Friday, March 17, 2017

ਪ੍ਰੇਮ ਅਤੇ ਮਨੁੱਖਤਾ ਦੇ ਰੰਗ ਵਿੱਚ ਰੰਗਣ ਵਾਲਾ ਵਾਲਾ ਹੋਲਾ ਮੋਹੱਲਾ ਸ਼ੁਰੂ

ਜੀਵਨ ਨਗਰ ਵਿਖੇ ਜੋਸ਼ੋਖਰੋਸ਼ ਨਾਲ ਜਾਰੀ ਹੈ ਰੂਹਾਨੀ ਰੰਗ ਵਾਲਾ ਉਤਸਵ 
ਲੁਧਿਆਣਾ: 17 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਛੋਟੀ ਜਿਹੀ ਜ਼ਿੰਦਗੀ। ਪਤਾ ਨਹੀਂ ਅਗਲਾ ਸਾਹ ਆਉਣਾ ਵੀ ਹੈ ਜਾਂ ਨਹੀਂ ਆਉਣਾ। ਏਨੀ ਨਾਸ਼ਵਾਨ ਅਤੇ ਬੇਯਕੀਨੀ ਵਾਲੀ ਜ਼ਿੰਦਗੀ ਵਿੱਚ ਕਈ ਕਾਰਨਾਂ ਕਰਕੇ ਉਦਾਸੀ, ਨਿਰਾਸ਼ਾ, ਨਫਰਤ ਅਤੇ ਸਾੜੇ ਜਦੋਂ ਆਪਣੀ ਥਾਂ ਬਣਾਉਂਦੇ ਹਨ ਤਾਂ ਮਨੁੱਖ ਨੂੰ ਕਿਸੇ ਥਾਂ ਜੋਗਾ ਨਹੀਂ ਰਹਿਣ ਦੇਂਦੇ। ਤਨ ਮਨ ਦੇ ਇਹਨਾਂ ਵਿਕਾਰਾਂ ਅਤੇ ਰੋਗਾਂ ਨਾਲ ਜ਼ਿੰਦਗੀ ਨਿਰਜਿੰਦ ਜਿਹੀ ਹੋ ਜਾਂਦੀ ਹੈ ਤਾਂ ਧਾਰਮਿਕ ਸ਼ਖਸੀਅਤਾਂ ਇਸਦਾ ਇਲਾਜ ਬੜੇ ਅਲੌਕਿਕ ਢੰਗ ਨਾਲ ਕਰਦੀਆਂ ਹਨ। ਖੇਡ ਖੇਡ ਵਿੱਚ ਜਦੋਂ ਰੰਗਾਂ ਨੂੰ ਇੱਕ ਦੂਜੇ ਉੱਤੇ ਉਡਾਇਆ ਜਾਂਦਾ ਹੈ ਤਾਂ ਉਹਨਾਂ ਉੱਡਦੇ ਰੰਗਾਂ ਨਾਲ ਮਨ ਦੇ ਵਿਕਾਰ ਵੀ ਉੱਡ ਜਾਂਦੇ ਹਨ। ਉਹਨਾਂ ਦੇ ਉਡਦਿਆਂ ਹੀ ਮਨ ਵਿੱਚ ਕੁਦਰਤ ਦਾ ਰੰਗ ਆਉਂਦਾ ਹੈ। ਮਨੁੱਖਤਾ ਦੀ ਭਾਵਨਾ ਜਾਗ੍ਰਤ ਹੁੰਦੀ ਹੈ ਅਤੇ ਪ੍ਰੇਮ ਦੀ ਜੋਤ ਜਗਦੀ ਹੈ। ਸਤਿਗੁਰੂ ਮਨਾਂ ਦੇ ਹਨੇਰੀਆਂ ਨੂੰ ਕੰਨੋ ਫੜ ਕੇ ਬਾਹਰ ਨਹੀਂ ਕੱਢਦਾ ਬਲਕਿ ਮਨਾਂ ਵਿੱਚ ਰੂਹਾਨੀ ਜੋਤ ਜਗਾਉਂਦਾ ਹੈ, ਚਾਨਣ  ਕਰਦਾ ਹੈ ਅਤੇ ਮਨੁੱਖ ਦੀ ਜ਼ਿੰਦਗੀ ਦੇ ਨਾਲ ਨਾਲ ਉਸਦੀ ਕਿਸਮਤ ਵੀ ਬਦਲ ਦੇਂਦਾ ਹੈ।  ਇਹੀ ਕ੍ਰਿਸ਼ਮਾ ਇਸ ਵੇਲੇ ਨਾਮਧਾਰੀ ਗੁਰਦਵਾਰਾ ਜੀਵਨ ਨਗਰ ਵਿੱਚ ਦੇਖਿਆ ਜਾ ਸਕਦਾ ਹੈ। ਗੁਰਬਾਣੀ ਦੇ ਰੰਗ ਅਤੇ ਗੁਰਬਾਣੀ ਸੰਗੀਤ ਦੀਆਂ ਧੁਨਾਂ ਸੰਗਤਾਂ ਨੂੰ ਕਿਸੇ ਅਜਿਹੇ ਰਸ ਰੰਗ ਵਿੱਚ ਲੈ ਜਾਂਦੀਆਂ ਹਨ ਜਿੱਥੇ ਜਾ ਕੇ ਦੁਨੀਆ ਦੇ ਦੁੱਖਾਂ ਅਤੇ ਗਮਾਂ ਦਾ ਸੰਤਾਪ ਨਹੀਂ ਪਹੁੰਚਦਾ।  
ਹੋਲੇ ਮੋਹੱਲੇ ਦਾ ਰੰਗਾਂ ਭਰਿਆ ਪਾਵਨ ਤਿਓਹਾਰ ਇਸ ਵਾਰ ਵੀ ਜੀਵਨ ਨਗਰ ਵਿਖੇ ਪੂਰੇ ਨਾਮਧਾਰੀ ਖਾਲਸਾਈ ਜਾਹੋ ਜਲਾਲ ਜੀਵਨ ਨਗਰ ਵਿਖੇ ਸ਼ੁਰੂ ਹੋ ਗਿਆ। ਜੀਵਨ ਨਗਰ ਵਿਖੇ ਇਸ ਨੂੰ ਬੜੀ ਸ਼ਰਧਾ, ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਨਾਲ ਮਨਾਇਆ ਜਾ ਰਿਹਾ ਹੈ।  ਪੰਥਕ ਏਕਤਾ ਨਾਮਧਾਰੀ ਸੰਗਤਾਂ ਵੱਲੋਂ ਸਤਿਗੁਰੂ ਠਾਕੁਰ ਦਲੀਪ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਇਹ ਉਤਸਵ ਬੜੀ ਧੂਮ ਧਾਮ ਨਾਲ ਸ਼ੁਰੂ ਹੋਇਆ। ਸ੍ਰੀ ਸਤਿਗੁਰ ਰਾਮ ਸਿੰਘ ਜੀ ਦੇ 201ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਹੋਲਾ ਮੋਹੱਲਾ ਸਮੂਹ ਸੰਗਤ ਵੱਲੋਂ ਸ਼ਾਨੋ ਸ਼ੌਕਤ ਨਾਲ ਆਰੰਭ ਹੋਇਆ। ਪ੍ਰਧਾਨ ਦਰਸ਼ਨ ਸਿੰਘ ਰਾਏਸਰ ਨੇ ਇਸਦੀ ਜਾਣਕਾਰੀ ਦੇਂਦਿਆਂ ਦੱਸਿਆ ਕਿ ਨਿਸਚਿਤ ਮਰਿਯਾਦਾ ਅਨੁਸਾਰ ਨਾਮਧਾਰੀ ਪੰਥ ਦੇ ਪ੍ਰਮੁੱਖ ਜੱਥੇਦਾਰਾਂ ਵੱਲੋਂ ਆਸ ਦੀ ਵਾਰ ਦਾ ਰਸਭਿੰਨਾ ਕੀਰਤਨ ਅੰਮ੍ਰਿਤ ਵਰਖਾ ਕਰਦਾ ਹੈ। ਦੀਵਾਨ ਸਜਾਏ ਜਾਂਦੇ ਹਨ ਅਤੇ ਉੱਘੇ ਕਵੀਆਂ ਵੱਲੋਂ ਆਪੋ ਆਪਣੇ ਕਲਾਮ ਪੇਸ਼ ਕੀਤੇ ਜਾਂਦੇ ਹਨ। ਬਾਬਾ ਛਿੰਦਾ ਜੀ ਅਤੇ ਜੱਥੇਦਾਰ ਗੁਰਦੀਪ ਸਿੰਘ (ਸ੍ਰੀ ਭੈਣੀ ਸਾਹਿਬ) ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਉਚੇਚੇ ਤੌਰ ਤੇ ਪੁੱਜੇ ਹੋਏ ਹਨ। ਜੱਥੇਦਾਰ ਇਕਬਾਲ ਸਿੰਘ ਦਾ ਜੱਥਾ ਵੀ ਉਚੇਚੇ ਤੌਰ ਤੇ ਪੁੱਜਿਆ ਹੋਇਆ ਹੈ। ਸੰਗਤਾਂ ਵਿੱਚ ਇਹਨਾਂ ਸਾਰਿਆਂ ਦੇ ਕੀਰਤਨ ਨੂੰ ਸੁਣਨ ਦੀ ਬਹੁਤ ਤਾਂਘ ਹੈ। ਕੀਰਤਨ ਦੇ ਨਾਲ ਨਾਲ ਗੁਰਬਾਣੀ ਦੀ ਰੌਸ਼ਨੀ ਵਿੱਚ ਸ਼ਬਦਾਰਥ, ਭ ਅਰਥ ਅਤੇ ਕਥਾ ਚਰਚਾ ਵੀ ਹੁੰਦੀ ਹੈ। ਇਸ ਸਾਰੇ ਉਤਸਵ ਦਾ ਪ੍ਰਬੰਧ ਸੰਗਤਾਂ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਨੇ ਵੀ ਬੜੀ ਸ਼ਰਧਾ ਨਾਲ ਕੀਤਾ ਹੈ। ਇਹ ਵੇਰਵਾ ਦੇਂਦਿਆਂ ਪ੍ਰਧਾਨ ਦਰਸ਼ਨ ਸਿੰਘ ਰਾਏਸਰ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਉਤਸਵ ਦਾ ਸਮਾਪਨ ਸ੍ਰੀ ਸਤਿਗੁਰੂ ਠਾਕੁਰ ਦਲੀਪ ਸਿੰਘ ਜੀ ਦੀ ਪਾਵਨ ਹਜ਼ੂਰੀ ਵੀ ਹੋਵੇਗਾ। ਵਕੀਲ ਨਰਿੰਦਰ ਸਿੰਘ, ਸੂਰਾ ਭਗਤ ਸਿੰਘ, ਜਸਵੀਰ ਸਿੰਘ, ਅੰਗਰੇਜ਼ ਸਿੰਘ ਅਤੇ ਸੂਬਾ ਬਲਵੀਰ ਸਿੰਘ ਵੀ ਇਸ ਮੌਕੇ ਮੌਜੂਦ ਸਨ। ਕੁਲ ਮਿਲਾ ਕੇ ਇਹ ਉਤਸਵ ਦੁੱਖਾਂ ਤਕਲੀਫ਼ਾਂ ਮਾਰੇ ਵਿਅਕਤੀ ਦੇ ਤਨ ਮਨ ਨੂੰ ਰੂਹਾਨੀ ਰੰਗ ਵਿੱਚ ਰੰਗ ਕੇ ਮਜ਼ਬੂਤ ਵੀ ਬਣਾਉਂਦਾ ਹੈ ਅਤੇ ਖੇੜਾ ਵੀ ਦੇਂਦਾ ਹੈ। ਜੇ ਤੁਸੀਂ ਪਹਿਲਾਂ ਕਦੇ ਵੀ ਰੰਗਾਂ ਦੇ ਇਹਨਾਂ ਕ੍ਰਿਸ਼ਮਿਆਂ ਨੂੰ ਨਹੀਂ ਦੇਖਿਆ ਤਾਂ ਜੀਵਨ ਨਗਰ ਤੋਂ ਆਉਂਦੇ ਸੁਰੀਲੇ ਸੱਦੇ ਤੁਹਾਨੂੰ ਵੀ ਬੁਲਾ ਰਹੇ ਹਨ। ਆਪ ਵੀ ਸ਼ਾਮਲ ਹੋਵੇ, ਹੋਰਨਾਂ ਨੂੰ ਵੀ ਲਿਜਾਓ ਅਤੇ ਖੁਦ ਜਾ ਕੇ ਦੇਖੋ ਕਿ ਗੁਰਬਾਣੀ ਦਾ ਰੰਗ ਉੱਥੇ ਸਾਰੇ ਵਿਤਕਰਿਆਂ ਅਤੇ ਵਖਰੇਵਿਆਂ ਨੂੰ ਮਿਟਾਉਂਦਾ ਹੋਇਆ ਸਭਨਾਂ ਨੂੰ ਕਿਵੇਂ ਇੱਕ ਰੰਗ ਵਿੱਚ ਰੰਗ ਰਿਹਾ ਹੈ। 
  

No comments: