਲੌਚ ਨਾਲ਼ ਸ਼ੁਰੂ ਹੋਇਆ ਸੀ, ਜਿਸਦਾ ਵਿਰੋਧ ਕਰਨ 'ਤੇ ਪ੍ਰਬੰਧਨ ਨੇ ਕਿਰਾਏ ਦੇ ਬਾਉਂਸਰ ਬੁਲਾ ਕੇ ਮਜ਼ਦੂਰਾਂ 'ਤੇ ਹਮਲਾ ਕਰਾਇਆ ਸੀ।
ਕਤਲ, ਸਾੜ-ਫੂਕ, ਦੰਗਾ-ਫਸਾਦ ਵਰਗੇ ਫਰਜੀ ਆਰੋਪਾਂ 'ਚ 13 ਨੂੰ ਉਮਰ ਕੈਦ ਅਤੇ 18 ਨੂੰ 3 ਤੋਂ 4 ਸਾਲ ਦੀ ਬਾ-ਮੁੱਸ਼ਕਤ ਕੈਦ ਦਿੱਤੀ ਗਈ ਹੈ। 13 'ਚੋਂ, 12 ਮਜ਼ਦੂਰ ਯੂਨੀਅਨ ਦੇ ਅਹੁਦੇਦਾਰ ਹਨ ਜੋ 2011 ਤੋਂ ਪ੍ਰਬੰਧਨ ਵਿਰੁੱਧ ਮਜ਼ਦੂਰ ਸੰਘਰਸ਼ ਦੀ ਅਗਵਾਈ ਕਰ ਰਹੇ ਸਨ। ਇਹ ਮਜ਼ਦੂਰ ਸੰਘਰਸ਼ ਨੂੰ ਕੁਚਲਣ ਲਈ ਬਦਲੇ ਦੀ ਕਾਰਵਾਈ ਹੈ!
ਅਦਾਲਤ ਨੇ ਖੁਦ ਇਹ ਮੰਨਿਆ ਕਿ ਫੈਕਟਰੀ 'ਚ ਅੱਗ ਕਿਵੇਂ ਲੱਗੀ ਇਸਦਾ ਕੋਈ ਸਬੂਤ ਨਹੀਂ ਹੈ। ਅਦਾਲਤ ਨੇ ਇਹ ਵੀ ਮੰਨਿਆ ਕਿ ਪੁਲਿਸ ਨੇ ਫੈਕਟਰੀ ਪ੍ਰਬੰਧਨ ਨਾਲ਼ ਮਿਲ ਕੇ ਮਜ਼ਦੂਰਾਂ ਨੂੰ ਫਸਾਉਣ ਲਈ ਝੂਠੇ ਸਬੂਤ ਤਿਆਰ ਕਰਕੇ ਅਦਾਲਤ 'ਚ ਪੇਸ਼ ਕੀਤੇ ਹਨ। ਪਰ ਪ੍ਰਬੰਧਨ ਅਤੇ ਪੁਲਿਸ ਵਿਰੁੱਧ ਕਾਰਵਾਈ ਦੇ ਬਜਾਏ, ਆਰੋਪੀ ਮਜ਼ਦੂਰਾਂ ਨੂੰ ਹੀ, ਮਨਮਾਨੀ ਕਰਦੇ, ਆਪਣੇ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ, ਕੜੀਆਂ ਸਜ਼ਾਵਾਂ ਦੇ ਦਿੱਤੀਆਂ। ਜਿਹਨਾਂ 117 ਮਜ਼ਦੂਰਾਂ ਨੂੰ ਅਦਾਲਤ ਨੇ ਬੇਕਸੂਰ ਕਰਾਰ ਦਿੱਤਾ ਉਹ ਵੀ ਕਈ ਸਾਲ ਜੇਲ੍ਹ 'ਚ ਕੱਟ ਚੁੱਕੇ ਸਨ। ਸਬੂਤ ਦੀ ਘਾਟ 'ਚ ਇਹਨਾਂ ਨੂੰ ਬਰੀ ਤਾਂ ਕਰਨਾ ਪਿਆ ਪਰ ਇਸਦੀ ਘਾਟ ਬਾਕੀ ਮਜ਼ਦੂਰਾਂ ਨੂੰ ਬੇਰਹਿਮ ਸਜ਼ਾਵਾਂ ਦੇ ਕੇ ਪੂਰੀ ਕਰ ਲਈ ਗਈ।
ਕਿਸੇ ਵੀ ਸਬੂਤ ਦੀ ਕਮੀ ਦੇ ਬਾਵਜੂਦ, ਮਜ਼ਦੂਰਾਂ 'ਤੇ ਲੱਦ ਦਿੱਤੀਆਂ ਗਈਆਂ ਇਹ ਸਖ਼ਤ ਸਜ਼ਾਵਾਂ, ਬੁਰਜੁਆ ਰਾਜ ਦੁਆਰਾ ਮਜ਼ਦੂਰਾਂ ਪ੍ਰਤੀ ਅਨਿਆਂ, ਪੱਖਪਾਤ ਅਤੇ ਮਨਮਾਨੀ ਦਾ ਜੀਵੰਤ ਪ੍ਰਮਾਣ ਹਨ ਜੋ ਅਮੀਰ ਹੁਕਮਰਾਨਾਂ ਦੀ ਨੀਯਤ ਅਤੇ ਕਾਰਪੋਰੇਟ ਦੇ ਨਾਲ਼ ਉਹਨਾਂ ਦੀ ਮਿਲੀਭਗਤ ਦਾ ਖੁਲਾਸਾ ਕਰਦੀਆਂ ਹੈ।
ਸਪੱਸ਼ਟ ਹੈ ਕਿ ਭਾਰਤ ਨੂੰ ਕੌਮਾਂਤਰੀ ਨਿਵੇਸ਼ਕਾਂ ਦਾ ਸਵਰਗ ਬਣਾਉਣ ਲਈ ਕਾਹਲੇ ਪੂੰਜੀਵਾਦੀ ਹੁਕਮਰਾਨ, ਇਕ ਪਾਸੇ ਤਾਂ ਮਜ਼ਦੂਰਾਂ ਦਰਮਿਆਨ ਦਹਿਸ਼ਤ ਕਾਇਮ ਕਰਨਾ ਚਾਹੁੰਦੇ ਹਨ ਅਤੇ ਦੂਜੇ ਪਾਸੇ ਦੁਨੀਆ ਭਰ 'ਚ ਪੁੰਜੀ-ਨਿਵੇਸ਼ਕਾਂ ਨੂੰ ਇਹ ਸੁਨੇਹਾ ਦੇਣਾ ਚਾਹੁਦੇ ਹਨ ਕਿ ਮਜ਼ਦੂਰਾਂ ਦਾ ਜ਼ਬਰ ਕਰਨ 'ਚ ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ।
ਮਜ਼ਦੂਰਾਂ ਵਿਰੁੱਧ, ਪ੍ਰਬੰਧਨ, ਪੁਲਿਸ, ਪ੍ਰਸ਼ਾਸਨ, ਸਰਕਾਰ, ਪਾਰਟੀਆਂ, ਕਾਨੂੰਨ, ਅਦਾਲਤ ਸਭ ਇਕਜੁੱਟ ਹਨ। ਸਭ ਮਿਲ ਕੇ ਕਿਰਤੀ ਮਜ਼ਦੂਰਾਂ ਦੇ ਲੁੱਟ, ਦਾਬੇ ਅਤੇ ਜ਼ਬਰ ਲਈ ਪੱਬਾ ਭਾਰ ਹਨ। ਕਰੂਰ ਜ਼ਬਰ ਦਾ ਇਹ ਸਿਲਸਿਲਾ, ਹਰਿਆਣਾ 'ਚ ਸੱਤਾਸੀਨ ਕਾਂਗਰਸ ਪਾਰਟੀ ਦੀ ਤੱਤਕਾਲੀਨ ਹੁੱਡਾ ਸਰਕਾਰ ਨੇ ਸ਼ੁਰੂ ਕੀਤਾ ਸੀ ਅਤੇ ਭਾਜਪਾ ਦੀ ਵਰਤਮਾਨ ਖੱਟਰ ਸਰਕਾਰ ਨੇ ਇਸਨੂੰ ਅੰਜ਼ਾਮ ਤੱਕ ਪਹੁੰਚਾਇਆ ਹੈ।
ਸਾਥਿਓ! ਇਹ ਜਮਾਤੀ ਜੰਗ ਹੈ! ਇਸ ਜੰਗ 'ਚ ਆਪਣੀ ਕੌਮਾਂਤਰੀ ਜਮਾਤੀ-ਤਾਕਤਾਂ ਨੂੰ ਇੱਕਜੁਟ ਕਰਕੇ ਹੀ ਮਜ਼ਦੂਰ-ਜਮਾਤ ਜਿੱਤ ਹਾਸਿਲ ਕਰ ਸਕਦੀ ਹੈ।
ਲੰਮੇ ਸਮੇਂ ਤੋਂ ਝੂਠੇ ਟਰੇਡ-ਯੂਨੀਅਨ ਆਗੂਆਂ ਅਤੇ ਰੰਗ-ਬਿਰੰਗੀਆਂ ਪਾਰਟੀਆਂ ਨੇ ਇਹ ਜਮਾਤੀ-ਏਕਤਾ ਹਾਸਿਲ ਕਰਨ ਅਤੇ ਇਸਦੇ ਅਧਾਰ 'ਤੇ ਅਜਾਦ ਜਮਾਤੀ-ਸੰਘਰਸ਼ ਨੂੰ ਅੱਗੇ ਵਧਾਉਣ ਤੋਂ ਰੋਕੀ ਰੱਖਿਆ ਹੈ। ਇਹ ਫਰਜੀ ਆਗੂ ਅਤੇ ਪਾਰਟੀਆਂ ਸਾਨੂੰ ਅਮੀਰਾਂ, ਕੁਲੀਨਾਂ ਦਾ ਪੱਖ ਪੂਰਨ ਵਾਲੀਆਂ ਸਰਕਾਰਾਂ ਨਾਲ਼ ਬੇਨਤੀ ਕਰਨ, ਉਹਨਾਂ ਅਫ਼ਸਰਾਂ, ਆਗੂਆਂ ਅੱਗੇ ਮਿਆਕਣ ਦਾ ਝੂਠਾ ਰਾਹ ਦਿਖਾਉਂਦੀਆਂ ਰਹੀਆਂ ਹਨ, ਜਿਸ ਨਾਲ਼ ਕੁਝ ਹਾਸਿਲ ਨਹੀਂ ਹੋ ਸਕਿਆ। ਸਾਨੂੰ ਇਸ ਰਾਹ ਨੂੰ ਪੂਰੀ ਤਰ੍ਹਾਂ ਖਾਰਿਜ ਕਰਦੇ ਹੋਏ ਇਹਨਾਂ ਫਰਜੀ ਆਗੂਆਂ, ਪਾਰਟੀਆਂ ਨਾਲ਼ ਸਬੰਧ ਤੋੜਨਾ ਹੋਵੇਗਾ ਅਤੇ ਜਮਾਤੀ-ਸੰਘਰਸ਼ ਦੀ ਰਾਹ ਫੜਨੀ ਹੋਵੇਗੀ। ਰੰਗ-ਬਿਰੰਗੇ ਝੰਡੇ-ਬੈਨਰ ਚੁੱਕੀ ਇਹ ਪਾਰਟੀਆਂ ਅਤੇ ਆਗੂ ਦਰਅਸਲ ਪੂੰਜੀਵਾਦੀ ਵਿਵਸਥਾ ਨਾਲ਼ ਮਜ਼ਬੂਤੀ ਨਾਲ਼ ਨਰੜੇ ਹੋਏ ਹਨ ਅਤੇ ਮਜ਼ਦੂਰਾਂ, ਕਿਰਤੀਆਂ ਨੂੰ ਵੀ ਇਨਕਲਾਬੀ ਸੰਘਰਸ਼ ਤੋਂ ਕੁਰਾਹਾ ਪਾ ਕੇ ਵਿਵਸਥਾ ਮਗਰ ਬੰਨੀ ਰੱਖਣਾ ਚਾਹੁੰਦੇ ਹਨ। ਮਜ਼ਦੂਰਾਂ, ਕਿਰਤੀਆਂ ਦਾ ਹਿਤ, ਪੂੰਜੀਵਾਦ ਦੀ ਇਸ ਵਿਵਸਥਾ ਨਾਲ਼ ਬੰਨੇ ਰਹਿਣ 'ਚ ਨਹੀਂ ਸਗੋਂ ਇਸਨੂੰ ਖਾਰਿਜ ਕਰਕੇ ਸਮਾਜਵਾਦੀ ਇਨਕਲਾਬ ਵੱਲ ਅੱਗੇ ਵੱਧਣ 'ਚ ਮੌਜੂਦ ਹੈ। 
ਪੂੰਜੀਵਾਦੀ ਲੋਕਤੰਤਰ, ਵੱਡੇ-ਸਰਮਾਏਦਾਰਾਂ, ਕਾਰਪੋਰੇਟਾਂ ਦੀ ਤਾਨਾਸ਼ਾਹੀ ਦੇ ਇਲਾਵਾ ਹੋਰ ਕੁਝ ਨਹੀਂ ਹੈ। ਜਦੋਂ ਤੱਕ ਸਿਆਸੀ ਸੱਤਾ ਇਹਨਾਂ ਸਰਮਾਏਦਾਰਾਂ, ਕਾਰਪੋਰੇਟਾਂ ਦੇ ਹੱਥ ਹੈ, ਮਜ਼ਦੂਰ-ਮਿਹਨਤਕਸ਼ ਇਸ ਤਰ੍ਹਾਂ ਲੁੱਟ, ਜ਼ਬਰ ਦੀ ਅਨ੍ਹੀ ਚੱਕੀ 'ਚ ਪਿਸਦੇ ਰਹਿਣਗੇ। ਇਸ ਲਈ ਮਜ਼ਦੂਰ ਜਮਾਤ ਦੇ ਸੰਘਰਸ਼ ਦਾ ਪਹਿਲਾ ਉਦੇਸ਼ ਹੈ— ਸਿਆਸੀ ਸੱਤਾ ਨੂੰ ਸਰਮਾਏਦਾਰ ਜਮਾਤ ਦੇ ਹੱਥ ਤੋਂ ਖੋਹਣਾ। ਪੂੰਜੀਵਾਦੀ ਸਰਕਾਰਾਂ ਨੂੰ ਉਲਟਾ ਕੇ, ਮਜ਼ਦੂਰ-ਕਿਸਾਨ ਸਰਕਾਰਾਂ ਦੀ ਕਾਇਮੀ।
ਮਾਰੂਤੀ ਮਜ਼ਦੂਰਾਂ ਦਾ ਮੌਜੂਦਾ ਸੰਘਰਸ਼, ਕੌਮਾਂਤਰੀ ਮਜ਼ਦੂਰ-ਜਮਾਤ ਦੁਆਰਾ ਸੰਸਾਰ-ਸਰਮਾਏਦਾਰੀ ਨੂੰ ਢਹਿ-ਢੇਰੀ ਕਰਕੇ ਸਮਾਜਵਾਦ ਦੀ ਕਾਇਮੀ ਲਈ ਚਲਾਏ ਜਾ ਰਹੇ ਇਸ ਵਿਆਪਕ, ਇਨਕਲਾਬੀ ਸੰਘਰਸ਼ ਦਾ ਹਿੱਸਾ ਹੈ!
ਸਾਥਿਓ! ਸਾਡੇ 'ਤੇ ਥੋਪੇ ਗਏ ਅਨਿਆਂ ਵਿਰੁੱਧ, ਜਵਾਬੀ ਕਾਰਵਾਈ ਕਰਨ ਦਾ ਇੱਕੋਇਕ ਰਾਹ ਇਹ ਹੈ ਕਿ ਅਸੀਂ ਆਪਣੀ ਜਮਾਤ, ਮਜ਼ਦੂਰ-ਜਮਾਤ, ਦੀ ਕੌਮਾਂਤਰੀ ਕਤਾਰਾਂ ਨੂੰ ਅਵਾਜ ਦੇਈਏ, ਉਹਨਾਂ ਤੋਂ ਮਦਦ ਦੀ ਅਪੀਲ ਕਰੀਏ, ਉਹਨਾਂ ਨੂੰ ਕਹੀਏ ਕਿ ਜਦੋਂ ਤੱਕ ਮਾਰੂਤੀ ਮਜ਼ਦੂਰਾਂ 'ਤੇ ਥੋਪਿਆ ਗਿਆ ਇਹ ਕਰੂਰ ਫੈਸਲਾ ਖਾਰਿਜ ਨਹੀਂ ਹੁੰਦਾ ਦੁਨੀਆ ਦੀ ਕਿਸੇ ਵੀ ਬੰਦਰਗਾਹ, ਤਟ ਜਾਂ ਹਵਾਈ ਅੱਡੇ 'ਤੇ, ਭਾਰਤ ਨੂੰ ਆਣ-ਜਾਣ ਵਾਲੇ ਮਾਲ ਨੂੰ ਉਤਾਰਿਆ-ਚੜਾਇਆ ਨਾ ਜਾਵੇ, ਇਸ ਨਾਲ਼ ਹੀ ਤੁਰੰਤ ਮਾਨੇਸਰ ਤੋਂ ਧਾਰੂਹੇੜਾ ਅਤੇ ਨੀਮਰਾਣਾ ਤੱਕ ਸਮੁੱਚੇ ਸਨਅਤੀ ਖੇਤਰ ਤੋਂ ਇੱਕ 'ਮਜ਼ਦੂਰ ਪਰਿਸ਼ਦ' ਬੁਲਾਈ ਜਾਵੇ ਜਿਸ 'ਚ ਹਰ ਫੈਕਟਰੀ ਤੋਂ ਦੋ ਚੁਣੇ ਹੋਏ ਪ੍ਰਤੀਨੀਧੀ ਇਸ ‘ਚ ਹਿੱਸਾ ਲੈਣ। ਇਹ ਪਰਿਸ਼ਦ, ਇਸ ਕਰੂਰ ਅਤੇ ਪੱਖਪਾਤਪੂਰਨ ਫੈਸਲੇ ਨੂੰ ਰੱਦ ਕਰਨ ਦਾ ਐਲਾਨ ਕਰੇ ਅਤੇ ਇਸਨੂੰ ਲਾਗੂ ਕਰਨ ਲਈ ਆਮ ਹੜਤਾਲ ਦੀ ਤਿਆਰ ਸ਼ੁਰੂ ਕਰਨ। 
-ਵਰਕਰਜ਼ ਸੋਸ਼ਲਿਸਟ ਪਾਰਟੀ 
ਅਪੀਲ ਦੀ ਰਿਕਾਰਡਿੰਗ ਹੇਠਾਂ ਦਿਤੇ ਲਿੰਕ ‘ਤੇ  ਸੁਣੋ
https://soundcloud.com/worker-socialist/m4a

ਸੰਪਰਕ-9810081383
ਈ-ਮੇਲ: worker.socialist1917@gmail.com

No comments: