Thursday, March 23, 2017

ਉਸ ਦੇ ਸ਼ਬਦ ਕੋਸ਼ ਵਿੱਚ ਲਿਖਿਆ ਇੱਕ ਵਾਰੀ ਵੀ ਹਾਰ ਨਹੀਂ ਸੀ

ਸ਼ਹੀਦੀ ਦਿਵਸ ਮੌਕੇ ਵਿਸ਼ੇਸ਼ 
ਲੁਧਿਆਣਾ: 23 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
23 ਮਾਰਚ ਨੂੰ ਸ਼ਹੀਦੀ ਦਿਵਸ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਤਾਂ ਬਹੁਤ ਕੁਝ ਚੰਗਾ ਵੀ ਹੋਣਾ ਹੈ ਪਰ ਅਜਿਹਾ ਕੁਝ ਵੀ ਨਜ਼ਰੀਂ ਨਹੀਂ ਪਿਆ ਜਿਸ ਨੂੰ ਸੱਚੇ ਸ਼ਬਦਾਂ ਵਿੱਚ ਇਸ ਸ਼ਹੀਦੀ ਦਿਵਸ ਮੌਕੇ ਅਸਲੀ ਸ਼ਰਧਾਂਜਲੀ ਕਿਹਾ ਜਾ ਸਕੇ।  ਸ਼ਹੀਦੀ ਸਮਾਰਕ 'ਤੇ ਬੜੇ ਲੋਕਾਂ ਨੇ ਨਾਅਰੇ ਲਾਏ---
ਭਗਤ ਸਿੰਘ ਤੇਰੀ ਸੋਚ 'ਤੇ, ਫਿਰ ਦਿਆਂਗੇ ਠੋਕ ਕੇ। 
ਜਦੋਂ ਬੁੱਤ ਤੋਂ ਥੱਲੇ ਉਤਰੇ ਤਾਂ ਇਹਨਾਂਚੋਂ ਕੁਝ ਕੁ ਨੂੰ ਪੁੱਛਿਆ--ਜ਼ਰਾ ਦੱਸਿਓ ਭਲਾ ਜੀ ਕੀ ਸੀ ਸ਼ਹੀਦਾਂ ਦੀ ਸੋਚ? ਜੁਆਬ ਆਪੋ ਆਪਣੀਆਂ ਸਿਆਸੀ ਸੋਚਾਂ ਵਾਲੇ ਸਨ ਅਤੇ ਇਹਨਾਂ ਵਿੱਚ ਭਗਤ ਸਿੰਘ ਤਾਂ ਕਿਧਰੇ ਵੀ ਨਜ਼ਰ ਨਹੀਂ ਸੀ ਆਉਂਦਾ। ਕਈਆਂ ਨੇ ਇਸ ਮੌਕੇ ਲੰਗਰ ਵੀ ਲਾਏ। ਇਸ ਸਭ ਕੁਝ ਦੀ ਚਰਚਾ ਕਿਸੇ ਵੱਖਰੀ ਪੋਸਟ ਵਿੱਚ ਪਰ ਫਿਲਹਾਲ ਪੜ੍ਹੋ  ਉੱਘੇ ਸ਼ਾਇਰ ਡਾਕਟਰ ਗੁਰਭਜਨ ਸਿੰਘ ਗਿੱਲ ਹੁਰਾਂ ਦੀ ਇੱਕ ਗ਼ਜ਼ਲ ਜਿਹੜੀ 23 ਮਾਰਚ 1988 ਨੂੰ  ਤਲਵੰਡੀ ਸਲੇਮ ਵਿੱਚ  ਸ਼ਹੀਦ ਕੀਤੇ ਗਏ  ਪ੍ਰਸਿੱਧ ਲੋਕ ਸ਼ਾਇਰ ਪਾਸ਼ ਨੂੰ ਸਮਰਪਿਤ ਹੈ। ਇਹ ਹੁਣੇ ਹੁਣੇ ਹੀ ਮਿਲੀ ਇਸ ਲਈ ਪੋਸਟ ਕਰਨ ਵਿੱਚ ਹੋਈ ਦੇਰੀ ਲਈ ਵੀ ਖਿਮਾ। 
ਗ਼ਜ਼ਲ// ਗੁਰਭਜਨ ਗਿੱਲ
ਬਲ਼ਦੀ ਜਿਓਂ ਪਰਚੰਡ ਜਵਾਲਾ, ਪਾਸ਼ ਕੋਈ ਅਵਤਾਰ ਨਹੀਂ ਸੀ। 
 ਜਿੰਨਾ ਵੀ ਸੀ ਲਟ ਲਟ ਬਲ਼ਿਆ, ਉਹ ਕੱਲ੍ਹਾ ਇਕਰਾਰ ਨਹੀਂ ਸੀ। 

ਜਦ ਵੀ ਆਉਂਦਾ ਵਾਂਗ ਹਨ੍ਹੇਰੀ , ਝੱਖੜ ਵਾਂਗੂੰ ਝੁੱਲ ਜਾਂਦਾ ਉਹ, 
ਤਿੱਖੀ  ਤੇਜ਼ ਨਜ਼ਰ ਦਾ ਸਾਂਈਂ, ਉਹ ਧਰਤੀ ਤੇ ਭਾਰ ਨਹੀਂ ਸੀ। 

ਅੱਥਰੂ ਨਹੀਂ ਸੀ ,ਹਾਉਕਾ ਵੀ ਨਾ ,ਉਹ ਸੀ ਬਿਖੜਾ ਸਫ਼ਰ ਨਿਰੰਤਰ, 
ਉਸ ਦੇ ਸ਼ਬਦ ਕੋਸ਼ ਵਿੱਚ ਲਿਖਿਆ ਇੱਕ ਵਾਰੀ ਵੀ ਹਾਰ ਨਹੀਂ ਸੀ। 

ਵਿਧ ਮਾਤਾ ਤੋਂ ਮਰਨ ਦਿਹਾੜਾ ਉਸ ਨੇ ਲਾਗੇ ਬਹਿ ਲਿਖਵਾਇਆ, 
ਤੇਈ ਮਾਰਚ ਤੋਂ ਵੱਧ ਸੋਹਣਾ ਹੋਰ ਕੋਈ ਤਿਥ ਵਾਰ ਨਹੀਂ ਸੀ। 

ਉਸ ਦਾ ਜਾਣਾ ਏਦਾਂ ਲੱਗਿਆ ਜਿਓਂ  ਕਲਬੂਤੋਂ ਰੂਹ ਉੱਡ ਜਾਵੇ,
ਜਿਸ ਦਿਨ ਮਾਰ ਉਡਾਰੀ ਉੱਡਿਆ ਕੰਬੀ ਕਿਹੜੀ ਤਾਰ ਨਹੀਂ ਸੀ। 

ਹੰਸ ਰਾਜ* ਚੱਲ ਨ੍ਹਾਵਣ ਚੱਲੀਏ, ਲੈ ਕੇ ਵਾਂਗ ਭਰਾਵਾਂ ਤੁਰਿਆ, 
ਨਾਲ ਸਵਾਸਾਂ ਨਿਭਣੇਹਾਰਾ, ਉਸ ਤੋਂ ਪੱਕਾ ਯਾਰ ਨਹੀਂ ਸੀ। 

ਸਾਲਮ ਸੂਰਾ ਸ਼ਬਦ ਬਾਣ ਸੀ , ਵੈਰੀ ਵਿੰਨਦਾ  ਲਿਖ ਕਵਿਤਾਵਾਂ,
ਵੇਖਣ ਨੂੰ ਉਸ ਦੇ ਹੱਥ ਭਾਵੇਂ  ਤਿੱਖੀ ਤੇਜ਼ ਕਟਾਰ ਨਹੀਂ ਸੀ। 

* ਹੰਸ ਰਾਜ ਸਾਡੇ ਕਵੀ ਪਾਸ਼  ਦਾ ਬਾਲ ਸਖਾ ਮਿੱਤਰ, ਜੋ ਉਸ ਦੇ ਨਾਲ ਹੀ 23 ਮਾਰਚ 1988 ਨੂੰ ਕਤਲ ਹੋਇਆ ਸੀ। 
Gurbhajansinghgill@ gmail. Com
Phone: 9872631199

No comments: