Tuesday, February 28, 2017

PAU ਦੇ ਰਜਿਸਟਰਾਰ ਅਤੇ ਨਿਰਦੇਸ਼ਕ ਖੋਜ ਸੇਵਾ ਮੁਕਤ

Tue, Feb 28, 2017 at 5:14 PM
"ਡਾ. ਖੰਨਾ ਇੱਕ ਸਮਰਪਿਤ, ਉਚ ਪੱਧਰੀ ਪ੍ਰਸਾਸ਼ਕ ਅਤੇ ਖੋਜ ਵਿਗਿਆਨੀ"
ਲੁਧਿਆਣਾ: 28 ਫ਼ਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਸੀਨੀਅਰ ਅਧਿਕਾਰੀ ਰਜਿਸਟਰਾਰ ਡਾ. ਪੀ ਕੇ ਖੰਨਾ ਅਤੇ ਨਿਰਦੇਸ਼ਕ ਖੋਜ ਡਾ. ਮਨਜੀਤ ਸਿੰਘ ਗਿੱਲ ਅੱਜ ਸੇਵਾ ਮੁਕਤ ਹੋ ਗਏ । ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੇ ਨਾਲ ਯੂਨੀਵਰਸਿਟੀ ਦੇ ਡੀਨ, ਪਸਾਰ ਅਤੇ ਅਪਰ ਨਿਰਦੇਸ਼ਕਾਂ, ਵਿਭਾਗ ਦੇ ਮੁਖੀਆਂ ਅਤੇ ਸਟਾਫ਼ ਨੇ ਵਿਦਾਇਗੀ ਸਮਾਰੋਹ ਵਿੱਚ ਆਪਣੀ ਹਾਜ਼ਰੀ ਲਗਵਾਈ। 
ਡਾ. ਖੰਨਾ ਨੂੰ ਇੱਕ ਸਮਰਪਿਤ, ਉਚ ਪੱਧਰੀ ਪ੍ਰਸਾਸ਼ਕ ਅਤੇ ਖੋਜ ਵਿਗਿਆਨੀ ਸੰਬੋਧਨ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਉਹਨਾਂ ਦੁਆਰਾ ਆਪਣੇ ਪਿਛਲੇ 34 ਸਾਲਾਂ ਕਾਰਜਕਾਲ ਦੌਰਾਨ ਪੀਏਯੂ ਅਤੇ ਮਾਈਕ੍ਰੋਬਾਇਆਲੋਜੀ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨ ਲਈ ਮਹੱਤਵਪੂਰਨ ਯੋਗਦਾਨ ਪਾਇਆ ਗਿਆ । ਇਸ ਤੋਂ ਇਲਾਵਾ ਡਾ. ਢਿੱਲੋਂ ਨੇ ਡਾ. ਗਿੱਲ ਦੀ ਇੱਕ ਬਚਨਵੱਧ ਕਾਮੇ ਦੇ ਤੌਰ ਤੇ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਹਨਾਂ ਨੇ ਨਰਮੇ ਦੀਆਂ ਕਿਸਮਾਂ ਨੂੰ ਵਿਕਸਤ ਕਰਨ, ਨਰਮਾ ਉਤਪਾਦਨ ਵਧਾਉਣ ਅਤੇ ਨਰਮਾ ਉਤਪਾਦਕਾਂ ਦੀ ਮਾਲੀ ਸਥਿਤੀ ਵਿੱਚ ਸੁਧਾਰ ਲਿਆਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ। ਡਾ. ਢਿੱਲੋਂ ਨੇ ਦੋਵਾਂ ਅਧਿਕਾਰੀਆਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਲਈ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ । ਡਾ. ਖੰਨਾ ਨੇ ਪੀਏਯੂ ਵਾਈਸ ਚਾਂਸਲਰ, ਸਟਾਫ਼, ਸੀਨੀਅਰ ਅਧਿਕਾਰੀਆਂ, ਵਿਭਾਗਾਂ ਦੇ ਮੁਖੀਆਂ ਅਤੇ ਵਿਦਿਆਰਥੀਆਂ ਦਾ ਪੀਏਯੂ ਵਿਖੇ ਉਹਨਾਂ ਦੇ ਕਾਰਜਕਾਲ ਦੌਰਾਨ ਦਿੱਤੇ ਗਏ ਸਾਥ ਅਤੇ ਸਹਿਯੋਗ ਲਈ ਧੰਨਵਾਦ ਕੀਤਾ। 
ਡਾ. ਗਿੱਲ ਨੇ ਵੀ ਸਾਰੇ ਅਧਿਕਾਰੀਆਂ, ਮੁਖੀਆਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਪਲ ਵਿੱਚ ਸਾਥ ਨਿਭਾਉਣ ਲਈ ਧੰਨਵਾਦ ਦੇ ਸ਼ਬਦ ਕਹੇ। 
ਡਾ. ਖੰਨਾ ਨੇ ਆਪਣੇ ਖੋਜ ਕਾਰਜ, ਖੁੰਬਾਂ ਦੀ ਕਾਸ਼ਤ ਲਈ ਫ਼ਸਲ ਦੀ ਰਹਿੰਦ-ਖੂੰਹਦ ਦਾ ਚੰਗਾ ਪ੍ਰਬੰਧ, ਭੋਜਨ, ਊਰਜਾ ਦੇ ਸੋਮਿਆਂ ਅਤੇ ਵਪਾਰਕ ਪੱਧਰ ਤੇ ਖਮੀਰ ਤੇ ਕੇਂਦਰਤ ਰੱਖੇ । ਉਹ 2004 ਤੋਂ 2009 ਤੱਕ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਰਹੇ । ਇਸ ਤੋਂ ਇਲਾਵਾ ਉਹਨਾਂ ਨੇ ਖੋਜ ਸੰਚਾਲਕ (ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼), ਕਾਰਜਕਾਰੀ ਡੀਨ (ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼), ਨਿਰਦੇਸ਼ਕ (ਆਈ ਟੀ ਸਕੂਲ), ਅਪਰ ਖੋਜ ਨਿਰਦੇਸ਼ਕ (ਫੂਡ ਸਾਇੰਸ, ਨਿਊਟ੍ਰੀਸ਼ਨ ਐਂਡ ਇੰਜਨੀਅਰਿੰਗ) ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਅਤੇ ਰਜਿਸਟਰਾਰ ਆਦਿ ਦੀ ਸੇਵਾ ਮਾਰਚ 2013 ਤੱਕ ਨਿਭਾਈ । ਡਾ. ਖੰਨਾ ਫਰੈਂਚ ਸਰਕਾਰ ਦੇ ਫੈਲੋ 1981 ਤੋਂ 1983 ਤੱਕ ਰਹੇ ਅਤੇ ਨਾਲ ਹੀ ਉਹਨਾਂ ਨੇ ਵਿਗਿਆਨ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਤੋਂ ਪਲਾਂਟ ਸਾਇੰਸ ਕੋਲੋਕੁਇਮ ਐਵਾਰਡ (1987) ਵੀ ਪ੍ਰਾਪਤ ਕੀਤਾ। ਉਹਨਾਂ ਨੇ 300 ਤੋਂ ਵੱਧ ਖੋਜ ਪਰਚੇ ਪ੍ਰਕਾਸ਼ਿਤ ਕਰਵਾਏ ਅਤੇ ਉਹ ਮਾਈਕ੍ਰੋਬਾਇਆਲੋਜੀ ਪੀ ਐਚ ਡੀ ਦੇ 8 ਅਤੇ ਐਮ ਐਸ ਸੀ ਦੇ 20 ਵਿਦਿਆਰਥੀਆਂ ਦੇ ਨਿਗਰਾਨ ਵੀ ਰਹੇ । ਉਹਨਾਂ ਨੂੰ ਕਈ ਪ੍ਰੋਜੈਕਟਾਂ ਲਈ ਰਾਸ਼ਟਰੀ ਫੰਡ ਵੀ ਮਿਲੇ । ਜਿਸ ਸਦਕਾ ਉਹਨਾਂ ਨੇ ਫਰਾਂਸ, ਯੂ ਕੇ, ਕੈਨੇਡਾ, ਸਵਿਟਜ਼ਰਲੈਂਡ ਅਤੇ ਯੂ ਐਸ ਏ ਦਾ ਦੌਰਾ ਕੀਤਾ । 
ਪੀਏਯੂ ਦੇ ਪੁਰਾਣੇ ਵਿਦਿਆਰਥੀ ਡਾ. ਗਿੱਲ ਨੇ ਨਰਮੇ ਦੀਆਂ 15 ਕਿਸਮਾਂ, ਸੋਇਆਬੀਨ ਅਤੇ ਜਵਾਰ ਦੀਆਂ ਦੋ-ਦੋ ਕਿਸਮਾਂ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਸ ਤੋਂ ਇਲਾਵਾ ਉਹਨਾਂ ਨੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ, ਅਪਰ ਨਿਰਦੇਸ਼ਕ ਖੋਜ (ਫ਼ਸਲ ਸੁਧਾਰ) ਅਤੇ ਨਿਰਦੇਸ਼ਕ ਖੋਜ ਦੀ ਸੇਵਾ ਦਸੰਬਰ 2016 ਤੱਕ ਨਿਭਾਈ । ਉਹ ਐਮ ਐਸ ਸੀ ਦੇ 10 ਵਿਦਿਆਰਥੀਆਂ ਅਤੇ ਪੀ ਐਚ ਡੀ ਦੇ 3 ਵਿਦਿਆਰਥੀਆਂ ਦੇ ਨਿਗਰਾਨ ਵੀ ਰਹੇ। ਡਾ. ਗਿੱਲ ਨੇ ਵੱਖ-ਵੱਖ ਜਰਨਲਾਂ ਅਤੇ ਪੁਸਤਕਾਂ ਵਿੱਚ 110 ਖੋਜ ਪਰਚੇ ਪ੍ਰਕਾਸ਼ਿਤ ਕਰਵਾਏ। 

No comments: