Wednesday, March 29, 2017

ਲੱਚਰ, ਹਿੰਸਕ ਅਤੇ ਨਸ਼ਿਆਂ ਵਾਲੀ ਗਾਇਕੀ ਨੂੰ ਠੱਲ ਪਾਉਣ ਲਈ ਇਪਟਾ ਸਰਗਰਮ

Wed, Mar 29, 2017 at 6:42 PM
ਪੰਜਾਬ ਸਰਕਾਰ ਸਮੇਤ ਸਾਰੀਆਂ ਸਿਆਸੀ ਧਿਰਾਂ ਨਾਲ ਹੋਏਗਾ ਰਾਬਤਾ
ਲੁਧਿਆਣਾ/ਚੰਡੀਗੜ੍ਹ: 29 ਮਾਰਚ 2017: (ਸੰਜੀਵਨ ਸਿੰਘ//ਪੰਜਾਬ ਸਕਰੀਨ):: 
ਲੋਕ ਪੱਖੀ ਕਲਾ ਨੂੰ ਸਮਰਪਿਤ ਵੱਕਾਰੀ ਸੰਸਥਾ  ਇੰਡੀਅਨ  ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਨੇ ਲੋਕਾਂ ਨੂੰ ਖੋਖਲਾ ਕਰ ਰਹੀ ਗਾਇਕੀ ਦੇ ਖਿਲਾਫ ਆਰ ਪਾਰ ਦੀ ਜੰਗ ਦਾ ਐਲਾਨ ਕੀਤਾ ਹੈ।  ਇਸ ਮਕਸਦ ਲਈ ਜਿੱਥੇ ਸਾਰੀਆਂ ਸਿਆਸੀ ਧਿਰਾਂ ਨਾਲ ਰਾਬਤਾ ਸਥਾਪਿਤ ਕੀਤਾ ਜਾਏਗਾ ਉੱਥੇ ਕਲਾ ਦੇ ਮੈਦਾਨ ਅੰਦਰ ਵੀ ਲੋਕ ਪੱਖੀ ਪ੍ਰੋਗਰਾਮਾਂ ਦੀ ਹਨੇਰੀ ਲਿਆਂਦੀ ਜਾਏਗੀ। ਇਪਟਾ, ਪੰਜਾਬ ਦੀਆਂ ਚਾਰੇ ਇਕਾਈਆ ਵੱਲੋਂ ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਠੱਲ ਪਾਉਣ ਲਈ ਲੋਕ-ਹਿਤੈਸ਼ੀ ਸਭਿਆਚਾਰਕ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ।  
   ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਦਾ ਅਸਰਦਾਇਕ ਤਰੀਕੇ ਨਾਲ ਮੁਕਾਬਲਾ ਕਰਨ ਲਈ ਇਪਟਾ, ਪੰਜਾਬ ਦੀਆਂ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਇਕਾਈਆਂ ਵੱਲੋਂ ਇਹ ਇੱਕ ਇਤਿਹਾਸਿਕ ਕਦਮ ਹੋਵੇਗਾ। ਲੋਕ-ਹਿਤੈਸ਼ੀ, ਸੁਥਰੀ ਅਤੇ ਨਿਰੋਈ ਗਾਇਕੀ ਸਭਿਆਚਾਰਕ ਸਰਗਰਮੀਆਂ ਤੇਜ਼ ਕਰਨ, ਬੇਹੁੱਦਾ ਅਤੇ ਭੱਦੀ ਗਾਇਕੀ ਨੂੰ ਠੱਲ ਪਾਉਂਣ ਕੈਪਟਨ ਸਰਕਾਰ,  ਵਿਰੋਧੀ ਧਿਰ ਸਮੇਤ ਸਾਰੀਆਂਰਾਜਨੀਤੀਕ ਧਿਰਾਂ ਨਾਲ ਰਾਬਤਾ ਕਰਨਾ ਇੱਕ ਠੋਸ ਕਦਮ ਹੈ ਜਿਸਤੋਂ ਚੰਗੇ ਨਤੀਜਿਆਂ ਦੀ ਉਮੀਦ ਹੈ। ਇਸਦੇ ਨਾਲ ਹੀ ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਵਿਰੁੱਧ ਕਾਨੂੰਨੀ ਚਾਰਾਜੋਈ ਕਰਨ ਦੇ ਸਾਰੇ ਅਧਿਕਾਰ ਪ੍ਰਧਾਨ ਇੰਦਰਜੀਤ ਰੂਪੋਵਾਲੀ ਤੇ ਜਨਰਲ ਸਕੱਤਰ ਸੰਜੀਵਨ ਸਿੰਘ ਨੂੰ ਦਿੱਤੇ ਗਏ। ਅਜਿਹੇ ਕਈ ਅਹਿਮ ਅਤੇ ਹੋਰ ਜੱਥੇਬੰਦਕ ਫੈਸਲੇ ਇਪਟਾ ਪੰਜਾਬ ਦੀ ਹੋਈ ਅਹਿਮ ਕਾਜਕਾਰਨੀ ਵਿਚ ਲਏ ਗਏ। ਇਸ ਇਕੱਤਰਤਾ ਵਿਚ ਇਪਟਾ, ਪੰਜਾਬ ਦੇ ਅਹੁੱਦੇਦਾਰ ਅਤੇ ਕਾਰਕੁੰਨ ਦੀਨਾ ਨਗਰ (ਪਠਾਨਕੋਟ) ਤੋਂ ਡਾ. ਸੁਰੇਸ਼ ਮਹਿਤਾ, ਮੋਰਿੰਡਾ ਤੋਂ ਰਾਬਿੰਦਰ ਸਿੰਘ ਰੱਬੀ, ਰੋਪੜ ਤੋਂ ਅਮਨ ਭੋਗਲ, ਕਪੂਰਥਲਾਂ ਤੋਂ ਇੰਦਰਜੀਤ ਰੂਪੋਵਾਲੀ, ਮੁਹਾਲੀ ਤੋਂ ਸੰਜੀਵਨ ਸਿੰਘ, ਲੁਧਿਆਣਾਂ ਤੋਂ ਪ੍ਰਦੀਪ ਸ਼ਰਮਾ, ਅੰਮ੍ਰਿਤਸਰ ਸਾਹਿਬ ਤੋਂ ਬਲਬੀਰ ਮੂਦਲ, ਫਿਲੋਰ ਤੋਂ ਗਮਨੂੰ ਬਾਂਸਲ ਅਤੇ ਮੋਗੇ ਤੋਂ ਅਮਰਜੀਤ ਮੋਹੀ ਸ਼ਾਮਿਲ ਹੋਏ।
ਇਪਟਾ ਦਾ ਮੰਨਣਾ ਹੈ ਕਿ ਨਿੱਤ ਦਿਨ ਵਿਆਹ ਸ਼ਾਦੀਆਂ ਵਿਚ ਸ਼ਰੇਆਮ ਗੋਲੀਆਂ ਚੱਲਾ ਕੇ ਕਤਲ ਕਰਨ, ਬਲਾਤਕਾਰ, ਗੁੰਡਾਗਰਦੀ ਦੀਆਂ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਲਈ ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਹੀ ਜ਼ੁੰਮੇਵਾਰ ਹੈ। ਹੋਰਨਾਂ ਪ੍ਰਦੂਸ਼ਣਾਂ ਵਾਂਗ ਹੀ ਸਭਿਆਚਾਰਕ ਪ੍ਰਦੂਸ਼ਨ ਵੀ ਮਨੁੱਖ ਅਤੇ ਸਮਾਜ ਲਈ ਨੁਕਾਸਾਨ ਦੇਹ ਹੈ। ਜੇ ਹਾਲੇ ਵੀ ਪੰਜਾਬੀ ਸਭਿਆਚਾਰ ਅਤੇ ਵਿਰਸੇ ਨੂੰ ਲੱਚਰ, ਅਸ਼ਲੀਲ ਅਤੇ ਹਿੰਸਕ ਗਾਇਕੀ ਰਾਹੀਂ ਵਿਗਾੜਣ ਦੇ ਹੋ ਰਹੇ ਯਤਨਾਂ ਪ੍ਰਤੀ ਗੰਭੀਰਤਾ ਨਾਲ ਨਾ ਸੋਚਿਆ ਤਾਂ ਅਸੀਂ ਸਭ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਭ ਤੋਂ ਵੱਡੇ ਗੁਨਾਹਗਾਰ ਹੋਵਾਂਗੇ। ਇਸ ਇਨਸਾਨੀਅਤ ਵਿਰੋਧੀ ਵੱਗ ਰਹੀ ਹਵਾ ਨੂੰ ਠੱਲ ਪਾਉਂਣਾ  ਕੱਲੇ-ਕਾਰੇ ਵਿਆਕਤੀ ਜਾਂ ਸੰਸਥਾਂ ਦੇ ਵਿਰੋਧ ਨਾਲ ਠੱਲ ਨਹੀਂ ਪੈਣੀ ਸਗੋਂ ਸਭ ਨੂੰ ਇਕ-ਮੁੱਠ ਅਤੇ ਇਕ ਜੁੱਟ ਹੋਕੇ ਆਪਣਾ ਵਿਰੋਧ ਬੁਲੰਦ ਆਵਾਜ਼ ਵਿਚ ਪ੍ਰਗਟ ਕਰਨਾ ਹੋਵੇਗਾ। ਹੁਣ ਦੇਖਣਾ ਇਹ ਹੈ ਕਿ ਇਪਟਾ ਦੇ ਇਸ ਕਦਮ ਨੂੰ ਹੋਰ ਕਿਹੜੀਆਂ ਕਿਹੜੀਆਂ ਸੰਸਥਾਵਾਂ ਇਸ ਨੇਕ ਮਕਸਦ ਲਈ ਹੁੰਗਾਰਾ ਭਰਦੀਆਂ ਹਨ। ਇਸ ਲੋਕ ਪੱਖੀ ਐਕਸ਼ਨ ਦੇ ਨਾਲ ਹੀ ਇਪਟਾ ਇੱਕ ਵਾਰ ਫੇਰ ਮੂਹਰਲੀਆਂ ਸਫ਼ਾਂ ਵਿੱਚ ਆ ਜਾਵੇਗੀ। 

No comments: