Friday, March 10, 2017

ਪੀ ਏ ਯੂ ਨੇ ਲਗਾਇਆ ਨਾਗਕਲਾਂ ਜਹਾਂਗੀਰ ਵਿਖੇ ਕਿਸਾਨ ਮੇਲਾ

ਖੇਤੀ ਆਮਦਨ ਵਧਾਉਣ ਲਈ ਨਵੀਆਂ ਖੇਤੀ ਤਕਨੀਕਾਂ ਨੂੰ ਸਮਝੋ-ਡਾ.ਗੋਸਲ
ਡਾ.ਸਤਬੀਰ ਸਿੰਘ ਗੋਸਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ
ਲੁਧਿਆਣਾ : 10  ਮਾਰਚ 2017: (ਪੰਜਾਬ ਸਕਰੀਨ ਬਿਊਰੋ):: 
ਜਦੋਂ ਸਿਆਸੀ ਲੋਕਾਂ ਦੀਆਂ ਨਜ਼ਰਾਂ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਵੱਲ ਲੱਗੀਆਂ ਹੋਈਆਂ ਹਨ ਉਦੋਂ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਮ ਲੋਕਾਂ ਨੂੰ ਆਪਣੇ ਪੈਰਾਂ ਉੱਤੇ ਖੜੇ ਕਰਨ ਅਤੇ ਉਹਨਾਂ ਦੀ ਆਰਥਿਕ ਹਾਲਤ ਨੂੰਸੁਧਾਰਨ ਵਾਲੇ ਪਾਸੇ ਜੁੱਟੀ  ਹੋਈ ਹੈ। ਇਸ ਮਕਸਦ ਲਈ ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਪੰਜਾਬ ਭਰ ਵਿੱਚ ਮੇਲੇ ਲਾਉਣ  ਦਾ ਸਿਲਸਿਲਾ ਜਾਰੀ ਹੈ।  ਇਸ ਵਾਰ ਵੀ ਇਹ ਮੇਲੇ ਜ਼ੋਰਸ਼ੋਰ  ਨਾਲ ਜਾਰੀ ਹਨ। ਚੋਣ ਨਤੀਜਿਆਂ ਤੋਂ ਐਨ ਇੱਕ ਦਿਨ ਪਹਿਲਾਂ ਦਸ ਮਾਰਚ ਨੂੰ ਫਰੀਦਕੋਟ ਵਿਖੇ ਅਤੇ ਅੰਮ੍ਰਿਤਸਰ ਦੇ ਨਾਗਕਲਾਂ ਜਹਾਂਗੀਰ ਵਿਖੇ ਇੱਕੋ ਵੇਲੇ ਦੋ ਮੇਲੇ ਲਾਏ ਗਏ। ਇਹਨਾਂ ਮੇਲਿਆਂ ਰਹਿਣ ਜਿੱਥੇ ਪੀਏਯੂ  ਨੇ ਖੇਤੀ ਖੋਜਾਂ ਨੂੰ ਕਿਸਾਨਾਂ ਦੇ ਘਰਾਂ ਤੱਕ ਜਾ ਕੇ ਸਮਝਾਇਆ ਉੱਥੇ ਸਹਾਇਕ ਧੰਦਿਆਂ ਰਾਹੀਂ  ਉਹਨਾਂ ਦੀ ਆਰਥਿਕ ਹਾਲਤ ਸੁਧਾਰਨ ਦੇ ਉਪਰਾਲੇ ਵੀ ਕੀਤੇ। ਇਹਨਾਂ ਮੇਲਿਆਂ ਵਿਛਕ ਪੀਏਯੂ ਤੋਂ ਸਿਖਲਾਈ ਪ੍ਰਾਪਤ ਪਰਿਵਾਰਾਂ ਦੇ ਸਾਮਾਨ ਦੀ ਕਾਫੀ ਵਿਕਰੀ ਹੋ ਜਾਂਦੀ ਹੈ।  ਸਹਾਇਕ ਧੰਦਿਆਂ ਰਾਹੀਂ  ਆਪੋ ਆਪਣੇ ਘਰਾਂ ਦੀ ਹਾਲਤ ਸੁਧਾਰਨ ਵਾਲਿਆਂ ਵਿਛਕ ਔਰਤਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੇਤੀ ਵਿਗਿਆਨ ਕੇਂਦਰ, ਅੰਮ੍ਰਿਤਸਰ ਵਿਖੇ ਮਿਤੀ 10 ਮਾਰਚ, 2017 ਨੂੰ ਕਿਸਾਨ ਦਿਵਸ ਦਾ ਆਯੋਜਨ ਕੀਤਾ ਗਿਆ। ਉਦਘਾਟਨੀ ਸਮਾਰੋਹ ਮੌਕੇ ਯੂਨੀਵਰਸਿਟੀ ਤੋਂ ਡਾ.ਸਤਬੀਰ ਸਿੰਘ ਗੋਸਲ, ਮੈਂਬਰ ਪ੍ਰਬੰਧਕੀ ਬੋਰਡ, ਪੀਏਯੂ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਉਹਨਾਂ ਨੇ ਕੇਂਦਰ ਵਿੱਚ ਲੱਗੀਆਂ ਹਾੜ ਦੀਆਂ ਫਸਲਾਂ ਦੇ ਪ੍ਰਦਰਸ਼ਨੀ ਪਲਾਟਾਂ ਅਤੇ ਵੱਖ-ਵੱਖ ਮਹਿਕਮਿਆਂ ਵੱਲੋਂ ਲਾਈਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। ਡਾ ਪੁਸ਼ਪਿੰਦਰ ਸਿੰਘ ਔਲਖ ਵਧੀਕ ਨਿਰਦੇਸ਼ਕ ਪਸਾਰ ਸਿਖਿਆ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਕਿਸਾਨਾਂ ਨੂੰ 'ਜੀ ਆਇਆ' ਕਿਹਾ।
ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ ਡਾ ਸਰਵਜੀਤ ਸਿੰਘ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ 100 ਤੋਂ ਵੱਧ ਫਸਲਾਂ ਤੇ ਖੋਜ ਕਾਰਜ ਨੇਪਰੇ ਚਾੜੇ ਜਾ ਰਹੇ ਹਨ ਅਤੇ ਹੁਣ ਤੱਕ ਵੱਖ-ਵੱਖ ਫਸਲਾਂ ਦੀਆਂ 757 ਕਿਸਮਾਂ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ, ਜਿਨ•ਾਂ ਵਿੱਚੋਂ 150 ਕਿਸਮਾਂ ਨੂੰ ਪੰਜਾਬ ਤੋਂ ਬਾਹਰ ਵੀ ਸਿਫਾਰਸ਼ ਕੀਤੇ ਹੋਣ ਦਾ ਮਾਣ ਹਾਸਲ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੀ ਇਨ-ਬਿਨ ਪਾਲਣਾ ਆਪਣੇ ਖੇਤਾਂ ਵਿੱਚ ਕਰਨ। ਉਹਨਾਂ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਵੱਲ ਤੁਰਨ ਲਈ ਕਿਹਾ।
ਇਸ ਮੌਕੇ ਡਾ. ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਆਪਣੀ ਆਮਦਨ  ਵਧਾਉਣ ਲਈ ਨਵੀਆਂ ਖੇਤੀ ਤਕਨੀਕਾਂ ਨਾਲ ਜੁੜਨਾ ਚਾਹੀਦਾ ਹੈ। ਡਾ. ਗੋਸਲ ਨੇ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਸਾਫ਼ ਰੱਖਣ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਇ ਇਸਨੂੰ ਖਾਦ ਬਨਾਉਣ ਲਈ ਵਰਤਣਾ ਚਾਹੀਦਾ ਹੈ। ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੀਆਂ ਨਵੀਂਆਂ ਤਕਨੀਕਾਂ ਜਿਵੇਂ ਕਿ ਨਾਈਟਰੋਜਨ ਬਚਾਉਣ ਵਾਸਤੇ ਪੱਤਾ ਰੰਗ ਚਾਰਟ, ਪਾਣੀ ਨੂੰ ਬਚਾਉਣ ਵਾਸਤੇ ਟੈਂਸ਼ਿਊਮੀਟਰ ਅਤੇ ਕਣਕ ਦੀ ਬਿਜਾਈ ਵਾਸਤੇ ਹੈਪੀ ਸੀਡਰ ਦੀ ਵਰਤੋਂ ਕਰਨੀ ਚਾਹੀਦੀ ਹੈ।ਉਹਨਾਂ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਵਿਭਿੰਨਤਾ ਸਮੇਂ ਦੀ ਲੋੜ ਹੈ, ਇਸ ਲਈ ਸਾਨੂੰ ਆਪਣੇ ਘਰ ਲਈ ਸਬਜ਼ੀਆਂ ਅਤੇ ਦਾਲਾਂ ਦੀ ਪੈਦਾਵਾਰ ਜ਼ਰੂਰ ਕਰਨੀ ਚਾਹੀਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੁੱਢਲੇ ਖਰਚਿਆਂ ਤੇ ਕਟੌਤੀ ਕਰਨਾ ਸਮੇਂ ਦੀ ਮੁੱਖ ਮੰਗ ਹੈ ਅਤੇ ਸਾਨੂੰ ਹਮੇਸ਼ਾ ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਇਸ ਮੌਕੇ ਡਾ ਗੋਸਲ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹਮੇਸ਼ਾਂ ਹੀ ਕਿਸਾਨਾਂ ਦੀ ਸੇਵਾ ਲਈ ਹਾਜ਼ਰ ਹੈ।ਉਹਨਾਂ ਨੇ ਕਿਸਾਨ ਵੀਰਾਂ ਨੂੰ ਕਿਹਾ ਕਿ ਉਹ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਮੇਲਿਆਂ ਵਿੱਚ ਜ਼ਰੂਰ ਪਹੁੰਚਣ ਅਤੇ ਇੱਥੋਂ ਮਾਹਿਰਾਂ ਦੀਆਂ ਨਵੀਆਂ ਤਕਨੀਕਾਂ ਨੂੰ ਸੁਨਣ ਤੋਂ ਇਲਾਵਾ ਖੇਤੀ ਨਾਲ ਸਬੰਧਤ ਕਿਤਾਬਾਂ ਪੜਨ ਦੀ ਸਿਫ਼ਾਰਸ਼ ਵੀ ਕੀਤੀ।
ਇਸ ਮੌਕੇ ਯੂਨੀਵਰਸਿਟੀ ਤੋਂ ਆਏ ਵੱਖ ਵੱਖ ਵਿਸ਼ਾ ਵਸਤੂ ਮਾਹਰਾਂ ਵੱਲੋਂ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ। ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਮੌਕੇ ਤੇ ਦਿੱਤੇ ਗਏ। ਇਸ ਮੌਕੇ ਜ਼ਿਲ•ੇ ਦੇ ਮੁੱਖ ਖੇਤੀਬਾੜੀ ਅਫਸਰ ਡਾ ਡੀ ਐਸ ਛੀਨਾ, ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਆਪਣੀ ਹਾਜ਼ਰੀ ਲਗਵਾਈ।ਇਸ ਕਿਸਾਨ ਦਿਵਸ ਦਾ ਉਦੇਸ਼ ਪੀਏਯੂ ਦੇ ਬੀਜ ਬੀਜੋ, ਸਹਾਇਕ ਧੰਦੇ ਅਪਣਾਉ ਮੰਡੀਕਰਨ ਸੁਚੱਜਾ ਕਰੋ ਲੇਖਾ-ਜੋਖਾ ਲਾਉ ਰੱਖਿਆ ਗਿਆ ਸੀ।  
ਮੇਲੇ ਦੌਰਾਨ ਯੂਨੀਵਰਸਿਟੀ ਦੇ ਬੀਜ ਅਤੇ ਕਿਤਾਬਾਂ ਲੈਣ ਲਈ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਭੀੜ ਰਹੀ। ਅੰਤ ਵਿੱਚ ਧੰਨਵਾਦ ਦੇ ਸ਼ਬਦ ਜਿਲ•ੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ ਭੁਪਿੰਦਰ ਸਿੰਘ ਢਿੱਲੋਂ ਵੱਲੋਂ ਕਹੇ ਗਏ। ਉਹਨਾਂ ਨੇ ਆਪਣੇ ਧੰਨਵਾਦੀ ਭਾਸ਼ਨ ਦੌਰਾਨ ਕਿਹਾ ਕਿ ਕਿਸਾਨ ਮੇਲੇ ਗਿਆਨ ਦੇ ਮੇਲੇ ਹਨ ਅਤੇ ਇਹ ਕਿਸਾਨ ਮੇਲੇ ਕਿਸਾਨ ਵੀਰਾਂ ਦੀ ਸ਼ਮੂਲੀਅਤ ਕਰਕੇ ਹੀ ਜਾਣੇ ਜਾਂਦੇ ਹਨ। ਉੇਹਨਾਂ ਕਿਸਾਨ ਵੀਰਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਹਾਇਕ ਕਿੱਤਿਆਂ ਸਬੰਧੀ ਸਿਖਲਾਈ ਪ੍ਰਾਪਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਵੀ ਪ੍ਰੇਰਿਆ।

No comments: