Friday, March 10, 2017

ਐਗਜ਼ਿਟ ਪੋਲ ਦੇ ਸ਼ੋਰ ਸ਼ਰਾਬੇ ਮਗਰੋਂ ਅਸਲੀ ਚੋਣ ਨਤੀਜੇ ਸ਼ਨੀਵਾਰ 11 ਮਾਰਚ ਨੂੰ

ਬਹੁਤ ਸਾਰੇ ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾਂ ਵਧਣ ਦੀ ਸੰਭਾਵਨਾ 
ਨਵੀਂ ਦਿੱਲੀ//ਚੰਡੀਗੜ੍ਹ//ਲੁਧਿਆਣਾ: 9 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਭਾਵੇਂ ਜਿੱਤਣਾ ਤਾਂ ਪਾਰਟੀਆਂ ਜਾਂ ਲੀਡਰਾਂ ਨੇ ਹੀ ਹੈ ਪਰ ਨਤੀਜਿਆਂ ਉੱਤੇ ਨਜ਼ਰਾਂ ਸਭਨਾਂ ਦੀਆਂ ਹਨ। ਇਸ ਵਾਰ ਫੇਰ ਆਮ ਸਾਧਾਰਨ ਵਿਅਕਤੀ ਨੂੰ ਲੱਗਦਾ ਹੈ ਕਿ ਜਿੱਤ ਜਾਂ ਹਰ ਉਸਦੀ ਹੋਣੀ ਹੈ। ਸ਼ਨੀਵਾਰ 11 ਮਾਰਚ ਦਾ ਦਿਨ ਛਾਲਾਂ ਮਾਰਦਾ ਆ ਰਿਹਾ ਹੈ। ਇਸਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੇ ਦਿਲ ਦੀਆਂ ਧੜਕਣਾਂ ਵੀ ਵੱਧ ਰਹੀਆਂ ਹਨ। ਸ਼ਨੀਵਾਰ ਨੂੰ ਨਤੀਜਿਆਂ ਵਾਲੇ ਦਿਨ ਸਾਰੀ ਸਥਿਤੀ ਸਪਸ਼ਟ ਹੋ ਜਾਣੀ ਹੈ। ਐਗਜ਼ਿਟ ਪੋਲਾਂ ਦੀਆਂ ਕਿਆਸਰਾਈਆਂ ਅਤੇ ਸਿਆਸੀ ਦਾਅਵਿਆਂ ਦੀ ਹਕੀਕਤ ਸਾਹਮਣੇ ਆ ਜਾਣੀ ਹੈ।   
ਟੀਵੀ ਚੈਨਲਾਂ ਅਤੇ ਇੰਟਰਨੈੱਟ ਉਤੇ ਨਤੀਜਿਆਂ ਦੀ ਚਰਚਾ ਸਿਖਰਾਂ 'ਤੇ ਹੈ।  ਜਿੱਤ ਹਾਰ ਦੇ ਅੰਦਾਜ਼ੇ ਪੱਕੀਆਂ ਰਿਪੋਰਟਾਂ ਵਾਂਗ ਨਸ਼ਰ ਕੀਤੇ ਜਾ ਰਹੇ ਹਨ।  ਪੰਜ ਰਾਜਾਂ 'ਚ ਵੋਟਾਂ ਦਾ ਕੰਮ ਖਤਮ ਹੁੰਦੇ ਸਾਰ ਹੀ ਐਗਜ਼ਿਟ ਪੋਲ ਦੇ ਅੰਕੜੇ ਆਉਣੇ ਸ਼ੁਰੂ ਹੋ ਗਏ ਹਨ। ਇਹ ਅੰਕੜੇ ਕਿੰਨੇ ਸਹੀ ਹੁੰਦੇ ਹਨ, ਇਹ ਗੱਲ ਤਾਂ ਯਕੀਨੀ ਤੌਰ 'ਤੇ ਨਹੀਂ ਕਹੀ ਜਾ ਸਕਦੀ, ਪਰ ਇਨ੍ਹਾਂ ਅੰਕੜਿਆਂ ਨੇ ਵੋਟਾਂ ਦੀ ਗਿਣਤੀ ਤੋਂ ਡੇਢ ਕੁ ਦਿਨ ਪਹਿਲਾਂ ਲੋਕਾਂ 'ਚ ਕਾਫੀ ਉਤਸੁਕਤਾ ਤੇ ਉਤੇਜਨਾ ਪੈਦਾ ਕਰ ਦਿੱਤੀ ਹੈ। ਕਾਬਿਲੇ ਜ਼ਿਕਰ ਹੈ ਕਿ 100-200 ਲੋਕਾਂ ਕੋਲੋਂ ਪੁਛੇ ਸੁਆਲਾਂ ਅਤੇ ਉਹਨਾਂ  ਦੇ ਜੁਆਬਾਂ ਨੂੰ ਅਧਾਰ ਬਣਾ ਕੇ ਲੱਖਾਂ ਵੋਟਰਾਂ ਦੇ "ਨਤੀਜੇ" ਐਗਜ਼ਿਟ ਪੋਲ ਦੇ ਨਾਮ 'ਤੇ ਦੱਸ ਦਿੱਤੇ ਜਾਂਦੇ ਹਨ। ਅਜਿਹੇ ਅਨੁਮਾਨ ਕਈ  ਵਾਰ ਗਲਤ ਵੀ ਨਿਕਲੇ ਹਨ ਪਰ ਫੇਰ ਵੀ ਪੂੰਜੀਵਾਦੀ ਸਿਸਟਮ ਦਾ ਇਹ ਰੁਝਾਨ ਹਰਮਨ ਪਿਆਰਾ ਹੋ ਰਿਹਾ ਹੈ। ਇਹਨਾਂ ਰਿਪੋਰਟਾਂ ਮੁਤਾਬਿਕ ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਦੀ ਹਾਲਤ ਬਹੁਤ ਬੁਰੀ ਦੱਸੀ ਜਾ ਰਹੀ ਹੈ, ਜਦਕਿ ਬਾਕੀ ਰਾਜਾਂ 'ਚ ਭਾਜਪਾ ਦਾ ਹੱਥ ਉੱਪਰ ਦੱਸਿਆ ਜਾ ਰਿਹਾ ਹੈ। ਹਕੀਕਤ ਦਾ ਪਤਾ ਲਾਉਣ ਲਈ ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਣ ਜਾ ਰਹੀ ਹੈ ਜਦੋਂ ਕਿ ਦੁਪਹਿਰ ਤੱਕ ਸਭ ਕੁਝ ਸਪਸ਼ਟ ਹੋ ਜਾਵੇਗਾ। 
ਦੇਸ਼ ਦੀ ਸਿਆਸਤ ਦਾ ਕੇਂਦਰ ਇਸ ਵੇਲੇ ਯੂਪੀ ਦੇ ਚੋਣ ਨਤੀਜੇ ਹਨ। ਸਭ ਤੋਂ ਜ਼ਿਆਦਾ 403 ਵਿਧਾਨ ਸਭਾ ਸੀਟਾਂ ਵਾਲੇ ਉੱਤਰ ਪ੍ਰਦੇਸ 'ਚ ਭਾਜਪਾ ਦੇ ਬਹੁਮਤ ਨਾਲ ਸਰਕਾਰ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ, ਜ਼ਿਆਦਾਤਰ ਸਰਵੇ ਭਾਜਪਾ ਨੂੰ ਯੂ ਪੀ 'ਚ ਬਹੁਮਤ ਮਿਲਣ ਜਾਂ ਉਸ ਦੇ ਕਰੀਬ ਪਹੁੰਚਣ ਦੀ ਗੱਲ ਕਰ ਰਹੇ ਹਨ। 
ਸੀ ਵੋਟਰ ਦੇ ਮੁਤਾਬਕ ਭਾਜਪਾ ਨੂੰ 155 ਤੋਂ 167 ਸੀਟਾਂ ਮਿਲ ਸਕਦੀਆਂ ਹਨ, ਜਦਕਿ ਸਮਾਜਵਾਦੀ ਪਾਰਟੀ ਨੂੰ 135 ਤੋਂ 147 ਸੀਟਾਂ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਜਦਕਿ ਬਸਪਾ ਨੂੰ 81 ਤੋਂ 93 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਹੋਰਨਾਂ ਹਿੱਸੇ 8 ਤੋਂ 20 ਸੀਟਾਂ ਆਉਣ ਦਾ ਅਨੁਮਾਨ ਹੈ। ਅਜਿਹੀ ਹਾਲਤ ਵਿਛਕ ਸਪਾ, ਕਾਂਗਰਸ ਅਤੇ ਬਸਪਾ ਦੇ ਗਠਜੋੜ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਜੇ ਭਾਜਪਾ ਪੂਰਨ ਬਹੁਮਤ ਲੈ ਜਾਂਦੀ ਹੈ ਤਾਂ ਇਹਨਾਂ ਨਤੀਜਿਆਂ ਨੂੰ ਵੀ ਨੋਟਬੰਦੀ ਸਮੇਤ ਮੋਦੀ ਸਰਕਾਰ ਦੀਆਂ ਨੀਤੀਆਂ ਉੱਤੇ ਮੋਹਰ ਸਮਝਿਆ ਜਾਵੇਗਾ ਅਤੇ ਨੇੜ ਭਵਿੱਖ ਵਿੱਚ ਅਜਿਹਾ ਬਹੁਤ ਕੁਝ ਹੋਰ ਪੂਰੇ ਦੇਸ਼ ਦੇ ਲੋਕਾਂ ਸਾਹਮਣੇ ਆਵੇਗਾ। 
ਟਾਈਮਜ਼ ਨਾਓ-ਬੀ ਐੱਮ ਆਰ ਸਰਵੇ ਮੁਤਾਬਕ ਯੂ ਪੀ 'ਚ ਭਾਜਪਾ 210 ਤੋਂ 230 ਸੀਟਾਂ ਹਾਸਲ ਕਰ ਸਕਦੀ ਹੈ, ਜਦਕਿ ਸੱਤਾਧਾਰੀ ਸਮਾਜਵਾਦੀ ਪਾਰਟੀ ਨੂੰ 110 ਤੋਂ 130 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦਕਿ ਬਸਪਾ ਨੂੰ ਮਹਿਜ 67 ਤੋਂ 74 ਸੀਟਾਂ 'ਤੇ ਸਿਮਟਣਾ ਪੈ ਸਕਦਾ ਹੈ।
ਐਗਜ਼ਿਟ ਪੋਲ ਦੇ ਅੱਜ ਨਸ਼ਰ ਹੋਏ ਨਤੀਜਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਤ੍ਰਿਸ਼ੰਕੂ ਵਿਧਾਨ ਸਭਾ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਥੇ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ। ਉਸ ਨੂੰ 403 ਵਿਚੋਂ 164- 210 ਵਿਚਾਲੇ ਸੀਟਾਂ ਮਿਲਣ ਦੀ ਉਮੀਦ ਹੈ। ਜੇ ਉਸ ਨੂੰ 210 ਸੀਟਾਂ ਮਿਲਦੀਆਂ ਹਨ ਤਾਂ ਉਹ ਉੱਤਰ ਪ੍ਰਦੇਸ਼ ਵਿੱਚ ਸਰਕਾਰ ਬਣਾਏਗੀ। ਦੂਜੇ ਪਾਸੇ ਅਖਿਲੇਸ਼ ਯਾਦਵ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਭਗਵਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹਰ ਸੰਭਾਵਨਾ ’ਤੇ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਕੋਈ ਨਹੀਂ ਚਾਹੁੰਦਾ ਕਿ ਸੂਬੇ ਵਿੱਚ ਰਾਸ਼ਟਰਪਤੀ ਰਾਜ ਲੱਗੇ। ਬਸਪਾ ਨਾਲ ਗੱਠਜੋੜ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਵੀ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ। ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਐਗਜ਼ਿਟ ਪੋਲ ਦੇ ਪੰਜ ਸੂਬਿਆਂ ਵਿਚੋਂ ਚਾਰ ਵਿੱਚ ਬਹੁਮੱਤ ਮਿਲਣ ਦਾ ਸਵਾਗਤ ਕਰਦਿਆਂ ਕਿਹਾ ਕਿ  ਅੰਤਿਮ ਨਤੀਜੇ ਵੀ ਇਨ੍ਹਾਂ ਅਨੁਸਾਰ ਹੀ ਰਹਿਣਗੇ।
ਨਿਊਜ਼ ਐਕਸ-ਐੱਮ ਆਰ ਸੀ ਸਰਵੇ ਮੁਤਾਬਕ ਭਾਜਪਾ 185 ਸੀਟਾਂ ਨਾਲ ਬਹੁਮਤ ਦੇ ਕਰੀਬ ਦੱਸੀ ਜਾ ਰਹੀ ਹੈ, ਜਦਕਿ ਸਪਾ-ਕਾਂਗਰਸ ਨੂੰ 120 ਅਤੇ ਬਸਪਾ ਨੂੰ 90 ਸੀਟਾਂ ਮਿਲਣ ਦਾ ਅਨੁਮਾਨ ਹੈ। ਏ ਬੀ ਪੀ ਨਿਊਜ਼ ਦੇ ਸਰਵੇਖਣ ਮੁਤਾਬਕ ਭਾਜਪਾ ਨੂੰ 164 ਤੋਂ 176 ਸੀਟਾਂ ਮਿਲ ਸਕਦੀਆਂ ਹਨ, ਜਦਕਿ ਸੱਤਾਧਾਰੀ ਸਮਾਜਵਾਦੀ ਪਾਰਟੀ ਨੂੰ 169 ਸੀਟਾਂ ਮਿਲਣ ਦੀ ਸੰਭਾਵਨਾ ਹੈ। ਬਸਪਾ ਨੂੰ 60 ਤੋਂ 72 ਸੀਟਾਂ ਨਾਲ ਕਾਫੀ ਪਿੱਛੇ ਦਿਖਾਇਆ ਗਿਆ ਹੈ।
ਸੀ ਵੋਟਰ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ ਗੋਆ ਤੇ ਮਨੀਪੁਰ ਦੀ ਸੱਤਾ ਮਿਲ ਰਹੀ ਹੈ, ਜਦਕਿ ਉੱਤਰਾਖੰਡ 'ਚ ਕਾਂਗਰਸ ਨਾਲ ਉਸ ਦਾ ਬਹੁਤ ਫਸਵਾਂ ਮੁਕਾਬਲਾ ਹੈ, ਜਿੱਥੇ ਇੱਕ ਸੀਟ ਦਾ ਹੇਰ-ਫੇਰ ਕਿਸੇ ਵੀ ਪਾਰਟੀ ਦਾ ਗਣਿਤ ਵਿਗਾੜ ਸਕਦਾ ਹੈ।
ਉੱਤਰ ਪ੍ਰਦੇਸ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਸੂਬੇ ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਨੂੰ ਮਹਿਜ਼ 9 ਸੀਟਾਂ 'ਤੇ ਹੀ ਤਸੱਲੀ ਕਰਨੀ ਪੈ ਸਕਦੀ ਹੈ। ਇੱਥੇ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਸਭ ਨੂੰ ਹੈਰਾਨ ਕਰ ਸਕਦੀ ਹੈ। ਸਰਵੇ ਮੁਤਾਬਕ ਆਪ ਨੂੰ 117 'ਚੋਂ 63 ਸੀਟਾਂ ਮਿਲਣਗੀਆਂ, ਜਦਕਿ ਕਾਂਗਰਸ 45 ਸੀਟਾਂ 'ਤੇ ਹੀ ਸਿਮਟ ਸਕਦੀ ਹੈ। ਅਕਾਲੀ ਦਲ-ਭਾਜਪਾ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਦਿਆਂ ਸਭ ਤੋਂ ਵੱਡੀ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਉੱਤਰਾਖੰਡ 'ਚ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਤੇ ਭਾਜਪਾ ਵਿਚਾਲੇ ਸਿਰਫ ਇੱਕ ਸੀਟ ਦਾ ਫਰਕ ਸੀ। ਇਸ ਵਾਰ ਵੀ ਤਸਵੀਰ ਅਜਿਹੀ ਹੀ ਨਜ਼ਰ ਆ ਰਹੀ ਹੈ। ਸੀ ਵੋਟਰ ਮੁਤਾਬਕ 70 ਸੀਟਾਂ ਵਾਲੀ ਵਿਧਾਨ ਸਭਾ 'ਚ ਭਾਜਪਾ ਤੇ ਕਾਂਗਰਸ ਨੂੰ 32-32 ਸੀਟਾਂ ਮਿਲਣ ਦਾ ਅਨੁਮਾਨ ਹੈ। ਪੰਜ ਸੀਟਾਂ ਹੋਰਨਾਂ ਦੇ ਖਾਤੇ 'ਚ ਜਾਣਗੀਆਂ।

No comments: