Thursday, March 16, 2017

ਇਪਟਾ ਪੰਜਾਬ ਦੀ ਕਾਰਜਕਾਰਨੀ ਮੀਟਿੰਗ ਲੁਧਿਆਣਾ ਵਿੱਚ 19 ਮਾਰਚ ਨੂੰ

Thu, Mar 16, 2017 at 1:50 PM
ਇਪਟਾ ਨੂੰ ਫਿਰ ਮਜ਼ਬੂਤ ਕਰਨ ਦੀ ਮੁਹਿੰਮ ਵਿੱਚ ਆ ਸਕਦੀ ਹੈ ਚਮਤਕਾਰੀ ਤੇਜ਼ੀ
ਚੰਡੀਗੜ੍ਹ//ਲੁਧਿਆਣਾ: 16 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਸ਼ਾਨਾਂਮੱਤੇ ਇਤਿਹਾਸ ਵਾਲੀ ਲੋਕ ਪੱਖੀ ਸੰਸਥਾ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਇੱਕ ਵਾਰ ਫੇਰ ਨਵੇਂ ਸਿਰੇ ਤੋਂ ਨਵੇਂ ਜੋਸ਼ ਅਤੇ ਨਵੇਂ ਉਤਸ਼ਾਹ ਨਾਲ ਲੋਕਾਂ ਸਾਹਮਣੇ ਆਉਣ ਦੀ ਤਿਆਰੀ ਵਿੱਚ ਹੈ। ਦਹਿਸ਼ਤਗਰਦੀ ਦੇ ਕਾਲੇ ਦੌਰ, ਵਿਰੋਧੀਆਂ ਦੀਆਂ ਚਾਲਾਂ ਅਤੇ ਸਿਆਸੀ ਉਦਾਸੀਨਤਾ ਦਾ ਸ਼ਿਕਾਰ ਹੋ ਕੇ ਕਮਜ਼ੋਰ ਹੋਈ ਇਪਟਾ ਦੇ ਪ੍ਰਤੀਬੱਧ ਮੈਂਬਰ ਇਸ ਨੂੰ ਇੱਕ ਵਾਰ ਫੇਰ ਪੁਰਾਣੇ ਜੋਸ਼ੋਖਰੋਸ਼ ਵਿੱਚ ਸੁਰਜੀਤ ਕਰਨ ਦੀ ਕੋਸ਼ਿਸ਼ ਵਿੱਚ ਹਨ। ਇਸ ਮਕਸਦ ਲਈ ਜੱਥੇਬੰਦਕ ਕਮਜ਼ੋਰੀਆਂ ਅਤੇ ਵਿਰੋਧੀਆਂ ਦੇ ਹਮਲਿਆਂ ਖਾਸ ਕਰਕੇ ਆਰ ਐਸ ਐਸ ਹਮਾਇਤੀਆਂ ਵੱਲੋਂ ਇੰਦੌਰ ਵਿਚ ਹੋਏ ਹਮਲੇ ਦੀਆਂ ਘਟਨਾਵਾਂ ਨੂੰ ਬਹੁਤ ਡੂੰਘਾਈ ਨਾਲ ਵਿਚਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇੰਦੌਰ  ਵਿਖੇ ਇਪਟਾ ਸੰਮੇਲਨ ਉੱਤੇ ਹੋਏ ਹਮਲੇ ਦੀ ਦੇਸ਼ ਭਰ ਵਿੱਚ ਕਾਫੀ ਨਿੰਦਾ ਹੋਈ ਸੀ ਪਰ ਕਾਰਨ ਕਈ  ਹੋਰ ਵੀ ਹਨ। ਕਿਸੇ ਵੇਲੇ ਲੋਕ ਕਲਾਕਾਰਾਂ ਦੀ ਸਿਰਮੌਰ ਮੰਨੀ ਜਾਂਦੀ ਸੰਸਥਾ ਨੂੰ ਸ਼ਾਇਦ ਕਿਸੇ ਦੀ ਨਜ਼ਰ ਲੱਗ ਗਈ। ਖੱਬੀਆਂ ਧਿਰਾਂ ਨਾਲ ਸਬੰਧਿਤ ਇਪਟਾ ਦਾ ਬਹੁਤ ਸਾਰਾ ਕੇਡਰ ਰਵਾਇਤੀ ਖੱਬੀਆਂ ਪਾਰਟੀਆਂ ਨੂੰ ਛੱਡ ਕੇ ਕਈ  ਹੋਰਨਾਂ ਪਾਸਿਆਂ ਵੱਲ ਤੁਰ ਪਿਆ। ਕਈ ਹੋਰ ਡੂੰਘੀਆਂ ਸਾਜ਼ਿਸ਼ਾਂ ਕਾਰਨ ਵੀ ਇਪਟਾ ਕਮਜ਼ੋਰ ਹੋਈ। ਚੇਤੇ ਰਹੇ ਕਿ ਇਸ ਸੰਸਥਾ ਨਾਲ ਜਨਾਬ ਸ਼ਹਿਰ ਲੁਧਿਆਣਵੀ, ਕੈਫ਼ੀ ਆਜ਼ਮੀ, ਸ਼ਬਾਨਾ ਆਜ਼ਮੀ, ਜਾਵੇਦ ਅਖਤਰ ਵਰਗੀਆਂ ਸ਼ਖਸੀਅਤਾਂ ਜੁੜੀਆਂ ਰਹੀਆਂ ਹਨ। ਇਸ ਫਖਰਯੋਗ ਇਤਿਹਾਸ ਦੇ ਬਾਵਜੂਦ ਨਵੀਂ ਪੀੜ੍ਹੀ ਦੇ ਕਲਾਕਾਰਾਂ ਵਿੱਚੋਂ ਬਹੁਤ ਘੱਟ ਲੋਕ ਹਨ ਜਿਹੜੇ ਇਪਟਾ ਨੂੰ ਜਾਣਦੇ ਹਨ। ਅਜਿਹੀ ਨਾਜ਼ੁਕ ਸਥਿਤੀ ਵਿੱਚ ਇਪਟਾ ਦੀ ਗੱਲ ਕਰਨਾ ਕਿਸੇ ਗੰਭੀਰ ਚੁਣੌਤੀ ਨੂੰ ਕਬੂਲ ਕਰਨ ਵਾਂਗ ਹੈ। 
ਪਰ ਖੁਸ਼ੀ ਦੀ ਗੱਲ ਹੈ ਕਿ ਕੁਝ ਸਾਥੀਆਂ ਨੇ ਇਸ ਚੈਲੈਂਜ ਨੂੰ ਸਵੀਕਾਰ ਕਰਕੇ ਕਦਮ ਅਗਾਂਹ ਵਧਾਏ ਹਨ। ਲੁਧਿਆਣਾ ਵਿੱਚ ਹੋਣ ਵਾਲੀ ਇਪਟਾ ਦੀ ਮੀਟਿੰਗ ਇਸੇ ਮੁਹਿੰਮ ਦੀ ਹੀ ਇੱਕ ਕੜੀ ਹੈ। ਇਪਟਾ, ਪੰਜਾਬ ਦੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਇਸ ਖਾਸ ਮੀਟਿੰਗ ਵਿੱਚ ਕਈ  ਅਹਿਮ ਮੁੱਦੇ ਵਿਚਾਰੇ ਜਾਣੇ ਹਨ। 
ਇਪਟਾ, ਪੰਜਾਬ ਦੀ ਕਾਰਜਕਾਰਨੀ ਦੀ ਅਹਿਮ ਇਕੱਤਰਤਾ ਲੁਧਿਆਣਾ ਵਿਖੇ 19 ਮਾਰਚ ਨੂੰ ਸਵੇਰੇ 10.30 ਵਜੇ, ਸੀ ਪੀ ਆਈ ਦਫਤਰ, ਕਰਨੈਲ ਸਿੰਘ ਈਸੜੂ ਭਵਨ, (ਸਾਹਮਣੇ ਗੇਟ ਨੰ.4, ਫੋਰਚੂਨ ਕਲਾਸਿਕ ਹੋਟਲ) ਇੰਦਰਾ ਨਗਰ, ਬਸਤੀ ਅਬਦੁੱਲਾ ਪੁਰ, ਲੁਧਿਆਣਾ ਵਿਖੇ ਹੋ ਰਹੀ ਹੈ। ਇਸ ਇਕੱਤਰਤਾ ਵਿਚ ਬੀਤੇ ਵਰ੍ਹੇ ਅਕਤੂਬਰ ਮਹੀਨੇਂ ਇੰਦੋਰ (ਮੱਧ-ਪ੍ਰਦੇਸ) ਵਿਖੇ ਹੋਈ ਇਪਟਾ ਦਾ ਤਿੰਨ ਰੋਜ਼ਾ ਰਾਸ਼ਟਰੀ ਸਭਿਆਚਾਰਕ ਅਤੇ 14 ਵੀਂ ਰਾਸ਼ਟਰੀ ਕਾਨਫਰੰਸ ਬਾਰੇ ਵਿਚਾਰ-ਚਰਚਾ ਤੋਂ ਇਲਾਵਾ ਇਪਟਾ ਦੀਆਂ ਪੰਜਾਬ ਭਰ ਵਿਚ ਲੋਕ-ਹਿਤੈਸ਼ੀ ਸਭਿਆਚਾਰਕ ਸਰਗਰਮੀਆਂ ਅਤੇ ਹੋੋਰ ਭਵਿਖੀ ਯੋਜਨਾਵਾਂ ਉਲੀਕਣ ਬਾਰੇ ਵਿਚਰਾ-ਵਿਟਾਂਦਰਾ ਕੀਤੀ ਜਾਵੇਗਾ।ਇਹ ਜਾਣਕਾਰੀ ਇਪਟਾ ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਦਿੰਦੇ ਦੱਸਿਆ ਕਿ ਇਸ ਮੌਕੇ ਇਪਟਾ, ਪੰਜਾਬ ਦੇ ਅਹੁੱਦੇਦਾਰ, ਕਾਰਜਕਾਰਨੀ ਮੈਂਬਰਾ ਤੋਂ ਇਲਾਵਾ ਇਪਟਾ ਨਾਲ ਜੁੜੀਆਂ ਪੰਜਾਬ ਭਰ ਦੀਆਂ ਨਾਟ ਅਤੇ ਸਭਿਆਚਾਰਕ ਮੰਡਲੀਆਂ ਦੇ ਪ੍ਰਤੀਨਿਧ ਵੀ ਸ਼ਿਰਕਤ ਕਰਨਗੇ। ਹੁਣ ਦੇਖਣਾ ਹੈ ਕਿ ਇਹਨਾਂ ਕੋਸ਼ਿਸ਼ਾਂ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ ਕਿਓਂਕਿ ਬਹੁਤ ਸਾਰੇ ਮੈਂਬਰ ਵਿਚਾਰਧਾਰਾ ਪ੍ਰਤੀ ਪ੍ਰਤੀਬੱਧ ਰਹਿੰਦਿਆਂ ਹੋਇਆਂ ਵੀ ਕਿਸੇ ਇੱਕ ਸਿਆਸੀ ਪਾਰਟੀ ਦੀ ਜਕੜ ਤੋਂ ਮੁਕਤ ਹੋਣਾ ਚਾਹੁੰਦੇ ਹਨ। ਇਹਨਾਂ ਦੀ ਕੋਸ਼ਿਸ਼ ਹੈ ਕਿ ਲੋਕ ਪੱਖੀ ਕਲਾਕਾਰ ਭਾਵੇਂ ਕਿਸੇ ਵੀ ਧਿਰ ਵਿੱਚ ਹੋਣ ਉਹਨਾਂ ਨੂੰ ਇਪਟਾ ਵਿੱਚ ਸਰਗਰਮ ਹੋਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਅਤੇ ਗੈਰ ਕਲਾਕਾਰ ਲੋਕ ਕਿਸੇ ਵੀ ਤਰਾਂ ਇਪਟਾ ਦੇ ਕਰਤਾ ਧਰਤਾ ਬਣਾਉਣ ਦੀਆਂ ਕੋਸ਼ਿਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ। ਇਹ ਲੋਕ ਚਾਹੁੰਦੇ ਹਨ ਕਿ ਲੋਕਾਂ ਲਈ ਕੰਮ ਕਰਦੇ ਲੋਕ ਕਲਾਕਾਰਾਂ ਦੀ ਇਹ ਸੰਸਥਾ ਸ਼ੁੱਧ ਤੌਰ ਤੇ ਲੋਕ ਕਲਾਕਾਰਾਂ ਰਾਹੀਂ ਹੀ ਸੰਚਾਲਿਤ ਹੋਵੇ। ਇਹ ਲੋਕ ਇਪਟਾ ਨੂੰ ਕਿਸੇ ਵੀ ਸਿਆਸੀ ਪਾਰਟੀ ਦੀ ਕਾਰਬਨ ਕਾਪੀ ਵੱਜੋਂ ਨਹੀਂ ਦੇਖਣਾ ਚਾਹੁੰਦੇ। ਇਪਟਾ ਨੂੰ ਇੱਕ ਵਾਰ ਫੇਰ ਲੋਕਾਂ ਦੀ ਸੰਸਥਾ ਬਣਾਉਣ ਲਈ ਕੁਝ ਕੌੜੇ ਘੁੱਟ ਭਰਨੇ ਜ਼ਰੂਰੀ ਹੋ ਸਕਦੇ ਹਨ। ਕੁਝ ਸਖਤ ਫੈਸਲੇ ਲੈ ਕੇ ਹੀ ਇਪਟਾ ਨੂੰ ਆਤਮ ਨਿਰਭਰ, ਮਜ਼ਬੂਤ ਅਤੇ ਸੁਤੰਤਰ ਦਿੱਖ ਵਾਲੀ ਸੰਸਥਾ ਬਣਾਇਆ ਜਾ ਸਕਦਾ ਹੈ। ਇਸ ਸਬੰਧੀ ਗੱਲ ਕਰਦਿਆਂ ਇਹ ਵੀ ਜ਼ਿਕਰਯੋਗ ਹੈ ਕਿ ਪਲਸ ਮੰਚ ਅਤੇ ਕਈ ਹੋਰ ਸੰਗਠਨ ਪਹਿਲਾਂ ਹੀ ਆਪਣੇ ਢੰਗ ਤਰੀਕਿਆਂ ਨਾਲ ਲੋਕ ਕਲਾ ਵਾਲੀ ਭਾਵਨਾ ਅਧੀਨ ਕੰਮ ਕਰ ਰਹੇ ਹਨ  ਹੁਣ ਇਪਟਾ ਨਾਲ ਸਿਧੇ ਤੌਰ ਤੇ ਸਬੰਧਿਤ ਨਹੀਂ ਹਨ। ਇਸ ਤਰਾਂ ਪ੍ਰਗਤੀਸ਼ੀਲ ਕਲਾਕਾਕਾਰਨ ਦੀ ਇੱਕਮੁੱਠ ਸ਼ਕਤੀ ਹੁਣ ਕਈ ਨਾਵਾਂ ਵਾਲਿਆਂ ਸੰਸਥਾਵਾਂ ਵਿੱਚ ਵੱਖ ਵੱਖ ਹੋ ਕੇ ਕੰਮ ਕਰ ਰਹੀ ਹੈ। ਇਪਟਾ ਦੇ ਪ੍ਰਤਿਬੱਧ ਕਲਾਕਾਰ ਇਹਨਾਂ ਸਾਰੇ ਕਲਾਕਾਰਾਂ ਨੂੰ ਇਪਟਾ ਦੇ ਝੰਡੇ ਹੇਠ ਲਿਆਉਣਾ ਚਾਹੁੰਦੇ ਹਨ। ਜੇ ਅਜਿਹਾ ਹੋਣ ਵਿੱਚ ਨਾਕਾਮੀ ਰਹੀ ਤਾਂ ਗੈਰ ਪ੍ਰਗਤੀਸ਼ੀਲ ਅਤੇ ਗੈਰ ਕਮਿਊਨਿਸਟ ਸ਼ਕਤੀਆਂ ਇਪਟਾ ਨੂੰ ਨਿਗਲਣ ਦੀ ਤਿਆਰੀ ਵਿੱਚ ਲੱਗਦੀਆਂ ਹਨ। 
                                                            

No comments: